Religious & Cultural

ਅਸਲ ਨਾਇਕ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ – ਸੁਰਿੰਦਰ ਸਿੰਘ ਨਿੱਜਰ

Written by Daljit Arora

ਤੁਸੀਂ ਇਕ ਰਾਜੇ ਦੇ ਘਰ ਜੰਮ ਕੇ ਰਾਜਾ ਬਣ ਸਕਦੇ ਹੋ ਪਰ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਲਈ ਤੁਹਾਡਾ ਕਿਸੇ ਰਾਜੇ ਦੇ ਘਰ ਜੰਮਣਾ ਜ਼ਰੂਰੀ ਨਹੀਂ ।ਇਸ ਲਈ ਤੁਹਾਨੂੰ ਬਹੁਤ ਘਾਲਣਾ ਕਰਨੀ ਪੈਂਦੀ ਹੈ। ਤੁਹਾਡੇ ਦਿਲ ਵਿਚ ਲੋਕਾਂ ਪ੍ਰਤੀ ਪਿਆਰ, ਉਹਨਾਂ ਦੀਆਂ ਮੁਸ਼ਕਿਲਾਂ ਤੇ ਪੀੜਾ ਸਮਝਣ ਦੀ ਸ਼ਕਤੀ ਤੇ ਉਹਨਾਂ ਦੀਆਂ ਇਹ ਮੁਸ਼ਕਿਲਾਂ ਤੇ ਪੀੜਾ ਦੂਰ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਯਾਨੀ ਕਿ ਤੁਹਾਨੂੰ ਉਹ ਸਭ ਕਰਨਾ ਪੈਂਦਾ ਹੈ ਜੋ ਫ਼ਿਲਮੀ ਹੀਰੋ ਫ਼ਿਲਮ ਦੇ ਪਰਦੇ ‘ਤੇ ਕਰਦੇ ਹਨ।

ਅੱਜ ਮੈਂ ਅਜਿਹੇ ਹੀ ਇਕ ਹੀਰੋ ਦੀ ਗੱਲ ਕਰਨ ਜਾ ਰਿਹਾ ਹਾਂ, ਜਿਸਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਉਹ ਸਭ ਕੁਝ ਹਾਸਲ ਕੀਤਾ, ਜੋ ਕਈ ਵੱਡੇ-ਵੱਡੇ ਅਮੀਰਾਂ ਲਈ ਵੀ ਇਕ ਸੁਪਨਾ ਹੋਵੇ। ਪਰ ਇਹ ਸਭ ਕੁਝ ਹਾਸਲ ਕਰਨ ਤੋਂ ਬਾਅਦ ਵੀ ਉਸਨੇ ਆਪਣੇ ਆਪ ਨੂੰ ਹੰਕਾਰ ਜਾਂ ਐਸ਼ੋ-ਇਸ਼ਰਤ ਦੀ ਜ਼ਿੰਦਗੀ ਵਿਚ ਲਿਪਤ ਨਹੀਂ ਕੀਤਾ ਬਲਕਿ ਗੁਰੂ ਸਾਹਿਬਾਨ ਦੇ ਹੁਕਮ ‘ਸੇਵਕ ਕਉ ਸੇਵਾ ਬਨਿ ਆਈ’ ਨੂੰ ਮੰਨਦੇ ਹੋਏ ਆਪਣੇ ਕੰਮ ਕਾਰ ਦੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਲੋਕਾਂ ਦੀ ਸੇਵਾ ਕਰਨ ਦਾ ਨਿਸ਼ਚਾ ਕੀਤਾ ਅਤੇ 1996 ਤੋਂ ਲੈ ਕੇ ਅੱਜ ਤੱਕ ਉਹ ਆਪਣੇ ਇਸ ਇਰਾਦੇ ‘ਤੇ ਕਾਇਮ ਹਨ।

ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਇੰਗਲੈਂਡ ਦੇ ਪ੍ਰਸਿੱਧ ਅਤੇ ਬਹੁਤ ਕਾਮਯਾਬ ਬਿਜ਼ਨਸਮੈਨ ਸਰਦਾਰ ਸੁਰਿੰਦਰ ਸਿੰਘ ਨਿੱਜਰ ਹੋਰਾਂ ਦੀ ਜੋ ‘ਫੋਰਟਲ ਗਰੁਪ ਯੂ.ਕੇ.’ ਦੇ ਸੰਸਥਾਪਕ ਹਨ। ਇਨ੍ਹਾਂ ਦੀ ਕੰਪਨੀ ਅੱਜ ਇੰਗਲੈਂਡ ਦੀਆਂ ਵੱਡੀਆਂ ਕੰਪਨੀਆਂ ਵਿਚ ਵੀ ਸਭ ਤੋਂ ਪਹਿਲੀ ਕਤਾਰ ‘ਚ ਆਉਂਦੀ ਹੈ, ਜਿਸ ਦਾ ਨਾਮ ਇੰਗਲੈਂਡ ਦੇ ਘਰ-ਘਰ ਵਿਚ ਜਾਣਿਆ ਜਾਂਦਾ ਹੈ। ਪੰਜਾਬ ਦੇ ਪਿੰਡ ਦਮੇਲੀ ਦੇ ਜੰਮਪਲ ਸੁਰਿੰਦਰ ਸਿੰਘ ਨਿੱਜਰ ਨੌਂ ਵਰਿਆਂ ਦੀ ਉਮਰ ਵਿਚ ਹੀ ਆਪਣੇ ਪਿਤਾ ਨਾਲ ਇੰਗਲੈਂਡ ਚਲੇ ਗਏ। ਉੱਥੇ ਹੀ ਆਪਣੀ ਪੜ੍ਹਾਈ ਲਿਖਾਈ ਕੀਤੀ ਅਤੇ 1986 ਵਿਚ ਆਪਣੀ ਇਕ ਕੰਪਨੀ ਫੌਰਟੇਲ ਗਰੁੱਪ ਯੂ.ਕੇ. ਦੀ ਸ਼ੁਰੂਆਤ ਕੀਤੀ। 10 ਸਾਲਾਂ ਦੀ ਮਿਹਨਤ ਨਾਲ ਉਹਨਾਂ ਨੇ ਇਸ ਕੰਪਨੀ ਨੂੰ ਇੰਗਲੈਂਡ ਦੀ ਮੂਹਰਲੀ ਕਤਾਰ ਵਿਚ ਖੜਾ ਕਰ ਦਿੱਤਾ।

ਕਾਮਯਾਬੀ ਦੀਆਂ ਸਿੱਖਰਾਂ ਵੱਲ ਵੱਧਦੇ ਅਤੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਅਟੁੱਟ ਸ਼ਰਧਾ ਰੱਖਣ ਵਾਲੇ ਨਿੱਜਰ ਜੀ ਨੇ 1996 ਵਿਚ ਆਪਣੀ ਜ਼ਿੰਦਗੀ ਤੇ ਕਾਮਯਾਬੀ ਦਾ ਕੁਝ ਵਕਤ ਅਤੇ ਹਿੱਸਾ ਲੋਕ ਭਲਾਈ ਲਈ ਸਮਰਪਿਤ ਕਰਨ ਦਾ ਇਰਾਦਾ ਕੀਤਾ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ, ਆਪਣੀ ਕਮਾਈ ਦਾ ਦਸਵੰਧ ਲੋਕ ਭਲਾਈ ਲਈ ਖਰਚਣ ਦਾ ਟੀਚਾ ਕੀਤਾ ਤੇ ਇਹ ਕੰਮ ਸ਼ੁਰੂ ਕੀਤਾ।

ਉਹਨਾਂ ਨੇ   ਆਪਣੀ ਜਨਮਭੂਮੀ ਪੰਜਾਬ ਵਿਚ 1996 ਤੋਂ ਹਰ ਸਾਲ ਪੰਜਾਬ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿਚ ਇਕ ਵੱਡਾ ਅੱਖਾਂ ਦਾ ਕੈਂਪ ਲਾਉਣਾ ਸ਼ੁਰੂ ਕੀਤਾ, ਜਿਸ ਵਿਚ ਉਸ ਇਲਾਕੇ ਦੇ ਜਿੰਨੇ ਮਰਜ਼ੀ ਲੋਕ, ਜਿਨਾਂ ਨੂੰ ਅੱਖਾਂ ਦੀ ਕੋਈ ਵੀ ਤਕਲੀਫ ਹੋਵੇ, ਆਪਣੇ ਆਪ ਨੂੰ ਰਜਿਸਟਰਡ ਕਰਵਾ ਕੇ ਆਪਣੀਆਂ ਅੱਖਾਂ ਦਾ ਇਲਾਜ ਕਰਵਾ ਸਕਦੇ ਹਨ। ਨਜ਼ਰ ਦੀਆਂ ਐਣਕਾਂ ਤੋਂ ਲੈ ਕੇ ਅੱਖਾਂ ਦੇ ਲੈਂਜ਼ ਬਦਲਣ ਤੱਕ ਦੇ ਆਪਰੇਸ਼ਨ ਇਹਨਾਂ ਕੈਂਪਾਂ ਵਿਚ ਬਿਲਕੁਲ ਮੁਫਤ ਕੀਤੇ ਜਾਂਦੇ ਹਨ।

ਇਸ ਦੇ ਨਾਲ ਹੀ ਲੋੜਵੰਦ ਹੈਂਡੀਕੈਪ ਲੋਕਾਂ ਨੂੰ ਮੁਫਤ ਟਰਾਈ-ਸਾਈਕਲ ਤੇ ਵੀਲ-ਚੇਅਰ ਦਿੱਤੀਆਂ ਜਾਂਦੀਆਂ ਹਨ। ਗਰੀਬ ਲੜਕੀਆਂ ਨੂੰ ਉਹਨਾਂ ਦੇ ਪੈਰਾਂ ‘ਤੇ ਖੜਾ ਕਰਨ ਲਈ ਮੁਫ਼ਤ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਦਾ ਇਹ ਉਪਰਾਲਾ ਅੱਜ ਵੀ ਨਿਰਵਿਘਨ ਚੱਲ ਰਿਹਾ ਹੈ ਅਤੇ ਇਸ ਦਾ ਫਾਇਦਾ ਹਜ਼ਾਰਾਂ ਲੋਕ ਲੈ ਚੁੱਕੇ ਹਨ। ਸੁਰਿੰਦਰ ਸਿੰਘ ਨਿੱਜਰ ਹਰ ਸਾਲ ਇਹਨਾਂ ਸੇਵਾਵਾਂ ਵਿਚ ਵਾਧਾ ਕਰਦੇ ਰਹਿੰਦੇ ਹਨ। ਉਨਾਂ ਨੇ ਪੰਜਾਬ ਵਿਚ ਕੁਸ਼ਟ ਰੋਗੀਆਂ ਦੇ ਕੱਚੇ ਆਸ਼ਰਮਾਂ ਨੂੰ ਪੱਕਾ ਕਰਵਾ ਕੇ ਦਿੱਤਾ ਹੈ। ਇਲਾਕੇ ਦੇ ਉੱਭਰ ਰਹੇ ਗਰੀਬ ਅਤੇ ਲੋੜਵੰਦ ਖਿਡਾਰੀਆਂ ਦੇ ਵਜ਼ੀਫੇ ਲਗਵਾਏ ਤਾਂ ਕਿ ਉਹ ਆਪਣੇ ਖਿਤੇ ਵਿਚ ਅੱਗੇ ਵੱਧ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।

ਸਕੂਲਾਂ ਦੇ ਬੱਚਿਆਂ ਦੀਆਂ ਪਰੇਸ਼ਾਨੀਆਂ ਵੇਖਦੇ ਹੋਏ ਉਹਨਾਂ ਨੇ ਸਕੂਲਾਂ ਵਿਚ ਸਾਫ਼ ਪਾਣੀ ਲਈ ਆਰ.ਓ. ਮਸ਼ੀਨਾਂ ਲਗਵਾ ਕੇ ਦਿੱਤੀਆਂ। ਕਲਾਸ ਰੂਮ ਵਿਚ ਕੂਲਰ ਤੇ ਕਈ ਸਕੂਲਾਂ ਵਿਚ ਏਅਰ ਕੰਡੀਸ਼ਨ ਵੀ ਲਗਵਾ ਕੇ ਦਿੱਤੇ। ਅੱਜ ਉਹ ਹਜ਼ਾਰਾਂ ਲੋਕ, ਜੋ ਉਨ੍ਹਾਂ ਦੀਆਂ ਇਹਨਾਂ ਸੇਵਾਵਾਂ ਦਾ ਲਾਭ ਲੈ ਚੁੱਕੇ ਹਨ, ਉਹ ਇਨ੍ਹਾਂ ਨੂੰ ‘ਗਰੀਬਾਂ ਦਾ ਮਸੀਹਾ’ ਜਾਣ ਕੇ ਇਨ੍ਹਾਂ ਦੀ ਇੱਜ਼ਤ ਕਰਦੇ ਹਨ।

ਇਹ ਸਮਾਜ ਸੇਵੀ ਹੀਰੋ ਗਰੀਬਾਂ ਦੀ ਹੋਰ ਵੀ ਕਈ ਤਰੀਕਿਆਂ ਨਾਲ ਮਦਦ ਕਰਦੇ ਹਨ। ਗੁਰੂ ਸਾਹਿਬ ਦੇ ਹੁਕਮ ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਨੂੰ ਅਸਲੀ ਅਰਥ ਵਿਚ ਮੰਨਦੇ ਹੋਏ ਫੋਰਟੇਲ ਗਰੁੱਪ ਦੇ ਇਸ ਸੰਸਥਾਪਕ ਅਤੇ ਗੁਰੂ ਘਰ ਦੇ ਸੇਵਾਦਾਰ ਨੇ ਅੱਜ ਤੱਕ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਹਨ। ਇਹ ਘਰ ਉਹਨਾਂ ਨੇ ਸਿਰਫ਼ ਪੰਜਾਬ ਵਿਚ ਹੀ ਨਹੀਂ ਬਲਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਿਵਾਜੇ ਅਤੇ ਗੁਰੂ ਸਾਹਿਬ ਦੇ ਸ਼ਸਤਰ ਬਣਾਉਣ ਵਾਲੇ ਮਹਾਰਾਸ਼ਟਰ ਦੇ ਸਿੰਘਾਂ ਲਈ ਮਹਾਰਾਸ਼ਟਰ ਵਿਚ ਵੀ ਬਣਾਏ ਹਨ। ‘ਨਾ ਕੋ ਬੈਰੀ ਨਾਹੀ ਬਿਗਾਨਾ’ ਦੇ ਵਾਰ ਨੂੰ ਮੰਨਦੇ ਹੋਏ ਅਤੇ ਸਾਰੇ ਧਰਮਾਂ ਦੀ ਇੱਜ਼ਤ ਕਰਨ ਵਾਲੇ ਸੁਰਿੰਦਰ ਸਿੰਘ ਨਿੱਜਰ ਨੇ ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ 10 ਮੰਦਰਾਂ ਦਾ ਵੀ ਨਿਰਮਾਣ ਕੀਤਾ ਹੈ। ਇਹ ਸਾਰੀ ਸੇਵਾ ਉਹ ਆਪਣੇ ਵੱਲੋਂ ਬਿਨਾਂ ਕਿਸੇ ਦੀ ਮਾਲੀ ਮਦਦ ਦੇ ਕਰਦੇ ਹਨ। ਕਰੋੜਾਂ ਰੁਪਏ ਦਾ ਖਰਚਾ, ਇਹ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਆਪਣਾ ਦਸਵੰਧ ਸਮਝ ਕੇ ਕਰਦੇ ਹਨ। ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਵੀ ਇਨ੍ਹਾਂ ਦੀ ਇਸ ਸੇਵਾ ਦੀ ਸ਼ਲਾਘਾ ਕਰਦੇ ਹਨ ਅਤੇ ਖੁਦ ਕੈਂਪ ਵਿਚ ਜਾ ਕੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫ਼ਾਇਦਾ ਤੇ ਪ੍ਰਚਾਰ ਕਰਨ ਲਈ ਕਹਿੰਦੇ ਹਨ।

29 ਜੁਲਾਈ 2024 ਨੂੰ ਇਸ ਸਾਲ ਇਹ ਕੈਂਪ ਧੂਰੀ ਜ਼ਿਲ੍ਹਾ, ਸੰਗਰੂਰ ਵਿਚ ਲੱਗ ਰਿਹਾ ਹੈ ਅਤੇ ਇਸ ਵਾਰ ਹਿੰਦੀ ਸਿਨੇਮਾ ਜਗਤ ਦੀ ਪ੍ਰਸਿੱਧ ਅਭਿਨੇਤਰੀ ਸ਼ਿਲਪਾ ਸ਼ੈਟੀ ਵੀ ਕੈਂਪ ਦੇ ਉਦਘਾਟਨ ਤੇ ਪਹੁੰਚ ਰਹੀ ਹੈ।

ਸੁਰਿੰਦਰ ਸਿੰਘ ਨਿੱਜਰ ਨੂੰ ਬਿਜ਼ਨਸ ਵਿਚ ਕਾਮਯਾਬੀ ਅਤੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਉਣ ਖਾਤਰ ਇੰਗਲੈਂਡ ਵਿਚ ਵੀ ‘ਇਨਫਲੂਐਂਸਰ ਆਫ ਦ ਇਅਰ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਿੰਸ ਚਾਰਲਸ ਅਤੇ ਦਲਾਈ ਲਾਮਾ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਸ੍ਰੀ ਅੰਮ੍ਰਿਤਸਰ ਵਿਖੇ ਪਵਿੱਤਰ ਗੁਰਧਾਮ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲਿਆਂ ਲਈ ਘੰਟਾ ਘਰ ਦੇ ਰਸਤੇ ਵੱਲ ਦਰਬਾਰ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਬਾਥਰੂਮ ਬਣਵਾਏ ਹਨ, ਜਿਨ੍ਹਾਂ ਦੀ ਸੇਵਾ ਉਹ ਖੁਦ ਆਪਣੇ ਪੱਧਰ ‘ਤੇ ਸਟਾਫ ਰੱਖ ਕੇ ਕਰਵਾਉਂਦੇ ਹਨ। ਮੈਨੂੰ ਮਾਣ ਹੈ ਕਿ ਇਸ ਸਾਲ ਮੈਂ ਵੀ ਇਨ੍ਹਾਂ ਨਾਲ ਇਹ ਸੇਵਾ ਵਿਚ ਜੁੜਿਆ ਹਾਂ। ਸੁਰਿੰਦਰ ਸਿੰਘ ਨਿੱਜਰ ਪੰਜਾਬੀ ਸੱਭਿਆਚਾਰ ਨੂੰ ਵੀ ਬਹੁਤ ਪਿਆਰ ਕਰਦੇ ਹਨ ਅਤੇ ਸਮਾਜ ਵਿਚ ਫ਼ਿਲਮਾਂ ਦੇ ਪ੍ਰਭਾਵ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਚੰਗੀਆਂ ਫ਼ਿਲਮਾਂ ਦੀ ਰੱਜ ਕੇ ਤਾਰੀਫ਼ ਕਰਦੇ ਹਨ। ਮੈਂ ਆਸ ਕਰਦਾ ਹਾਂ ਕਿ ਛੇਤੀ ਹੀ ਉਹ ਫ਼ਿਲਮ ਖੇਤਰ ਵਿਚ ਵੀ ਆਉਣਗੇ ਅਤੇ ਵਧੀਆ ਫ਼ਿਲਮਾਂ ਬਣਾਉਣ ਲਈ ਪੰਜਾਬੀਆਂ ਨੂੰ ਉਤਸਾਹਿਤ ਕਰਨਗੇ।

‘ਗਰੀਬਾਂ ਦਾ ਮਸੀਹਾ’ ਨਾਮ ਨਾਲ ਜਾਣੇ ਜਾਂਦੇ ਸਮਾਜ ਸੇਵੀ ਸਰਦਾਰ ਸੁਰਿੰਦਰ ਸਿੰਘ ਨੂੰ ਅਸੀਂ ਪੰਜਾਬੀ ਸਕਰੀਨ, ਦਾਰਾ ਸਟੂਡੀਓ ਅਤੇ ਮੇਰੇ ਯਾਨੀ ਕਿ ਰਤਨ ਔਲਖ ਵੱਲੋਂ ਉਹਨਾਂ ਦੀ ਇਸ ਸਮਾਜ ਸੇਵਾ ਲਈ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਨਾਲ ਮੋਢਾ ਜੋੜ ਕੇ ਉਹਨਾਂ ਦੇ ਇਸ ਪਵਿੱਤਰ ਕੰਮ ਵਿਚ ਉਹਨਾਂ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਾਂ।

Ratan Aulakh(Mohali) #9820213016

Comments & Suggestions

Comments & Suggestions

About the author

Daljit Arora