ਅਲਵਿਦਾ! ਕਾਮਿਨੀ ਕੌਸ਼ਲ ਜੀ (1927-2025) 🙏
ਹਿੰਦੀ ਤੇ ਪੰਜਾਬੀ ਸਿਨਮਾ ਦੀ ਮਸ਼ਹੂਰ ਤੇ ਮਾਰੂਫ਼ ਪੰਜਾਬਣ ਅਦਾਕਾਰਾ ਬੀਬੀ ਕਾਮਿਨੀ ਕੌਸ਼ਲ ਅੱਜ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹਨਾਂ ਦਾ ਅਸਲੀ ਨਾਮ ਉਮਾ ਕਸ਼ਯਪ ਸੀ।

ਮਹਾਂ-ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਜਨਮੀ ਕਾਮਿਨੀ ਕੌਸ਼ਲ ਦੀ ਪਹਿਲੀ ਹਿੰਦੀ ਫ਼ਿਲਮ ਸੀ ਰਸ਼ੀਦ ਅਨਵਰ ਦੇ ਫ਼ਿਲਮਸਾਜ਼ ਅਦਾਰੇ ਇੰਡੀਆ ਪਿਕਚਰਸ, ਬੰਬੇ ਦੀ ‘ਨੀਚਾ ਨਗਰ’ (1946)। ਇਸ ਫਿਲਮ ਵਿੱਚ ਪੰਜਾਬੀ ਗੱਭਰੂ ਹਿਦਾਇਤਕਾਰ ਚੇਤਨ ਆਨੰਦ ਨੇ ਕਾਮਿਨੀ ਕੌਸ਼ਲ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ ਸੀ। ਇਸ ਫ਼ਿਲਮ ਨੂੰ ਪਹਿਲੇ ਕਾਂਸ ਫ਼ਿਲਮ ਫ਼ੈਸਟੀਵਲ ਵਿੱਚ ਬਿਹਤਰੀਨ ਫ਼ਿਲਮ ਦਾ ‘ਗੋਲਡਨ ਪਾਮ’ ਪੁਰਸਕਾਰ ਮਿਲਿਆ ਸੀ।
ਇਸ ਫ਼ਿਲਮ ਦੀ ਜਬਰਦਸਤ ਕਾਮਯਾਬੀ ਤੋਂ ਬਾਅਦ ਬੀਬੀ ਕਾਮਿਨੀ ਕੌਸ਼ਲ ਨੇ ‘ਜੇਲ ਯਾਤਰਾ’, ‘ਦੋ ਭਾਈ’ (1947), ‘ਆਗ’, ‘ਜ਼ਿੱਦੀ’, ‘ਸ਼ਹੀਦ’, ‘ਪੱਗੜੀ’, ‘ਨਦੀਆ ਕੇ ਪਾਰ’ (1948), ‘ਸ਼ਾਇਰ’, ‘ਸ਼ਬਨਮ’, ‘ਪਾਰਸ’, ‘ਰਾਖੀ’, ‘ਨਮੂਨਾ’ (1949), ‘ਆਰਜ਼ੂ’ (1950) ਵਰਗੀਆਂ ਕਾਮਯਾਬਤਰੀਨ ਨਗਮਾਤੀ ਫ਼ਿਲਮਾਂ ਵਿੱਚ ਯਾਦਗਾਰੀ ਮਰਕਜ਼ੀ ਕਿਰਦਾਰ ਨਿਭਾਏ ਸਨ।
ਬੀਬੀ ਕਾਮਿਨੀ ਕੌਸ਼ਲ ਨੇ 1946 ਤੋਂ 2022 ਤੱਕ ਮੁੱਖ ਅਦਾਕਾਰਾ ਤੋਂ ਲੈ ਕੇ ਚਰਿੱਤਰ ਅਦਾਕਾਰਾ ਤੱਕ ਹਿੰਦੀ ਫ਼ਿਲਮਾਂ ਵਿੱਚ ਆਪਣੀ ਆਹਲਾ ਫ਼ਨ ਦੀ ਨੁਮਾਇਸ਼ ਕੀਤੀ।
ਬੀਬੀ ਕਾਮਿਨੀ ਕੌਸ਼ਲ ਨੇ ਆਪਣੀ ਮਾਦਰੀ ਜ਼ੁਬਾਨ ਪੰਜਾਬੀ ਵਿੱਚ ਵੀ ਦੋ ਉਮਦਾ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿਚ ਪਹਿਲੀ ਪੰਜਾਬੀ ਫ਼ਿਲਮ ‘ਸ਼ੇਰਨੀ’ (1973) ਅਤੇ ਧਾਰਮਿਕ ਪੰਜਾਬੀ ਫ਼ਿਲਮ ‘ਸਤਿ ਸ੍ਰੀ ਅਕਾਲ’ (1977) ਦੇ ਨਾਮ ਕਾਬਿਲ-ਏ-ਜ਼ਿਕਰ ਹਨ।
ਫ਼ਿਲਮਾਂ ਦੇ ਨਾਲ-ਨਾਲ ਆਪ ਨੇ ਟੈਲੀਵਿਜ਼ਨ ਲੜੀਵਾਰਾਂ ਵਿੱਚ ਯਾਦਗਾਰੀ ਕੰਮ ਕੀਤਾ ਸੀ।
ਸਿਨਮਾ ਗਲੈਮਰ ਦੇ ਬਾਵਜੂਦ ਬੀਬੀ ਕਾਮਿਨੀ ਕੌਸ਼ਲ ਨੇ ਇੱਕ ਬਾਵਕਾਰ ਜ਼ਾਤੀ ਜ਼ਿੰਦਗ਼ੀ ਨੂੰ ਬਰਕਰਾਰ ਰੱਖਿਆ ਅਤੇ ਆਪ ਦਾ ਸ਼ੁਮਾਰ ਆਪਣੇ ਜ਼ਮਾਨੇ ਦੀਆਂ ਬਿਹਤਰੀਨ ਹੀਰੋਇਨਾਂ ਵਿੱਚ ਹੁੰਦਾ ਸੀ।
ਆਪ ਦੀ ਵਫ਼ਾਤ ਦੇ ਨਾਲ ਭਾਰਤੀ ਸਿਨਮਾ ਦੀ ਤਾਰੀਖ਼ ਦਾ ਇੱਕ ਅਹਿਮ ਬਾਬ ਬੰਦ ਹੋ ਗਿਆ ਹੈ। ਆਪ ਆਜ਼ਾਦੀ ਤੋਂ ਪਹਿਲਾਂ ਇਬਤਿਦਾਈ ਫ਼ਿਲਮੀ ਦੌਰ ਦੀ ਆਖ਼ਰੀ ਜ਼ਿੰਦਾ ਰਹਿਣ ਵਾਲੀ ਅਹਿਮ ਅਦਾਕਾਰਾਵਾਂ ਵਿਚੋਂ ਇੱਕ ਸੀ, ਜਿਨ੍ਹਾਂ ਨੂੰ ਆਪਣੀ ਬਿਹਤਰੀਨ ਅਦਾਕਾਰੀ ਸਦਕਾ ਹਮੇਸ਼ਾ ਯਾਦ ਕੀਤਾ ਜਾਂਦਾ ਰਹੂਗਾ।
-ਮਨਦੀਪ ਸਿੰਘ ਸਿੱਧੂ, ਪਟਿਆਲਾ
