ਪਹਿਲਾ ਤਾਂ ਇਕੋ ਦਿਨ ਦੋ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਨੂੰ ਲੈ ਕੇ ਅਕਸਰ ਦੋ ਨਿਰਮਾਤਾ, ਡਿਸਟ੍ਰੀਬਿਊਟਰ ਜਾਂ ਲੀਡ ਐਕਟਰ ਟਕਰਾਉਂਦੇ ਵੇਖੇ ਗਏ ਸਨ ਪਰ ਇਸ ਵਾਰ ਇਨਾਂ ਦੇ ਨਾਲ ਨਾਲ ਹੁਣ ਦੋ ਪ੍ਰਮੁੱਖ ਚੈਨਲ ਵੀ ਆਪਸ ਵਿਚ ਭਿੜਣ ਦੀ ਤਿਆਰੀ ਵਿਚ ਹਨ। ਗੱਲ ਕਰ ਰਿਹਾਂ ਜੀ 3 ਮਈ ਨੂੰ ਰਿਲੀਜ਼ ਹੋ ਰਹੀਆਂ ਦੋ ਪੰਜਾਬੀ ਫ਼ਿਲਮਾਂ ‘ਦਿਲ ਦੀਆ ਗੱਲਾਂ’ ਅਤੇ ‘ਬਲੈਕੀਆ’ ਦੀ।
ਵੈਸੇ ਤਾਂ ਅਜਿਹਾ ਐਸਾ ਕੋਈ ਨਿਯਮ ਨਹੀਂ ਹੈ ਕਿ ਇਕੋ ਦਿਨ ਦੋ ਫ਼ਿਲਮਾਂ ਇਕੱਠੀਆਂ ਨਾ ਰਿਲੀਜ਼ ਹੋਣ, ਕਿਉਂਕਿ ਹਰ ਸ਼ੁੱਕਰਵਾਰ ਬਾਲੀਵੁੱਡ ਵਿਚ ਵੀ ਇਕ ਤੋਂ ਵੱਧ ਹੀ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ। ਪਰ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਖੇਤਰੀ ਭਾਸ਼ਾ ਹੋਣ ਕਰਕੇ ਸਾਡੀਆਂ ਫ਼ਿਲਮ ਸਕਰੀਨਾਂ ਅਤੇ ਕੁਲੈਕਸ਼ਨ ਦੇ ਸਾਧਨ ਸੀਮਤ ਹਨ ਇਸ ਲਈ ਗੱਲ ਇਖਲਾਕੀ ਕਾਇਦੇ ਅਤੇ ਪੰਜਾਬੀ ਸਿਨੇਮਾ ਦੀ ਭਲਾਈ ਦੀ ਵੀ ਹੈ ਅਤੇ ਇਸ ਮੁਤਾਬਕ 3 ਮਈ ਦੀ ਰਿਲੀਜ਼ ਡੇਟ ਪਹਿਲਾਂ ਪਰਮੀਸ਼ ਵਰਮਾ ਦੀ ਫ਼ਿਲਮ ‘ਦਿਲ ਦੀਆਂ ਗੱਲਾਂ’ ਲਈ ਤੈਅ ਕੀਤੀ ਗਈ ਸੀ ਅਤੇ ਇਹ ਫ਼ਿਲਮ ਸਪੀਡ ਰਿਕਾਰਡਜ਼ ਅਤੇ ਪਿਟਾਰਾ ਚੈਨਲ ਵਾਲਿਆਂ ਦੀ ਸਾਂਝੀ ਫ਼ਿਲਮ ਹੈ ਜਿਸ ਦੇ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ (ੳਮਜੀ ਗੁੱਰਪ) ਹਨ। ਦੂੂਜੇ ਪਾਸੇ ਜੇ ਫ਼ਿਲਮ ਬਲੈਕੀਆ ਦੀ ਗੱਲ ਕਰੀਏ ਤਾਂ ਇਸ ਦੀ ਰਿਲੀਜ਼ ਡੇਟ 26 ਅਪ੍ਰੈਲ ਫਿਕਸ ਕੀਤੀ ਗਈ ਸੀ, ਇਸ ਲਈ 3 ਮਈ ਤੇ ਪਹਿਲਾ ਹੱਕ ਤਾਂ ਫ਼ਿਲਮ ‘ਦਿਲ ਦੀਆਂ ਗੱਲਾਂ ਦਾ’ ਹੀ ਬਣਦਾ ਹੈ ਅਤੇ ‘ਬਲੈਕੀਆ’ ਦੀ ਟੀਮ ਨੂੰ ਅਜਿਹੀ ਟਕਰਾਅ ਵਾਲੀ ਸਤਿੱਥੀ ਤੋਂ ਗੁਰੇਜ਼ ਕਰਨਾ ਚਾਹੀਦਾ।
ਨਿਰਮਾਤਾ ਵਿਵੇਕ ਓਹਰੀ (ਓਹਰੀ ਪੋ੍ਰਡਕਸ਼ਨ) ਜੋਕਿ ‘ਬਲੈਕੀਆ’ ਦੇ ਨਿਰਮਾਤਾ ਹੋਣ ਦੇ ਨਾਲ ਨਾਲ ਫ਼ਿਲਮ ਡਿਸਟ੍ਰੀਬਿਊਟਰ ਵੀ ਹਨ ਅਤੇ ਉਨਾਂ ਦੀ ਸਾਂਝ ਬਤੌਰ ਡਿਸਟ੍ਰੀਬਿਊਟਰ ਹੁਣ ਪੀ.ਟੀ.ਸੀ ਗੁੱਰਪ ਨਾਲ ਵੀ ਪੈ ਚੁੱਕੀ ਹੈ ਇਸ ਲਈ ਫ਼ਿਲਮ ਬਲੈਕੀਆ ਨੂੰ ਲੈ ਕੇ ਹੁਣ ਪੀ.ਟੀ.ਸੀ (ਗੁਰੁੱਪ) ਦੇ ਸਿੱਧੇ ਤੌਰ ਤੇ ਫ਼ਿਲਮ ਨਾਲ ਖੜੇ ਹੋਣ ਕਾਰਨ ਦੋਨਾਂ ਚੈਨਲਾਂ ਦਾ ਆਪਸੀ ਟਕਰਾਅ ਸਾਹਮਣੇ ਆ ਰਿਹਾ ਹੈ। ਆਪੋ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਭਾਂਵੇ ਦੋਨਾਂ ਦਾ ਆਪਸ ਵਿਚ ਇਹ ਦਿਲਚਸਪ ਅਤੇ ਸਖ਼ਤ ਮੁਕਾਬਲਾ ਤਾਂ ਹੈ ਹੀ ਪਰ ਇਸ ਦੀਆ ਜੜ੍ਹਾਂ ਧੜੇਬੰਦੀ ਵੱਲ ਵੀ ਧੱਸਦੀਆਂ ਦਿਸ ਰਹੀਆਂ ਹਨ, ਜੋਕਿ ਕਿ ਇਕ ਗੰਭੀਰ ਮੁੱਦਾ ਹੈ ਅਤੇ ਪੰਜਾਬੀ ਸਿਨੇਮਾ ਦੇ ਹੱਕ ਵਿਚ ਨਹੀਂ।
ਜਿੱਥੇ ਇਕ ਪਾਸੇ ਦੋਨੋ ਫ਼ਿਲਮਾਂ ਦੇ ਸਟਾਰਾਂ, ਦੇਵ ਖਰੋੜ ਅਤੇ ਪਰਮੀਸ਼ ਵਰਮਾ ਦੀ ਵੀ ਆਪੋ ਆਪਣੀ ਵੱਡੀ ਫੈਨ ਫੋਲੋਇੰਗ ਹੋਣ ਕਾਰਨ ਦੋਨੋ ਆਪੋ ਆਪਣੇ ਢੰਗ ਨਾਲ ਫ਼ਿਲਮ ਦੇ ਪ੍ਰਚਾਰ ਲਈ ਜੁਟੇ ਹੋਏ ਹਨ, ਉੱਥੇ ਦੋਵੇਂ ਚੈਨਲ ਗੁੱਰਪ ਵੀ ਆਪਣੇ-ਆਪਣੇ ਮਾਧਿਅਮ ਰਾਹੀਂ ਆਪਣੀ ਫ਼ਿਲਮ ਨੂੰ ਹਿੱਟ ਕਰਨ ਦੀ ਪੂਰੀ ਵਾਅ ਲਾ ਰਹੇ ਹਨ।
ਆਖਰ ਫੈਸਲਾ ਤਾਂ ਭਾਵੇਂ ਦਰਸ਼ਕਾਂ ਨੇ ਦੋਨੋ ਫ਼ਿਲਮਾਂ ਵੇਖ ਕੇ ਹੀ ਕਰਨਾ ਹੈ, ਪਰ ਸਾਡੇ ਮੁਤਾਬਕ ਇਹ ਜ਼ਿੱਦਬਾਜੀ ਵਾਲਾ ਚਲਨ ਠੀਕ ਨਹੀ, ਅਜਿਹੇ ਟਕਰਾਅ ਦਾ ਖਮਿਆਜਾ ਆਉਣ ਵਾਲੇ ਸਮੇ ਫ਼ਿਲਮ ਨਿਰਮਾਤਾਵਾਂ ਦੇ ਨਾਲ ਨਾਲ ਫ਼ਿਲਮਾਂ ਨਾਲ ਜੁੜੇ ਬਾਕੀ ਲੋਕਾਂ ਨੂੰ ਵੀ ਭੁਗਤਨਾ ਪੈ ਸਕਦੈ। ਦੋਨੇ ਫ਼ਿਲਮਾਂ ਹਿੱਟ ਰਹਿਣ ਦੇ ਬਾਵਜੂਦ ਵੀ ਸਿਨੇਮਾਂ ਘਰ ਅਤੇ ਕੁਲੈਕਸ਼ਨ ਦੇ ਵੰਡੇ ਜਾਣ ਦਾ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੀ ਹੈ।
ਖੈਰ ਹੁਣ ਜੋ ਵੀ ਹੈ ਸਭ ਦੇ ਸਾਹਮਣੇ ਹੈ, ਪਰ ਸਾਡੇ ਵਲੋਂ ਦੋਨੋ ਫ਼ਿਲਮਾਂ ਦੀ ਕਾਮਯਾਬੀ ਲਈ ਸ਼ੁੱਭ ਇੱਛਾਵਾਂ ਅਤੇ ਨਿਰਮਾਤਾਵਾਂ ਨੂੰ ਅੱਗੇ ਤੋਂ ਅਜਿਹਾ ਚਲਨ ਨਾ ਅਪਨਾਉਣ ਦੀ ਸਲਾਹ।
-ਦਲਜੀਤ ਅਰੋੜਾ