(ਪੰ.ਸ. ਵਿਸ਼ੇਸ਼ ): ਮਾਨ ਸਾਹਬ ਗੱਲ ਇਹ ਨਹੀਂ ਕਿ ਤੁਹਾਡੇ ਕੋਲੋਂ ਕੋਈ ਭੁੱਲ, ਜਾਣੇ-ਅਣਜਾਣੇ ਹੋਈ ਜਾਂ ਮੰਨ ਲਈਏ ਕਿ ਤੁਹਾਡੇ ਮੁਤਾਬਿਕ ਨਹੀਂ ਵੀ ਹੋਈ ਪਰ ਸਾਡੀ ਇਸ ਗੱਲ ਕਰਨ ਦਾ ਸਬੰਧ ਤੁਹਾਡੇ ਆਪਣੇ ਮੂੰਹੋਂ ਮੰਗੀ (ਤਾਜ਼ਾ) ਮਾਫੀ ਨਾਲ ਹੈ।
ਜਦੋਂ ਅਸੀ ਗੁਰੂ ਘਰ ਜਾ ਕੇ ਜਾਂ ਕਿਸੇ ਕਾਰਨ ਗੁਰੂ ਪਿਆਰੀ ਰੱਬ ਰੂਪੀ ਸਾਧ-ਸੰਗਤ ਕੋਲੋਂ ਮਾਫੀ ਮੰਗਦੇ ਹਾਂ ਤਾਂ ਸਾਡੇ ਲਫਜ਼ਾਂ ਵਿਚ ਸਿਰਫ ਤੇ ਸਿਰਫ ਇਹੋ ਹੁੰਦਾ ਹੈ ਕਿ ਜਾਣੇ-ਅਣਜਾਣੇ ਹੋਈਆਂ ਭੁੱਲਾਂ-ਚੁੱਕਾਂ ਦੀ ਮਾਫੀ ਅਤੇ ਇਹੀ ਸਾਡਾ ਪ੍ਰਮੇਸ਼ਵਰ ਅੱਗੇ ਆਤਮ ਸਮਰਪਣ ਅਤੇ ਪੂਰਨ ਭਰੋਸੇ ਦਾ ਸੰਕੇਤ ਹੁੰਦਾ ਹੈ,
ਕੋਈ ਦੂਜਾ ਲਫਜ਼ ਜਾਂ ਆਪਣੀ ਸਫਾਈ ਅਸੀਂ ਆਪਣੇ ਗੁਰੂ ਅੱਗੇ ਨਹੀਂ ਦਿੰਦੇ।
ਗੁਰਦਾਸ ਮਾਨ ਸਾਹਬ ਹੁਣ ਜੇ ਤੁਸੀਂ ਵੀ ਮਾਫੀ ਮੰਗਣ ਦਾ ਮਨ ਬਣਾ ਹੀ ਲਿਆ ਸੀ , ਤਾਂ ਫਿਰ ਤੋਂ ਆਪਣੇ ਕੰਮ ਗਿਣਾਂ ਕੇ ਸਫਾਈਆਂ ਦੇਣ ਦੀ ਲੋੜ ਨਹੀਂ ਸੀ। ਉਹ ਤਾਂ ਮਾਨ ਸਾਹਬ ਤੁਹਾਡੇ ਵਿਵਾਦ ਵੇਲੇ ਵੀ ਲੋਕ ਜਾਣਦੇ ਸਨ ਅਤੇ ਹੁਣ ਵੀ ਜਾਣਦੇ ਨੇ ਕਿ ਤੁਹਾਡਾ ਪੰਜਾਬੀ ਭਾਸ਼ਾ ਅਤੇ ਸਾਰਥਕ ਗਾਇਕੀ ਵਿਚ ਕਿੰਨਾ ਵੱਡਾ ਯੋਗਦਾਨ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਤੁਹਾਡੇ ਵੱਲੋਂ ਮੰਗੀ ਮਾਫੀ ਦਾ ਤੁਹਾਡੇ ਸੋਸ਼ਲ ਖਾਤੇ ਤੇ ਪ੍ਰਸ਼ੰਸਾ ਨਾਲੋਂ ਜ਼ਿਆਦਾ ਵਿਰੋਧ ਨਜ਼ਰ ਆਇਆ।
ਜਦੋਂ ਅਸੀਂ ਮਾਫੀ ਦੇ ਨਾਲ ਸਫਾਈ ਪੇਸ਼ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੇ ਅੰਦਰ ਆਤਮ ਵਿਸ਼ਵਾਸ ਵਿਚ ਕਮੀ ਝਲਕਦੀ ਹੈ। ਮਾਫ਼ੀ ਭਾਂਵੇ ਅਸੀਂ ਕਿਸੇ ਕੋਲੋਂ ਵੀ ਮੰਗੀਏ , ਭਰੋਸਾ ਤਾਂ ਮਾਫ਼ ਕਰਨ ਵਾਲੇ ਤੇ ਹੀ ਕਰਨਾ ਪੈਣਾ, ਤਾਂ ਹੀ ਸਾਡੀ ਮਾਫ਼ੀ ਦਾ ਅਹਿਸਾਸ ਉਸ ਤੱਕ ਪਹੁੰਚਦਾ ਹੈ।
ਬਾਕੀ ਵਿਰੋਧ ਕਰਨ ਦਾ ਹੱਕ ਸਭ ਨੂੰ ਹੈ ਪਰ ਮੰਦੀ ਭਾਸ਼ਾ ਕੋਈ ਵੀ ਬੋਲੇ ਇਹ ਕਦੇ ਵੀ ਸਾਡੇ ਸੱਭਿਆਚਾਰ ਅਤੇ ਸੰਸਕਾਰਾਂ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਕਿਸੇ ਵਿਵਾਦ ਦਾ ਹੱਲ, ਜੇ ਅਸੀਂ ਅਜਿਹਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ-ਆਪ ਦਾ ਨਿਰਾਦਰ ਕਰਦੇ ਹਾਂ, ਜਿਸ ਤੋਂ ਸਭ ਨੂੰ ਸੰਕੋਚ ਕਰਨ ਦੀ ਲੋੜ ਹੈ।
-ਦਲਜੀਤ ਸਿੰਘ ਅਰੋੜਾ
“ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ
ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ॥