Articles & Interviews Punjabi Screen News

ਜਾਂ ਤਾਂ ਸਰਕਾਰ ਅਤੇ ਵਿਰੋਧੀ ਫ਼ਿਲਮ ‘ਸਰਦਾਰ ਜੀ 3’ ਦੇ ਨਾ ਰਿਲੀਜ਼ ਹੋਣ ਉਪਰੰਤ ਫ਼ਿਲਮ ਨਿਰਮਾਤਾਵਾਂ ਦੇ ਨੁਕਸਾਨ ਪ੍ਰਤੀ ਜਵਾਬਦੇਹ ਹੋਣ ?

Written by Daljit Arora
ਆਪਣੇ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਪ੍ਰਤੀ ਕਿਸੇ ਸੱਚੇ ਭਾਰਤੀ ਨੂੰ ਸਮਝਾਉਣ ਦੀ ਲੋੜ ਨਹੀਂ,ਪਰ ਜਦੋਂ ਵੀ ਪਹਿਲਗਾਮ ਅੱਤਵਾਦੀ ਹਮਲੇ ਵਰਗੀ ਕੋਈ ਦੇਸ਼ ਵਿਰੋਧੀ ਅਣਸੁਖਾਵੀ ਘਟਨਾ ਵਾਪਰਦੀ ਹੈ ਜਾਂ ਕੋਈ ਕਰੋਨਾ ਮਹਾਂਮਾਰੀ ਵਰਗੀ ਕੁਦਰਤੀ ਆਫ਼ਤ ਸਾਹਮਣੇ ਆਉੰਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਮਨੋਰੰਜਨ ਜਗਤ ਨੂੰ ਭੁਗਤਨਾ ਪੈਂਦਾ ਹੈ। ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਕੇ ਸਰਕਾਰਾਂ ਦਾ ਭਾਰ ਹੌਲਾ ਕਰਨ ਵਾਲੇ ਫ਼ਿਲਮ ਨਿਰਮਾਤਾਵਾਂ ਲਈ ਅਜਿਹੇ ਮੋਕਿਆਂ ਤੇ ਸਰਕਾਰ ਵੱਲੋਂ ਕੋਈ ਵੀ ਅਜਿਹੀ ਪਾਲਸੀ ਨਹੀਂ ਬਣਾਈ ਗਈ ਜਿਸ ਦਾ ਫ਼ਿਲਮ ਨਿਰਮਾਤਾਵਾਂ ਨੂੰ ਲਾਭ ਮਿਲ ਸਕੇ ਅਤੇ ਅਚਨਚੇਤ ਉਹਨਾਂ ਉੱਤੇ ਪਏ ਅਜਿਹੇ ਆਰਥਿਕ ਬੋਝ ਦਾ ਕੋਈ ਹੱਲ ਨਿਕਲ ਸਕੇ।
ਗੱਲ ਫ਼ਿਲਮ ਸਰਦਾਰ ਜੀ 3 ਦੀ ਤਾਂ ਭਾਰਤੀ ਖੁਫੀਆ ਏਜੰਸੀਆਂ,ਭਾਰਤੀ ਸੈਂਸਰ ਬੋਰਡ, ਸਾਰਾ ਫ਼ਿਲਮ ਜਗਤ ਅਤੇ ਸਿਨੇਮਾ ਪ੍ਰੇਮੀ ਲੋਕ ਭਲੀਭਾਂਤ ਜਾਣਦੇ ਹਨ ਕਿ ਇਸ ਫ਼ਿਲਮ ਦੀ ਸ਼ੂਟਿੰਗ ਅਦਾਕਾਰਾ ਹਾਨਿਆ ਆਮਿਰ ਸਮੇਤ ਹੋਰ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਮੁਕੰਮਲ ਹੋ ਚੁੱਕੀ ਸੀ ਅਤੇ 27ਜੂਨ ਰਿਲੀਜ਼ ਡੇਟ ਵੀ ਪਹਿਲਾਂ ਤੋਂ ਤੈਅ ਕੀਤੀ ਜਾ ਚੁੱਕੀ ਸੀ।
ਹੁਣ ਨਵੇਂ ਹਲਾਤਾਂ ਮੁਤਾਬਕ ਸਰਕਾਰੀ ਹੁਕਮਾਂ ਰਾਹੀਂ ਫ਼ਿਲਮ ਤੇ ਪਾਬੰਦੀ ਜਾਂ ਦੇਸ਼ ਭਗਤਾਂ ਦਾ ਫ਼ਿਲਮ ਪ੍ਰਤੀ ਵਿਰੋਧ ਤਾਂ ਜਾਇਜ਼ ਮੰਨਿਆ ਜਾ ਸਕਦਾ ਹੈ ਪਰ ਕੀ ਦੂਜੇ ਪਾਸੇ ਫ਼ਿਲਮ ਨਿਰਮਾਣ ਘਰ ‘ਵਾਈਟ ਹਿੱਲ ਕੰਪਨੀ’ ਅਤੇ ਨਿਰਮਾਤਾ ਅਦਾਕਾਰ ਦਿਲਜੀਤ ਦੁਸਾਂਝ ਨੂੰ ਆਪਣੇ ਦੇਸ਼ ਪ੍ਰਤੀ ਵਫ਼ਾਦਾਰੀ ਦਾ ਕੋਈ ਸਬੂਤ ਦੇਣ ਦੀ ਲੋੜ ਹੈ ?
ਸਿੱਧੀ ਜਿਹੀ ਗੱਲ ਹੈ ਕਿ 25/30 ਕਰੋੜ ਦੇ ਕਰੀਬ ਲਾਗਤ ਨਾਲ ਬਣੀ ਇਸ ਫ਼ਿਲਮ ਦੇ ਨਾ ਰਿਲੀਜ਼ ਹੋਣ ਕਾਰਨ ਫ਼ਿਲਮ ਨਿਰਮਾਤਾਵਾਂ ਦੇ ਹੋਣ ਵਾਲੇ ਨੁਕਸਾਨ ਦੀ ਪੂਰਤੀ ਪ੍ਰਤੀ ਫ਼ਿਲਮ ਵਿਰੋਧੀਆਂ ਜਾਂ ਸਰਕਾਰ ਕੋਲ ਜਵਾਬ ਹੈ ਤਾਂ ਦੱਸੋ।ਇਸੇ ਤਰਾਂ ਪੰਜਾਬ ਦੇ ਇਕ ਹੋਰ ਵੱਡੇ ਨਿਰਮਾਣ ਘਰ ‘ਰਿਧਮ ਬੌਆਇਜ਼’ ਵੱਲੋਂ ਵੀ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਬਣੀਆਂ ਕਰੋੜਾਂ ਦੀ ਲਾਗਤ ਵਾਲੀਆਂ ਕੁਝ ਹੋਰ ਫ਼ਿਲਮਾਂ ਵੀ ਤਿਆਰ ਪਈਆਂ ਹਨ ਅਤੇ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਅਜਿਹੇ ਹਲਾਤਾਂ ਅਤੇ ਨਾ ਰਿਲੀਜ਼ ਹੋਣ ਦੇ ਹਾਲਤ ਵਿਚ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ !
ਹੁਣ ਵੇਖਣਾ ਇਹ ਹੈ ਕਿ ਅਜਿਹੇ ਅਣਚਾਹੇ ਹਲਾਤਾਂ ਵਿਚ ਇਹਨਾਂ ਫ਼ਿਲਮ ਨਿਰਮਾਤਾਵਾਂ ਦੇ ਹੱਕ ਵਿਚ ਕੋਈ ਖੜਦਾ ਹੈ ਕਿ ਨਹੀਂ ? ਅਤੇ ਇਹ ਵੀ ਵੇਖਣਾ ਹੈ ਕਿ ਇਹਨਾਂ ਪੰਜਾਬੀ ਫ਼ਿਲਮ ਨਿਰਮਾਤਾਵਾਂ ਪ੍ਰਤੀ ਪੰਜਾਬ ਸਰਕਾਰ ਦਾ ਕੀ ਰੁਖ ਹੋਵੇਗਾ ?
ਹੁਣ ਅਜਿਹੇ ਹਲਾਤਾਂ ਵਿਚ ਸਰਦਾਰ ਜੀ 3 ਦੇ ਨਿਰਮਾਤਾਵਾਂ ਕੋਲ ਆਪਣੇ ਨੁਕਸਾਨ ਦੀ ਪੂਰਤੀ ਲਈ ਇਸ ਨੂੰ ਵਿਦੇਸ਼ਾਂ ਵਿਚ ਰਿਲੀਜ਼ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਵੀ ਤਾਂ ਨਹੀਂ,ਇਸ ਲਈ ਪੰਜਾਬੀ ਸਕਰੀਨ ਅਦਾਰਾ ਫ਼ਿਲਮ ਨਿਰਮਾਤਾਵਾਂ ਦੇ ਇਸ ਫੈਸਲੇ ਦੀ ਹਮਾਇਤ ਕਰਦਾ ਹੈ। Written By: Daljit singh Arora

Comments & Suggestions

Comments & Suggestions

About the author

Daljit Arora