ਫ਼ਿਲਮ “ਗੁਰੂ ਨਾਨਕ ਜਹਾਜ਼” ਜੋਕਿ 1ਮਈ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ, ਦੀ ਸਭ ਤੋਂ ਦਿਲਚਸਪ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਸਿਨੇ ਪ੍ਰੇਮੀਆਂ ਅਤੇ ਸਿਨੇ ਉਦਯੋਗ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਇਸ ਦੇ ਰਿਲੀਜ਼ ਹੋਏ ਟੀਜ਼ਰ ਅਤੇ ਟ੍ਰੇਲਰ ਨੇ ਜਿੱਥੇ ਆਮ ਫ਼ਿਲਮ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਓਥੇ ਫ਼ਿਲਮ ਆਲੋਚਕਾਂ ਨੂੰ ਵੀ ਇਸ ਫ਼ਿਲਮ ਦੀ ਅਗਾਊਂ ਤਾਰੀਫ ਕਰਨ ਲਈ ਮਜਬੂਰ ਕੀਤਾ ਹੈ।
ਫ਼ਿਲਮ ਦੇ ਟ੍ਰੇਲਰ ਰਾਹੀਂ ਨਜ਼ਰ ਆਉਂਦੇ ਸ਼ੋਟਸ ਤੋਂ ਫ਼ਿਲਮ ਦੇ ਵਿਸਥਾਰਪੂਰਵਕ ਦ੍ਰਿਸ਼ਾਂ ਦੀਆਂ ਮਜਬੂਤੀ ਦਾ ਅੰਦਾਜ਼ਾ ਸੁਭਾਵਿਕ ਹੀ ਲਗਾਇਆ ਜਾ ਸਕਦਾ ਹੈ ਕਿ ਇਕ-ਇਕ ਦ੍ਰਿਸ਼ ਦਾ ਫ਼ਿਲਮਾਕਣ ਕਿੰਨੀ ਡੂੰਘਾਈ ਅਤੇ ਸੂਝ-ਬੂਝ ਨਾਲ ਕੀਤਾ ਗਿਆ ਹੈ। ਫ਼ਿਲਮ ਦੇ ਛੋਟੇ ਛੋਟੇ ਸੰਵਾਦਾਂ ਤੋਂ ਜਿੱਥੇ ਫ਼ਿਲਮ ਲੇਖਕ ਦੀ ਆਪਣੇ ਵਿਸ਼ੇ ਤੇ ਪਕੜ ਦਾ ਪਤਾ ਲੱਗਦਾ ਹੈ ਓਥੇ ਫ਼ਿਲਮ ਦ੍ਰਿਸ਼ਾਂ ਦੀ ਅੰਤਰ ਰਾਂਸ਼ਟਰੀ ਪੱਧਰ ਦੀ ਸਿਨੇਮੈਟਿਕ ਖੂਬਸੂਰਤੀ ਤੋਂ ਫ਼ਿਲਮ ਦੇ ਨਿਰਦੇਸ਼ਕ ਅਤੇ ਡੀ.ਓ.ਪੀ. ਦੀ ਕਾਬਿਲ-ਏ-ਤਾਰੀਫ ਕਾਰਗੁਜ਼ਾਰੀ ਸਾਹਮਣੇ ਆਉਂਦੀ ਹੈ।
ਬਾਕੀ ਰਹੀ ਫ਼ਿਲਮ ਦੇ ਲੀਡ ਕਲਾਕਾਰ ਦੀ ਗੱਲ ਤਾਂ ਜਿੱਥੇ ਤਰਸੇਮ ਜੱਸੜ ਨੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਫ਼ਿਲਮ ਵਿਚਲੇ ਆਪਣੇ ਮੇਵਾ ਸਿੰਘ ਦੇ ਕਿਰਦਾਰ ਨੂੰ ਪਰਪੱਕਤਾ ਅਤੇ ਸ਼ਿੱਦਤ ਨਾਲ ਜਿਊਣ ਦੀ ਪੂਰੀ ਕੋਸ਼ਿਸ਼ ਕੀਤੀ ਲੱਗਦੀ ਹੈ,ਗੁਰਪ੍ਰੀਤ ਘੁੱਗੀ ਦਾ ਬਾਬਾ ਗੁਰਦਿੱਤ ਸਿੰਘ ਵਾਲਾ ਕਿਰਦਾਰ ਵੀ ਮੂੰਹੋਂ ਬੋਲਦਾ ਹੈ ਅਤੇ ਦੇਸ਼-ਵਿਦੇਸ਼ ਦੇ ਬਾਕੀ ਕਲਾਕਾਰ ਵੀ ਆਪੋ ਆਂਪਣੀ ਥਾਂ ਫ਼ਿਲਮ ਦਾ ਮਜਬੂਤ ਥੱਮ ਬਣੇ ਨਜ਼ਰ ਆ ਰਹੇ ਹਨ। ਫ਼ਿਲਮ ਦਾ ਪ੍ਰਭਾਵ ਸ਼ਾਲੀ ਗੀਤ-ਸੰਗੀਤ ਤੇ ਪਿੱਠਵਰਤੀ ਸੰਗੀਤ ਵੀ ਫ਼ਿਲਮ ਦੇ ਇਤਿਹਾਸਕ ਘਟਨਾਕ੍ਰਮ ਨਾਲ ਜੁੜਿਆ ਪ੍ਰਤੀਕ ਹੋ ਰਿਹਾ ਹੈ।
ਫ਼ਿਲਮ ਦੀਆਂ ਲੋਕੇਸ਼ਨਾਂ, ਕਾਸਟਿਊਮ ਅਤੇ ਸਮੇਂ ਮੁਤਾਬਕ ਵਰਤੀ ਪ੍ਰਾਪਰਟੀ ਦੀ ਗੱਲ ਕਰਨ ਤੋਂ ਪਹਿਲਾਂ ਇਸ ਫ਼ਿਲਮ ਦੇ ਨਿਰਮਾਣ ਘਰ ਦੀ ਗੱਲ ਕਰਨੀ ਅਤਿ ਜ਼ਰੂਰੀ ਹੈ।
ਮੇਰੀ ਮੁਰਾਦ ਹੈ “ਵਿਹਲੀ ਜਨਤਾ ਫਿਲਮਜ਼” ਤੋਂ।ਇਹ ਨਿਰਮਾਣ ਘਰ ਪਹਿਲੇ ਦਿਨ ਤੋਂ ਹੀ ਪੰਜਾਬੀ ਸਿਨੇਮਾ ਦੇ ਮਾਮਲੇ ’ਚ ਗੰਭੀਰ ਅਤੇ ਦੂਰ ਅੰਦੇਸ਼ ਰਿਹਾ ਹੈ ਇਹਨਾਂ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਪੂਰੀ ਸ਼ਿੱਦਤ ਅਤੇ ਜਨੂੰਨ ਨਾਲ ਹਰ ਫ਼ਿਲਮ ਤੇ ਮਿਹਨਤ ਕੀਤੀ ਅਤੇ ਹਰ ਨੂੰ ਪਹਿਲੀ ਫ਼ਿਲਮ ਮੰਨਦਿਆਂ ਉਸ ਉਤੇ ਧਿਆਨ ਕੇਂਦਰਿਤ ਕੀਤਾ ਅਤੇ ਉਹਨਾਂ ਦੀ ਇਸ ਸਹਿਜ ਨੀਤੀ ਨੇ ਉਹਨਾਂ ਨੂੰ “ਰੱਬ ਦਾ ਰੇਡੀਓ” ਫ਼ਿਲਮ ਸੀਰੀਜ਼, ਸਰਦਾਰ ਮੁਹੰਮਦ, ਗਲਵਕੜੀ ਅਤੇ ਮਸਤਾਨੇ ਵਰਗੀਆਂ ਸਾਰਥਕ ਫ਼ਿਲਮਾਂ ਬਨਾਉਣ ਵਾਲੇ ਨਿਰਮਾਣ ਘਰਾਂ ਦੀ ਮੋਹਰੀ ਕਤਾਰ ਵਿਚ ਲਿਆ ਖੜਾ ਕੀਤਾ ਤੇ ਹੁਣ ਫ਼ਿਲਮ ‘ਗੁਰੂ ਨਾਨਕ ਜਹਾਜ਼’ ਨੇ ਇਕ ਵਾਰ ਫਿਰ ਇਹਨਾਂ ਦਾ ਨਾਮ ਸਭ ਦੀ ਜ਼ੁਬਾਨ ਤੇ ਲੈ ਆਂਦਾ ਹੈ।
ਅਸਲ ਵਿਚ ਇਸ ਸਾਰੀ ਸਾਰਥਕ ਫ਼ਿਲਮਕਾਰੀ ਦਾ ਸਿਹਰਾ ਜਾਂਦਾ ਹੈ ਇਸ ਨਿਰਮਾਣ ਘਰ ਦੇ ਮੁਖੀ ਮਨਪ੍ਰੀਤ ਸਿੰਘ ਜੋਹਲ ਅਤੇ ਉਹਨਾਂ ਦੇ ਪੱਕੇ ਸਾਥੀ ਤਰਸੇਮ ਜੱਸੜ ਦੇ ਸਿਰ ’ਤੇ।
ਮੈਂ ਉਪਰ ਗੱਲ ਕਰ ਰਿਹਾ ਸੀ ਕਿ ਇਸ ਫ਼ਿਲਮ ਨੂੰ ਹਰ ਪੱਖੋਂ, ਇਸ ਫ਼ਿਲਮ ਦੇ ਕੋਮਾਗਾਟਾ ਮਾਰੂ ਜਹਾਜ਼ੀ(ਜਿਸ ਦਾ ਨਾਮ ਬਾਅਦ ਵਿਚ ‘ਗੁਰੁ ਨਾਨਕ ਜਹਾਜ਼’ ਰੱਖਿਆ ਗਿਆ) ਨਾਲ ਜੁੜੇ ਉਸ ਇਤਹਾਸਕ ਘਟਨਾਕ੍ਰਮ ਨੂੰ ਉਹੀ ਪੁਰਾਣਾ ਮਾਹੌਲ ਸਿਰਜਣ ਅਤੇ ਫ਼ਿਲਮ ਦੀ ਉਹੀ ਲੁੱਕ ਕ੍ਰਿਏਟ ਕਰਨ ਲਈ ਸਾਰੇ ਲੋੜੀਂਦੇ ਜੁਗਾੜ ਕਰਨ ਦੀ, ਤਾਂ ਇਹ ਤਾਂ ਹੀ ਸੰਭਵ ਹੁੰਦਾ ਹੈ ਜੇ ਫ਼ਿਲਮ ਦੇ ਨਿਰਮਾਤਾ ਦੂਰ ਅੰਦੇਸ਼ ਹੋਣ ,ਨਿਰਦੇਸ਼ਕ ਗਿਆਨਵਾਨ ਅਤੇ ਕ੍ਰਿਏਟਿਵ ਮਾਈਂਡ ਵਾਲੇ ਹੋਣ ਅਤੇ ਅਦਾਕਾਰ ਕੋਆਪ੍ਰੇਟਿਵ ਤੇ ਸ਼ਿੱਦਤ ਨਾਲ ਕੰਮ ਕਰਨ ਵਾਲੇ ਹੋਣ। ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਇਕ ਪੁਖ਼ਤਾ ਟੀਮ ਵਰਕ ਵਾਲਾ ਮਿਸ਼ਰਣ ਸਿਰਫ ਤੇ ਸਿਰਫ ਇਸੇ ਨਿਰਮਾਣ ਘਰ ਚੋਂ ਹੀ ਦਿਿਸਆ ਹੈ ਜਿਸ ਨਜ਼ਾਰਾ ਅਸੀਂ ਕੁਝ ਸਾਲ ਪਹਿਲਾਂ ਫ਼ਿਲਮ ‘ਮਸਤਾਨੇ’ ਰਾਹੀਂ ਵੇਖਿਆ ਤੇ ਹੁਣ ‘ਗੁਰੂ ਨਾਨਕ ਜਹਾਜ਼’ ਰਾਹੀਂ ਤੱਕਣ ਲਈ ਉਤਸੁਕ ਹਾਂ। ਇੱਥੇ ਇਸ ਫ਼ਿਲਮ ਦੇ ਨਿਰਦੇਸ਼ਕ ਸ਼ਰਨ ਆਰਟ ਅਤੇ ਲੇਖਕ ਹਰਨਵ ਬੀਰ ਸਿੰਘ ਅਤੇ ਸ਼ਰਨ ਆਰਟ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ,ਜਿੰਨਾ ਦੀ ਬਦੌਲਤ ਇਸ ਇਤਹਾਸਕ ਫ਼ਿਲਮ ਦਾ ਇਹ ਰੰਗ ਰੂਪ ਸਾਹਮਣੇ ਆਉਂਦਿਆਂ ਹੀ ਹਰੇਕ ਦੀ ਜ਼ੁਬਾਨ ਤੇ ਇਸ ਫ਼ਿਲਮ ਦਾ ਨਾਮ ਆ ਗਿਆ।
ਆਖ਼ਰ ਤੇ ਇਸ ਫ਼ਿਲਮ ਦੇ ਨਿਰਮਾਣ ਘਰ ਦੀ ਇਕ ਹੋਰ ਦਿਲਚਸਪ ਗੱਲ ਸਾਂਝੀ ਕਰ ਰਿਹਾ ਹਾਂ ਕਿ ਜਿੱਥੇ ਫ਼ਿਲਮ “ਮਸਤਾਨੇ” ਆਪਣੇ ਇਤਹਾਸਕ ਪੱਖ ਦੇ ਨਾਲ ਨਾਲ ਧਾਰਮਿਕਤਾ ਪੱਖੋਂ ਵੀ ਜੁੜੇ ਹੋਣ ਕਾਰਨ ਆਮ ਸਿਨੇ ਪ੍ਰੇਮੀਆਂ ਦੇ ਨਾਲ ਨਾਲ ਧਾਰਮਿਕ ਬਿਰਤੀ ਵਾਲੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣ ਕੇ ਸੁਪਰ-ਡੁਪਰ ਹਿੱਟ ਹੋਈ ਸੀ ਓਥੇ ਇਹ ਫ਼ਿਲਮ ਇਤਹਾਸਕ ਪੱਖੋਂ ਦੇਸ਼ ਦੀ ਅਜ਼ਾਦੀ ਅਤੇ ਬ੍ਰਿਿਟਸ਼ ਰਾਜ ਕਾਲ ਨਾ ਜੁੜੀ ਹੋਣ ਕਾਰਨ ਵਿਸ਼ੇ ਦਾ ਵਖਰੇਵਾਂ ਰੱਖਦੀ ਹੈ ਅਤੇ ਇਸ ਫ਼ਿਲਮ ਦਾ ਵੀ ‘ਮਸਤਾਨੇ’ ਵਾਂਗ ਹਿੱਟ ਹੋਣਾ ‘ਵਿਹਲੀ ਜਨਤਾ ਫ਼ਿਲਮਜ਼’ ਲਈ ਆਪਣੇ-ਆਪ ਵਿਚ ਹੀ ਚੁਣੌਤੀ ਭਰਪੂਰ ਹੈ!
ਬਾਕੀ..
ਨੀਅਤਾਂ ਨੂੰ ਹੀ ਮਿਲਣ ਮੁਰਾਦਾਂ
ਤੇ ਮਿਹਨਤਾਂ ਨੂੰ ਹੀ ਫਲ ਲਗਦੇ
ਉਹਦੀ ਰਜ਼ਾ ਜੇ ਹੋਵੇ ‘ਜੱਸੜਾ’
ਤਾਂ ਪਾਣੀ ਉੱਚਿਆਂ ਵੱਲ ਵੀ ਵੱਗਦੇ ਨੇ।
ਗੱਲ ਇਹ ਵੀ ਬੜੀ ਤਸੱਲੀਜਨਕ ਹੈ ਕਿ ਇਸ ਫ਼ਿਲਮ ਪ੍ਰਤੀ ਲੋਕਾਂ ਵਿਚਲੀ ਉਤਸੁਕਤਾ ਇਸ ਫ਼ਿਲਮ ਦੀ ਕਾਮਯਾਬੀ ਦੀ ਅਗਾਊਂ ਗਵਾਹੀ ਭਰਦੀ ਨਜ਼ਰ ਆ ਰਹੀ ਹੈ ਅਤੇ ਅਸੀਂ ਸਾਰੇ ਵੀ ਇਹਨਾਂ ਲਈ ਦੁਆ ਵੀ ਕਰਦੇ ਹਾਂ ਕਿ ਪ੍ਰਮਾਤਮਾ ਇਸ ਨਿਰਮਾਣ ਘਰ ਨੂੰ ਅਪਾਰ ਸਫ਼ਲਤਾ ਬਖ਼ਸ਼ੇ ਤਾਂ ਕਿ ਇਹੋ ਜਿਹੇ ਲੋਕ ਪੰਜਾਬੀ ਸਿਨੇਮਾ ਦਾ ਮਿਆਰ ਬੁਲੰਦ ਰੱਖ ਸਕਣ।
-ਦਲਜੀਤ ਸਿੰਘ ਅਰੋੜਾ।