ਇਹ ਸਮਾਜ ਜਿਸ ਇਨਸਾਨ ਨੂੰ ਸਮਾਜਿਕ ਰਿਸ਼ਤਿਆਂ ਦੀ ਚਾਟੀ ’ਚ ਪਾ ਕੇ ਔਕੜਾਂ-ਮੁਸੀਬਤਾਂ ਦੀ ਮਧਾਣੀ ਨਾਲ ਜਿੰਨਾ ਜ਼ਿਆਦਾ ਰਿੜਕਦਾ ਹੈ, ਉਹ ਇਨਸਾਨ ਉਨਾ ਹੀ ਜ਼ਿਆਦਾ ਮਜਬੂਤ ਬਣ ਮੱਖਣ ਦੀ ਤਰ੍ਹਾਂ ਉੱਪਰ ਆ ਜਾਂਦਾ ਹੈ। ਕੁਝ ਇਸ ਤਰ੍ਹਾਂ ਹੀ ਬੌਬ ਖਹਿਰਾ ਨਾਲ ਵੀ ਹੋਇਆ ਤੇ ਉਨ੍ਹਾਂ ਨੇ ਰਿਸ਼ਤਿਆਂ ਦੀਆਂ ਨਾਜ਼ੁਕ ਡੋਰਾਂ ਤੋਂ ਜ਼ਖ਼ਮੀ ਹੋ ਕੇ ਵੀ ਹਿੰਮਤ ਨਹੀਂ ਹਾਰੀ ਤੇ ਆਪਣੇਪਣ ਦੇ ਨਿੱਘ ਦੀ ਤਲਬ ਉਨ੍ਹਾਂ ਨੂੰ ਸਮਾਜ ਸੇਵਾ ਤੱਕ ਏਨਾ ਡੂੰਘਾ ਲੈ ਗਈ ਕਿ ਉਨ੍ਹਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਰੀਰ (ਮਰਨ ਉਪਰੰਤ) ਮੈਡੀਕਲ ਸੰਸਥਾ ਨੂੰ ਦਾਨ ਕਰ ਦਿੱਤੇ ਹਨ। ਆਓ ਗੱਲ ਕਰਦੇ ਹਾਂ, ਉਨ੍ਹਾਂ ਦੀ ਜ਼ਿੰਦਗੀ ’ਚ ਆਏ ਅਹਿਮ ਮੋੜਾਂ ਬਾਰੇ।
ਅੰਮਿ੍ਤਸਰ ਦੇ ਇਕ ਪਿੰਡ ਸ਼ੇਰੋਂ (ਜੋ ਕਿ ਅੱਜ ਕੱਲ੍ਹ ਜ਼ਿਲ੍ਹਾ ਤਰਨਤਾਰਨ ਵਿਚ ਹੈ) ਵਿਖੇ ਪਿਤਾ ਸ੍ਰ: ਹਰਬੰਸ ਸਿੰਘ ਦੇ ਘਰ ਮਾਤਾ ਸਰਦਾਰਨੀ ਮਹਿੰਦਰ ਕੌਰ ਦੀ ਕੁੱਖੋਂ ਉਨ੍ਹਾਂ ਨੇ (ਦੋ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ) ਚੌਥੇ ਨੰਬਰ ’ਤੇ ਜਨਮ ਲਿਆ। ਉਨ੍ਹਾਂ ਦਾ ਨਾਮ ਭਗਵਾਨ ਸਿੰਘ ਖਹਿਰਾ ਰੱਖਿਆ ਗਿਆ, (ਜੋ ਕਿ ਅਮਰੀਕਾ ਜਾਣ ਮਗਰੋਂ ਬੌਬ ਖਹਿਰਾ ਵਿਚ ਤਬਦੀਲ ਹੋ ਗਿਆ) ਉਨ੍ਹਾਂ ਨੂੰ ਉਨ੍ਹਾਂ ਦੇ ਦਾਦਾ ਜੀ, ਦਾਦਾ ਜੀ ਦੇ ਵੱਡੇ ਭਰਾ ਅਤੇ ਦਾਦੀ ਜੀ ਨੇ ਪਾਲਿਆ-ਪੋਸਿਆ, ਕਿਉਂ ਕਿ ਬਾਕੀ ਸਾਰਾ ਪਰਿਵਾਰ ਕਲਕੱਤੇ ਚਲਾ ਗਿਆ ਸੀ ਅਤੇ ਉਹ ਇਕੱਲੇ ਆਪਣੇ ਬਜ਼ੁਰਗਾਂ ਕੋਲ ਪੰਜਾਬ ਵਿਚ ਸਨ, ਜਿੱਥੇ ਰਹਿ ਕੇ ਉਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਨੌਸ਼ਹਿਰਾ ਪੰਨੂਆ ਸਕੂਲ ਤੋਂ ਕੀਤੀ। ਪਿੰਡ ਰਹਿੰਦਿਆਂ ਹੋਇਆਂ ਉਨ੍ਹਾਂ ਆਪਣੇ ਦਾਦਾ ਜੀ ਹੋਰਾਂ ਤੋਂ ਮੋਚ ਕੱਢਣਾ, ਹੱਥ-ਪੈਰ ਦੀ ਸੱਟ ਮਾਲਿਸ਼ ਕਰਕੇ ਠੀਕ ਕਰਨੀ ਅਤੇ ਹੋਰ ਸਰੀਰ ਸਬੰਧੀ ਸੱਟਾਂ ਠੀਕ ਕਰਨ ਬਾਰੇ ਦੇਸੀ ਨੁਸਖੇ ਅਤੇ ਗੁਰ ਵੀ ਸਿੱਖੇ ਅਤੇ ਸਕੂਲ ਸਮੇਂ ਕੁਝ ਚਿਰ ਭਲਵਾਨੀ ਵੀ ਕੀਤੀ। ਇਸੇ ਤਰ੍ਹਾਂ ਉਨ੍ਹਾਂ ਨੇ ਤਰਕਸ਼ੀਲਤਾ ਦੇ ਅਧਾਰ ’ਤੇ ਭੂਤਾਂ ਕੱਢਣ ਦਾ ਨੁਕਤਾ ਵੀ ਸਿੱਖਿਆ ਜੋ ਬਾਅਦ ਵਿਚ ਅਮਰੀਕਾ ਜਾ ਕੇ ਵੀ ਉਨ੍ਹਾਂ ਦੇ ਕੰਮ ਆਇਆ। ਬੌਬ ਖਹਿਰਾ ਹੈਰਾਨਗੀ ਭਰੀ ਮੁਸਕਰਾਹਟ ਨਾਲ ਦੱਸਦੇ ਹਨ ਕਿ ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਆਈ ਕਿ ਅਮਰੀਕਾ ਵਰਗੇ ਦੇਸ਼ ਵਿਚ ਜਾ ਕੇ ਵੀ ਪੰਜਾਬੀਆਂ ਨੂੰ ਦੇਸੀ ਭੂਤ ਹੀ ਚਿੰਬੜਦੇ ਹਨ, ਗੋਰੇ ਭੂਤ ਨਹੀਂ। ਉਨ੍ਹਾਂ ਦੀ ਇਸ ਗੱਲ ਵਿਚ ਇਸ ਮਾਨਸਿਕ ਬਿਮਾਰੀ ਵੱਡੀ ਤਨਜ ਛੁਪੀ ਹੋਈ ਹੈ। ਖ਼ੈਰ! ਅੱਗੇ ਵੱਧਦੇ ਹਾਂ।
ਸਤਾਰਾਂ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦਾ ਵਿਆਹ ਸਰਦਾਰਨੀ ਜਸਵੀਰ ਕੌਰ ਨਾਲ ਹੋ ਗਿਆ, ਜੋ ਕਿ ਅੱਜ ਤੱਕ ਪ੍ਰਮਾਤਮਾ ਦੀ ਮਿਹਰ ਨਾਲ ਕਾਮਯਾਬੀ ਨਾਲ ਨਿਭ ਰਿਹਾ ਹੈ। ਉਨ੍ਹਾਂ ਦੇ ਘਰ ਦੋ ਪੁੱਤਰ ਤੇ ਇਕ ਧੀ ਨੇ ਜਨਮ ਲਿਆ। ਵੱਡਾ ਪੁੱਤਰ ਯਾਦਵਿੰਦਰ ਸਿੰਘ ਕਿੱਤੇ ਵਜੋਂ ਕੈਮਰਾਮੈਨ ਹੈ। ਛੋਟਾ ਪੁੱਤਰ ਗੁਰਵਿੰਦਰ ਖਹਿਰਾ ਮਕੈਨੀਕਲ ਇੰਜੀਨਿਅਰ ਹੋਣ ਦੇ ਨਾਲ ਅਮਰੀਕਾ ਵਿਚ ਭੰਗੜੇ ਦਾ ਕੋਚ ਹੈ ਅਤੇ ਧੀ ਅਮਨਪ੍ਰੀਤ ਨੇ 4 ਕਰਕੇ ਤਕਰੀਬਨ 10 ਸਾਲ ਤੱਕ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਜੀ ਨਾਲ ਡਰਾਮੇ ਕੀਤੇ ਤੇ ਅੱਜ ਕੱਲ੍ਹ ਅਮਰੀਕਾ ਵਿਚ ਰਹਿ ਰਹੀ ਹੈ। ਇਸ ਤਰ੍ਹਾਂ ਇਨ੍ਹਾਂ ਦਾ ਕਲਾਕਾਰ ਲਹੂ ਬੱਚਿਆਂ ਦੀਆਂ ਨਸਾਂ ਵਿਚ ਵੀ ਕਲਾਕਾਰੀ ਦੇ ਜੌਹਰ ਦਿਖਾ ਰਿਹਾ ਹੈ। ਆਪਣੀ ਜ਼ਿੰਦਗੀ ਦੇ ਸੰਘਰਸ਼ ਬਾਰੇ ਉਹ ਕਹਿੰਦੇ ਹਨ ਕਿ ਸ਼ੁਰੂ ਵਿਚ ਉਨ੍ਹਾਂ ਨੇ ਮਸਕਟ ਵਿਚ 7 ਸਾਲ ਟਰੱਕ ਚਲਾਇਆ ਤੇ ਦੋ ਸਾਲ ਜਰਮਨ ਵਿਚ ਵੀ ਪਾਪੜ ਵੇਲੇ। ਮਸਕਟ ਭੇਜਣ ਲਈ ਏਜੰਟ ਨੇ ਉਨ੍ਹਾਂ ਨੂੰ ਬੰਬੇ ਬੁਲਾਇਆ, ੳੁੱਥੇ ਕੁਝ ਮਹੀਨੇ ਉਨ੍ਹਾਂ ਨੂੰ ਵੀਜੇ ਲਈ ਉਡੀਕ ਕਰਨੀ ਪਈ ਤੇ ਇਸ ਸਮੇਂ ਖਰਚਾ ਕੱਢਣ ਲਈ ਉਨ੍ਹਾਂ ਨੇ ਫ਼ਿਲਮਾਂ ਵਾਲਿਆਂ ਨਾਲ ਐਕਸਟਰਾ ਕਲਾਕਾਰਾਂ ਮਤਲਬ ਭੀੜ ਵਜੋਂ ਜਾਣਾ ਸ਼ੁਰੂ ਕਰ ਦਿੱਤਾ। ਇਸ ਨਾਲ ਕੁਝ ਪੈਸੇ ਵੀ ਮਿਲ ਜਾਂਦੇ ਸੀ ਤੇ ਰੋਟੀ-ਪਾਣੀ ਦਾ ਮਸਲਾ ਵੀ ਹੱਲ ਹੋ ਜਾਂਦਾ ਸੀ। ਵਾਧੂ ਸਮੇਂ ਵਿਚ ਉਹ ਫ਼ਿਲਮਾਂ ਵੀ ਵੇਖ ਲੈਂਦੇ। ਇੱਥੋਂ ਹੀ ਉਨ੍ਹਾਂ ਨੂੰ ਅਦਾਕਾਰੀ ਦੀ ਚੇਟਕ ਲੱਗੀ ਤੇ ਜਰਮਨ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਪ੍ਰੋਜੈਕਟ ਗਾਇਕ ਰਣਜੀਤ ਮਣੀ ਦੀ ਕੈਸਿਟ ਰਿਕਾਰਡ ਕਰਕੇ ਸ਼ੁਰੂ ਕੀਤਾ। ਇਸ ਕੈਸਿਟ ਦੇ ਨਿਰਮਾਤਾ ਹੋਣ ਦੇ ਨਾਲ-ਨਾਲ ਗੀਤਕਾਰ ਵੀ ਉਹ ਆਪ ਸਨ।
1989 ਵਿਚ ਪਿੰਡੋਂ ਚੰਡੀਗੜ੍ਹ ਆ ਗਏ ਤੇ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਠੇਕੇਦਾਰੀ ਲੈ ਲਈ ਅਤੇ ਇੱਥੇ ਹੀ ਉਨ੍ਹਾਂ ਦਾ ਮੇਲ ਕਲਾਕਾਰ ਮਲਕੀਤ ਡੌਲੀ ਨਾਲ ਹੋਇਆ ਅਤੇ ਪੂਰੇ ਭਾਰਤ ਵਿਚ ਉਨ੍ਹਾਂ ਨੇ ਇਕੱਠੇ 3-4 ਸਾਲਾਂ ਤੱਕ ਸ਼ੋਅ ਕੀਤੇ। ਡਾ: ਸਾਹਿਬ ਸਿੰਘ, ਅਨੀਤਾ ਸਬਦੀਸ਼, ਕੁਮਾਰ ਪਵਨਦੀਪ ਹੋਰਾਂ ਨਾਲ ਡਰਾਮੇ ਕੀਤੇ। ਉਪਰੰਤ ਮਰਹੂਮ ਜਸਪਾਲ ਭੱਟੀ ਜੀ ਦੀ ਪੋ੍ਰਡਕਸ਼ਨ ਟੀਮ ਦੇ ਮੁਖੀ ਬਣੇ ਤੇ ਕੁਝ ਸਮਾਂ ਉਨ੍ਹਾਂ ਨਾਲ ਕੰਮ ਕਰਕੇ ਫ਼ਿਲਮ ਲਾਈਨ ਦੀਆਂ ਬਰੀਕੀਆਂ ਤੋਂ ਜਾਣੂ ਹੋ ਗਏ। ਇਸ ਦੌਰਾਨ ਹੀ ਮਰਹੂਮ ਦਾਰਾ ਸਿੰਘ ਆਪਣੇ ਹਿੰਦੀ ਸੀਰੀਅਲ ‘ਪੀ. ਟੀ. ਮਾਸਟਰ’ ਲਈ ਕਲਾਕਾਰਾਂ ਦੀ ਚੋਣ ਲਈ ਚੰਡੀਗੜ੍ਹ ਆਏ ਤੇ ਮਲਕੀਤ ਡੌਲੀ ਦੀ ਬਦੌਲਤ ਉਨ੍ਹਾਂ ਦਾ ਮੇਲ ਦਾਰਾ ਸਿੰਘ ਨਾਲ ਹੋਇਆ ਤੇ ਉਨ੍ਹਾਂ ਨੇ ‘ਪੀ. ਟੀ. ਮਾਸਟਰ’ ਵਿਚ ਅਹਿਮ ਨਾਂਹ ਪੱਖੀ ਭੂਮਿਕਾ ਨਿਭਾਈ ਤੇ ਨਾਲ ਹੀ ਦਾਰਾ ਸਿੰਘ ਦੀ ਫ਼ਿਲਮ ‘ਰੱਬ ਦੀਆਂ ਰੱਖਾਂ’ ਵਿਚ ਵੀ ਨਕਾਰਤਮਕ ਭੂਮਿਕਾ ਨਿਭਾਈ। ਉਸ ਤੋਂ ਬਾਅਦ ਚੱਲ ਸੋ ਚੱਲ! ਬਦਲਾ, ਮੈਂ ਮਾਂ ਪੰਜਾਬ ਦੀ, ਇਸ਼ਕ ਨਚਾਵੇ ਗਲੀ ਗਲੀ, ਵਾਰਿਸ, ਉਡੀਕਾਂ ਪਿਆਰ ਦੀਆਂ ਆਦਿ ਪੰਜਾਬੀ ਫ਼ਿਲਮਾਂ ਕੀਤੀਆਂ। ਇਸ ਤੋਂ ਬਿਨਾ ਹਿੰਦੀ ਲੜੀਵਾਰ ਮੌਤ ਕੇ ਸੌਦਾਗਰ, ਹਾਸ਼ੀਆ, ਕਹਾਂ ਸੇ ਕਹਾਂ ਤੱਕ, ਦੋ ਪਲ ਖੁਸ਼ੀਓਂ ਕੇ ਵਿਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ।
ਕਲਾ ਦੇ ਖੇਤਰ ਵਿਚ ਅੱਗੇ ਵਧਦੇ ਹੋਏ ਉਨ੍ਹਾਂ ਨੇ 1992-93 ਵਿਚ ਸੈਕਟਰ 37, ਚੰਡੀਗੜ੍ਹ ਵਿਚ ਸਤਵੰਤ ਸਿੰਘ ਗਿੱਲ ਨਾਂਅ ਦੇ ਵਿਅਕਤੀ ਨਾਲ ਸਾਂਝੇਦਾਰੀ ਵਿਚ ਉੱਤਰ ਭਾਰਤ ਦਾ ਦਿੱਲੀ ਤੋਂ ਬਾਅਦ ਪਹਿਲਾ ਐਡੀਟਿੰਗ ਸਟੂਡੀਓ ਖੋਲ੍ਹਿਆ। ਕੁਝ ਸਮਾਂ ਸੰਗੀਤਕਾਰ ਸੁਰਿੰਦਰ ਬਚਨ ਜੀ ਦੀ ਸੰਗਤ ਵੀ ਕੀਤੀ। 1997 ਵਿਚ ਉਹ ਪੱਕੇ ਤੌਰ ’ਤੇ ਅਮਰੀਕਾ ਚਲੇ ਗਏ। ੳੁੱਥੇ ਵੀ ਕੰਮਕਾਰ ਵਿੱਚੋਂ ਸਮਾਂ ਕੱਢ ਕੇ ਸਕਿੱਟਾਂ, ਡਰਾਮੇ, ਕੋਰੀਓਗ੍ਰਾਫੀ ਆਦਿ ਸੱਭਿਆਚਾਰਕ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਅਮਰੀਕਾ ਵਿਚ ਵੀ ਉਨ੍ਹਾਂ ਨੇ ਅਖਬਾਰਾਂ ਲਈ ਲਿਖਣਾ ਸ਼ੁਰੂ ਕੀਤਾ ਤੇ ਲੰਮਾ ਸਮਾਂ ਲਗਾਤਾਰ ਪੰਜਾਬ ਟਾਈਮਜ਼ ਯੂ. ਐਸ. ਏ. ਲਈ ਲੇਖ ਲਿਖਦੇ ਰਹੇ। ਵਿਲੱਖਣ ਸ਼ੈਲੀ ਅਤੇ ਤਕੜੇ ਵਿਸ਼ਿਆਂ ’ਤੇ ਦਲੀਲ ਭਰਪੂਰ ਸ਼ਬਦਾਵਲੀ ਲਿਖਣ ਕਰਕੇ ਛੇਤੀ ਹੀ ਉਨ੍ਹਾਂ ਨੇ ਇਕ ਵੱਡਾ ਪਾਠਕ ਵਰਗ ਆਪਣੇ ਨਾਲ ਜੋੜ ਲਿਆ।
2005 ਵਿਚ ਵਾਪਸ ਭਾਰਤ ਆ ਕੇ ਪਿੰਡਾਂ ਦੀ ਸਫ਼ਾਈ ਲਈ ਇਕ ਮੁਹਿੰਮ ਚਲਾਈ। ਆਪ ਝਾੜੂ ਫੜ੍ਹ ਕੇ ਗਲੀਆਂ ਅਤੇ ਨਾਲੀਆਂ ਦੀ ਹੱਥੀਂ ਸਫ਼ਾਈ ਕੀਤੀ ਪਰ ਪਿੰਡਾਂ ਦੇ ਲੋਕਾਂ ਨੇ ਇਸ ਮੁਹਿੰਮ ਵਿਚ ਉਨ੍ਹਾਂ ਦਾ ਕੋਈ ਸਾਥ ਨਾ ਦਿੱਤਾ ਤੇ ਨਿਰਾਸ਼ਾਵਸ ਉਹ ਸਦਾ ਲਈ ਪਿੰਡ ਨੂੰ ਅਲਵਿਦਾ ਕਹਿ ਕੇ ਮੁਹਾਲੀ ਆ ਵੱਸੇ। ਇੱਥੇ ਹੀ ਉਨ੍ਹਾਂ ਨੇ ਆਪਣੀ ਪਹਿਲੀ ਧਾਰਮਿਕ ਲਘੂ ਫ਼ਿਲਮ ‘ਸਿੱਖ ਕੌਮ ਦੇ ਹੀਰੇ’ ਬਣਾਈ। ਬਾਅਦ ਵਿਚ ਉਹ ਅਮਰੀਕਾ-ਭਾਰਤ ਵਿਚ ਆਉਂਦੇ-
ਜਾਂਦੇ ਕਲਾ ਨਾਲ ਜੁੜੇ ਰਹੇ। ਪਿੱਛੇ ਜਿਹੇ ਉਨ੍ਹਾਂ ਨੇ ਆਪਣੀ ਲਿਖੀ ਇਕ ਕਮਰਸ਼ੀਅਲ ਪੰਜਾਬੀ ਫ਼ਿਲਮ ਸ਼ੁਰੂ ਕੀਤੀ, ਜਿਸ ਦੇ ਨਿਰਮਾਤਾ ਉਹ ਖ਼ੁਦ ਹਨ। ਇਹ ਫ਼ਿਲਮ 70% ਸ਼ੂਟ ਹੋ ਚੁੱਕੀ ਹੈ ਤੇ ਅੱਜ ਕੱਲ੍ਹ ਉਹ ਇਸ ਪੋ੍ਜੈਕਟ ਵਿਚ ਰੁੱਝੇ ਹੋਣ ਦੇ ਨਾਲ-ਨਾਲ ‘ਜੈ ਹਿੰਦ ਸਰ’ ਅਤੇ ‘ਕਿਰਦਾਰ ਏ ਸਰਦਾਰ’ ਵਿਚ ਅਦਾਕਾਰੀ ਕਰਕੇ ਪੱਕੇ ਪੈਰੀਂ ਪੰਜਾਬੀ ਫ਼ਿਲਮ ਉਦਯੋਗ ਵਿਚ ਅਦਾਕਾਰ ਤੇ ਪੋ੍ਡਿਊਸਰ ਵਜੋਂ ਦਮਦਾਰ ਵਾਪਸੀ ਕਰ ਚੁੱਕੇ ਹਨ। ਉਹ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਵਿਚ ਵਿਲੇਨ ਦੀਆਂ ਦਮਦਾਰ ਭੂਮਿਕਾਵਾਂ ਨਿਭਾਉਣਾ ਚਾਹੁੰਦੇ ਹਨ। ਉਹ ਇਕ ਵਧੀਆ ਤੇ ਉਸਾਰੂ ਲੇਖਕ ਹੋਣ ਦੇ ਨਾਤੇ ਇਕ ਚੰਗੇ ਫ਼ਿਲਮ ਚਿੰਤਕ ਵੀ ਹਨ। ਉਨ੍ਹਾਂ ਦੀ ਕਲਮ ਜ਼ਿੰਦਗੀ ਦੇ ਹਰ ਮੁਸ਼ਕਲ ਪੈਂਡੇ ਵਿੱਚੋਂ ਲੰਘ ਬਹੁਤ ਹੀ ਪ੍ਰਪੱਕ ਹੋ ਚੁੱਕੀ ਹੈ। ਸਮਾਜ ਸੇਵਾ ਦੇ ਕੰਮਾਂ ਵਿਚ ਸਫ਼ਾਈ ਮੁਹਿੰਮ, ਸਰੀਰ ਦਾਨ ਕਰਨ ਤੋਂ ਇਲਾਵਾ ਉਹ 58 ਵਾਰ ਖੂਨਦਾਨ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰ ਚੁੱਕੇ ਹਨ। ਇਕ ਸਾਦਾ ਜੀਵਨ ਬਤੀਤ ਕਰਦੇ ਹੋਏ ਉਹ ਫ਼ਿਲਮਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਤਾਵਲੇ ਹਨ। ਸ਼ਾਲਾ ! ਰੱਬ ਉਨ੍ਹਾਂ ਦੀ ਮਿਹਨਤ ਤੇ ਸੋਚ ਨੂੰ ਭਾਗ ਲਾਵੇ!
-ਦੀਪ ਗਿੱਲ ਪਾਂਘਲੀਆਂ