(ਪੰਜਾਬੀ ਸਕਰੀਨ ਵਿਸ਼ੇਸ਼)
ਤਰਸੇਮ ਜੱਸੜ ਦੀ ਠੰਡੀ ‘ਗੱਲਵੱਕੜੀ’ ਤੋਂ ਬਾਅਦ ਹੁਣ ਉਸਦੀ ਇੱਕ ਹੋਰ ਫ਼ਿਲਮ ‘ਮਾਂ ਦਾ ਲਾਡਲਾ’ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿਚ ਉਸਦੀ ਹੀਰੋਇਨ ਨੀਰੂ ਬਾਜਵਾ ਹੈ। ਇਸ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਰਿਲੀਜ਼ ਹੋ ਚੁੱਕੇ ਹਨ,ਜਿੰਨ੍ਹਾ ਨੂੰ ਵੇਖਦਿਆਂ ਕਹਿ ਸਕਦੇ ਹਾਂ ਕਿ ਲੰਦਨ ਵਿਚ ਫ਼ਿਲਮਾਈ ਇਸ ਫ਼ਿਲਮ ਦਾ ਵਿਸ਼ਾ ਆਮ ਫ਼ਿਲਮਾਂ ਤੋਂ ਬਿਲਕੁੱਲ ਹਟਕੇ ਹੈ ਜੋ ਇਕ ‘ਕਿਰਾਏ ਦੇ ਬਾਪ ਅਧਾਰਤ ਕਹਾਣੀ ਦੀ ਪੇਸ਼ਕਾਰੀ ਕਰਦੀ ਦੱਸਦੀ ਹੈ ਕਿ ਪੈਸਾ, ਸ਼ੁਹਰਤ ਅਤੇ ਰੁਤਬਿਆਂ ਤੋਂ ਉੱਚੀ ਰਿਸ਼ਤਿਆਂ ਦੀ ਅਹਿਮੀਅਤ ਹੁੰਦੀ ਹੈ। ਪਰਿਵਾਰਕ ਵਿਸ਼ੇ ਅਧਾਰਤ ਇਸ ਫ਼ਿਲਮ ਨੂੰ ਕਾਮੇਡੀ ਭਰਪੂਰ ਬਣਾਉਣ ਲਈ ਪਾਕਿਸਤਾਨੀ ਡਰਾਮਾ ਕਲਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ‘ਲੌਂਗ ਲਾਚੀ 2’ ਤੋਂ ਬਾਅਦ ਨੀਰੂ ਬਾਜਵਾ ਦੀ ਇਸ ਨਵੀਂ ਫ਼ਿਲਮ ਤੋਂ ਦਰਸ਼ਕਾਂ ਨੂੰ ਕਾਫ਼ੀ ਆਸਾਂ ਹਨ। ਵਿਹਲੀ ਜੰਤਾ ਅਤੇ ਓਮ ਜੀ ਸਟਾਰ ਸਟੂਡੀਓ ਵਲੋਂ ਕਾਮੇਡੀ ਦੇ ਤੜਕੇ ਨਾਲ ਮਸਾਲੇਦਾਰ ਬਣਾਈ ਇਸ ਫ਼ਿਲਮ ਦਾ ਨਿਰਦੇਸ਼ਨ ਉਦੇ ਪ੍ਰਤਾਪ ਸਿੰਘ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਹੈ। ਤਰਸੇਮ ਜੱਸੜ, ਨੀਰੂ ਬਾਜਵਾ, ਰੂਪੀ ਗਿੱਲ, ਨਿਰਮਲ ਰਿਸ਼ੀ, ਨਸ਼ੀਮ ਵਿੱਕੀ, ਇਫ਼ਤਕਾਰ ਠਾਕੁਰ,ਕਾਸ਼ਿਰ ਪੀਆ,ਸੁਖਵਿੰਦਰ ਚਾਹਲ, ਰੁਪਿੰਦਰ ਰੂਪੀ ਅਤੇ ਸਵਾਸ਼ਿਤਕ ਭਗਤ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਤਰਸੇਮ ਜੱਸੜ ਅਤੇ ਕੁਲਵੀਰ ਝਿੰਜਰ ਨੇ ਲਿਖੇ ਹਨ। ਕੁਲਵੀਰ ਝਿੰਜਰ, ਤਰਸੇਮ ਜੱਸੜ ਤੇ ਮੇਹਰ ਬਾਨੀ ਫ਼ਿਲਮ ਦੇ ਪਲੇਅ ਬੈਕ ਗਾਇਕ ਹਨ। ਫ਼ਿਲਮ ਦੇ ਨਿਰਮਾਤਾ ਮਨਪ੍ਰੀਤ ਜੋਹਲ ਅਤੇ ਆਸੂ ਮੁਨੀਸ਼ ਸਾਹਨੀ ਦੀ ਇਹ ਫ਼ਿਲਮ 16 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।
-ਸੁਰਜੀਤ ਜੱਸਲ