ਕਲਕੱਤਾ ਦੇ ਜੰਮਪਲ ਸਤੇਂਦਰ ਤ੍ਰਿਪਾਠੀ ਤਕਰੀਬਨ ਅੱਧੀ ਦੁਨੀਆ ਘੁੰਮ ਕੇ ਕਈ ਵੱਖੋ-ਵੱਖ ਕਾਰੋਬਾਰ ਕਰ ਚੁੱਕੇ ਹਨ। ਹੁਣ ਪਿਛਲੇ ਪੰਜ ਸਾਲਾਂ ਤੋਂ ਕਾਬੁਲ (ਅਫਗਾਨਿਸਤਾਨ) ਵਿਚ ਰਹਿ ਕੇ ‘ਅੇਰ ਲਾਈਨ’ ਕੰਪਨੀ ਵਿਚ ਕੰਮ ਕਰ ਰਹੇ ਹਨ। ਇਕ ਬਿਜ਼ਨਸਮੈਨ ਬੰਦੇ ਲਈ ਫ਼ਿਲਮ ਦੇਖਣ ਵਿਚ ਰੁਚੀ ਰੱਖਣਾ ਇਕ ਆਮ ਗੱਲ ਹੈ ਪਰ ਫ਼ਿਲਮ ਨਿਰਮਾਣ ਵਿਚ ਪੈਸਾ ਨਿਵੇਸ਼ ਕਰਨਾ ਬੜੀ ਦਲੇਰੀ ਵਾਲੀ ਗੱਲ ਹੈ। ਸਤੇਂਦਰ ਤ੍ਰਿਪਾਠੀ ਨੂੰ ਪੜ੍ਹਾਈ ਲਿਖਾਈ ਦਾ ਬਹੁਤ ਸ਼ੌਕ ਹੈ ਅਤੇ ਨਾਲ-ਨਾਲ ਉਹ ਫ਼ਿਲਮਾਂ ਵਿਚ ਵੀ ਪੂਰੀ ਰੁਚੀ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਕੂਲ ਟਾਈਮ ਤੋਂ ਹੀ ਹਫ਼ਤੇ ‘ਚ ੩ ਫ਼ਿਲਮਾਂ ਤਾਂ ਸਿਨੇਮਾ ਘਰ ਵਿਚ ਜਾ ਕੇ ਜ਼ਰੂਰ ਵੇਖਦੇ ਸਨ। ਸਤੇਂਦਰ ਤ੍ਰਿਪਾਠੀ ਦਾ ਮੰਨਣਾ ਹੈ ਕਿ ਹਰ ਕੰਮ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਦਾ ਹੈ, ਇਸ ਲਈ ਉਹ ਵੱਖੋ-ਵੱਖ ਕੰਮ ਕਰਨ ਵਿਚ ਦਿਲਚਸਪੀ ਰੱਖਦੇ ਹਨ। ਫ਼ਿਲਮਾਂ ਦਾ ਬਚਪਨ ਤੋਂ ਹੀ ਸ਼ੌਕ ਹੋਣ ਕਰਕੇ ਹੁਣ ਉਨ੍ਹਾਂ ਕੁਝ ਨਵਾਂ ਸਿੱਖਣ ਲਈ ਫ਼ਿਲਮ ਨਿਰਮਾਣ ਵਿਚ ਕਦਮ ਰੱਖਿਆ ਹੈ। ਮੁੰਬਈ ਵਿਖੇ ‘ਇੰਡੀਅਨ ਕਰੀ ਫ਼ਿਲਮਜ਼’ ਨਾਮ ਦੀ ਫ਼ਿਲਮ ਪ੍ਰੋਡਕਸ਼ਨ ਕੰਪਨੀ ਖੋਲ੍ਹ ਕੇ ਉਹ ਆਪਣੀ ਪਲੇਠੀ ਫ਼ਿਲਮ ਦਾ ਸਫ਼ਲਤਾ ਪੂਰਵਕ ਨਿਰਮਾਣ ਕਰ ਚੁੱਕੇ ਹਨ, ਜਿਸ ਦਾ ਨਾਮ ਹੈ ‘ਕੁੱਤੇ ਕੀ ਦੁੰਮ’। ਫ਼ਿਲਮ ਬਣ ਕੇ ਤਿਆਰ ਹੈ ਅਤੇ ਚੜ੍ਹਦੇ ਸਾਲ ਦੇ ਪਹਿਲੇ ਮਹੀਨੇ ਵਿਚ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਅਫਗਾਨਿਸਤਾਨ ਵਿਚ ਰਹਿਣ ਦੇ ਕਾਰਨ ਸਤੇਂਦਰ ਦਾ ਫ਼ਿਲਮ ਨਿਰਮਾਣ ਦਾ ਸਾਰਾ ਕਾਰੋਬਾਰ ਉਨ੍ਹਾਂ ਦੀ ਪਤਨੀ ਸੋਨੀਕਾ ਪਟੇਲ ਸੰਭਾਲਦੀ ਹੈ। ਸਤੇਂਦਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਦੀ ਮਦਦ ਦੇ ਬਿਨਾਂ ਫ਼ਿਲਮ ਨਿਰਮਾਣ ਦਾ ਇਹ ਕਾਰੋਬਾਰ ਖੋਲਣਾ ਉਨ੍ਹਾਂ ਲਈ ਸੰਭਵ ਨਹੀਂ ਸੀ। ‘ਕੁੱਤੇ ਕੀ ਦੁੰਮ’ ਫ਼ਿਲਮ ਬਾਰੇ ਸਤੇਂਦਰ ਆਖਦੇ ਹਨ ਕਿ ਰੋਮਾਂਸ, ਕਮੇਡੀ ਅਤੇ ਸੰਗੀਤਕ ਰਸ ਨਾਲ ਸਜੀ ਹੋਈ ਇਸ ਫ਼ਿਲਮ ਵਿਚ ਸਾਨੂੰ ਕਿਤੇ ਵੀ ‘ਕੁੱਤੇ ਕੀ ਦੁੰਮ’ ਸ਼ਬਦ ਦੀ ਵਰਤੋਂ ਦੀ ਜ਼ਰੂਰਤ ਨਹੀਂ ਪਈ, ਕਿਉਂਕਿ ਜੋ ਸੰਦੇਸ਼ ਅਸੀਂ ਇਸ ਫ਼ਿਲਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਉਹ ਇਸ ਫ਼ਿਲਮ ਦੀ ਕਹਾਣੀ ਬਖ਼ੂਬੀ ਪਹੁੰਚਾ ਦੇਵੇਗੀ। ਆਉਣ ਵਾਲੇ ਸਮੇਂ ਵਿਚ ਵੀ ਸਤੇਂਦਰ ਇਸੇ ਤਰ੍ਹਾਂ ਮਨੋਰੰਜਨ ਭਰਭੂਰ ਫ਼ਿਲਮਾਂ ਬਣਾਉਂਦੇ ਰਹਿਣਗੇ, ਕਿਉਂਕਿ ਫਾਇਨਾਂਸ ਦੇ ਬਿਜ਼ਨਸ ਵਿਚ ਪਿਛੋਕੜ੍ਹ ਰੱਖਣ ਦੇ ਨਾਤੇ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਰਿਸਕ ਤਾਂ ਜ਼ਿੰਦਗੀ ਵਿਚ ਹਰ ਕੰਮ ‘ਚ ਹੀ ਹੈ ਫੇਰ ਬੰਦਾ ਕਿਉਂ ਨਾ ਉਹ ਕੰਮ ਕਰੇ, ਜਿਸ ਵਿਚ ਉਸਦੀ ਰੁਚੀ ਹੋਵੇ। ਹਾਲ ਹੀ ਵਿਚ ਸਤੇਂਦਰ ਤ੍ਰਿਪਾਠੀ ਦੀ ਫਾਇਨਾਂਸ ਪਲੈਨਿੰਗ ‘ਤੇ ਲਿਖੀ ਹੋਈ ਇਕ ਪੁਸਤਕ “ਇਨੋਵੇਟਿਵ ਫਾਇਨੈਸ਼ੀਅਲ ਪਲੈਨਿੰਗ ਇਨ ਅਨਸਰਟੇਨ ਟਾਈਮਜ਼’ ਵੀ ਪ੍ਰਕਾਸ਼ਿਤ ਹੋ ਕੇ ਮਾਰਕੀਟ ਵਿਚ ਆਈ ਹੈ। ਉਮੀਦ ਕਰਦੇ ਹਾਂ ਕਿ ਇਕ ਨਵੇਂ ਨਿਰਮਾਤਾ ਨੂੰ ਫ਼ਿਲਮ ਇੰਡਸਟਰੀ ਵਿਚ ਆਉਣ ‘ਤੇ ਦਰਸ਼ਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲੇਗਾ।
ਫ਼ਿਲਮੀ ਘਰਾਣੇ ਦੀ ਜੰਮਪਲ ਸੋਨੀਕਾ ਪਟੇਲ ਦਾ ਪਿਛੋਕੜ੍ਹ ਗੁਜਰਾਤ ਅਤੇ ਪੰਜਾਬ ਨਾਲ ਤਾਲੁਕਾਤ ਰੱਖਦਾ ਹੈ। ਉਨ੍ਹਾਂ ਦੇ ਮਾਤਾ ਜੀ ਪੰਜਾਬ ਤੋਂ ਅਤੇ ਪਿਤਾ ਗੁਜਰਾਤ ਤੋਂ ਹਨ ਪਰ ਸ਼ੁਰੂ ਤੋਂ ਹੀ ਮੁੰਬਈ ਵਿਚ ਰਹਿਣ ਦੇ ਕਾਰਨ ਸੋਨੀਕਾ ਦਾ ਰੁਝਾਨ ਹਮੇਸ਼ਾ ਤੋਂ ਹੀ ਫ਼ਿਲਮ ਜਗਤ ਵੱਲ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਵੱਡੀ ਭੈਣ ਸਨਮ ਪਟੇਲ ਬਾਲੀਵੁੱਡ ਅਭਿਨੇਤਰੀ ਹੈ ਅਤੇ ਭਰਾ ਸੁਨੀਲ ਪਟੇਲ ਬਾਲੀਵੁੱਡ ਵਿਚ ਫ਼ਿਲਮ ਨਿਰਦੇਸ਼ਕ ਹਨ। ਹੁਣ ਤੱਕ ਫ਼ਿਲਮ ਇੰਡਸਟਰੀ ਵਿਚ ਕਈ ਥਾਵਾਂ ‘ਤੇ ਕੰਮ ਕਰ ਚੁੱਕੀ ਸੋਨੀਕਾ ਅੱਜ ਆਪਣੀ ਮਿਹਨਤ ਅਤੇ ਕਿਸਮਤ ਸਦਕਾ ਬਾਲੀਵੁੱਡ ਵਿਚ ਫ਼ਿਲਮ ਨਿਰਮਾਤਾ ਬਣ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਸਹਾਇਕ ਨਿਰਦੇਸ਼ਕ, ਸਹਾਇਕ ਐਡੀਟਰ ਅਤੇ ਪ੍ਰੋਡਕਸ਼ਨ ਦੇ ਵੱਖੋ-ਵੱਖ ਕੰਮਾਂ ਵਿਚ ਸਹਾਇਕ ਦੀ ਨੌਕਰੀ ਕਰ ਕੇ ਫ਼ਿਲਮ ਜਗਤ ਵਿਚ ਬਹੁਤ ਸਾਰਾ ਸੰਘਰਸ਼ ਕੀਤਾ ਪਰ ਇਹ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਬਾਲੀਵੁੱਡ ਵਿਚ ਫ਼ਿਲਮ ਨਿਰਮਾਤਾ ਦੇ ਨਾਮ ਨਾਲ ਜਾਣੇ ਜਾਣਗੇ। ਅੱਜ ਮੁੰਬਈ ਵਿਖੇ ‘ਇੰਡੀਅਨ ਕਰੀ ਫ਼ਿਲਮਜ਼’ ਪ੍ਰੋਡਕਸ਼ਨ ਹਾਊਸ ਵਿਚ ਸੋਨੀਕਾ ਪਟੇਲ ਨਿਰਮਾਤਾ ਹਨ, ਜਿਸ ਦਾ ਸਾਰਾ ਕ੍ਰੇਡਿਟ ਉਹ ਆਪਣੇ ਪਤੀ ਸਤੇਂਦਰ ਤ੍ਰਿਪਾਠੀ ਨੂੰ ਦਿੰਦੇ ਹਨ। ਸੋਨੀਕਾ ਪਟੇਲ ਆਖਦੇ ਹਨ ਕਿ ਉਨ੍ਹਾਂ ਦੇ ਪਤੀ ਨੇ ਆਪ ਅਫਗਾਨਿਸਤਾਨ ਵਿਚ ਰਹਿੰਦਿਆਂ ਹੋਇਆਂ ਵੀ ਉਨ੍ਹਾਂ ਦੇ ਫ਼ਿਲਮ ਜਗਤ ਵਿਚ ਕੰਮ ਕਰਨ ਦੀ ਇੱਛਾ ਨੂੰ ਮੁੱਖ ਰੱਖਦਿਆਂ ਅਤੇ ਪਿਛਲੇ ਕੀਤੇ ਸੰਘਰਸ਼ ਨੂੰ ਵੇਖਦਿਆਂ ਮੁੰਬਈ ਵਿਚ ਫ਼ਿਲਮ ਪ੍ਰੋਡਕਸ਼ਨ ਹਾਊਸ ਖੋਲ੍ਹ ਕੇ ਦਿੱਤਾ, ਜੋ ਕਿ ਸੋਨੀਕਾ ਨੇ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਬਹੁਤ ਸਾਰਾ ਸੰਘਰਸ਼ ਕਰਨ ਤੋਂ ਬਾਅਦ ਨਿਰਮਾਤਾ ਬਣੀ ਸੋਨੀਕਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਲਾਇਨ ‘ਚ ਸੰਘਰਸ਼ ਕਰਨਾ ਕਿੰਨਾ ਔਖਾ ਕੰਮ ਹੈ, ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਪਲੇਠੀ ਫ਼ਿਲਮ ‘ਕੁੱਤੇ ਕੀ ਦੁੰਮ’ ਲਈ ਕਲਾਕਾਰਾਂ ਦੀ ਚੋਣ ਕਰਨ ਵੇਲੇ ਕੋਈ ਨਾਮੀ ਕਲਾਕਾਰ ਨਾ ਚੁਣ ਕੇ ਅਦਾਕਾਰੀ ਲਈ ਸੰਘਰਸ਼ ਕਰ ਰਹੇ ਨਵੇਂ ਕਲਾਕਾਰਾਂ ਨੂੰ ਚੁਣਿਆ। ਸੋਨੀਕਾ ਦਾ ਕਹਿਣਾ ਹੈ ਕਿ ਚਾਹੇ ਕੋਈ ਕਿੱਡਾ ਵੀ ਵੱਡਾ ਜਾਂ ਨਾਮੀ ਕਲਾਕਾਰ ਕਿਉਂ ਨਾ ਬਣ ਜਾਵੇ ਪਰ ਪਹਿਲੀ ਵਾਰ ਕੰਮ ਕਰਨ ਲੱਗਿਆਂ ਤਾਂ ਹਰ ਕੋਈ ਨਵਾਂ ਹੀ ਹੁੰਦਾ ਹੈ। ਪੰਜਾਬ ਵਿਚ ਕੜਾਕੇ ਦੀ ਠੰਡ ਵਿਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਮੌਸਮ ਅਤੇ ਹੋਰ ਪ੍ਰਸਥਿਤੀਆਂ ਨੂੰ ਲੈ ਕੇ ਨਿਰਮਾਤਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਹਾਲਾਤਾਂ ਦੇ ਅੱਗੇ ਹਿੰਮਤ ਨਾ ਹਾਰਦੇ ਹੋਏ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰਵਾਈ। ਸ਼ੁਰੂ ਤੋਂ ਹੀ ਪਰਦੇ ਦੇ ਪਿੱਛੇ ਕੰਮ ਕਰਨ ਦੀ ਚਾਹਵਾਨ ਰਹੀ ਸੋਨੀਕਾ ਪਟੇਲ ਫ਼ਿਲਮ ਨਿਰਦੇਸ਼ਨ ਵਿਚ ਵੀ ਰੁੱਚੀ ਰੱਖਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਫ਼ਿਲਮ ਨਿਰਦੇਸ਼ਨ ਵੱਲ ਜਾਣ ਦੀ ਤਿਆਰੀ ਵੀ ਕੱਸ ਰਹੇ ਹਨ।