ਨਿਰਦੇਸ਼ਕ ਮਨਦੀਪ ਬੈਨੀਪਾਲ:- ਸਹੀ ਰਾਹ-ਦਸੇਰਾ ਨਾ ਮਿਲਣ ਕਰਕੇ ਇਕ ਹੁਸ਼ਿਆਰ ਮੁੰਡਾ ਤੇ ਚੋਟੀ ਦਾ ਖਿਡਾਰੀ ਆਪਣਾ ਰਸਤਾ ਭਟਕ ਕੇ ਗਲਤ ਸੰਗਤ ਵਿਚ ਪੈ ਗਿਆ। ਗਲਤੀਆਂ ਵੀ ਰੱਜ ਕੇ ਕੀਤੀਆਂ ਤੇ ਜਦੋਂ ਅੰਦਰੋਂ ਆਵਾਜ਼ ਦੀ ਵੰਗਾਰ ਮਹਿਸੂਸ ਕਰ ਸੁਧਰਿਆ ਤਾਂ ਵੀ ਅੱਤ ਦਰਜੇ ਦਾ ਵਧੀਆ ਲੇਖਕ, ਪੱਤਰਕਾਰ ਤੇ ਸਮਾਜ ਸੇਵੀ ਬਣਿਆ। ਇਹ ਬਹੁਤ ਹੀ ਵੱਡਾ ਸੁਨੇਹਾ ਤੇ ਮਾਨਸਿਕ ਤੌਰ ’ਤੇ ਕਮਜ਼ੋਰ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਵਾਲੀ ਫ਼ਿਲਮ ਹੈ।
ਦੇਵ ਖਰੌੜ:- ਮਿੰਟੂ ਗੁਰਸਰੀਏ ਦਾ ਕਿਰਦਾਰ ਨਿਭਾਉਣਾ ਇਕ ਵੱਡੀ ਚੁਣੌਤੀ ਸੀ ਮੇਰੇ ਲਈ। ਕਿਰਦਾਰ ਨਾਲ ਇਨਸਾਫ਼ ਕਰਨ ਲਈ ਲੋੜੀਂਦੇ ਬਦਲਾਅ ਬਹੁਤ ਜ਼ਰੂਰੀ ਸੀ, ਜਿਸ ਲਈ ਮੈਂ ਬਹੁਤ ਮਿਹਨਤ ਕੀਤੀ। ਉਸ ਇਨਸਾਨ ਦੀ ਬਾਇਓਪਿਕ ਕਰਨਾ, ਜਿਸਨੂੰ ਲੋਕ ਜਾਣਦੇ ਨੇ, ਇਹ ਅਸਾਨ ਨਹੀਂ ਸੀ। ਮੈਂ ਕਿੰਨਾ ਕਾਮਯਾਬ ਹੋਇਆਂ, ਇਹ ਤਾਂ ਪਬਲਿਕ ਹੀ ਦੱਸੂਗੀ। ਹਾਂ ਮੈਂ ਦਾਅਵਾ ਕਰਦਾ ਹਾਂ ਕਿ ਨਸ਼ੇ ਦੀ ਰੋਕਥਾਮ ਲਈ ਇਹ ਫ਼ਿਲਮ ਇਕ ਵੱਡਾ ਸੁਨੇਹਾ ਲੈ ਕੇ ਆਵੇਗੀ।
ਸੁਖਦੀਪ ਸੁੱਖ:- ਮੈਂ ਮਿੰਟੂ ਗੁਰਸਰੀਆ ਦੀ ਜ਼ਿੰਦਗੀ ਦੇ ਹਰ ਚੰਗੇ ਮਾੜੇ ਪੱਖ ਨੂੰ ਬਹੁਤ ਨੇੜਿਓਂ ਵੇਖਿਆ। ਉਸ ਦੇ ਇਲਾਕੇ ਦਾ ਹੋਣ ਕਰਕੇ ਮੈਨੂੰ ਉਸਦੀ ਜ਼ਿੰਦਗੀ ’ਚ ਸਕਾਰਤਮਿਕ ਬਦਲਾਅ ਉੱਤੇ ਬਹੁਤ ਮਾਣ ਹੈ। ਉਸ ਦੀ ਜ਼ਿੰਦਗੀ ’ਤੇ ਅਧਾਰਿਤ ਇਹ ਫ਼ਿਲਮ ਪੰਜਾਬ ਦੀ ਅੱਜ ਦੀ ਮੁੱਖ ਸਮੱਸਿਆ ’ਤੇ ਜਿੱਤ ਪਾਉਣ ਦਾ ਵਧੀਆ ਸੁਨੇਹਾ ਦਿੰਦੀ ਹੈ। ਨਸ਼ੇ ’ਚ ਗ੍ਰਸਤ ਜਵਾਨੀ ਜ਼ਰੂਰ ਇਸ ਫ਼ਿਲਮ ਤੋਂ ਸੇਧ ਲੈ ਕੇ ਇਕ ਨਵੀਂ ਜ਼ਿੰਦਗੀ ਵੱਲ ਕਦਮ ਚੁੱਕੇਗੀ।
ਅਨੀਤਾ ਮੀਤ:- ਮੈਂ ਇਸ ਫ਼ਿਲਮ ਵਿਚ ਇਕ ਅਜਿਹੀ ਖੁਦਾਰ ਮਾਂ ਦਾ ਰੋਲ ਕੀਤਾ, ਜੋ ਕਿਸੇ ਦੇ ਘਰ ਤੋਂ ਲੂਣ ਤੱਕ ਨਹੀਂ ਮੰਗ ਸਕਦੀ ਪਰ ਉਹਦਾ ਨਸ਼ੇੜੀ ਪੱੁਤ ਉਹਨੂੰ ਦਰ-ਦਰ ਜਾ ਕੇ ਨਸ਼ੇ ਮੰਗਣ ’ਤੇ ਮਜਬੂਰ ਕਰ ਦਿੰਦਾ ਹੈ। ਇਕ ਮਾਂ ਦੀ ਦੁਖਾਂਤਿਕ ਮਾਨਸਿਕ ਅਵਸਥਾ ’ਚ ਮੈਂ ਇੰਨਾ ਖੁੱਂਭ ਗਈ ਸੀ ਕਿ ਮੈਨੂੰ ਹੰਝੂਆਂ ਲਈ ਗਲਿਸਰੀਨ ਦੀ ਲੋੜ ਵੀ ਨਹੀਂ ਪਈ। ਹਰ ਪੰਜਾਬੀ ਨੂੰ ਆਪਣੇ ਪਰਿਵਾਰ ਨਾਲ ਇਹ ਫ਼ਿਲਮ ਜ਼ਰੂਰ ਵੇਖਣੀ ਚਾਹੀਦੀ ਹੈ।
ਜਗਜੀਤ ਸੰਧੂੂ:- ਇਸ ਫ਼ਿਲਮ ਵਿਚ ਮੇਰਾ ਰੋਲ ਕਾਲਜੀਏਟ ਧਨਾਂਢ ਮੁੰਡੇ ਦਾ ਹੈ, ਜੋ ਕਿ ਬਿਨਾ ਸਹੀ ਗਲਤ ਦੀ ਪਛਾਣ ਕੀਤੇ ਹਰ ਉਹ ਕੰਮ ਕਰਦਾ ਹੈ, ਜੋ ਉਸ ਨੂੰ ਜਾਇਜ਼ ਲੱਗਦਾ। ਇਕ ਐਸ਼ ਪ੍ਰਸਤ ਕਿਰਦਾਰ ਹੈ, ਜੋ ਨਸ਼ੇ ਨੂੰ ਵੀ ਮਾੜਾ ਨਹੀਂ ਮੰਨਦਾ। ਇਹ ਕਿਰਦਾਰ ਮਿੰਟੂ ਨੂੰ ਕਿਵੇਂ ਪ੍ਰਭਾਵਿਤ ਕਰਦਾ, ਇਹ ਫ਼ਿਲਮ ਵੇਖ ਕੇ ਤੁਸੀਂ ਜਾਣ ਜਾਓਗੇ।
– ਦੀਪ ਗਿੱਲ।