ਅਸੀਂ ਵੀ ਸੁਰਜੀਤ ਪਾਤਰ ਸਾਹਿਬ ਦਾ ਪੂਰਾ-ਪੂਰਾ ਸਤਿਕਾਰ ਕਰਦੇ ਹਾਂ ਪਰ ਸਤਿੰਦਰ ਸੱਤੀ ਨੇ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਜੋ ਮੁਕਾਮ ਹਾਸਲ ਕੀਤਾ ਹੈ, ਉੁਸ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸੁਖਬੀਰ ਬਾਦਲ ਦੇ ਪਿਛਲੀ ਸਰਕਾਰ ਚ ਲਏੇ ਫੈਸਲਿਆਂ ਦਾ ਵਿਰੋਧ ਕਰਨਾ ਸਿੱਧੂ ਸਾਹਿਬ ਦੀ ਸਿਆਸੀ ਮਜਬੂਰੀ ਹੋ ਸਕਦੀ ਹੈ ਪਰ ਆਪਣੀ ਇਸ ਸਿਆਸੀ ਰੰਜਿਸ਼ ਕਰਕੇ ਕਲਾਕਾਰਾਂ ਨੂੰ ਮਾੜੀ ਸਿਆਸਤ ਦਾ ਸ਼ਿਕਾਰ ਤਾਂ ਨਹੀਂ ਬਨਾਉਣਾ ਚਾਹੀਦਾ…ਕਲਾਕਾਰ ਤਾਂ ਸਭ ਦੇ ਸਾਂਝੇ ਹੁੰਦੇ ਨੇ ਪਰ ਸਿੱਧੂ ਸਾਹਿਬ ਦੇ ਇਸ ਬਚਕਾਨਾ ਫੈਸਲੇ ਨੇ ਪੰਜਾਬ ਆਰਟ ਕੌਂਸਲ ਦੇ ਅਹੁਦੇ ‘ਤੇ ਬਿਰਾਜਮਾਨ ਦੋ ਸ਼ਖ਼ਸੀਅਤਾਂ ਵਿੱਚੋਂ ਕਿਹੜਾ ਵੱਧ ਯੋਗ ਹੈ, ਦੀ ਗੱਲ ਕਲਾਕਾਰਾਂ ਦੇ ਮੂੰਹੋਂ ਕਢਵਾਉਣ ਦੀ ਜੋ ਦੁਵਿਧਾ ਪੈਦਾ ਕੀਤੀ ਹੈ, ਇਹ ਸਹੀ ਨਹੀਂ ਹੈ। ਦੋਵਾਂ ਦਾ ਹੀ ਆਪੋ-ਆਪਣੀ ਜਗ੍ਹਾ ਵਧੀਆ ਮੁਕਾਮ ਹੈ। ਸੁਰਜੀਤ ਪਾਤਰ ਸਾਹਿਬ ਨੂੰ ਕਿਸੇ ਵੀ ਉੱਚੇ ਅਹੁਦੇ ਨਾਲ ਨਿਵਾਜਿਆ ਜਾ ਸਕਦਾ ਸੀ, ਇਹੋ ਅਹੁਦਾ ਕਿਉਂ, ਉਹ ਵੀ ਗੈਰ ਸੰਵਿਧਾਨਕ ਤਰੀਕੇ ਨਾਲ ? ਇਹ ਤਾਂ ਸਮਝ ਤੋਂ ਬਾਹਰ ਵਾਲੀ ਗੱਲ ਹੈ !
ਜਦੋਂ ਦਾ ਸਤਿੰਦਰ ਸੱਤੀ ਨੇ ਇਹ ਅਹੁਦਾ ਸੰਭਾਲਿਆ ਹੈ ਸਾਨੂੰ ਨਹੀਂ ਲੱਗਦਾ ਕਿ ਉੁਸ ਨੇ ਇਸ ਲਈ ਕਿਤੇ ਵੀ ਅਪਣੀ ਕਾਬਲੀਅਤ ਦੱਸਣ ਵਿਚ ਕੋਈ ਕਸਰ ਛੱਡੀ ਹੋਵੇ, ਮਨੋਰੰਜਨ ਟੈਕਸ ਮਾਫ ਕਰਵਾਉੁਣਾ, ਮਲਟੀਪਲੈਕਸ ਵਿਚ ਪੰਜਾਬੀ ਫ਼ਿਲਮਾਂ ਦਾ ਸ਼ੋਅ ਲਾਜ਼ਮੀ ਕਰਵਾਉੁਣਾ, ਕਲਚਰਲ ਪਾਲਸੀ ਦਾ ਖਰੜਾ ਤਿਆਰ ਕਰ ਉੁਸ ਨੂੰ ਲਾਗੂ ਕਰਵਾਉੁਣ ਲਈ ਰੋਜ ਮੀਟਿੰਗਾਂ ਉਹ ਵੀ ਕਲਾ ਨਾਲ ਜੁੜੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਨਾਲ ਲੈ ਕੇ, ਵੱਖ-ਵੱਖ ਕਲਾ ਕੇਂਦਰਾਂ ‘ਚ ਜਾ ਕੇ ਕਲਾਕਾਰਾਂ ਕੋਲੋਂ ਆਪ ਉੁਨ੍ਹਾਂ ਦੀਆਂ ਮੁਸ਼ਕਲਾਂ ਪੁੱਛਣਾ, ਥਿਏਟਰ ਅਤੇ ਵਿਰਾਸਤੀ ਮੇਲਿਆਂ ਨੂੰ ਪ੍ਰਫੁੱਲਤ ਕਰਨ ਦੀਆਂ ਕੋਸ਼ਿਸ਼ਾਂ ਆਦਿ। ਪਹਿਲਾਂ ਤਾਂ ਕਦੇ ਨਹੀਂ ਸੀ ਸੁਣਿਆ ਇਸ ਅਹੁਦੇ ‘ਤੇ ਬਿਰਾਜਮਾਨ ਕਿਸੇ ਵੀ ਵਿਅਕਤੀ ਕੋਲੋਂਂ, ਨਾ ਹੀ ਸਤਿੰਦਰ ਸੱਤੀ ਦੇ ਮੁਖੀ ਬਣਨ ਤੋਂ ਪਹਿਲਾਂ ਇਸ ਮਹਿਕਮੇ ਬਾਰੇ ਲੋਕਾਂ ਨੂੰ ਬਹੁਤਾ ਪਤਾ ਸੀ। ਇਕ ਪੇਸ਼ਾਵਰ ਕਲਾਕਾਰ ਦਾ ਇਸ ਸੀਟ ਲਈ ਇੰਨਾ ਸਮਾ ਕੱਢ ਪਾਉਣਾ ਵੀ ਮਾਇਨਾ ਰੱਖਦੈ।
ਇਕ ਪਾਸੇ ਅਸੀ ਯੂਥ ਨੂੰ ਅੱਗੇ ਲਿਆਉਣ ਦੀ ਗੱਲ ਕਰਦੇ ਹਾਂ ਦੂਜੇ ਪਾਸੇ ਅਸੀ ਉਨਾਂ ਨੂੰ ਕੰਮ ਵੀ ਨਹੀਂ ਕਰਨ ਦਿੰਦੇ…
ਇਕ ਨੌਜਵਾਨ, ਖ਼ੁਦ ਕਲਾਕਾਰ ਨੇਤਾ ਅਤੇ ਜਿੰਮੇਵਾਰ ਨੇਤਾ ਹੋ ਕੇ ਆਪ ਹੀ ਕਿਸੇ ਕਲਾਕਾਰ ਨੂੰ ਨੀਵਾਂ ਦਿਖਾਉਣਾ, ਉਸ ਦੀਆਂ ਮਾਨਸਿਕ ਭਾਵਨਾਵਾਂ ਦਾ ਖਿਲਵਾੜ ਕਰਨ ਵਰਗੀਆਂ ਆਪ ਹੁਦਰੀਆਂ ਕਰਨਾ, ਇਕ ਸੱਭਿਆਚਾਰਕ ਅਹੁਦੇ ‘ਤੇ ਕਿਸੇ ਨੂੰ ਨਿਵਾਜਨ ਲਈ ਉੁਸ ਅਹੁਦੇ ਲਈ ਬਣੇ ਸੰਵਿਧਾਨ ਦੀ ਸੱਭਿਅਤਾ ਨੂੰ ਆਪ ਹੀ ਛਿੱਕੇ ਟੰਗਣਾ, ਦੱਸੋ ਦੋਸਤੋ ਕਿੰਨਾ ਕੁ ਜਾਇਜ਼ ਹੈ ?
ਅਸਲ ‘ਚ ਬਣਦਾ ਇਹ ਸੀ ਕਿ ਪਾਤਰ ਸਾਹਿਬ ਨੂੰ ਸੱਭਿਆਚਾਰ ਮਾਮਲਿਆਂ ਨਾਲ ਸਬੰਧਤ ਕਿਸੇ ਵੀ ਹੋਰ ਉੱਚ ਅਹੁਦੇ ‘ਤੇ ਲਾਉਂਂਦੇ..
ਬਿਨਾ ਖੁਦ ਸੋਚਿਆਂ ਚੰਦ ਕੁ ਬੁੱਧੀਜੀਵੀਆਂ ਦੀ ਗੱਲ ਮਨ ਕੇ ਕਿ ਸਤਿੰਦਰ ਸੱਤੀ ਇਸ ਅਹੁਦੇ ਦੇ ਕਾਬਲ ਨਹੀਂ, ਇਸ ਨੂੰ ਹਟਾਉਣਾ ਹੀ ਸੀ ਤਾਂ ਇਸ ਕੋਲੋਂ ਅੰਦਰ ਖਾਤੇ ਅਸਤੀਫਾ ਲੈ ਲੈਂਦੇ ਤਾਂ ਕਿ ਉਹ ਵੀ ਕੋਈ ਬਹਾਨਾ ਬਣਾ ਕੇ ਆਪਣੇ ਆਪ ਨੂੰ ਸੇਫ ਕਰ ਲੈਂਦੀ ਜਿੱਦਾਂ ਕਿ ਅਕਸਰ ਸਿਆਸਤ ‘ਚ ਹੋਇਆ ਕਰਦੈ, ਜਾਂ ਫੇਰ ਪਾਤਰ ਸਾਹਿਬ ਖੁਦ ਹੀ ਇਹ ਅਹੁਦਾ ਨਾ ਸਵੀਕਾਰ ਕੇ ਆਪਣੀ ਦਰਿਆ ਦਿਲੀ ਦਾ ਸਬੂਤ ਦੇਂਦੇ …
ਸਤਿੰਦਰ ਸੱਤੀ ਨੂੰ ਇਸ ਬਾਰੇ ਪੁੱਛਣ ‘ਤੇ ਉਸ ਨੇ ਪਾਤਰ ਸਾਹਿਬ ਨੂੰ ਵਧਾਈ ਦਿੰਦੇ ਹੋਏ ਦੋ ਲਫ਼ਜ਼ਾਂ ‘ਚ ਹੱਸਦਿਆਂ-ਹੱਸਦਿਆਂ ਗੱਲ ਮੁਕਾ ਦਿੱਤੀ ਕਿ ਸਿੱਧੂ ਸਾਹਿਬ ਨੇ ਮੈਨੂੰ ਅਕਾਲੀ ਬਣਾ ਦਿੱਤਾ ਅਤੇ ਪਾਤਰ ਸਾਹਿਬ ਨੂੰ ਬਦੋ-ਬਦੀ ਕਾਂਗਰਸ ਚ ਸ਼ਾਮਲ ਕਰ ਲਿਆ ਲਗਦੈ, ਪਰ ਇਸ ਦਾ ਫੈਸਲਾ ਅਸੀਂ ਕਲਾਕਾਰਾਂ ਨੇ ਕਰਨਾ ਹੈ ਕਿ ਅਜਿਹੀ ਗੈਰ ਸੰਵਿਧਾਨਕ ਰੀਤ ਪੈਣ ਦੇਣੀ ਹੈ ਕਿ ਨਹੀਂ।
ਆਖਰ ‘ਚ ਅਸੀ ਇਹੋ ਕਹਾਂਗੇ ਕਿ ਪ੍ਰਫੈਕਸ਼ਨ ਤਾਂ ਕਿਸੇ ‘ਚ ਵੀ ਮਿਲਣੀ ਮੁਸ਼ਕਲ ਹੈ, ਕੋਈ ਅਹੁਦਾ ਹੋਵੇ ਜਾਂ ਸਰਕਾਰ ਅਤੇ ਨਾ ਹੀ ਕਿਸੇ ਦੇ ਵਧੀਆ ਕੰਮ ਕਰਨ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਹਾਂ ਕਿਸੇ ‘ਚ ਸੁਧਾਰ ਲਿਆਉਣ ਲਈ ਉਸ ਨੂੰ ਚੰਗੀਆ ਸਲਾਹਾਂ ਦੇ ਕੇ, ਕੰਮ ਕਰਨ ਲਈ ਸਮਾਂ ਦੇ ਕੇ ਉਸ ਤੋਂ ਹੋਰ ਚੰਗੇ ਦੀ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ
ਵੈਸੇ ਡੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਜੇ ਵਿਗੜਿਆ…
ਧੰਨਵਾਦ
- ਦਲਜੀਤ ਸਿੰਘ ।