ਪੰਜਾਬੀ ਸਿਨੇਮਾ ਐਕਸ਼ਨ ਹੀਰੋ ਦੇ ਰੂਪ ਵਿਚ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ’ ਭਾਗ ਪਹਿਲਾ ਅਤੇ ਦੂਜਾ ਰਾਹੀਂ ਯੂਥ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਅਦਾਕਾਰ ਦੇਵ ਖਰੌੜ ਨੂੰ ਜੇਕਰ ਪੰਜਾਬੀ ਸਿਨੇਮਾ ਦਾ ਸੰਨੀ ਦਿਓਲ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ‘ਰੁਪਿੰਦਰ ਗਾਂਧੀ’ ਫ਼ਿਲਮ ਜ਼ਰੀਏ ਹਰ-ਦਿਲ ਅਜ਼ੀਜ਼ ਬਣੇ ਦੇਵ ਖਰੌੜ ਨੇ ਬਕਾਇਦਾ 10-12 ਸਾਲ ਉੱਘੇ ਰੰਗਕਰਮੀ ਬਲਰਾਜ ਪੰਡਿਤ, ਰਾਜੇਸ਼ ਸ਼ਰਮਾ ਜੀ, ਜਿਨ੍ਹਾਂ ਪਾਸੋਂ ਬਾਲੀਵੱੁਡ ਦੇ ਨਾਮੀ ਐਕਟਰ ਨਸੀਰੂਦੀਨ ਸ਼ਾਹ, ਓਮ ਪੁਰੀ, ਰਾਜ ਬੱਬਰ ਨੇ ਐਕਟਿੰਗ ਸਿੱਖੀ, ਉਨ੍ਹਾਂ ਨਾਲ 7-8 ਨਾਟਕ ਕਰਕੇ ਬਹੁਤ ਕੁਝ ਸਿੱਖਿਆ। ਦੇਵ ਖਰੌੜ ਨੇ ‘ਮਹਿੰਦਰਾ ਕਾਲਜ ਪਟਿਆਲਾ’ ਤੋਂ ਗੈ੍ਰਜੂਏਸ਼ਨ ਕਰਕੇ ਬਕਾਇਦਾ ਥੀਏਟਰ ਅਤੇ ਟੀ. ਵੀ. ਰਾਹੀਂ ਐਕਟਿੰਗ ’ਚ ਤਪੱਸਿਆ ਕੀਤੀ। ਸਾਲ 2004-05 ’ਚ ਭਗਵੰਤ ਮਾਨ ਦੇ ਕਮੇਡੀ ਟੀ. ਵੀ. ਸ਼ੋਅ ਦੇ ਲਗਭਗ 150 ਐਪੀਸੋਡਾਂ ’ਚ ਕਰਮਜੀਤ ਅਨਮੋਲ, ਬੀਨੂੰ ਢਿੱਲੋਂ ਨਾਲ ‘ਜੁਗਨੂੰ ਹਾਜ਼ਰ ਹੋ’ ’ਚ ਅਦਾਕਾਰੀ ਕੀਤੀ। ‘ਜੁਗਨੂੰ ਹਾਜ਼ਰ ਹੋ’ ’ਚ ਦੇਵ ਦੀ ਜੇਕਰ ਕਮੇਡੀ ਟਾਈਮਿੰਗ ਦੇਖੋਗੇ ਤਾਂ ਯਕੀਨ ਨਹੀਂ ਹੋਵੇਗਾ ਕਿ ਦੇਵ ਕਮੇਡੀ ਵੀ ਚੰਗੀ ਕਰ ਲੈਂਦਾ ਹੈ, ਵੈਸੇ ਕਲਾਕਾਰ ਉਹੀ ਹੁੰਦਾ ਹੈ, ਜੋ ਹਰ ਰੰਗ ਵਿਚ ਰੰਗਿਆ ਜਾਵੇ।
ਸ਼ੁਰੂਆਤੀ ਦੌਰ ਵਿਚ ਦੇਵ ਨੇ ਟੀ. ਵੀ. ਸੀਰੀਅਲਾਂ ਆਲ੍ਹਣਾ, ਅੱਗ ਦੇ ਕਲੀਰੇ, ਖਾਧਾ ਪੀਤਾ ਬਰਬਾਦ ਕੀਤਾ, ਕੋਈ ਪੱਥਰ ਸੇ ਨਾ ਮਾਰੇ ਆਦਿ ਵਿਚ ਵੀ ਅਦਾਕਾਰੀ ਕੀਤੀ। ਇਕ ਪਾਸੇ ਦੇਵ ਥੀਏਟਰ ’ਚ ਕੰਮ ਕਰਦਾ ਤਾਂ ਦੂਜੇ ਪਾਸੇ ਕੈਮਰੇ ਉੱਪਰ ਰਿਹਸਲ ਕਰਦਾ, ਇਹ ਸਭ ਉਸ ਸਮੇਂ ਨਾਲੋ-ਨਾਲ ਚੱਲਦਾ ਰਿਹਾ। ਭਾਵੇਂ ਕਿ ਦੇਵ ਨੂੰ ਮਾਡਲਿੰਗ ਲਈ ਵੀ ਕਈ ਆਫਰਜ਼ ਆਈਆਂ ਪਰ ਉਹ ਤਾਂ ਸਿਰਫ਼ ਐਕਟਰ ਬਣਨਾ ਲੋਚਦਾ ਸੀ ਅਤੇ ਸਿਰਫ਼ ਐਕਟਰ ਬਣਨ ਲਈ ਹੀ ਜੱਦੋ-ਜਹਿਦ ਕਰਦਾ ਰਿਹਾ, ਉਹ ਸਮਝਦਾ ਸੀ ਕਿ ਉਹ ਸਿਰਫ਼ ਐਕਟਿੰਗ ਲਈ ਹੀ ਬਣਿਆ ਹੈ, ਕਿਉਂ ਕਿ ਬੰਦਾ ਇੱਕੋ ਸਮੇਂ ਇੱਕੋ ਕੰਮ ਵਿਚ ਮੁਹਾਰਤ ਰੱਖੇ ਤਾਂ ਕਾਮਯਾਬ ਹੋ ਜਾਂਦਾ ਹੈ। ਉਸ ਨੂੰ ਪਤਾ ਸੀ ਕਿ ਉਹ ਗਾਇਕ ਤਾਂ ਬਿਲਕੁਲ ਹੀ ਨਹੀਂ ਬਣ ਸਕਦਾ। ਜੱਟ ਸਿੱਖ ਪਰਿਵਾਰ ’ਚ ਜਨਮੇ ਦੇਵ ਦੇ ਪਰਿਵਾਰ ਅਤੇ ਭਰਾ ਨੇ ਐਕਟਰ ਬਣਨ ’ਚ ਉਸਦੀ ਬਹੁਤ ਮਦਦ ਕੀਤੀ, ਉਸ ਨੂੰ ਇਸ ਐਕਟਿੰਗ ਦੇ ਖੇਤਰ ਵੱਲ ਤੋਰ ਦਿੱਤਾ। ਉਸ ਨੇ ਵੱਡੇ ਪਰਦੇ ’ਤੇ ਪਹਿਲੀ ਫ਼ਿਲਮ ‘ਹਸ਼ਰ’ ਵਿਚ ਬੱਬੂ ਮਾਨ ਦੇ ਅੋਪੋਜਿਟ ਵਿਲੇਨ ਦਾ ਕਿਰਦਾਰ ਨਿਭਾਇਆ। ‘ਕਬੱਡੀ ਇਕ ਮੁਹੱਬਤ’ ’ਚ ਬਤੌਰ ਹੀਰੋ, ‘ਸਾਡਾ ਹੱਕ’ ’ਚ ਬਲਵੰਤ ਸਿੰਘ ਰਾਜੋਆਣਾ ਦਾ ਕਿਰਦਾਰ, ਸਾਕਾ ਨਨਕਾਣਾ, ਦੱੁਲਾ ਭੱਟੀ, ਬਾਈਲਾਰਸ ਫ਼ਿਲਮਾਂ ’ਚ ਵੱਖ-ਵੱਖ ਕਿਰਦਾਰ ਨਿਭਾਏ ਪਰ ਪੰਜਾਬੀ ਸਿਨੇਮਾ ’ਚ ਉਸ ਦੀ ਐਕਸ਼ਨ ਹੀਰੋ ਵਜੋਂ ਪਹਿਚਾਣ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ’ ਭਾਗ ਪਹਿਲਾ ਅਤੇ ਦੂਜਾ ਰਾਹੀਂ ਬਣੀ। ਦੇਵ ਖਰੌੜ ਨੂੰ ਇਨ੍ਹਾਂ ਦੋਵਾਂ ਫ਼ਿਲਮਾਂ ਨੇ ਐਸਾ ਯੂਥ ਵਰਗ ਦਿੱਤਾ, ਜੋ ਉਸ ਦਾ ਦੀਵਾਨਾ ਹੋ ਗਿਆ।
ਪਿਛਲੇ ਦਿਨੀਂ ਮਲੋਟ ਦੇ ਆਸ-ਪਾਸ ਚੱਲ ਰਹੀ ਆਪਣੀ ਅਗਲੀ ਫ਼ਿਲਮ, ਜਿਸ ਦਾ ਨਾਂਅ ਅਜੇ ਅਨਾਊਂਸ ਨਹੀਂ ਹੋਇਆ, ਦੇ ਸਿਲਸਿਲੇ ’ਚ ਪਹੁੰਚੇ ਦੇਵ ਖਰੋੜ ਨਾਲ ‘ਪੰਜਾਬੀ ਸਕਰੀਨ’ ਦੇ ਬਠਿੰਡਾ ਤੋਂ ਫ਼ਿਲਮੀ ਪੱਤਰਕਾਰ ਗੁਰਨੈਬ ਸਾਜਨ ਦੀ ਉਸ ਦੇ ਫ਼ਿਲਮੀ ਸਫ਼ਰ ਬਾਰੇ ਹੋਈ ਗੱਲਬਾਤ ਪਾਠਕਾਂ ਅੱਗੇ ਰੱਖ ਰਹੇ ਹਾਂ।
ਦੇਵ ਜੀ, ਤੁਸੀਂ ਪੰਜਾਬੀ ਸਿਨੇਮਾ ’ਚ ਐਕਸ਼ਨ ਹੀਰੋ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਹੇ ਹੋ, ਜਾਂ ਕਹਿ ਲਈਏ ਪੰਜਾਬੀ ਸਿਨੇਮਾ ਦੇ ਸੰਨੀ ਦਿਓਲ ਵਜੋਂ, ਕਿਵੇਂ ਮਹਿਸੂਸ ਹੁੰਦਾ ਇਹ ਸਭ ਪ੍ਰਾਪਤੀ ਕਰਕੇ ?
ਬੜੀ ਖੁਸ਼ੀ ਹੋ ਰਹੀ ਹੈ ਐਸਾ ਸੁਣ ਕੇ, ਪੰਜਾਬੀ ਸਿਨੇਮਾ ’ਚ ਐਕਸ਼ਨ ਹੀਰੋ ਦੀ ਘਾਟ ਸੀ। ਅੱਜ ਮੇਰੇ ਕੋਲ ਜਿੰਨੇ ਵੀ ਲੋਕ ਆਉਂਦੇ ਨੇ, ਕਹਿੰਦੇ ਨੇ ਕਿ ਜਦੋਂ ਅਸੀਂ ਐਕਸ਼ਨ ਫ਼ਿਲਮ ਬਣਾਉਣ ਬਾਰੇ ਸੋਚਦੇ ਹਾਂ ਤਾਂ ਤੁਹਾਡਾ ਚਿਹਰਾ ਸਾਡੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ। ਇਕ ਗੱਲ ਮੈਂ ਦੱਸਣੀ ਚਾਹੁੰਨਾ ਕਿ ਐਕਸ਼ਨ ਹੀਰੋ ਦਰਸ਼ਕ ਹੁੰਦੇ ਹਨ, ਬੜੀ ਇਮਾਨਦਾਰ ਹੁੰਦੀ ਹੈ। ਦੂਜੇ ਹੀਰੋ ਦੇ ਦਰਸ਼ਕ ਟੇ੍ਰਲਰ ਵੇਖ ਕੇ ਸਿਨੇਮਾ ’ਚ ਜਾਣਗੇ ਪਰ ਐਕਸ਼ਨ ਹੀਰੋ ਦੇ ਦਰਸ਼ਕ ਸਿਰਫ਼ ਆਪਣੇ ਹੀਰੋ ਦਾ ਨਾਂਅ ਵੇਖ ਕੇ ਹੀ ਸਿਨੇਮਾ ’ਚ ਜਾਣਗੇ। ਯੂਥ ਮੇਰੀ ਫ਼ਿਲਮ ਵੇਖਣ ਜਾਂਦੀ ਹੈ, ਇਹ ਮੇਰੀ ਵੱਡੀ ਪ੍ਰਾਪਤੀ ਹੈ, ਇਸ ਕਰਕੇ ਯੂਥ ਮੇਰੇ ਜ਼ਿਆਦਾ ਫੈਨ ਨੇ। ਮਲੋਟ ਲਾਗੇ ਮੈਂ ਜਿਸ ਫ਼ਿਲਮ ਦੀ ਸ਼ੂਟਿੰਗ ਕਰ ਰਿਹਾ ਹਾਂ, ਮੈਂ ਵੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਮੇਰੇ ਪ੍ਰਸ਼ੰਸਕ 50-50 ਕਿਲੋਮੀਟਰ ਤੋਂ ਹਰ ਰੋਜ਼ 40-50 ਦੀ ਗਿਣਤੀ ਵਿਚ ਮੈਨੂੰ ਵੇਖਣ ਆਉਂਦੇ, ਮੈਨੂੰ ਮਿਲਦੇ ਹਨ। ਮੈਂ ਖੁਸ਼ਨਸੀਬ ਹਾਂ ਕਿ ਯੂਥ ਮੈਨੂੰ ਐਨਾ ਪਿਆਰ ਕਰਦਾ ਹੈ। ਮੈਨੂੰ ਇੰਝ ਲੱਗਦਾ ਕਿ ਜਿਵੇਂ ਮੈਂ ਇਸ ਇਮੇਜ਼ ’ਚ ਚਲਾ ਗਿਆ ਹੋਵਾਂ, ਜਿਵੇਂ ਅਸੀਂ ਆਪਣੇ ਸਮੇਂ ’ਚ ਸੰਨੀ ਦਿਓਲ ਦਾ ਨਾਂਅ ਸੁਣ ਕੇ ਹੀ ਫ਼ਿਲਮ ਵੇਖਣ ਚਲੇ ਜਾਂਦੇ ਸੀ, ਕਹਾਣੀ ਕੀ ਹੈ, ਇਸ ਨਾਲ ਸਾਨੂੰ ਕੋਈ ਮਤਲਬ ਨਹੀਂ ਹੁੰਦਾ ਸੀ। ਮੈਂ ਇਹੀ ਚਾਹੁੰਨਾ ਕਿ ਮੇਰੀ ਐਕਸ਼ਨ ਹੀਰੋ ਦੀ ਛਵੀ ਨੂੰ ਮੇਰੇ ਪ੍ਰਸ਼ੰਸਕ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਗੇ ਤੇ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਨੂੰ ਨਿਰਾਸ਼ ਨਾ ਕਰਾਂ। ਹਮੇਸ਼ਾ ਚੰਗਾ ਸਿਨੇਮਾ ਕਰਾਂ, ਜੋ ਮੈਂ ਕਰ ਵੀ ਰਿਹਾ ਹਾਂ।
ਕੀ ਤੁਸੀਂ ਰੁਮਾਂਟਿਕ, ਕਮੇਡੀ ਕਿਰਦਾਰ ਕਰਨ ਦੀ ਬਜਾਏ ਐਕਸ਼ਨ ਹੀਰੋ ਦੇ ਕਿਰਦਾਰ ’ਚ ਬੱਝ ਤਾਂ ਨਹੀਂ ਜਾਓਗੇ। ਇਸ ਤੋਂ ਇਲਾਵਾ ਵੀ ਕਿਰਦਾਰ ਕਰਨਾ ਚਾਹੋਗੇ ?
ਐਸੀ ਕੋਈ ਗੱਲ ਨਹੀਂ, ਮੇਰੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਜੋ ਮਿੰਟੂ ਗੁਰਸਰੀਆ ਦੇ ਨਾਵਲ ‘ਡਾਕੂਆਂ ਦਾ ਮੁੰਡਾ’ ’ਤੇ ਹੈ, ਜਿਸ ਨੂੰ ਐਵਾਰਡ ਵੀ ਮਿਲ ਚੱੁਕਾ ਹੈ, ਉੱਘੇ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਨਿਰਦੇਸ਼ਨਾ ਹੇਠ ਇਹ ਫ਼ਿਲਮ ਬਣ ਰਹੀ ਹੈ। ਫ਼ਿਲਮ ਦੇ ਦੋ ਸ਼ਡਿਊਲ ਮੋਗਾ ਅਤੇ ਰਾਂਚੀ ’ਚ ਸ਼ੂਟ ਕਰ ਲਏ ਗਏ ਹਨ। ਜਲਦੀ ਹੀ ਰਹਿੰਦਾ ਸ਼ਡਿਊਲ ਮੋਗਾ ’ਚ ਪੂਰਾ ਕਰਕੇ 7 ਸਤੰਬਰ ਨੂੰ ਫ਼ਿਲਮ ਵਿਸ਼ਵ ਭਰ ਵਿਚ ਰਿਲੀਜ਼ ਕਰਨੀ ਹੈ। ਇਸ ਫ਼ਿਲਮ ਵਿਚ ਮੈਂ ਮਿੰਟੂ ਗੁਰਸਰੀਆ ਦਾ ਕਿਰਦਾਰ ਨਿਭਾ ਰਿਹਾ ਹਾਂ। ਬੜਾ ਜਿਗਰੇ ਵਾਲਾ ਬੰਦਾ ਹੈ ਮਿੰਟੂ। ਹਰੇਕ ਬੰਦਾ ਆਪਣੇ ਚੰਗੇ-ਮੰਦੇ ਕੰਮ ਛੁਪਾਉਂਦਾ ਹੈ ਪਰ ਮਿੰਟੂ ਨੇ ਨਾਵਲ ‘ਡਾਕੂਆਂ ਦੇ ਮੁੰਡੇ’ ’ਚ ਆਪਣੀ ਜ਼ਿੰਦਗੀ ਦਾ ਹਰ ਪੱਖ ਉਤਾਰਿਆ ਹੈ, ਜਦੋਂ ਉਸਦੀ ਕਾਲਜ ’ਚ ਸ਼ੁਰੂਆਤ ਸੀ ਇਕ ਸਿੰਪਲ ਸਧਾਰਣ ਜ਼ਿੰਦਗੀ ਜਿਊਂਦਾ, ਯਾਰਾਂ-ਦੋਸਤਾਂ ਨਾਲ ਹੱਸਦਾ ਖੇਡਦਾ। ਉਹਦੀ ਜ਼ਿੰਦਗੀ ’ਚ ਇਕ ਕੁੜੀ ਵੀ ਆਉਂਦੀ ਹੈ। ਉਹ ਸਪੋਰਟਸਮੈਨ ਵੀ ਹੈ। ਫੇਰ ਹੌਲੀ-ਹੌਲੀ ਗਲਤ ਸੰਗਤ ’ਚ ਪੈ ਕੇ ਲੱੁਟਾਂ-ਖੋਹਾਂ ਕਰਨੀਆਂ ਸ਼ੁਰੂ ਕਰਦਾ। ਕਬਜ਼ੇ ਲੈਂਦਾ ਹੈ, ਪੂਰੀ ਤਰ੍ਹਾਂ ਨਸ਼ਿਆਂ ’ਚ ਗਰਕ ਜਾਂਦਾ ਹੈ। ਅਖੀਰ ਉਸ ਨੂੰ ਆਪਣੇ ਮਾਂ-ਬਾਪ ਪ੍ਰਤੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਹੌਲੀ-ਹੌਲੀ ਉਸ ਚੀਜ਼ ’ਚੋਂ ਨਿਕਲਦਾ ਇਕ ਜਿੰਮੇਵਾਰ ਪੱਤਰਕਾਰ ਬਣ ਜਾਂਦਾ ਹੈ। ਸੋ ਮੈਨੂੰ ਲੱਗਦਾ ਕਿ ਇੱਕੋ ਫ਼ਿਲਮ ’ਚ ਮੈਨੂੰ ਬਹੁਤ ਸਾਰੇ ਕਰੈਕਟਰ ਜਿਊਣ ਨੂੰ ਮਿਲਣਗੇ।
‘ਡਾਕੂਆਂ ਦੇ ਮੁੰਡੇ’ ’ਚ ਮੈਂ ਇਹੋ-ਜਿਹੇ ਕਿਰਦਾਰ ਨਿਭਾ ਰਿਹਾ ਹਾਂ, ਜੋ ਹਰ ਇਕ ਦੇ ਨਸੀਬ ’ਚ ਨਹੀਂ ਹੁੰਦੇ। ਮੈਂ ਲੱਕੀ ਹਾਂ ਕਿ ਮੈਨੂੰ ‘ਡਾਕੂਆਂ ਦਾ ਮੁੰਡਾ’ ਦਾ ਕਿਰਦਾਰ ਕਰਨ ਨੂੰ ਮਿਲਿਆ ਹੈ। ਇਹ ਫ਼ਿਲਮ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਚੰਗਾ ਸਿਨੇਮਾ ਕਰ ਰਿਹਾਂ। ਇਸ ਫ਼ਿਲਮ ’ਚ ਮੇੇਰੇ ਚਾਰ ਲੱੁਕ ਹਨ, ਕਾਲਜ ਬੁਆਏ, ਨਸ਼ੇੜੀ, ਨਸ਼ਿਆਂ ਕਾਰਨ ਸੁੱਕਿਆ ਮੜਚੂ ਜਿਹਾ, ਜਿਸ ਲਈ ਮੈਂ ਹੁਣ ਭਾਰ ਘਟਾ ਰਿਹਾ ਹਾਂ। ਐਕਸ਼ਨ ਕਰਨ ਦੇ ਨਾਲ-ਨਾਲ ਇਸ ਕਿਰਦਾਰ ’ਚ ਹਰ ਰੰਗ ਕਰਦਾ ਵਿਖਾਈ ਦੇਵਾਂਗਾ। ਬਾਕੀ ਰਹੀ ਗੱਲ ਐਕਸ਼ਨ ਹੀਰੋ ਦੀ ਛਵੀ ’ਚ ਬੱਝਣ ਦੀ ਤਾਂ ਮੈਂ ਐਸੇ ਹੀ ਕਿਰਦਾਰ ਕਰਨਾ ਚਾਹਾਂਗਾ। ਮੈਨੂੰ ਐਕਸ਼ਨ ਹੀਰੋ ਦੇ ਨਾਂਅ ਨਾਲ ਲੋਕ ਜਾਣਨ, ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਤੋਂ ਇਲਾਵਾ ਅਗਲੀਆਂ ਫ਼ਿਲਮਾਂ ’ਚ ਹੋਰ ਵੀ ਕਿਰਦਾਰ ਵੀ ਕਰ ਰਿਹਾ ਹਾਂ ਪਰ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਾਂਗਾ, ਜੋ ਉਹ ਵੇਖਣਾ ਚਾਹੁੰਦੇ ਹਨ, ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਾਂਗਾ।
ਜਿਵੇਂ ਕਿ ਅਕਸਰ ਜ਼ਿੰਦਗੀ ਦੇ ਰੀਅਲ ਨਾਇਕ ’ਤੇ ਫ਼ਿਲਮ ਬਣਾਉਣੀ ਬਹੁਤ ਔਖੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿਰੋਧ ਕਰਦੇ ਹਨ ਕਿ ਸਾਡੇ ਨਾਇਕ ਨੂੰ ਫ਼ਿਲਮ ’ਚ ਵਿਗਾੜ ਕੇ ਪੇਸ਼ ਕੀਤਾ ਹੈ। ਤੁਸੀਂ ਵੀ ਸੱਚੀਆਂ ਕਹਾਣੀਆਂ ’ਤੇ ਫ਼ਿਲਮਾਂ ਬਣਾ ਰਹੇ ਹੋ, ਕੀ ਕਦੇ ਐਸਾ ਤੁਹਾਡੇ ਨਾਲ ਵੀ ਹੋਇਆ ?
ਰੁਪਿੰਦਰ ਗਾਂਧੀ ’ਤੇ ਅਧਾਰਿਤ ਦੋ ਫ਼ਿਲਮਾਂ ਬਣ ਚੱੁਕੀਆਂ ਹਨ। ਦੋਵਾਂ ਫ਼ਿਲਮਾਂ ਤੋਂ ਉਸ ਦੇ ਪਰਿਵਾਰ ਵਾਲੇ ਖਾਸ ਕਰ ਉਸ ਦੀਆਂ ਭੈਣਾਂ ਬਹੁਤ ਖੁਸ਼ ਹਨ। ਉਨ੍ਹਾਂ ਮੈਨੂੰ, ਮੇਰੀ ਟੀਮ ਨੂੰ ਦੁਆਵਾਂ ਦਿੱਤੀਆਂ ਕਿ ਤੁਸੀਂ ਸਾਡੇ ਭਰਾ ਦਾ ਨਾਂਅ ਏਨਾ ੳੱੁਚਾ ਕਰ ਦਿੱਤਾ। ਸਾਡੇ ਭਰਾ ਨੂੰ ਲੋਕ ਗੁੰਡਾ, ਗੈਂਗਸਟਰ ਕਹਿੰਦੇ ਸੀ, ਤੁਸੀਂ ਉਹ ਛਵੀ ਖ਼ਤਮ ਕਰਤੀ। ਅੱਜ ਲੋਕ ਕਹਿੰਦੇ ਨੇ, ਉਹਦੇ ਵਰਗਾ ਚੰਗਾ ਬੰਦਾ ਦੁਨੀਆ ’ਤੇ ਨਹੀਂ ਹੋਣਾ। ਰੁਪਿੰਦਰ ਗੈਂਗਸਟਰ ਜਾਂ ਗੁੰਡਾ ਨਹੀਂ ਸੀ, ਗੈਂਗਸਟਰ ਤਾਂ ਪੁਲਿਸ ਤੋਂ ਡਰਦੇ-ਲੁਕਦੇ ਘਰ ਛੱਡ ਜਾਂਦੇ ਹਨ ਪਰ ਰੁਪਿੰਦਰ ਤਾਂ ਹਰ ਗ਼ਰੀਬ-ਲੋੜਵੰਦ ਦੀ ਮਦਦ ਕਰਨ ਵਾਲਾ, ਧੀਆਂ ਭੈਣਾਂ ਦੀਆਂ ਇੱਜ਼ਤਾਂ ਦਾ ਰਾਖਾ ਸੀ। ਉਹ ਆਪਣੇ ਘਰ ਨਾਰਮਲ ਜ਼ਿੰਦਗੀ ਜਿਊਂਦਾ ਸੀ, ਕਿਤੇ ਨਹੀਂ ਭੱਜਿਆ ਸੀ। ਉਹਦੇ ਦੁਸ਼ਮਣਾਂ ਨੇ ਉਸ ਨੂੰ ਟਰੈਪ ਕੀਤਾ ਤੇ ਮਾਰਤਾ, ਏਦਾਂ ਦੀ ਉਹਦੀ ਕਹਾਣੀ ਸੀ। ਲੋਕਾਂ ਦੇ ਘਰਾਂ ’ਚ ਉਸ ਦੀਆਂ ਫੋਟੋ ਲੱਗੀਆਂ ਨੇ, ਲੋਕ ਉਹਨੂੰ ਪੂਜਦੇ ਨੇ। ਜਿੱਦਾਂ ਦੀ ਉਹਦੀ ਛਵੀ ਸੀ, ਅਸੀਂ ਦੋਨਾਂ ਫ਼ਿਲਮਾਂ ਜ਼ਰੀਏ ਲੋਕਾਂ ਸਾਹਮਣੇ ਪੇਸ਼ ਕੀਤੀ ਹੈ। ਤਾਂ ਹੀ ਇਹ ਦੋਵੇਂ ਫ਼ਿਲਮਾਂ ਸੁਪਰਹਿੱਟ ਰਹੀਆਂ ਹਨ। ਹੁਣ ਅਸੀਂ ‘ਡਾਕੂਆਂ ਦਾ ਮੁੰਡਾ’ ਫ਼ਿਲਮ ਬਣਾ ਰਹੇ ਹਾਂ। ਬਕਾਇਦਾ ਮਿੰਟੂ ਗੁਰੂਸਰੀਆ ਨੂੰ ਸਟੋਰੀ ਤਿਆਰ ਕਰਨ ਵੇਲੇ ਫਾਈਨਲ ਸਕਰਿਪਟ ਵਿਖਾਈ, ਉਸ ਨੂੰ ਪੁੱਛਿਆ ਕਿ ਤੁਸੀਂ ਸੰਤੁਸ਼ਟ ਹੋ ਆਪਣੀ ਕਹਾਣੀ ਤੋਂ, ਜਦੋਂ ਉਸ ਨੇ ਹਾਮੀ ਭਰੀ ਫੇਰ ਸ਼ੁਰੂ ਕੀਤੀ ਹੈ, ਕਿੰਤੂ-ਪ੍ਰੰਤੂ ਦਾ ਤਾਂ ਸਵਾਲ ਹੀ ਨਹੀਂ ਰਿਹਾ।
ਜਿਵੇਂ ਕਿ ਅਕਸਰ ਆਲੋਚਕ ਕਹਿੰਦੇ ਹਨ ਕਿ ਅਜਿਹੀਆਂ ਫ਼ਿਲਮਾਂ ਨਾਲ ਗੈਂਗਸਟਰ ਨੂੰ ਬੜਾਵਾ ਮਿਲਦਾ ਹੈ, ਜਵਾਨੀ ਨੂੰ ਅਜਿਹੀਆਂ ਫ਼ਿਲਮਾਂ ਗਲਤ ਪਾਸੇ ਤੋਰ ਰਹੀਆਂ ਹਨ, ਕੀ ਕਹੋਗੇ ?
ਲੋਕਾਂ ਦਾ ਕੰਮ ਹੀ ਹੈ ਬੋਲਣਾ, ਉਨ੍ਹਾਂ ਚੰਗੇ ਕੰਮ ’ਚ ਬੋਲਣਾ ਹੁੰਦਾ ਤੇ ਮਾੜੇ ’ਚ ਵੀ। ਇਹ ਲੋਕ ਕੁਝ ਨਾ ਕੁਝ ਕਹੀ ਹੀ ਜਾਂਦੇ ਹਨ। ਜਦੋਂ ਰੁਪਿੰਦਰ ਗਾਂਧੀ ਫ਼ਿਲਮਾਂ ਰਿਲੀਜ਼ ਹੋਈਆਂ ਸਨ। ਟੀ. ਵੀ. ਚੈਨਲਾਂ ਦੇ ਪੱਤਰਕਾਰ ਫ਼ਿਲਮ ਵੇਖ ਕੇ ਸਿਨੇਮਾ ਤੋਂ ਬਾਹਰ ਆਉਂਦੇ ਦਰਸ਼ਕਾਂ ਨੂੰ ਪੱੁਛਦੇ ਤਾਂ ਦਰਸ਼ਕਾਂ ਦਾ ਕਹਿਣਾ ਸੀ ਕਿ ਫ਼ਿਲਮ ’ਚ ਵਧੀਆ ਮੈਸੇਜ ਮਿਲਦਾ ਹੈ, ਲੜ੍ਹਾਈ-ਝਗੜਿਆਂ ’ਚ ਕੁਝ ਨਹੀਂ ਪਿਆ। ਗੈਂਗਸਰਿਜ਼ਮ ਤੋਂ ਬਾਹਰ ਰਹੋ। ਸਿਆਸੀ ਲੋਕਾਂ ਦੇ ਚੱਕਰਾਂ ’ਚ ਨਾ ਪਵੋ, ਆਪਣੀ ਜ਼ਿੰਦਗੀ ਬਣਾਓ, ਇਸ ਤੋਂ ਵੱਡਾ ਮੈਸੇਜ ਕੀ ਹੋਵੇਗਾ। ‘ਡਾਕੂਆਂ ਦੇ ਮੁੰਡੇ’ ਤੋਂ ੳੱੁਪਰ ਤਾਂ ਮੈਸੇਜ ਜਾ ਹੀ ਨਹੀਂ ਸਕਦਾ। ਇਹ ਫ਼ਿਲਮ ’ਚ ਉਹ ਨੌਜਵਾਨ ਜੋ ਨਸ਼ਿਆਂ ’ਚ ਗ੍ਰਸਤ ਨੇ, ਉਹ ਮੱੁਖ ਧਾਰਾ ’ਚ ਆਉਂਦੇ ਨੇ, ਉਹ ਇਕ ਜਿੰਮੇਵਾਰ ਵਿਅਕਤੀ ਬਣਨਗੇ। ਆਪਣੇ ਮਾਂ-ਬਾਪ ਦਾ ਸਤਿਕਾਰ ਕਰਨਗੇ। ਮੇਰੀ ਅਪੀਲ ਹੈ ਕਿ ਇਹ ਫ਼ਿਲਮ ਮਾਪੇ ਆਪਣੇ ਬੱਚਿਆਂ ਨੂੰ ਵਿਖਾਉਣ ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਤੇ ਨਸ਼ਿਆਂ ਦੀ ਜ਼ਿੰਦਗੀ ’ਚ ਡੱੁਬਣ ਤੋਂ ਗੁਰੇਜ਼ ਕਰਨ। ਜੇ ਮਿੰਟੂ ਦੀ ਕਿਤਾਬ ‘ਡਾਕੂਆਂ ਦਾ ਮੁੰਡਾ’ ਪੜ੍ਹ ਕੇ ਨੌਜਵਾਨ ਨਸ਼ੇ ਛੱਡ ਰਹੇ ਹਨ ਤਾਂ ਫ਼ਿਲਮ ਵੇਖ ਕੇ ਤਾਂ ਹੋਰ ਵੀ ਬਦਲਾਅ ਆਵੇਗਾ। ਅਸੀਂ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ, ਵੱਡਾ ਹੁੰਗਾਰਾ ਮਿਲਿਆ ਹੈ, ਟੇ੍ਰਲਰ ਜਲਦੀ ਰਿਲੀਜ਼ ਕਰਾਂਗੇ।
ਪੰਜਾਬੀ ਸਿਨੇਮਾ ਗਾਇਕ ਕਲਾਕਾਰਾਂ ਦੇ ਸਹਾਰੇ ਚੱਲ ਰਿਹਾ ਹੈ, ਤੁਹਾਡੇ ਆਉਣ ਨਾਲ ਰੀਅਲ ਐਕਸ਼ਨ ਹੀਰੋ ਪੰਜਾਬੀ ਸਿਨੇਮਾ ਨੂੰ ਮਿਲ ਗਿਆ ਪਰ ਅਜੇ ਵੀ ਦਿੱਲੀ ਦੂਰ ਹੈ ਕਿਉਂ ?
ਐਸੀ ਕੋਈ ਗੱਲ ਨਹੀਂ, ਪੰਜਾਬੀ ਸਿਨੇਮਾ ’ਚ ਸਮੇਂ-ਸਮੇਂ ’ਤੇ ਐਕਟਰ ਆਏ ਹਨ ਜਿਵੇਂ ਜਿੰਮੀ ਸ਼ੇਰਗਿੱਲ, ਹੋਰ ਵੀ ਬਹੁਤ ਨੇ। ਗਾਇਕ ਕਲਾਕਾਰ ਵੀ ਸਾਡਾ ਹਿੱਸਾ ਨੇ, ਇਨ੍ਹਾਂ ਨੂੰ ਕੰਮ ਵੀ ਕਰਨ ਦਾ ਹੱਕ ਹੈ।
ਅੱਜ ਦੇ ਪੰਜਾਬੀ ਸਿਨੇਮਾ ਬਾਰੇ ਕੋਈ ਦਿਲ ਦੀ ਗੱਲ ?
ਵੈਸੇ ਤਾਂ ਸਾਡਾ ਪੰਜਾਬੀ ਸਿਨੇਮਾ ਸ਼ੁੱਧ ਦੇਸੀ ਹੈ। ਦਰਸ਼ਕ ਸ਼ੱੁਧ ਪੰਜਾਬੀ ਭਾਸ਼ਾ ਸਮਝਦੇ ਹਨ। ਮੁੰਬਈ ਵਾਲੇ ਐਕਟਰ ਪਾਣੀ ਨੂੰ ਪਾਨੀ ਕਹਿੰਦੇ ਹਨ, ਦਰਸ਼ਕ ਸ਼ਹਿਰੀ ਭਾਸ਼ਾ ਵੀ ਨਹੀਂ ਪਸੰਦ ਕਰਦੇ। ਪੰਜਾਬੀ ਫ਼ਿਲਮ ਨੂੰ ਮਾਡਰਨ ਤੜਕਾ ਦੇ ਦੇਈਏ ਤਾਂ ਦਰਸ਼ਕ ਪਸੰਦ ਨਹੀਂ ਕਰਦੇ। ਕਈ ਵਾਰ ਪੰਜਾਬੀ ਫ਼ਿਲਮਾਂ ਵਿਦੇਸ਼ਾਂ ’ਚ ਫ਼ਿਲਮਾਈਆਂ ਜਾਂਦੀਆਂ ਨੇ, ਬੁਰੀ ਤਰ੍ਹਾਂ ਫਲਾਪ ਹੋ ਜਾਂਦੀਆਂ, ਕਿਉਂ ਕਿ ਦਰਸ਼ਕ ਪੰਜਾਬੀ ਤੜਕੇ ਵਾਲੀਆਂ ਫ਼ਿਲਮਾਂ ਪਸੰਦ ਕਰਦੇ ਨੇ। ਪੰਜਾਬ ਦੇ ਕਲਾਕਾਰ ਪੰਜਾਬੀ ਭਾਸ਼ਾ ਸਹੀ ਬੋਲਦੇ ਹਨ। ਇਸੇ ਲਈ ਥੀਏਟਰ ਕਲਾਕਾਰ ਮਲਕੀਤ ਰੌਣੀ ਅਤੇ ਕਈ ਹੋਰਾਂ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।
ਬਾਕੀ ਜੇਕਰ ਪੰਜਾਬੀ ਫ਼ਿਲਮ ਦਾ ਬਜਟ 20 ਕਰੋੜ ਦਾ ਹੋਊ, ਰਿਕਵਰੀ ਨਹੀਂ ਹੋਣੀ। 3-4 ਕਰੋੜ ਲਾ ਕੇ ਫ਼ਿਲਮ ਵਧੀਆ ਬਣ ਸਕਦੀ ਹੈ। ਫੇਰ ਸਾਡੀ ਟਰੈਟਰੀ ਬਹੁਤ ਛੋਟੀ ਹੈ। 2-4 ਦੇਸ਼ਾਂ ’ਚ ਫ਼ਿਲਮ ਰਿਲੀਜ਼ ਹੁੰਦੀ ਹੈ, ਪਾਇਰੇਸੀ ਹੁੰਦੀ ਹੈ, ਕੋਈ ਰੂਲਜ਼ ਨਹੀਂ। ਰਿਲੀਜ਼ ਤੋਂ ਥੋੜ੍ਹੇ ਸਮੇਂ ਬਾਅਦ ਹੀ ਫ਼ਿਲਮ ਯੂ-ਟਿਊਬ ’ਤੇ ਚੜ੍ਹ ਜਾਂਦੀ ਹੈ। ਬਾਕੀ ਚੰਗਾ ਕਨਸੈਪਟ ਲੈ ਕੇ, ਚੰਗੇ ਐਕਟਰ ਲੈ ਕੇ ਫ਼ਿਲਮ ਬਣੇ ਤਾਂ ਕਾਮਯਾਬ ਰਹੇਗੀ।
ਸਾਡਾ ‘ਡ੍ਰੀਮ ਰਿਆਲਟੀ ਪੋ੍ਰਡਕਸ਼ਨ ਹਾਊਸ’ ਹੈ, ਜਿਨ੍ਹਾਂ ’ਚ ਮੈਂ ਰੁਪਿੰਦਰ ਗਾਂਧੀ 1-2 ਅਤੇ ‘ਡਾਕੂਆਂ ਦਾ ਮੁੰਡਾ’ ਕੀਤੀ ਹੈ। ਚੌਥੀ ਫ਼ਿਲਮ ‘ਕਾਕਾ ਜੀ’ “ਏ ਕੋਪ ਵਿਦ ਗੋਲਡਨ ਹਾਰਟ” ਪੁਲਿਸ ਵਾਲੇ ਦੀ ਕਹਾਣੀ ਹੈ, ਜੋ ਸਤੰਬਰ ’ਚ ਫਲੌਰ ’ਤੇ ਜਾਵੇਗੀ। ਮੇਰੇ ਪੋ੍ਰਡਿਊਸਰ ਲਖਵੀਰ ਚਾਹਲ ਨੂੰ ਮੇਰੇ ’ਤੇ ਯਕੀਨ ਹੈ ਅਤੇ ਮੈਨੂੰ ਉਨ੍ਹਾਂ ’ਤੇ, ਕਿ ਅਸੀਂ ਜੋ ਵੀ ਪੋ੍ਰਜੈਕਟ ਕਰਦੇ ਹਾਂ, ਉਸ ਨਾਲ ਨਿਆਂ ਕਰਾਂਗੇ।
– ਗੁਰਨੈਬ ਸਾਜਨ।
# 98889-55757