Movie Reviews

ਬੂਟਾ ਸਿੰਘ ਸ਼ਾਦ ਦੇ ਪ੍ਰਸਿੱਧ ਨਾਵਲ ‘ਕੁੱਤਿਆਂ ਵਾਲੇ ਸਰਦਾਰ’ ਦੇ ਪੋਸਟਮਾਰਟਮ ਚੋਂ ਨਿਕਲੀ ਕਹਾਣੀ ਹੈ ‘ਮੈਂ ਤੇਰੇ ਕੁਰਬਾਨ’

Written by Daljit Arora

ਫ਼ਿਲਮ ਸਮੀਖਿਆ-ਦਲਜੀਤ ਸਿੰਘ ਅਰੋੜਾ
#MainTereQurbaan #filmreview
😔🎞🎞🎞🎞🎞🎞🎞
ਤਾਜ਼ਾ ਤਾਜ਼ਾ ਸੁਣਿਆ ਸੀ ਕਿ ਪਿਛਲੇ 60 ਸਾਲਾਂ ‘ਚ ਇਹੋ ਜਿਹੀ ਕੋਈ ਫ਼ਿਲਮ ਨਹੀਂ ਬਣੀ,ਇਸ ਲਈ ਵੇਖਣੀ ਵੀ ਬਹੁਤ ਜ਼ਰੂਰੀ ਸੀ। ਸੋਮਵਾਰ ‘ਚੌਥੇ ਦਿਨ’ ਬੜੀ ਮੁਸ਼ਕਿਲ ਨਾਲ ਮੁਹਾਲੀ-ਚੰਡੀਗੜ੍ਹ ਚੋਂ “ਪਿਕੈਡਲੀ ਸਿਨੇਮਾ’ ‘ਚ ਇਕੋ-ਇਕ ਸ਼ੋਅ ਲੱਭਾ ਫ਼ਿਲਮ ਵੇਖਣ ਲਈ😊!


ਸਭ ਤੋਂ ਵੱਡੀ ਹੈਰਾਨਗੀ ਇਸ ਗੱਲ ਦੀ ਹੈ ਕਿ ਅਸੀਂ ਅੱਜ ਵੀ ਕਿੰਨੀ ਦਲੇਰੀ ਨਾਲ ਕਿਸੇ ਅਸਲ ਅਤੇ ਪ੍ਰਸਿੱਧ ਲੇਖਕ ਨੂੰ ਕ੍ਰੈਡਿਟ ਦਿੱਤੇ ਬਿਨਾ ਆਪ ਕਹਾਣੀਕਾਰ-ਸਕਰੀਨ ਪਲੇਅ ਲੇਖਕ ਬਣ ਕੇ ਫ਼ਿਲਮ ਚੇਪ ਦਿੰਦੇ ਹਾਂ, ਦੋਸਤੋ ਬੂਟਾ ਸਿੰਘ ਸ਼ਾਦ ਸਾਡੀ ਬਾਲੀਵੁੱਡ/ਪਾਲੀਵੁੱਡ ਇੰਡਸਟ੍ਰੀ ਵਿਚ ਇਕ ਲੇਖਕ, ਨਿਰਦੇਸ਼ਕ, ਨਿਰਮਾਤਾ ਅਤੇ ਐਕਟਰ ਵੱਜੋਂ ਵੱਡਾ ਨਾਮ ਸਨ, ਜਿਹਨਾਂ ਨੇ ਫਿਲਮਾਂ ਲਿਖਣ-ਬਨਾਉਣ ਤੋਂ ਇਲਾਵਾ ਅਨੇਕਾ ਕਿਤਾਬਾਂ ਵੀ ਲਿਖੀਆਂ । ਹੁਣ ਅਜਿਹੀ ਸ਼ਖ਼ਸੀਅਤ ਦੀ ਕਹਾਣੀ ਵਰਤਣ ਤੇ ਉਸ ਦੇ ਨਾਂ ਨੂੰ ਅਣਗੋਲਿਆ ਕੀਤਾ ਜਾਣਾ ਮੇਰੀ ਸਮਝ ਤੋਂ ਬਾਹਰ ਹੈ। ਖੈਰ ! ਇਹ ਕਿੱਸਾ ਵੀ ਦੋ-ਚਾਰ ਦਿਨਾਂ ਵਿਚ ਸਾਹਮਣੇ ਆ ਜਾਉ ਕਿ ਇਹਨਾਂ ਕੋਲ ਸਰਦਾਰ ਬੂਟਾ ਸਿੰਘ ਸ਼ਾਦ ਦੇ ਪਰਿਵਾਰ ਵੱਲੋਂ ਕੋਈ ਮਨਜ਼ੂਰੀ ਹੈ ਕਿ ਨਹੀ ?🤔
ਇਹ ਕਹਾਣੀ ਅਤੇ ਮੌਜੂਦਾ ਸਮਾਜ
————–
ਮੈਂ ਅੱਗੇ ਵੀ ਇਹ ਗੱਲ ਬੜੀ ਵਾਰ ਕੀਤੀ ਹੈ ਕਿ ਕੁਝ ਪੁਰਾਣੀਆਂ ਕਹਾਣੀਆਂ/ਨਾਵਲ ਆਦਿ ਉਸ ਸਮੇਂ ਦੇ ਹਾਣੀ ਸਨ ਜਦੋਂ ਇਹਨਾਂ ਨੂੰ ਲਿਖਿਆ ਗਿਆ ਅਤੇ ਇਹ ਜ਼ਰੂਰੀ ਨਹੀਂ ਕਿ ਉਹ ਅੱਜ ਦੇ ਸਮਾਜ,ਅੱਜ ਦੀ ਜਨਰੇਸ਼ਨ ਅਤੇ ਅੱਜ ਦੇ ਸਿਨੇਮਾ ਦੇ ਯੋਗ ਹੋਣ ਅਤੇ ਇਸ ਫ਼ਿਲਮ ਦੀ ਕਹਾਣੀ ਬਾਰੇ ਵੀ ਮੈਂ ਇਹੀ ਕਹਾਂਗਾ ਕਿ ਕਿਤਾਬ ਤੱਕ ਹੀ ਠੀਕ ਸੀ ਜਾਂ ਫਿਰ ਇਸ ਦੀ ਸਕ੍ਰਿਪਟ ਤੇ ਆਪਣਾ ਨਾਮ ਦੇਣ ਵਾਲੇ ਇਸ ਤੇ ਆਪਣੇ ਵੱਲੋਂ ਵੀ ਕੁਝ ਮਿਹਨਤ ਕਰ ਕੇ ਮੌਜੂਦਾ ਸਮਾਜ ਦੇ ਹਾਣ ਦੀ ਬਣਾਉਂਣ ਦੀ ਕੋਸ਼ਿਸ਼ ਕਰਦੇ ਤਾਂ ਕਿ ਲੋਕੀ ਵੇਖਣ ਵੀ ਜਾਂਦੇ!
ਕਹਾਣੀ-ਸਕਰੀਨ ਪਲੇਅ
————-
ਚੱਲੋ ਜੇ ਹੁਣ ਫਿਲਮ ਬਣ ਹੀ ਗਈ ਹੈ ਤਾਂ ਫ਼ਿਲਮ ਦੀ ਬਾਕੀ ਗੱਲ ਵੀ ਕਰਦੇ ਹਾਂ ।
ਇਹ ਫ਼ਿਲਮ ਇਕ ਤਿਕੋਣੀ ਪ੍ਰੇਮ ਕਹਾਣੀ ਹੈ ਜਿਸ ਵਿਚ ਇਕ ਵਿਲੇਨ ਵੀ ਹੈ। ਇਸ ਕੱਟ-ਵੱਢ ਕੀਤੀ ਅਸਲ ਕਹਾਣੀ ਕਾਰਨ ਥਾਂ ਥਾਂ ਝੌਲ ਖਾਂਦੇ/ਝੱਟਕੇ ਦਿੰਦੇ ਸਕਰੀਨ ਪਲੇਅ ਦੇ ਬਹੁਤੇ ਵਿਸਥਾਰ ਵਿਚ ਮੈਂ ਇਸ ਕਰ ਨੇ ਨਹੀਂ ਜਾਵਾਂਗਾ ਕਿਉਂਕਿ ਫਿਰ ਮੈਨੂੰ ਇਸ ਦੇ ਨਾਲ ਨਾਲ ‘ਕੁੱਤਿਆਂ ਵਾਲੇ ਸਰਦਾਰ’ ਦੀ ਕਹਾਣੀ ਦਾ ਜ਼ਿਕਰ ਕਰਨਾ ਪਵੇਗਾ ਜੋ ਕਿ “ਕਾਪੀ ਰਾਈਟ” ਦੀ ਉਲੰਘਣਾ ਹੋਵੇਗਾ, ਸੋ ਤਿਕੋਣੀ ਪ੍ਰੇਮ ਕਹਾਣੀ ਕਹਿਣਾ ਦੀ ਪਾਠਕਾਂ/ਦਰਸ਼ਕਾਂ ਦੇ ਸਮਝਣ ਲਈ ਕਾਫੀ ਹੈ।

ਫ਼ਿਲਮ ਅਦਾਕਾਰ ਅਤੇ ਕਾਸਟਿੰਗ ਪੱਖ
———
ਗੱਲ ਫ਼ਿਲਮ ਦੇ ਪਾਤਰ ਅਦਾਕਾਰਾਂ ਦੀ ਤਾਂ ਸਭ ਤੋਂ ਪਹਿਲਾਂ ਨਾਮ ਹੈ ਇਸ ਵਿਚ ਖਲਨਾਇਕ ਬਣੇ ਸ਼ਮਸ਼ੇਰ ਨਾਮੀ ਪਾਤਰ ਕੁਲਜਿੰਦਰ ਸਿੱਧੂ ਦਾ, ਜੋ ਆਪਣੀ ਅਦਾਕਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ,ਹਰ ਦ੍ਰਿਸ਼ ਅਤੇ ਖਾਸਕਰ ਕਲਾਈਮੈਕਸ ਵੇਲੇ ਉਸ ਦੇ ਚਿਹਰੇ ਦੇ ਵਾਰ ਵਾਰ ਬਦਲਦੇ ਹਾਵ-ਭਾਵ ਉਸ ਦੀ ਅਦਾਕਾਰੀ ਵਿਚ ਵਿਲੱਖਣਤਾ ਨੂੰ ਬਾਖੂਬੀ ਪੇਸ਼ ਕਰਦੇ ਹਨ ਅਤੇ ਉਸ ਦਾ ਇਹ ਰੰਗ ਅਸੀਂ ਫਿਲਮ ‘ਗੁਰਮੁਖ’, ‘ਬਾਗੀ ਦੀ ਧੀ’ (ਨੈਸ਼ਨਲ ਐਵਾਰਡ ਜੇਤੂ)ਅਤੇ ਮੋਸਟ ਕੰਟੋਵਰਸੀਅਲ ‘ਸਾਡਾ ਹੱਕ’ ਤੋਂ ਇਲਾਵਾ ਹੋਰ ਵੀ ਕਈ ਆਫਬੀਟ ਫ਼ਿਲਮਾਂ ਵਿਚ ਪਹਿਲਾਂ ਵੀ ਵੇਖ ਚੁਕੇ ਹਾਂ। ਦੂਜੇ ਨੰਬਰ ਤੇ ਆਪਣੀ ਅਦਾਕਾਰੀ ਨਾਲ ਪ੍ਰਭਾਵਿਤ ਕਰਦੀ ਹੈ ਪ੍ਰੋਫੈਸਰ ਅੰਮ੍ਰਿਤਾ ਦਾ ਕਿਰਦਾਰ ਨਿਭਾਉਣ ਵਾਲੀ ਇਕ ਪ੍ਰੇਮਿਕਾ ਪਾਤਰ ਅਦਾਕਾਰਾ ਸਾਵਨ ਰੂਪੋਵਾਲੀ ਜਿਸ ਨੇ ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਹਰਜੀਤਾ’ ਵਿਚ ਵੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਦੂਜੀ ਪ੍ਰੇਮਿਕਾ ਗੁਲਨੂਰ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਹੈ ਨਾਇਕਰਾ ਢਿੱਲੋਂ,ਉਹ ਵੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਰਾਹੀਂ ਵੀ ਫ਼ਿਲਮ ਵੇਖਣ ਵਾਲਿਆਂ ਦੀ ਨਜ਼ਰੇਂ ਚੜ੍ਹਦੀ ਹੈ ਅਤੇ ਲੀਡ ਅਦਾਕਾਰਾਂ ਦੀ ਚੌਕੜੀ ਵਿਚ ਸਭ ਤੋਂ ਕਮਜ਼ੋਰ ਪਾਤਰ ਹੈ ਤਾਜ਼ਾ ਤਾਜ਼ਾ ਅਦਾਕਾਰ ਬਣਿਆ ਬੰਟੀ ਬੈਂਸ, ਜਿਸ ਨੂੰ ਕਿ ਫ਼ਿਲਮ ਦੀ ਕਹਾਣੀ ਵਿਚ ਹੀਰੋ ਵੱਜੋ ਅਧਿਆਪਕ ਜਗਜੀਤ ਸਿੰਘ ਦੇ ਪਾਤਰ ਰਾਹੀਂ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੰਟੀ ਬੈਂਸ ਨੂੰ ਐਨੀ ਕਾਹਲੀ ਨਾਲ ਅੱਗੇ ਆਉਣ ਦੀ ਬਜਾਏ ਅਜੇ ਆਪਣੇ ਤੇ ਥੋੜੀ ਹੋਰ ਮਿਹਨਤ ਕਰਨ ਦੀ ਲੋੜ ਸੀ।
ਖੈਰ! ਅਸਲ ਕਹਾਣੀ ਮੁਤਾਬਕ ਫ਼ਿਲਮ ਦੀ ਕਾਸਟਿੰਗ ਵੱਲ ਵੀ ਧਿਆਨ ਦੇਣ ਦੀ ਲੋੜ ਸੀ, ਜਿਸ ਵਿਚ ਫੀਮੇਲ ਪਾਤਰਾਂ ਚੋਂ ਸਾਵਨ ਰੂਪੋਵਾਲ ਸਭ ਤੋਂ ਬੈਸਟ ਚੌਇਸ ਲੱਗੀ,ਕਿਉੰਕਿ ਅਸਲ ਨਾਵਲ ‘ਕੁੱਤਿਆਂ ਵਾਲੇ ਸਰਦਾਰ’ ਦੀ ਪਾਤਰ ਵੀ ਇਸੇ ਤਰਾਂ ਸਿਹਤਮੰਦ ਹੈ। ਫ਼ਿਲਮ ਦੇ ਬਾਕੀ ਕਲਾਕਾਰਾਂ ਸ਼ਵਿੰਦਰ ਮਾਹਲ, ਸਤਵੰਤ ਕੌਰ,ਅਮਨ ਸੁਤਧਰ, ਸੰਦੀਪ ਕੌਰ ਸਿੱਧੂ ਆਦਿ ਸਭ ਨੇ ਵਧੀਆ ਕਿਰਦਾਰ ਨਿਭਾਏ ਹਨ ਪਰ ਇੱਥੇ ਇਹ ਗੱਲ ਕਰਨੀ ਵੀ ਜ਼ਰੂਰੀ ਹੈ ਕਿ ਜਦੋਂ ਕਿਸੇ ਦੀ ਅਸਲ ਰਚਨਾ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਲੇਖਕ ਤੇ ਰਚੇ ਪਾਤਰ ਵੀ ਕਮਜ਼ੋਰ ਪਏ ਨਜ਼ਰ ਆਉਂਦੇ ਹਨ ਅਤੇ ਇਸੇ ਲਈ ਕਿਸੇ ਵੇਲੇ ਕਾਸਟਿੰਗ ਵੀ ਅਨਫਿੱਟ ਮਹਿਸੂਸ ਹੁੰਦੀ ਹੈ।

ਫ਼ਿਲਮ ਸੰਗੀਤ
——-
ਬਾਕੀ ਫ਼ਿਲਮ ਦੇ ਗਾਣੇ ਵਧੀਆ ਹਨ ਪਰ ਹਥਿਆਰਾਂ ਨੂੰ ਪ੍ਰਮੋਟ ਕਰਦਾ ਫ਼ਿਲਮ ਵਿਚਲਾ ਇਕ ਅਖਾੜਾ ਰੂਪੀ ਦੋਗਾਣਾ “ਜੱਟ ਮੱਛਰੇ ਬੰਦੂਕਾਂ ਵਾਲੇ ਨੀ ਟੈਂਟਾ ਵਿੱਚੋਂ ਫੈਰ ਕੱਢਦੇ ” ਪੰਜਾਬ ਸਰਕਾਰ ਦੇ ਅਜਿਹੇ ਗੀਤਾਂ ਬਾਰੇ ਹੁਕਮਾਂ ਨੂੰ ਨੱਕ ਚਿੜਾਉਂਦਾ ਹੈ।😊
ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ,ਗੋਲਡ ਬੋਆਏ ਤੇ ਮੰਨਾ ਸਿੰਘ ਦਾ ਹੈ।

ਫ਼ਿਲਮ ਨਿਰਦੇਸ਼ਕ ਅਤੇ ਬਾਕੀ ਟੀਮ
——
ਨਿਰਦੇਸ਼ਕ ਮਨਵਿੰਦਰ ਸਿੰਘ ਦਾ ਫ਼ਿਲਮ ਮੇਕਿੰਗ ਤਜ਼ੁਰਬਾ ਤਾਂ ਠੀਕ ਪਰ ਉਸ ਵਾਸਤੇ ਜੇ ਉਸ ਕੋਲ ਹਰ ਪੱਖੋਂ ਇਕ ਮਜਬੂਤ ਕਹਾਣੀ ਆਵੇ ਤਾਂ ਉਹ ਆਪਣੇ ਹੁਨਰ ਦਾ ਹੋਰ ਵਧੀਆ ਪ੍ਰਦਰਸ਼ਨ ਕਰਨ ਦੇ ਕਾਬਿਲ ਹੈ।

ਫ਼ਿਲਮ ਦੀ ਕਹਾਣੀ-ਸਕਰੀਨ ਪਲੇਅ ‘ਚ ਆਪਣਾ ਨਾਮ ਸ਼ਾਮਲ ਕਰਨ ਵਾਲਿਆਂ ਵਿਚ ਹਨ ਪਵਨ ਰੰਧਾਵਾ ਅਤੇ ਪ੍ਰਭ ਸਿੱਧੂ ਅਤੇ ਇਸ ਫ਼ਿਲਮ ਦੇ ਨਿਰਮਾਤਾ ਹਨ ਅਨਿਲ ਕੇ ਭੰਡਾਰੀ।

ਝੂਠੀਆਂ ਤਾਰੀਫਾਂ ਵਾਲਿਆਂ ਲਈ ਜ਼ਰੂਰੀ ਗੱਲ ❗️
——-
ਆਖੀਰ ਤੇ ਇਕ ਬੇਨਤੀ ਫਿਰ ਤੋਂ ਫ਼ਿਲਮ ਪ੍ਰੀਮੀਅਰ ਦੇ ਦਰਸ਼ਕਾਂ ਅਤੇ ਮਹਿਮਾਨ ਕਲਾਕਾਰਾਂ ਅੱਗੇ ਕਿ ਫ਼ਿਲਮ ਟੀਮ ਨੂੰ ਹੌਸਲਾ ਜ਼ਰੂਰ ਦਿਓ ਅਤੇ ਖੁਸ਼ ਵੀ ਕਰੋ ਪਰ ਇਹ ਵੀ ਧਿਆਨ ਵਿਚ ਰਹੇ ਕਿ ਤੁਹਾਡੀਆਂ ਓਵਰ ਤਰੀਫਾਂ ਸੁਣ ਕੇ ਫ਼ਿਲਮ ਦੇਖਣ ਵਾਲਾ ਅਸਲ ਫ਼ਿਲਮ ਦਰਸ਼ਕ ਆਪਣਾ ਸੋਸ਼ਣ ਹੋਇਆ ਨਾ ਮਹਿਸੂਸ ਕਰੇ ਤੇ ਸਿਨੇਮਾ ਘਰਾਂ ਚੋਂ ਬਾਹਰ ਆ ਕੇ ਅੰਦਰੋਂ-ਅੰਦਰ ਤੁਹਾਡੇ ਤੇ ਨਾ ਵਰੇ ਕਿ ਯਾਰ ਐਨਾ….!? ਤੇ ਇਹ ਗੱਲ ਹਰ ਫ਼ਿਲਮਾਂ ਦੀ ਝੂਠੀ ਤਾਰੀਫ ਕਰਨ ਵਾਲੇ ਪੇਡ ਮੀਡੀਆ/’ਝੋਲੀ ਚੁੱਕ’ ਅਤੇ ਅਖੌਤੀ ਸਮੀਖਿਅਕਾਂ ਤੇ ਵੀ ਲਾਗੂ ਹੁੰਦੀ ਹੈ, ਜੋ ਪੰਜਾਬੀ ਸਿਨੇਮਾ ਦਾ ਅਸਲ ਅਕਸ ਵਿਗਾੜਦੇ ਹਨ।

Comments & Suggestions

Comments & Suggestions

About the author

Daljit Arora