ਅੱਜ ਮੈਂ ਇਸ ਫ਼ਿਲਮ ਦੀ ਸਮੀਖਿਆ ਨਹੀਂ ਕਰ ਰਿਹਾ ਬਲਕਿ ਜੋ ਦੇਵ ਖਰੋੜ
Dev Kharoud ਨੇ ਆਪਣੀ ਇਸ ਫ਼ਿਲਮ ਬਾਰੇ ਲਾਈਵ ਹੋ ਕੇ ਕਿਹਾ ਓਸੇ ਨੂੰ ਸਹੀ ਮੰਨ ਕੇ ਗੱਲ ਅੱਗੇ ਤੋਰ ਰਿਹਾ ਹਾਂ।
ਦੇਵ ਸਾਹਬ ਤੁਸੀਂ ਛੋਟੇ ਭਰਾਵਾਂ ਵਰਗੇ ਹੋ, ਸ਼ਾਇਦ ਮੇਰਾ-ਤੁਹਾਡਾ ਕਦੇ ਨਿੱਜੀ ਮੇਲ ਨਹੀਂ ਹੋਇਆ ਪਰ ਤੁਹਾਡੇ ਇਸ ਫ਼ਿਲਮ ਦੇ ਡਾਇਰੈਕਟਰ ਹੈਪੀ ਰੋਡੇ
Happy Rode ਨਾਲ ਮੇਰੀ ਚੰਗੀ ਜਾਣ -ਪਛਾਣ ਹੈ। ਤੁਸੀਂ ਇਸ ਫ਼ਿਲਮ ਤੇ ਦੋ ਸਾਲ ਮਿਹਨਤ ਕਰ ਕੇ ਇਸ ਨੂੰ ਵਧੀਆ ਬਨਾਉਣ ਦੀ ਕੋਸ਼ਿਸ਼ ਕੀਤੀ ਇਸ ਵਿਚ ਕੋਈ ਸ਼ੱਕ ਨਹੀਂ ਅਤੇ ਹੈਪੀ ਰੋਡੇ ਨੇ ਇਸ ਨੂੰ ਆਪਣੀ ਪਹਿਲੀ ਫ਼ਿਲਮ ਵਾਂਗ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਬਣਾ ਕੇ ਪਰਦੇ ਤੇ ਪੇਸ਼ ਕੀਤਾ ਇਹ ਵੀ ਬਿਲਕੁਲ ਦਰੁਸਤ ਹੈ। ਜਿਵੇਂ ਇਸ ਫ਼ਿਲਮ ਵਿਚ ਤੁਹਾਡੀ ਅਦਾਕਾਰੀ ਪਹਿਲਾਂ ਨਾਲੋ ਵੀ ਵੱਧ ਆਪਣੇ ਕਰੈਕਟਰ ਵਿਚ ਬੜੀ ਗਹਿਰਾਈ ਨਾਲ ਰਿੱਧੀ ਹੋਈ ਨਜ਼ਰ ਆਈ ਅਤੇ ਨਿਰਦੇਸ਼ਕ ਵੱਲੋਂ ਵੀ ਇਸ ਨੂੰ ਇਕ ਸਾਫ
-ਸੁੱਥਰੀ ਫ਼ਿਲਮ ਬਣਾ ਕੇ ਦਰਸ਼ਕਾਂ ਮੁਹਰੇ ਪਰੋਸਿਆ ਗਿਆ, ਇਹ ਸਭ ਕਾਬਿਲ-ਏ-ਤਾਰੀਫ ਪੱਖ ਨੇ ਫ਼ਿਲਮ ਦੇ।ਇਸ ਫ਼ਿਲਮ ਵਿਚ ਨਵੇਂ ਚਿਹਰਿਆਂ ਦਾ ਹੁਨਰ ਸਾਹਮਣੇ ਆਉਣਾ ਅਤੇ ਗੀਤ-ਸੰਗੀਤ ਸੰਗੀਤ ਦੀ ਫ਼ਿਲਮ ਦੇ ਵਿਸ਼ੇ ਮੁਤਾਬਕ ਚੋਣ,ਫ਼ਿਲਮ ਦੇ ਮਜਬੂਤ ਪੱਖ ਵਿਚ ਹੋਰ ਵਾਧਾ ਕਰਦੀ ਹੈ,ਇਹ ਕਹਿਣ ਵਿੱਚ ਵੀ ਵੀ ਕੋਈ ਹਰਜ਼ ਨਹੀਂ।
ਹੁਣ ਮੈਂ ਆਉਣਾ ਇਸ ਪੋਸਟ ਨੂੰ ਪਾਉਣ ਦੇ ਮਕਸਦ ਵੱਲ ਕਿ ਜਦੋਂ ਸਾਨੂੰ ਲੱਗਦੈ ਕਿ ਅਸੀਂ ਤਾਂ ਫ਼ਿਲਮ ਨੂੰ ਹਰ ਪਾਸਿਓਂ ਵਧੀਆ ਬਣਾ ਕੇ ਪੇਸ਼ ਕੀਤਾ ਹੈ ਪਰ ਦਰਸ਼ਕਾਂ ਦਾ ਉਹ ਰਿਸਪਾਂਸ ਨਹੀਂ ਮਿਲ ਰਿਹਾ ਜੋ ਕਿ ਮਿਲਣਾ ਚਾਹੀਦਾ ਸੀ ਅਤੇ ਤੁਹਾਡੇ ਦੁਆਰਾ ਲਾਈਵ ਹੋ ਕੇ ਵੀ ਇਹੋ ਕਿਹਾ ਗਿਆ।
ਮੈਂ ਥੋੜਾ ਚਿਰ ਪਹਿਲਾਂ ਹੀ ਆਪਣੇ ਇਕ ਵੋਡਕਾਸਟ ਰਾਹੀਂ ਇਹ ਕਿਹਾ ਸੀ ਕਿ ਜਦੋਂ ਸਾਡੀ ਕਿਸੇ ਕੰਟੈਂਟ ਬੇਸਡ ਕਹੀ ਜਾਂਦੀ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਨਹੀਂ ਮਿਲਦਾ ਤਾਂ ਆਪਾਂ ਦਰਸ਼ਕਾਂ ਤੇ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਜੇ ਦਰਸ਼ਕਾਂ ਨੂੰ ਸਾਫ-ਸੁਥਰਾ ਸਾਰਥਕ ਸਿਨੇਮਾ ਵੀ ਪਸੰਦ ਨਹੀਂ ਆਉਣਾ ਤਾਂ ਫਿਰ ਕੀ ਫਾਇਦਾ ਇਹੋ ਜਿਹੀਆਂ ਫ਼ਿਲਮਾਂ ਦਾ, ਜੋ ਚਲਦਾ ਹੈ ਅਸੀਂ ਵੀ ਓਹੋ ਬਣਾਵਾਂਗੇ। ਜਿਸ ਗੱਲ ਨਾਲ ਮੈਂ ਸਹਿਮਤ ਨਾ ਸੀ ਤੇ ਨਾ ਹੋਵਾਂਗਾ।
ਇੱਥੇ ਇਕ ਗੱਲ ਬੜੀ ਕਲੀਅਰ ਹੈ ਕਿ ਹਰ ਨਿਰਮਾਤਾ-ਨਿਰਦੇਸ਼ਕ ਅਤੇ ਅਦਾਕਾਰ ਆਪਣੀ ਫ਼ਿਲਮ ਨੂੰ ਵਧੀਆ ਹੀ ਬਣਾ ਕਿ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨੂੰ ਵਧੀਆ ਕਿਹਾ ਜਾਣਾ ਵੀ ਠੀਕ ਹੈ,ਪਰ ਇਹ ਤੁਹਾਡਾ ਪੱਖ ਹੈ ਦਰਸ਼ਕਾਂ ਦਾ ਨਹੀਂ !
ਦਰਸ਼ਕ ਨੂੰ ਤਾਂ ਜੋ ਪਸੰਦ ਆਵੇਗਾ ਉਹੀ ਸਾਨੂੰ ਪ੍ਰਵਾਨ ਕਰਨਾ ਪਵੇਗਾ, ਤੁਸੀਂ ਭਾਵੇ 1 ਕਰੋੜ ਦੀ ਫ਼ਿਲਮ ਬਣਾਓ ਜਾਂ 500 ਕਰੋੜ ਦੀ, ਸਾਰਥਕ ਬਣਾਓ ਜਾਂ ਲੱਚਰ, ਦਰਸ਼ਕ ਦੀ ਨਬਜ਼ ਤਾਂ ਪਿਛਲੇ 100 ਸਾਲ ਤੋਂ ਕੋਈ ਵੀ ਨਹੀਂ ਫੜ ਸਕਿਆ, ਇਸ ਲਈ ਉਹਨਾਂ ਤੇ ਰੋਸ ਕਰਨ ਦੀ ਬਜਾਏ ਆਪਣੇ ਵੱਲ ਝਾਤੀ ਮਾਰਨ ਦੀ ਲੋੜ ਹੈ ਕਿ ਆਖਰ ਕਮੀ ਕਿੱਥੇ ਰਹਿ ਗਈ। ਪੰਜਾਬੀ ਦਰਸ਼ਕਾਂ ਨੂੰ ਕੁਝ ਨਹੀਂ ਹੋਇਆ,ਉਹ ਅੱਜ ਵੀ ਉਸੇ ਤਰਾਂ ਹੀ ਸਿਨੇਮਾ ਵੇਖਣ ਜਾਂਦੇ ਹਨ ਜਿਵੇਂ ਕਿ ਪਹਿਲਾਂ !
ਅਸੀਂ ਆਪਣੀ ਫ਼ਿਲਮ ਪ੍ਰਤੀ ਖਿੱਚ ਪੈਦਾ ਕਰਨ ਲਈ ਕੀ ਕਰ ਸਕਦੇ ਹਾਂ ਇਹ ਵੇਖਣ-ਸਮਝਣ ਦੀ ਲੋੜ ਹੈ।
ਗੱਲ ਫ਼ਿਲਮ ਡਾਕੂਆਂ ਦਾ ਮੁੰਡਾ 3 ਦੀ ਤਾਂ ਕਿਸੇ ਵਿਸਥਾਰ ਵਿਚ ਨਾ ਜਾਂਦਾ ਹੋਇਆ ਸਿਰਫ ਐਨਾ ਹੀ ਕਹਾਂਗਾ ,ਜੋ ਮੈਨੂੰ ਲੱਗਿਆ ਕਿ ਪਹਿਲੀ DDM ਫ਼ਿਲਮ ਦੇ ਚੱਲਣ ਦਾ ਸਭ ਤੋਂ ਵੱਡਾ ਕਾਰਨ ਸੀ ਕਿ ਉਹ ਇਕ ਬਾਇਓਪਿਕ ਸਿਨੇਮਾ ਸੀ ਅਤੇ ਦੂਜੀ ਤੇ ਤੀਜੀ ਟਾਈਟਲ ਨੂੰ ਕੈਸ਼ ਕਰਨਾ! ਜਦੋਂ ਅਸੀਂ ਟਾਈਟਲ ਨੂੰ ਰਪੀਟ ਕਰਨ ਨੂੰ ਮੁੱਖ ਰੱਖਦਿਆਂ ਕਹਾਣੀ ਘੜਦੇ ਹਾਂ ਤਾਂ, ਸਮਝੋ ਕਿ ਸਾਡੇ ਕ੍ਰਿਏਟਿਵ ਪੱਖ ਵਿਚ ਕਮੀ ਆ ਚੁਕੀ ਹੈ,ਅਸੀਂ ਕੁਝ ਨਵਾਂ ਕਰਨ ਦੀ ਬਜਾਏ ਸੇਫ ਗੇਮ ਖੇਡਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਅਤੇ ਇਹ ਗੱਲ ਬਾਲੀਵੁੱਡ ਤੇ ਵੀ ਢੁੱਕਦੀ ਹੈ।
ਦੇਵ ਸਾਹਬ ਤੁਸੀਂ ਆਪਣੀਆਂ ਪਹਿਲੀਆਂ ਅਜਿਹੀਆਂ ਐਕਸ਼ਨ ਫ਼ਿਲਮਾਂ ਵਿਚ ਚਾਹੇ ਨੈਗੇਟਿਵ ਕਿਰਦਾਰ ਕੀਤੇ ਜਾਂ ਪਾਜਿਟਿਵ ਪਰ (ਖਰਬੂਜਾ ਛੂਰੀ ਤੇ ਡਿੱਗੇ ਜਾਂ ਛੂਰੀ ਖਰਬੂਜੇ ਤੇ,ਮਤਲਬ ਤਾਂ ਇਕ ਹੀ ਹੈ ) ਬੇਸ਼ਕ ਇਹ ਫ਼ਿਲਮਾਂ ਸੁਨੇਹਾ ਭਰਪੂਰ ਹਨ ਪਰ ਸਾਡੀਆਂ ਫ਼ਿਲਮਾਂ ਦੀ ਵੰਨ ਲਾਈਨ ਵੀ ਤਾਂ ਜ਼ਿਆਦਾਤਰ ਇੱਕੋ ਹੀ ਚੱਲੀ ਆ ਰਹੀ ਹੈ ਕਿ ਮਾੜੇ ਸਿਸਟਮ ਚੋਂ ਪੈਦਾ ਹੋਈਆਂ ਕਹਾਣੀਆਂ ਅਤੇ ਇਹ ਕਿਰਦਾਰ, ਜਿਹਨਾਂ ਵਿਚ ਚਾਹੇ ਕਾਲਜੀਏਟ ਬਣ ਕੇ ਗੱਲ ਕੀਤੀ ਗਈ, ਕੋਈ ਹੋਰ ਕਿਰਦਾਰ ਰਾਹੀਂ ਜਾਂ ਹੁਣ ਖਿਡਾਰੀ ਬਣ ਕੇ, ਬਾਰ ਬਾਰ ਗੱਲ ਤਾਂ ਉਹੀ ਨਸ਼ਾ ਤਸਕਰਾਂ ਦੀ, ਗੈਂਗਸਟਰ ਵਾਦ ਦੀ ਜਾਂ ਮਾੜੇ ਰਾਜਨੀਤਕ-ਪ੍ਰਸ਼ਾਸਨਿਕ ਸਿਸਟਮ ਵਿਰੋਧੀ ਹੀ ਹੋ ਰਹੀ ਹੈ ਨਾ,,? ਸਾਨੂੰ ਵੀ ਤਾਂ ਅਜਿਹੇ ਡਾਰਕ ਜਾਂ ਇਕੋ ਤਰਾਂ ਦੇ ਸਿਨੇਮਾ ਤੋਂ ਬਾਹਰ ਆਉਣ ਦੀ ਲੋੜ ਹੈ।
ਦੇਵ ਤੁਹਾਡੇ ਫੋਲੋਵਰ ਤਾਂ ਤੁਹਾਡੀਆਂ ਫ਼ਿਲਮਾਂ ਪਹਿਲਾਂ ਦੀ ਤਰਾਂ ਅੱਜ ਵੀ ਵੇਖ ਰਹੇ ਨੇ ਪਰ ਦੱਸੋ ਕਿ ਇਸ ਲਿਮਟਿਡ ਦਰਸ਼ਕ ਵਰਗ ਵਾਲੀ ਫ਼ਿਲਮ ਨੂੰ ਅਸੀਂ ਪਰਿਵਾਰਕ ਫ਼ਿਲਮ ਕਿਵੇਂ ਕਹਿ ਸਕਦੇ ਹਾਂ ? ਅਸੀਂ ਸਾਰੇ ਸਿਨੇਮਾ ਪ੍ਰੇਮੀ ਲੋਕ ਹੁਣ ਤੱਕ ਹਰ ਤਰਾਂ ਦਾ ਸਿਨੇਮਾ ਵੇਖ ਕੇ ਵੱਡੇ ਹੋਏ ਹਾਂ ਇਸ ਲਈ ਸਭ ਨੂੰ ਪਤਾ ਹੈ ਕਿ ਇਕ ਨਿਰੋਲ ਪਰਿਵਾਰਕ ਸਿਨੇਮਾ ਹਰ ਰੰਗ ਨਾਲ ਭਰਿਆ ਸੰਤੁਲਿਤ ਸਿਨੇਮਾ ਹੁੰਦਾ ਹੈ। ਬਸ ਇਸ ਫ਼ਿਲਮ ਬਾਰੇ ਇਹੀ ਵਿਚਾਰਨ ਦੀ ਲੋੜ ਹੈ ਕਿ
ਕਿਉਂ ਹਰ ਵਰਗ ਨੂੰ ਸਿਰਫ ਇਹੋ ਜਿਹਾ ਸਿਨੇਮਾ ਹੀ ਪਸੰਦ ਆਵੇਗਾ ? ਸਾਨੂੰ ਵੀ ਆਪਣਾ ਦਰਸ਼ਕ ਘੇਰਾ ਨਵੀਨਤਾ ਨਾਲ ਵਿਸ਼ਾਲ ਕਰਨ ਦੀ ਲੋੜ ਹੈ ।
ਮੈਂ ਤੁਹਾਡੀ ਇਕ ਗੱਲ ਦੀ ਪਹਿਲਾਂ ਵੀ ਆਪਣੇ ਮੈਗਜ਼ੀਨ ਰਾਹੀਂ ਬੜੀ ਵਾਰ ਤਾਰੀਫ ਕੀਤੀ ਹੈ ਕਿ ਤੁਸੀਂ ਗਾਇਕ-ਨਾਇਕ ਵਾਲੀ ਰੀਤ ਨੂੰ ਇਕੱਲਿਆਂ ਹੀ ਤੋੜ ਕੇ ਅੱਗੇ ਵਧੇ ਹੋ, ਪਰ ਹੁਣ ਤੁਹਾਨੂੰ ਆਪਣੇ ਸਬਜੈਕਸ ਤੇ ਮਿਹਨਤ ਦੇ ਨਾਲ ਨਾਲ ਚੌਇਸ ਤੇ ਵੀ ਹੋਰ ਧਿਆਨ ਦੇਣਾ ਹੋਵੇਗਾ,ਆਪਣੇ ਆਪ ਨੂੰ ਵੱਖਰਾ ਦਿਖਾਉਣ ਲਈ।
ਇਹ ਗੱਲ ਮੰਨ ਕੇ ਚੱਲੋ ਕਿ ਅੱਜ ਦੇ ਦਰਸ਼ਕ ਕੋਲ ਐਂਟਰਟੇਨਮੈਂਟ ਦੇ ਨਾਲ ਨਾਲ ਕੰਟੈਂਟ ਬੇਸਡ ਸਿਨੇਮਾ ਦੇ ਆਪਸ਼ਨਜ਼ ਬਹੁਤ ਵੱਧ ਚੁੱਕੇ ਹਨ, ਦੇਸ਼-ਵਿਦੇਸ਼ ਦਾ ਵਿਸ਼ਾਲ ਸਿਨੇਮਾ ਵੇਖਣ ਵਾਲੇ ਪੰਜਾਬੀ ਦਰਸ਼ਕਾਂ ਨੂੰ ਕਿਸੇ ਹੋਰ ਨਾਲ ਮੇਲ ਖਾਂਦਾ ਪੰਜਾਬੀ ਸਿਨੇਮਾ ਨਹੀਂ ਚਾਹੀਦਾ ਕਿਉਂਕਿ ਜਦੋਂ ਅਸਲ ਚੀਜ਼ ਮੌਜੂਦ ਹੋਵੇ ਤਾਂ ਲੋਕ ਉਸ ਨੂੰ ਹੀ ਪਰੈਫਰ ਕਰਨਗੇ,ਇਸੇ ਲਈ ਅੱਜ ਬਾਲੀਵੁੱਡ ਵੀ ਪਿੱਛੇ ਨੂੰ ਜਾ ਰਿਹਾ ਹੈ।
ਪੰਜਾਬੀਆਂ ਨੂੰ ਤਾਂ ਪਿਓਰ ਪੰਜਾਬੀ ਸਿਨੇਮਾ ਹੀ ਰਾਸ ਆਉਣਾ ਅਤੇ ਸ਼ਾਇਦ ਨਿਰਮਾਤਾਵਾਂ ਨੂੰ ਵੀ।
ਜਿਵੇਂ ਸਾਊਥ ਵਾਲੇ ਐਕਸ਼ਨ-ਫਿਕਸ਼ਨ ਜੋ ਵੀ ਬਨਾਉਣ, ਆਪਣੇ ਸੂਬੇ ਦੇ ਦਰਸ਼ਕਾਂ ਦੀ ਨਬਜ਼ ਅਤੇ ਆਪਣੇ ਸੱਭਿਆਚਾਰ ਤੋਂ ਬਾਹਰ ਨੀ ਜਾਂਦੇ ,ਸਾਨੂੰ ਵੀ ਅਜਿਹਾ ਹੀ ਕਰਨਾ ਪਵੇਗਾ ਅਤੇ ਲਗਾਤਾਰ ਕਰਨਾ ਪਵੇਗਾ,ਜੇ ਅਸੀਂ ਹਟਵੇਂ ਪੰਜਾਬੀ ਸਿਨੇਮਾ ਤੇ ਵੀ ਕੰਮ ਕਰਨਾ ਹੈ ਤਾਂ ਵੀ। ਜੇ ਹੋ ਸਕੇ ਤਾਂ ਵੱਧ ਤੋਂ ਵੱਧ ਬ੍ਰਾਈਟ ਪੰਜਾਬੀ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਜੋ ਅਮੀਰ ਵਿਰਾਸਤੀ, ਖੁਸ਼ਹਾਲ ਤੇ ਰੰਗਲੇ ਪੰਜਾਬ ਦੀ ਗੱਲ ਕਰਦਾ ਹੋਵੇ।
ਬਾਕੀ ਕਿਸੇ ਵੇਲੇ ਸਭ ਕੁਝ ਚੰਗਾ ਹੋਣ ਦੇ ਬਾਵਜੂਦ ਵੀ ਫ਼ਿਲਮਾਂ ਨਾ ਚੱਲਣ ਦਾ ਕਾਰਨ ਉਸ ਵੇਲੇ ਦੇ ਸਮਾਜਿਕ ਹਾਲਾਤ ਵੀ ਬਣ ਜਾਂਦੇ ਹਨ ਜਦੋਂ ਲੋਕ ਐਂਟਰਟੇਨਮੈਂਟ ਨੂੰ ਦੂਜੇ ਥਾਂ ਤੇ ਰੱਖ ਲੈਂਦੇ ਹਨ ਜਿਵੇਂ ਕਿ ‘ਅਹਿਮਦਾਬਾਦ ਜਹਾਜ਼ ਹਾਦਸੇ’ ਵਾਂਗ ਦੀਆਂ ਅਣਸੁਖਾਵੀਆਂ ਘਟਨਾਵਾਂ।