ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤਣ ਦਾ ਮੁਕਾਬਲਾ ਸਾਲ ਵਿਚ ਇਕ ਵਾਰ ਹੁੰਦਾ ਹੈ। ਜਿਸ ਵਿਚ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੀਆਂ ਸੁੰਦਰ ਕੁੜੀਆਂ ਹਿੱਸਾ ਲੈਂਦੀਆਂ ਹਨ। ਮਿਸ ਵਰਲਡ, ਮਿਸ ਯੂਨੀਵਰਸ, ਮਿਸ ਇੰਟਰਨੈਸ਼ਨਲ ਅਤੇ ਮਿਸ ਅਰਥ ਵਰਗੇ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਭਾਰਤ ਦੇ ਨਾਲ ਨਾਲ ਦੁਨੀਆ ਭਰ ਦੀਆਂ ਸੁੰਦਰ ਕੁੜੀਆਂ ਨੇ ਇਹ ਖਿਤਾਬ ਜਿੱਤ ਕੇ ਆਪੋ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਨ੍ਹਾਂ ਖ਼ਿਤਾਬਾਂ ਵਿਚ ਨਾ ਸਿਰਫ਼ ਖ਼ੂਬਸੂਰਤੀ ਦਾ ਮੁਲਾਂਕਣ ਕੀਤਾ ਜਾਂਦਾ ਹੈ ਸਗੋਂ ਉਨ੍ਹਾਂ ਦੀ ਬੁੱਧੀ ਦਾ ਵੀ ਮੁਲਾਂਕਣ ਕੀਤਾ ਜਾਂਦਾ ਹੈ।
2021 ਦੀ ਮਿਸ ਯੂਨੀਵਰਸ ਹਰਨਾਜ਼ ਸੰਧੂ ਭਾਰਤ ਦੀ ਪਹਿਲੀ ਅਜਿਹੀ ਵਿਸ਼ਵ ਸੁੰਦਰੀ ਹੈ ਜੋ ਨਾ ਸਿਰਫ ਪੰਜਾਬ ਨਾਲ ਸੰਬੱਧਤ ਹੈ ਸਗੋਂ ਉਹ ਪਾਲੀਵੁੱਡ ਨਾਲ ਵੀ ਜੁੜੀ ਹੋਈ ਹੈ। ਵਿਸ਼ਵ ਸੁੰਦਰੀ ਬਣਨ ਤੋਂ ਪਹਿਲਾਂ ਹਰਨਾਜ਼ ਦੋ ਪੰਜਾਬੀ ਫਿਲਮਾਂ ‘ਯਾਰਾ ਦੀਆਂ ਪੌਂ ਬਾਰਾਂ’ ਅਤੇ ‘ਬਾਈ ਜੀ ਕੁਟਾਂਗੇ’ ‘ ਨਾਲ ਲੀਡ ਅਦਾਕਾਰਾ ਵਜੋਂ ਵੀ ਜੁੜ ਚੁਕੀ ਹੈ।
ਕਿਉਂਕਿ ਹੁਣ ਹਰਨਾਜ ਸੰਧੂ ਬ੍ਰਹਿਮੰਡ ਸੁੰਦਰੀ ਬਣ ਚੁੱਕੀ ਹੈ, ਜਿਸਦੇ ਚਲਦੇ ਉਸਦੀ ਸਟਾਰ ਵੈਲਿਉ ਵੱਧ ਗਈ ਹੈ ਹੁਣ ਦੇਖਣਾ ਇਹ ਹੈ ਕਿ, ਕੀ ਹਰਨਾਜ਼ ਸੰਧੂ ਵੀ ਭਾਰਤ ਦੀਆਂ ਹੋਰ ਵਿਸ਼ਵ ਸੁੰਦਰੀਆਂ ਵਾਂਗ ਬਾਲੀਵੁੱਡ ਨੂੰ ਤਰਜੀਹ ਦੇਵੇਗੀ ਜਾਂ ਕੇ ਪਾਲੀਵੁੱਡ ਨੂੰ ?
ਖੈਰ ! ਹਰਨਾਜ਼ ਤੋਂ ਪਹਿਲਾਂ ਭਾਰਤ ਨੇ ਦੁਨੀਆਂ ਭਰ ਦੀਆਂ ਸੁੰਦਰ ਕੁੜੀਆਂ ਦੇ ਮੁਕਾਬਲੇ ਵਿੱਚ 10 ਵਾਰ ਵੱਖ ਵੱਖ ਖਿਤਾਬ ਜਿੱਤੇ ਹਨ। ਭਾਰਤੀ ਕੁੜੀਆਂ ਨੇ ਛੇ ਵਾਰ ਮਿਸ ਵਰਲਡ ਦਾ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ ਉਹ ਤਿੰਨ ਵਾਰ ਮਿਸ ਯੂਨੀਵਰਸ ਵਿਚ ਝੰਡਾ ਲਹਿਰਾਉਣ ਵਿਚ ਕਾਮਯਾਬ ਹੋ ਚੁੱਕੀਆਂ ਹਨ। ਭਾਰਤ ਇਕ ਵਾਰ ਮਿਸ ਅਰਥ ਮੁਕਾਬਲਾ ਵੀ ਜਿੱਤ ਚੁੱਕਿਆ ਹੈ।
ਸਾਡੇ ਦੇਸ਼ ਦੀ ਰੀਟਾ ਫਾਰੀਆ ਪਹਿਲੀ ਭਾਰਤੀ ਅਤੇ ਏਸ਼ੀਅਨ ਔਰਤ ਹੈ ਜੋ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਪਹਿਲੀ ਭਾਰਤੀ ਵਿਸ਼ਵ ਸੁੰਦਰੀ ਬਣੀ ਸੀ। 1966 ਵਿੱਚ ਮਿਸ ਵਰਲਡ ਬਣਨ ਤੋਂ ਬਾਅਦ, ਉਸਨੇ ਫਿਲਮਾਂ ਦੀ ਦੁਨੀਆ ਵਿਚ ਜਾਣ ਦੀ ਬਜਾਏ ਡਾਕਟਰ ਬਣਨ ਦਾ ਰਾਹ ਚੁਣਿਆ। ਉਹ ਹੁਣ ਆਪਣੇ ਪਤੀ, ਐਂਡੋਕਰੀਨੋਲੋਜਿਸਟ ਡੇਵਿਡ ਪਾਵੇਲ ਨਾਲ ਡਬਲਿਨ, ਆਇਰਲੈਂਡ ਵਿੱਚ ਰਹਿੰਦੀ ਹੈ, ਜਿਸ ਨਾਲ ਉਸਨੇ 1971 ਵਿੱਚ ਵਿਆਹ ਕੀਤਾ ਸੀ। ਉਹਨਾਂ ਦੇ ਦੋ ਬੱਚੇ (ਡੀਅਰਡਰੇ ਅਤੇ ਐਨ ਮੈਰੀ) ਅਤੇ ਪੰਜ ਪੋਤੇ-ਪੋਤੀਆਂ (ਪੈਟਰਿਕ, ਕੋਰਮੈਕ, ਡੇਵਿਡ, ਮਾਰੀਆ ਅਤੇ ਜੌਨੀ) ਹਨ।
ਦੁੱਜੀ ਵਿਸ਼ਵ ਸੁੰਦਰੀ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਿਸੇ ਜਾਣ-ਪਛਾਣ ਦੀ ਮੋਹਤਾਜ ਨਹੀਂ ਹੈ। ਐਸ਼ਵਰਿਆ 1994 ‘ਚ ਮਿਸ ਵਰਲਡ ਬਣੀ ਸੀ। ਐਸ਼ਵਰਿਆ ਨੇ ਦੇਵਦਾਸ, ਗੁਰੂ, ਹਮ ਦਿਲ ਦੇ ਚੁਕੇ ਸਨਮ ਵਰਗੀਆਂ ਬਾਲੀਵੁੱਡ ਫਿਲਮਾਂ ‘ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਹ ਬ੍ਰਾਈਡ ਐਂਡ ਪ੍ਰੈਜੂਡਿਸ, ਦ ਮਿਸਟ੍ਰੈਸ ਆਫ ਸਪਾਈਸ, ਪ੍ਰੋਵੋਕਡ, ਦ ਲਾਸਟ ਲੀਜਨ ਅਤੇ ਦ ਪਿੰਕ ਪੈਂਥਰ 2 ਵਰਗੀਆਂ ਹਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਬੱਚਨ ਪਰਿਵਾਰ ਦੀ ਨੂੰਹ ਅਤੇ ਅਭਿਸ਼ੇਕ ਬੱਚਨ ਦੀ ਪੱਤਨੀ ਐਸ਼ਵਰਿਆ ਆਪਣੇ ਪਹਿਰਾਵੇ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਅੱਜ ਵੀ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਐਸ਼ਵਰਿਆ ਰਾਏ ਦਾ ਜਨਮ ਮੰਗਲੌਰ, ਕਰਨਾਟਕ ਵਿੱਚ ਹੋਇਆ ਸੀ। ਉਸਦੇ ਪਿਤਾ ਕ੍ਰਿਸ਼ਨਰਾਜ ਇੱਕ ਸਮੁੰਦਰੀ ਜੀਵ ਵਿਗਿਆਨੀ ਸਨ। ਉਸਦੀ ਮਾਂ ਦਾ ਨਾਮ ਬਰਿੰਦਾ ਹੈ ਜੋ ਇੱਕ ਘਰੇਲੂ ਔਰਤ ਹੈ। ਉਸਦਾ ਇੱਕ ਵੱਡਾ ਭਰਾ ਵੀ ਹੈ ਜਿਸਦਾ ਨਾਮ ਆਦਿਤਿਆ ਰਾਏ ਹੈ ਅਤੇ ਉਹ ਮਰਚੈਂਟ ਨੇਵੀ ਵਿੱਚ ਇੱਕ ਇੰਜੀਨੀਅਰ ਹੈ। ਉਹ ਐਸ਼ਵਰਿਆ ਦੀ ਫਿਲਮ ‘ਦਿਲ ਕਾ ਰਿਸ਼ਤਾ’ ਦੇ ਸਹਿ-ਨਿਰਮਾਤਾ ਵੀ ਸਨ।
ਸੁਸ਼ਮਿਤਾ ਸੇਨ ਨੂੰ ਵੀ 18 ਸਾਲ ਦੀ ਉਮਰ ਵਿੱਚ ਮਿਸ ਯੂਨੀਵਰਸ 1994 ਦਾ ਤਾਜ ਪਹਿਨਾਇਆ ਗਿਆ ਸੀ ਅਤੇ ਉਹ ਵੀ ਐਸ਼ਵਰਿਆ ਰਾਏ ਦੇ ਵਾਂਗ ਵਿਸ਼ਵ ਸੁੰਦਰੀ ਬਣ ਗਈ।
ਸੁਸ਼ਮਿਤਾ ਨੇ ਹਿੰਦੀ ਸਿਨੇਮਾ ਦੇ ਨਾਲ ਨਾਲ ਤਾਮਿਲ ਅਤੇ ਬੰਗਾਲੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਆਪਣੇ ਅਦਾਕਾਰੀ ਕਰੀਅਰ ਵਿੱਚ ਸੁਸ਼ਮਿਤਾ ਨੇ ਫਿਲਮਫੇਅਰ ਐਵਾਰਡ ਦੇ ਨਾਲ-ਨਾਲ ਕਈ ਐਵਾਰਡ ਵੀ ਜਿੱਤੇ ਹਨ।
ਸੁਸ਼ਮਿਤਾ ਸੇਨ ਦਾ ਜਨਮ 19 ਨਵੰਬਰ 1975 ਨੂੰ ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿੱਚ ਇੱਕ ਬੰਗਾਲੀ ਬੈਦਿਆ ਪਰਿਵਾਰ ਵਿੱਚ ਹੋਇਆ ਸੀ। ਸੁਸ਼ਮਿਤਾ ਦੇ ਪਿਤਾ ਸ਼ੁਬਰ ਸੇਨ, ਸਾਬਕਾ ਭਾਰਤੀ ਹਵਾਈ ਸੈਨਾ ਵਿੰਗ ਕਮਾਂਡਰ, ਗਹਿਣਿਆਂ ਦੇ ਡਿਜ਼ਾਈਨਰ ਅਤੇ ਦੁਬਈ ਸਥਿਤ ਇੱਕ ਸਟੋਰ ਦੇ ਮਾਲਕ ਹਨ। ਉਸ ਦੇ ਦੋ ਭੈਣ-ਭਰਾ ਹਨ, ਨੀਲਮ-ਰਾਜੀਵ। ਸੁਸ਼ਮਿਤਾ ਦਾ ਵਿਆਹ ਨਹੀਂ ਹੋਇਆ ਹੈ, ਹਾਲਾਂਕਿ ਉਸਨੇ ਦੋ ਬੇਟੀਆਂ ਨੂੰ ਗੋਦ ਲਿਆ ਹੋਇਆ ਹੈ।
ਡਾਇਨਾ ਹੇਡਨ ਸਾਲ 1997 ਵਿੱਚ ਮਿਸ ਵਰਲਡ ਬਣੀ ਸੀ। ਐਂਗਲੋ ਇੰਡੀਅਨ ਮਾਡਲ ਨੇ ਤਿੰਨ ਉਪ-ਟਾਈਲਾਂ ਮਿਸ ਵਰਲਡ – ਏਸ਼ੀਆ ਅਤੇ ਓਸ਼ੀਆਨੀਆ, ਮਿਸ ਫੋਟੋਜੈਨਿਕ ਅਤੇ ਸ਼ਾਨਦਾਰ ਤੈਰਾਕੀ ਵੀ ਜਿੱਤੀਆਂ। ਉਹ ਬਾਲੀਵੁੱਡ ਫਿਲਮ ‘ਤਹਿਜ਼ੀਬ’ ‘ਚ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਸਾਲ 2008 ‘ਚ ਉਨ੍ਹਾਂ ਨੂੰ ‘ਬਿੱਗ ਬੌਸ’ ‘ਚ ਵਾਈਲਡ ਕਾਰਡ ਐਂਟਰੀ ਮਿਲੀ ਸੀ। ਡਾਇਨਾ ਹੇਡਨ ਦਾ ਜਨਮ 1 ਮਈ 1973 ਨੂੰ ਸਿਕੰਦਰਾਬਾਦ (ਆਂਧਰਾ ਪ੍ਰਦੇਸ਼) ਵਿੱਚ ਰਹਿਣ ਵਾਲੇ ਇੱਕ ਐਂਗਲੋ-ਇੰਡੀਅਨ ਪਰਿਵਾਰ ਵਿੱਚ ਹੋਇਆ ਸੀ। 2016 ਵਿੱਚ ਡਾਇਨਾ ਹੇਡਨ ਫ੍ਰੋਜ਼ਨ ਐੱਗ’ ਦੀ ਮਦਦ ਨਾਲ ਮਾਂ ਬਣੀ ਸੀ।
ਯੁਕਤਾ ਮੁਖੀ 1999 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਚੌਥੀ ਭਾਰਤੀ ਕੁੜੀ ਸੀ। ਉਸ ਨੇ ਮੁਕਾਬਲੇ ਦੌਰਾਨ ਮਿਸ ਵਰਲਡ-ਏਸ਼ੀਆ ਅਤੇ ਮਿਸ ਵਰਲਡ-ਓਸ਼ੀਆਨਾ ਦਾ ਖਿਤਾਬ ਵੀ ਹਾਸਲ ਕੀਤਾ। ਯੁਕਤਾ ਸਾਲ 2002 ‘ਚ ਫਿਲਮ ‘ਪਿਆਸਾ’ ‘ਚ ਨਜ਼ਰ ਆਈ ਸੀ। ਕੁਝ ਸਮਾਂ ਪਹਿਲਾਂ ਯੁਕਤਾ ਨੂੰ ਕਾਮੇਡੀ ਗੁੱਡ ਨਿਊਜ਼ ਵਿੱਚ ਦੇਖਿਆ ਗਿਆ ਸੀ ਜਿੱਥੇ ਉਹ ਇੱਕ ਆਈਵੀਐਫ ਸੈਂਟਰ ਦੇ ਮਰੀਜ਼ ਦੀ ਭੂਮਿਕਾ ਨਿਭਾ ਰਹੀ ਸੀ।
ਯੁਕਤਾ ਦੀ ਆਖਰੀ ਫਿਲਮ ਸਾਲ 2008 ‘ਚ ਆਈ ਸੀ, ਜਿਸ ਦਾ ਨਾਂ ‘ਮੇਮਸਾਬ’ ਸੀ। ਹੌਲੀ-ਹੌਲੀ ਯੁਕਤਾ ਨੂੰ ਫਿਲਮਾਂ ਮਿਲਣੀਆਂ ਬੰਦ ਹੋ ਗਈਆਂ। 2008 ‘ਚ ਯੁਕਤਾ ਨੇ ਨਿਊਯਾਰਕ ਸਥਿਤ ਬਿਜ਼ਨੈੱਸਮੈਨ ਪ੍ਰਿੰਸ ਤੁਲੀ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਯੁਕਤਾ ਨੇ ਸ਼ਾਨਦਾਰ ਰਿਸੈਪਸ਼ਨ ਵੀ ਦਿੱਤਾ। ਕੁਝ ਸਮੇਂ ਬਾਅਦ ਦੋਵਾਂ ਦੇ ਇੱਕ ਪੁੱਤਰ ਵੀ ਹੋਇਆ। ਸਾਲ 2013 ‘ਚ ਯੁਕਤਾ ਮੁਖੀ ਨੇ ਆਪਣੇ ਪਤੀ ਪ੍ਰਿੰਸ ਤੁਲੀ ਖਿਲਾਫ ਐਫਆਈਆਰ ਦਰਜ ਕਰਵਾਈ। ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ ‘ਚ ਦਰਜ ਕਰਵਾਈ ਗਈ ਇਸ ਐੱਫ.ਆਈ.ਆਰ ‘ਚ ਉਸ ਨੇ ਆਪਣੇ ਪਤੀ ‘ਤੇ ਦਾਜ ਲਈ ਪਰੇਸ਼ਾਨੀ ਅਤੇ ਗੈਰ-ਕੁਦਰਤੀ ਸੈਕਸ ਵਰਗੇ ਗੰਭੀਰ ਦੋਸ਼ ਲਗਾਏ ਹਨ। ਯੁਕਤਾ ਮੁਖੀ ਦਾ ਆਪਣੇ ਪਤੀ ਨਾਲ ਝਗੜਾ ਕਾਫੀ ਸੁਰਖੀਆਂ ‘ਚ ਰਿਹਾ ਸੀ। ਮਾਮਲਾ ਅਦਾਲਤ ਤੱਕ ਪਹੁੰਚ ਗਿਆ ਅਤੇ ਜੂਨ 2014 ‘ਚ ਦੋਵਾਂ ਦਾ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ। ਪੁੱਤਰ ਦੀ ਕਸਟਡੀ ਯੁਕਤਾ ਮੁਖੀ ਕੋਲ ਹੈ।
ਯੁਕਤਾ ਭਾਰਤੀ ਜਨਤਾ ਪਾਰਟੀ ਦੀ ਸਰਗਰਮ ਵਰਕਰ ਵੀ ਰਹੀ ਹੈ। ਸਾਲ 2010 ਵਿੱਚ ਯੁਕਤਾ ਮੁਖੀ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਐਲਾਨ ਕੀਤਾ ਸੀ। ਯੁਕਤਾ ਮੁਖੀ ਅੱਜ ਕਿੱਥੇ ਹੈ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਵੀ ਉਹ ਸਰਗਰਮ ਨਹੀਂ ਹੈ। ਯੁਕਤਾ ਨੂੰ ਲਾਈਮ ਲਾਈਟ ਤੋਂ ਦੂਰ ਹੋਏ 11 ਸਾਲ ਹੋ ਗਏ ਹਨ।
ਪ੍ਰਿਅੰਕਾ ਚੋਪੜਾ ਇੱਕ ਗਲੋਬਲ ਆਈਕਨ ਹੈ। ਉਸਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਫਿਲਮਾਂ ਵਿੱਚ ਕੰਮ ਕੀਤਾ ਹੈ। ਪ੍ਰਿਅੰਕਾ ਚੋਪੜਾ ਸਾਲ 2000 ਵਿੱਚ ਮਿਸ ਵਰਲਡ ਬਣੀ ਸੀ। ਪ੍ਰਿਅੰਕਾ ਨੂੰ ਸੱਚਮੁੱਚ ਲੱਖਾਂ ਕੁੜੀਆਂ ਲਈ ਰੋਲ ਮਾਡਲ ਮੰਨਿਆ ਜਾਂਦਾ ਹੈ। ਉਸ ਦਾ ਫੈਸ਼ਨ ਟਰੈਂਡ ਅਕਸਰ ਸੁਰਖੀਆਂ ‘ਚ ਰਹਿੰਦਾ ਹੈ।
ਪ੍ਰਿਅੰਕਾ ਚੋਪੜਾ ਨੇ ਹਾਲੀਵੁੱਡ ਵਿੱਚ ਆਪਣੇ ਸਫ਼ਰ ਦੌਰਾਨ ਅਮਰੀਕੀ ਗਾਇਕ ਅਤੇ ਅਭਿਨੇਤਾ ਨਿਕ ਜੋਨਸ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਅਗਸਤ 2018 ਵਿੱਚ ਆਪਣੀ ਮੰਗਣੀ ਤੋਂ ਬਾਅਦ, ਦੋਵਾਂ ਨੇ ਦਸੰਬਰ 2018 ਵਿੱਚ ਉਮੈਦ ਭਵਨ, ਜੋਧਪੁਰ ਵਿੱਚ ਹਿੰਦੂ ਅਤੇ ਈਸਾਈ ਰਸਮਾਂ ਨਾਲ ਵਿਆਹ ਕੀਤਾ।
ਲਾਰਾ ਦੱਤਾ ਨੇ ਸਾਲ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਹਿੰਦੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੀ ਲਾਰਾ ਨੇ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਦੀਆਂ ਸਫਲ ਫਿਲਮਾਂ ਮਸਤੀ, ਨੋ ਐਂਟਰੀ, ਕਾਲ, ਭਾਗਮ ਭਾਗ, ਪਾਰਟਨਰ, ਹਾਊਸਫੁੱਲ, ਅਤੇ ਚਲੋ ਦਿਲੀ ਹਨ। ਲਾਰਾ ਦੱਤਾ ਦਾ ਜਨਮ 16 ਅਪ੍ਰੈਲ 1978 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਹੋਇਆ ਸੀ। ਲਾਰਾ ਦੇ ਪਿਤਾ ਐਲ ਕੇ ਦੱਤ (ਪੰਜਾਬੀ) ਅਤੇ ਮਾਂ ਜੈਨੀਫਰ ਦੱਤ (ਐਂਗਲੋ ਇੰਡੀਅਨ) ਹੈ। ਪਿਤਾ ਪੰਜਾਬੀ ਹੋਣ ਦੇ ਬਾਵਜੂਦ ਲਾਰਾ ਦੱਤਾ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲਾਰਾ ਦੱਤਾ ਨੇ ਸਾਲ 2011 ਵਿੱਚ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਂ ਸਾਇਰਾ ਭੂਪਤੀ ਹੈ।
2010 ਵਿੱਚ ਭਾਰਤ ਦੀ ਨਿਕੋਲ ਫਾਰੀਆ ਨੇ ਵੀਹ ਸਾਲ ਦੀ ਉਮਰ ਵਿੱਚ ਮਿਸ ਅਰਥ ਦਾ ਖਿਤਾਬ ਜਿੱਤਿਆ। ਨਿਕੋਲ ਫਾਰੀਆ ਨੂੰ ਵਿਨਪਰਲ ਲੈਂਡ, ਵੀਅਤਨਾਮ ਵਿੱਚ ਹੋਏ ਮਿਸ ਅਰਥ ਮੁਕਾਬਲੇ ਵਿੱਚ ਮਿਸ ਅਰਥ ਦਾ ਖਿਤਾਬ ਦਿੱਤਾ ਗਿਆ
ਫਾਰੀਆ ਮਿਸ ਅਰਥ ਖਿਤਾਬ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਹੈ। ਅੰਤਰਰਾਸ਼ਟਰੀ ਮਿਸ ਅਰਥ ਪ੍ਰਤੀਯੋਗਿਤਾ ਜਿੱਤਣ ਤੋਂ ਬਾਅਦ ਤੋਂ ਉਸ ਨੂੰ ਬਾਲੀਵੁੱਡ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਫਾਰੀਆ 2014 ਦੀ ਬਾਲੀਵੁੱਡ ਫਿਲਮ ਯਾਰੀਆ ਵਿੱਚ ਇੱਕ ਮੁੱਖ ਅਦਾਕਾਰਾ ਵਜੋਂ ਦਿਖਾਈ ਦਿੱਤੀ ਸੀ। ਸਾਲ 2015 ‘ਚ ਫਿਲਮ ‘ਕੱਟੀ ਬੱਟੀ’ ‘ਚ ਨਜ਼ਰ ਆਉਣ ਤੋਂ ਬਾਅਦ ਉਹ ਤੁਰਕੀ ਦੀ ਫਿਲਮ ‘ਬੀਰ ਬਾਬਾ ਹਿੰਦੂ’ ‘ਚ ਵੀ ਕੰਮ ਕਰ ਚੁੱਕੀ ਹੈ। 9 ਫਰਵਰੀ 1991 ਨੂੰ ਬੰਗਲੌਰ ਵਿਖੇ ਜਨਮੀ ਨਿਕੋਲ ਫਾਰੀਆ ਨੇ ਆਪਣੀ 10ਵੀਂ ਦੀ ਪੜ੍ਹਾਈ ਸੋਫੀਆ ਹਾਈ ਸਕੂਲ ਅਤੇ 12ਵੀਂ ਕ੍ਰਾਈਸਟ ਕਾਲਜ ਬੰਗਲੌਰ ਤੋਂ ਕੀਤੀ। ਇਸ ਤੋਂ ਬਾਅਦ ਹੋਰ ਕੋਈ ਭਾਰਤੀ ਕੁੜੀ ਇਹ ਖਿਤਾਬ ਨਹੀਂ ਜਿੱਤ ਸਕੀ।
ਮਾਨੁਸ਼ੀ ਛਿੱਲਰ ਵੀ ਭਾਰਤ ਦੀਆਂ ਉਨ੍ਹਾਂ ਬਿਊਟੀ ਕੁਈਨਜ਼ ਵਿੱਚੋਂ ਇੱਕ ਹੈ ਜਿਸ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਹੈ। ਸਾਲ 2017 ਵਿੱਚ ਮਾਨੁਸ਼ੀ ਨੇ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਇੱਕ ਵਾਰ ਫਿਰ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਹਰਿਆਣਾ ਦੀ ਜੰਮਪਲ ਮਾਨੁਸ਼ੀ ਨੇ ਆਪਣੇ ਫਿਟਨੈਸ ਟੀਚਿਆਂ ਨਾਲ ਇੰਸਟਾਗ੍ਰਾਮ ‘ਤੇ ਆਪਣੇ ਲੱਖਾਂ ਫਾਲੋਅਰਜ਼ ਦਾ ਦਿਲ ਜਿੱਤ ਲਿਆ ਹੈ। ਉਹ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਮਾਨੁਸ਼ੀ ਫਿਲਮ ਪ੍ਰਿਥਵੀਰਾਜ ‘ਚ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਵੇਗੀ, ਜਿੱਥੇ ਉਹ ਪ੍ਰਿਥਵੀਰਾਜ ਚੌਹਾਨ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਅਕਸ਼ੈ ਕੁਮਾਰ ਉਨ੍ਹਾਂ ਭਾਗਸ਼ਾਲੀ ਸੁਪਰ ਸਟਾਰਾਂ ਵਿਚੋਂ ਇਕ ਹੈ ਜਿਸਨੇ ਸਭ ਤੋਂ ਵੱਧ ਵਿਸ਼ਵ ਸੁੰਦਰੀਆਂ ਨਾਲ ਅਦਾਕਾਰੀ ਦੇ ਜੌਹਰ ਵਿਖਾਏ ਹਨ। ਅਕਸ਼ੇ ਦੀ ਸਾਬਕਾ ਮਿਸ ਵਰਲਡ ਪ੍ਰਿਅੰਕਾ ਚੋਪੜਾ ਅਤੇ ਸਾਬਕਾ ਮਿਸ ਯੂਨੀਵਰਸ ਲਾਰਾ ਦੱਤਾ ਨਾਲ ਸ਼ਾਨਦਾਰ ਕੈਮਿਸਟਰੀ ਰਹੀ ਹੈ। ਤਿੰਨਾਂ ਨੇ ਫਿਲਮ ‘ਅੰਦਾਜ਼’ ‘ਚ ਇਕੱਠੇ ਕੰਮ ਕੀਤਾ ਹੈ। ਅਕਸ਼ੈ ਕੁਮਾਰ ਅਤੇ ਸੁਸ਼ਮਿਤਾ ਸੇਨ ਨੇ ਆਂਖੇਂ ਅਤੇ ਬੇਵਫਾ ਫਿਲਮਾਂ ਵਿੱਚ ਇੱਕਠੇ ਕੰਮ ਕੀਤਾ ਹੈ।
ਐਸ਼ਵਰਿਆ ਰਾਏ ਨਾਲ ਵੀ ਅਕਸ਼ੈ ਕੁਮਾਰ ਨੇ ਐਕਸ਼ਨ ਰਿਪਲੇ , ਖਾਕੀ ਸਮੇਤ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ।
ਕੀ ਅਗਲੀ ਬਾਰੀ ਹਰਨਾਜ਼ ਸੰਧੂ ਦੀ ਹੋਵੇਗੀ ?
ਕੀ ਪੰਜਾਬ ਦੀ ਪਹਿਲੀ ਮਿਸ ਯੂਨੀਵਰਸ ਹਰਨਾਜ਼ ਸੰਧੂ ਵੀ ਹੁਣ ਤੱਕ ਦੀਆਂ ਹੋਰ ਭਾਰਤੀ ਵਿਸ਼ਵ ਸੁੰਦਰੀਆਂ ਵਾਂਗ ਬਾਲੀਵੁੱਡ ਦਾ ਰੁਖ ਕਰੇਗੀ ?
ਕਿਉਂਕਿ ਭਾਰਤ ਦੀ ਪਹਿਲੀ ਭਾਰਤੀ ਵਿਸ਼ਵ ਸੁੰਦਰੀ ਰੀਟਾ ਫਾਰੀਆ ਤੋਂ ਬਿਨਾਂ ਬਾਕੀ ਸਭ ਨੇ ਕੀਤਾ ਬਾਲੀਵੁੱਡ ਫਿਲਮਾਂ ਵਿੱਚ ਕੰਮ ।
ਕੀ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਪਹਿਲਾਂ ਪਾਲੀਵੁੱਡ ਵਿੱਚ ਐਂਟਰੀ ਮਾਰ ਚੁੱਕੀ ਹਰਨਾਜ਼ ਹੁਣ ਪੰਜਾਬੀ ਸਿਨੇਮਾ ਨੂੰ ਬਾਏ ਬਾਏ ਕਰ ਦੇਵੇਗੀ ?
ਇਹਨਾਂ ਸਵਾਲਾ ਦੇ ਜਵਾਬ ਸਮੇਂ ਨਾਲ ਸਾਹਮਣੇ ਆਉਣਗੇ !
ਪੰਜਾਬੀ ਸਕਰੀਨ ਅਦਾਰੇ ਵਲੋਂ ਹਰਨਾਜ਼ ਸੰਧੂ ਅਤੇ ਉਸ ਦੇ ਪਰਿਵਾਰ ਨੂੰ ਢੇਰਾਂ ਮੁਬਾਰਕਾਂ ਅਤੇ ਹਰਨਾਜ਼ ਦੇ ਸੁਨਿਹਰੀ ਭਵਿੱਖ ਲਈ ਦੁਆਵਾਂ !
-ਦੀਪਕ ਗਰਗ
ਕੋਟਕਪੂਰਾ (98720 25607)