Pollywood

ਕਮਜ਼ੋਰ ਨਿਕਲੇ ਭਲਵਾਨ ਸਿੰਘ !

Written by Daljit Arora

(ਪੰ:ਸ) ਬੀਤੇ ਸ਼ੁੱਕਰਵਾਰ ਰਿਲੀਜ਼ ਹੋਈ ਫ਼ਿਲਮ ‘ਭਲਵਾਨ ਸਿੰਘ’ ਦੀ ਜੇ ਗੱਲ ਕਰੀਏ ਤਾਂ ਕਿਤੇ-ਕਿਤੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਜਿਹੜੇ ਨਿਰਮਾਤਾਵਾਂ ਜਾਂ ਪ੍ਰੋਡਕਸ਼ਨ ਹਾਊਸ ਦੀਆਂ ਦੋ-ਤਿੰਨ ਫ਼ਿਲਮਾਂ ਹਿੱਟ ਹੋ ਜਾਂਦੀਆਂ ਨੇ, ਉਹ ਲੋੜ ਤੋਂ ਵੱਧ ਕਾਨਫੀਡੈਂਟ ਹੋ ਜਾਂਦੇ ਹਨ ਅਤੇ ਉਸੇ ਦਾ ਹੀ ਨਤੀਜਾ ਹੈ ਇਹ ਕਮਜ਼ੋਰ ਨਿਰਦੇਸ਼ਨ ਅਤੇ ਊਟ-ਪਟਾਂਗ ਕਹਾਣੀ ਵਾਲੀ ਫ਼ਿਲਮ ‘ਭਲਵਾਨ ਸਿੰਘ’। ਇਹੋ ਜਿਹੇ ਸਬਜੈਕਟ ‘ਤੇ ਫਜ਼ੂਲ ਪੈਸਾ ਖਰਚ, ਫ਼ਿਲਮ ਨੂੰ ਖਾਹ-ਮਖਾਹ ਮਹਿੰਗੀ ਬਣਾ ਕੇ ਅਸੀਂ ਨਵੇਂ ਨਿਰਮਾਤਾਵਾਂ ਨੂੰ ਵੀ ਕੰਮ ਕਰਨ ਜੋਗਾ ਨਹੀਂ ਛੱਡਦੇ। ਜੇ ਤੁਸੀਂ ਫ਼ਿਲਮ ਨੂੰ ਵੱਡੀ ਬਣਾਉਣਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ ਫ਼ਿਲਮ ਦਾ ਕੰਟੈਂਟ ਤਾਂ ਮਜਬੂਤ ਹੋਵੇ, ਬਚਕਾਨਾ ਕਹਾਣੀ ਅਤੇ ਨਿਰਦੇਸ਼ਨ ਨਾਲ ਪੰਜਾਬੀ ਫ਼ਿਲਮਾਂ ਦੀ ਹਾਸੋਹੀਣੀ ਸਥਿਤੀ ਤਾਂ ਨਾ ਬਣਾਓ। ਮੈਨੂੰ ਫ਼ਿਲਮ ਦੀਆਂ ਗਲਤੀਆਂ ਗਿਣਾਉਣ ਦੀ ਲੋੜ ਨਹੀਂ, ਸ਼ਾਇਦ ਇਸ ਦਾ ਅੰਦਾਜ਼ਾ ਤਾਂ ਫ਼ਿਲਮ ਟੀਮ ਨੂੰ ਹੁਣ ਤੱਕ ਖ਼ੁਦ ਹੀ ਹੋ ਗਿਆ ਹੋਵੇਗਾ।

ਖ਼ੈਰ ਰਣਜੀਤ ਬਾਵਾ ਸਮੇਤ ਫ਼ਿਲਮ ਦੇ ਸਾਰੇ ਕਲਾਕਾਰਾਂ ਨੇ ਆਪੋ-ਆਪਣਾ ਰੋਲ ਬਾਖ਼ੂਬੀ ਨਿਭਾਇਆ। ਫ਼ਿਲਮ ਦਾ ਸੰਗੀਤ ਠੀਕ-ਠਾਕ ਹੈ ਅਤੇ ਜੇ ਬੈਕਗਰਾਊਂਡ ਸਕੋਰ ਦੀ ਗੱਲ ਕਰੀਏ ਤਾਂ 100 ‘ਚੋਂ 10 ਕੁ ਨੰਬਰ ਦਿੱਤੇ ਜਾ ਸਕਦੇ ਹਨ, ਕਿਉਂ ਕਿ ਕਿਸੇ ਪੀਰੀਅਡ ਫ਼ਿਲਮ ਦਾ ਸੰਗੀਤ ਦੇਣਾ ਹਰ ਕਿਸੇ ਦੇ ਵੱਸ ਦਾ ਨਹੀਂ, ਆਪਣੇ-ਆਪ ਨੂੰ ਉਸ ਸਮੇਂ ਵਿਚ ਲਿਜਾਣਾ ਪੈਂਦਾ ਹੈ, ਉਸ ਸਮੇਂ ਦੀਆਂ ਪ੍ਰਸਥਿਤੀਆਂ ਨੂੰ ਸਮਝ ਕੇ ਹੀ ਪਿੱਠਵਰਤੀ ਸੰਗੀਤ ਖ਼ੂਬਸੂਰਤ ਬਣਦਾ ਹੈ ਜੋ ਕਿ ਇਸ ਫ਼ਿਲਮ ਵਿਚ ਬਿਲਕੁਲ ਨਹੀਂ ਸੀ। ਕਿਸੇ ਵੀ ਫ਼ਿਲਮ ਦੇ ਪੂਰੇ ਸੰਗੀਤ ਬਾਰੇ ਪੰਜਾਬੀ ਸਕਰੀਨ ਦੀ ਆਪਣੀ ਰਾਏ ਇਹ ਹੈ ਕਿ ਗੀਤ-ਸੰਗੀਤ ਫ਼ਿਲਮ ਦੀ ਰੀੜ ਦੀ ਹੱਢੀ ਹੁੰਦਾ ਹੈ ਅਤੇ ਦ੍ਰਿਸ਼ਾਂ ਮੁਤਾਬਕ ਬੈਕਗਰਾਊਂਡ ਮਿਊਜ਼ਿਕ ਇਸ ਦੇ ਮਣਕੇ!

ਜੇ ਫ਼ਿਲਮ ਦੇ ਪੀਰੀਅਡ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕਿਸੇ ਨੇ ਗੁਲਾਮ ਹਿੰਦੁਸਤਾਨ ਵਿਚ ਕਿਸੇ ਅਜਿਹੇ ‘ਭਲਵਾਨ ਸਿੰਘ’ ਦਾ ਕੋਈ ਕਿੱਸਾ ਸੁਣਿਆ ਹੋਵੇ, ਜਿਸ ਨੇ ਉਸ ਸਮੇਂ ਅੰਗਰੇਜ਼ਾਂ ਵੱਲੋਂ ਜ਼ਾਲਿਮਾਨਾ ਹਕੂਮਤ ਦੇ ਦੌਰ ਵਿਚ ਹਾਸੋਹੀਣੀਆਂ ਗੱਲਾਂ ਜਾਂ ਫ਼ਿਲਮ ਵਿਚ ਦਿਖਾਏ ਤਰੀਕਿਆਂ ਨਾਲ ਉਸ ਸਮੇਂ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਢਾਹ ਲਾਈ ਹੋਵੇ।

ਭਾਵੇਂ ਕਿ ਕਹਾਣੀਕਾਰ ਅਤੇ ਸਕ੍ਰੀਨਪਲੇਅ ਰਾਈਟਰ ਵੱਲੋਂ ਫ਼ਿਲਮ ਦੇ ਜਿਹੜੇ ਦ੍ਰਿਸ਼ ਲਿਖੇ ਜਾਂਦੇ ਹਨ, ਉਨ੍ਹਾਂ ਨੂੰ ਹੀ ਨਿਰਦੇਸ਼ਕ ਨੇ ਪਰਦੇ ‘ਤੇ ਉਤਾਰਨਾ ਹੁੰਦਾ ਹੈ ਪਰ ਜਸਟੀਫਾਈ ਕਰਨਾ ਵੀ ਨਿਰਦੇਸ਼ਕ ਦਾ ਕੰਮ ਹੁੰਦਾ ਹੈ ਤਾਂ ਜੋ ਉਹ ਦ੍ਰਿਸ਼ ਦਰਸ਼ਕਾਂ ਨੂੰ ਹਜ਼ਮ ਹੋ ਸਕਣ, ਜਿਸ ਵਿਚ ਕਿ ਨਿਰਦੇਸ਼ਕ ਕਾਮਯਾਬ ਨਹੀਂ ਹੋ ਸਕਿਆ। ਇਸ ਫ਼ਿਲਮ ਦੇ ਕਈ ਊਟ-ਪਟਾਂਗ ਦ੍ਰਿਸ਼ਾਂ ‘ਤੇ ਸਵਾਲ ਪੈਦਾ ਹੋਣ ਦੀ ਬਜਾਏ ਹਾਸਾ ਜ਼ਿਆਦਾ ਆਉਂਦਾ ਹੈ, ਜੇ ਕਮੇਡੀ ਫ਼ਿਲਮ ਹੀ ਬਣਾਉਣੀ ਸੀ ਤਾਂ ਗੁਲਾਮੀ ਦੇ ਪੀਰੀਅਡ ਸਮੇਂ ਮਾਨਸਿਕ ਪੀੜਾ ‘ਚੋਂ ਗੁਜ਼ਰਦੇ ਹਿੰਦੁਸਤਾਨੀਆਂ ਦੇ ਗੰਭੀਰ ਜਿਹੇ ਵਿਸ਼ੇ ਵਿੱਚੋਂ ਅਖੌਤੀ ਭਲਵਾਨ ਸਿੰਘ ਵਰਗਾ ਕਮੇਡੀ ਕਰੈਕਟਰ ਕ੍ਰਿਏਟ ਕਰਕੇ ਆਪਣਾ ਮਜ਼ਾਕ ਬਣਾਉਣ ਦੀ ਬਜਾਏ ਕੋਈ ਹੋਰ ਵਿਸ਼ਾ ਲੱਭ ਲੈਂਦੇ, ਖਾਹ-ਮਖਾਹ ਪੰਜਾਬੀ ਫ਼ਿਲਮ ਵਿਚ ਅੰਗਰੇਜ਼ ਐਕਟਰਾਂ ਦੀ ਟੋਲੀ ਇਕੱਠੀ ਕਰਕੇ ਆਪਣੀ ਫ਼ਿਲਮ ਨੂੰ ਵੱਖਰੀ ਵਿਖਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਪੂਰੀ ਤਰਾਂ ਅਸਫਲ ਰਹੀ।

ਚਲੋ ਹੁਣ ਜੋ ਹੋਣਾ ਸੀ ਉਹ ਹੋ ਗਿਆ, ਅੱਗੇ ਤੋਂ ਫ਼ਿਲਮ ‘ਤੇ ਖੁੱਲੇ ਪੈਸੇ ਖਰਚਣ ਲੱਗਿਆਂ ਨਿਰਮਾਤਾ ਜਾਂ ਤਾਂ ਫ਼ਿਲਮ ਦੇ ਕਹਾਣੀਕਾਰ ਅਤੇ ਨਿਰਦੇਸ਼ਕ ਦੇ ਪਿਛਲੇ ਤਜਰਬੇ ਨੂੰ ਧਿਆਨ ਵਿਚ ਰੱਖੇ, ਜਾਂ ਫਿਰ ਆਪਣੀਆਂ ਕਾਮਯਾਬ ਫ਼ਿਲਮਾਂ ਦੇ ਤਜਰਬੇ ਤੋਂ ਕੰਮ ਲਵੇ ਕਿਉਂਕਿ ਫਿਲਮ ਫਲਾਪ ਹੋਣ ‘ਤੇ ਨਿਰਮਾਤਾ ਦੇ ਆਰਿਥਕ ਨੁਕਸਾਨ ਦੇ ਨਾਲ-ਨਾਲ ਫ਼ਿਲਮ ਵਿਚ ਕੰਮ ਕਰ ਰਹੇ ਲੀਡ ਐਕਟਰਾਂ ਦੇ ਕਰੀਅਰ ਨੂੰ ਵੀ ਫਰਕ ਪੈਂਦਾ ਹੈ[ ਜੇ ਫ਼ਿਲਮ ਦੇ ਵਪਾਰ ਦੀ ਗੱਲ ਕਰੀਏ ਤਾਂ ਪਿਛਲੇ ਦੋ ਦਿਨਾਂ ਵਿਚ ਹੋਈ ਕੁਲੈਕਸ਼ਨ ਨੂੰ ਪਬਲਿਸ਼ ਕਰਨਾ ਚੰਗਾ ਨਹੀਂ ਲੱਗੇਗਾ।

Comments & Suggestions

Comments & Suggestions

About the author

Daljit Arora