(ਫ਼ਿਲਮ ਸਮੀਖਿਆ) -ਦਲਜੀਤ ਸਿੰਘ ਅਰੋੜਾ
ਫ਼ਿਲਮ “ਅਰਦਾਸ” ਅਤੇ “ਅਰਦਾਸ ਕਰਾਂ” ਤੋਂ ਬਾਅਦ ਇਹ ਫ਼ਿਲਮ ਵੀ ਸੋਹਣੇ ਸੁਨੇਹਿਆਂ ਨਾਲ ਲੈਸ ਹੈ। ਜਿੱਥੇ ਇਹ ਫ਼ਿਲਮ ਆਪਣੇ ਧਰਮ ਪ੍ਰਤੀ ਆਸਥਾ ਦਾ ਪ੍ਰਤੀਕ ਹੈ, ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਂਦੀ ਹੋਈ ਇਹਨਾਂ ਨੂੰ ਸਤਿਕਾਰ ਸਹਿਤ ਨਿਭਾਉਣ ਲਈ ਪ੍ਰੇਰਨਾ ਸਰੋਤ ਹੈ, ਓਥੇ ਜਨਰੇਸ਼ਨ ਗੈਪ ਨੂੰ ਘਟਾਉਣ ਵਿਚ ਵੀ ਸਹਾਈ ਹੁੰਦੀ ਹੈ।
ਹੰਬਲ ਮੋਸ਼ਨ ਪਿਕਚਰਜ਼ ਸਮੇਤ ਸਾਰੇ ਨਿਰਮਾਤਾਵਾਂ ਦਾ ਇਹ ਸਮਾਜ ਪ੍ਰਤੀ ਜੁੰਮੇਵਾਰਾਨਾ ਉਪਰਾਲਾ ਬੇਹੱਦ ਸਲਾਹੁਣਯੋਗ ਹੈ।
ਇਸ ਫ਼ਿਲਮ ਵਿਚਲੇ ਸਾਰੇ ਹੀ ਕਲਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਰਾਹੀ ਇਸ ਫ਼ਿਲਮ ਦੀ ਮਜਬੂਤ ਕਹਾਣੀ-ਪੱਟਕਥਾ ਅਤੇ ਸੰਵਾਦਾਂ ਨੂੰ ਜਿਸ ਤਰਾਂ ਵੱਡੇ ਪਰਦੇ ‘ਤੇ ਆਪਣੀ ਰੂਹ ਫੂਕ ਕੇ ਜਿੰਦਾ ਕੀਤਾ ਹੈ, ਉਸ ਲਈ ਸ਼ਾਇਦ ਤਾਰੀਫ ਦੇ ਸ਼ਬਦ ਛੋਟੇ ਲੱਗਣ।
ਫ਼ਿਲਮ ਨਿਰਦੇਸ਼ਕ ਨੇ ਵੀ ਇਕ-ਇਕ ਦ੍ਰਿਸ਼ ਨੂੰ ਬੜੀ ਹੀ ਸੂਝ-ਬੂਝ ਨਾਲ ਸਿਰੇ ਚੜਾਇਆ ਹੈ ਅਤੇ ਕੈਮਰਾਮੈਨ ਨੇ ਵੀ ਆਪਣੀ ਕਲਾਤਮਿਕਤਾ ਨੂੰ ਬਾਖੂਬੀ ਅੰਜਾਮ ਦਿੱਤਾ ਹੈ।
ਇਸ ਫ਼ਿਲਮ ਵਿਚਲੇ ਗੀਤਾਂ ਲਈ ਕਲਮ ਅਤੇ ਸੰਗੀਤ ਲਈ ਸੰਗੀਤਕਾਰ ਦੀ ਚੋਣ ਵੀ ਵਡਿਆਈ ਦੀ ਹੱਕਦਾਰ ਹੈ।
ਸੋ ਮੈਂ ਤਾਂ ਇਹੀ ਕਹਾਂਗਾ ਕਿ “ਅਰਦਾਸ ਸਰਬਤ ਦੇ ਭਲੇ ਦੀ” ਵਰਗੀਆਂ ਫ਼ਿਲਮਾਂ ਦਾ ਸਭ ਨੂੰ ਸਵਾਗਤ ਕਰਨਾ ਚਾਹੀਦਾ ਹੈ ਨਾ ਕਿ ਛੋਟੇ-ਮੋਟੇ ਨੁਕਸ ਗਿਣਾ ਕੇ ਆਪਣੀ ਛੋਟੀ ਸੋਚ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ, ਕਿਉਂਕਿ ਅਜਿਹੀਆਂ “ਪੈਰਲਰ ਸਿਨੇਮਾ” ਨਾਲ ਜੁੜੀਆਂ ਫ਼ਿਲਮਾਂ ਜੋ ਸਿਰਫ ਸਮਾਜ ਨੂੰ ਚੰਗੀ ਸੇਧ ਦੇਣ ਦੇ ਮਕਸਦ ਨਾਲ ਬਣਾਈਆਂ ਜਾਣ, ਦਾ ਜ਼ੋਖਮ ਚੁੱਕਣਾ ਹਰ ਕਿਸੇ ਨਿਰਮਾਤਾ ਦੇ ਵੱਸ ਵਿਚ ਨਹੀਂ ਭਾਂਵੇ ਉਹ ਕਿੰਨਾ ਵੀ ਧਨਾਢ ਕਿਉਂ ਨਾ ਹੋਵੇ।
ਆਖਰ ਇਹੀ ਕਹਾਂਗਾ ਕਿ ਜੇ ਤੁਸੀਂ ਚੰਗੇ ਸਿਨੇਮੇ ਦੇ ਪ੍ਰੇਮੀ ਹੋ ਤਾਂ ਇਹ ਫ਼ਿਲਮ ਪਰਿਵਾਰਾਂ ਸਮੇਤ ਜ਼ਰੂਰ ਵੇਖੋ-
Punjabi Screen
#filmreview #ArdaasSarbatDeBhaleDi