🎞🎞🎞🎞🎞🎞🎞🎞🎞🎞🎞🎞🎞
ਪੰਜਾਬੀ ਫ਼ਿਲਮ ਨਿਰਮਾਤਾਵਾਂ ਦੀ ਫ਼ਿਲਮਾਂ ਰਿਲੀਜ਼ ਵੇਲੇ ਆਪਸੀ ਖਿਚੋਤਾਣ,ਆਪਸੀ ਕੁੜੱਤਣ ਅਤੇ ਫ਼ਿਲਮ ਰਿਲੀਜ਼ ‘ਚ ਅੜਚਣਾਂ ਕਾਰਨ ਇਕ-ਦੂਜੇ ਤੇ ਦੋਸ਼ ਮੜਣ ਤੇ ਸਫਾਈਆਂ ਦਾ ਸਿਲਸਲਾ ਜੋ ਸਾਹਮਣੇ ਆ ਰਿਹਾ ਹੈ ਬਹੁਤੀਆਂ ਚੰਗੀਆਂ ਗੱਲਾਂ ਨਹੀਂ ਪੰਜਾਬੀ ਸਿਨੇਮਾ ਲਈ।
ਪਹਿਲਾਂ ਹੀ ਸਾਡੀ ਪੰਜਾਬੀ ਇੰਡਸਟ੍ਰੀ ਦੇ ਲੋਕਾਂ ਵਲੋਂ, ਜਿਹਨਾਂ ਵਿਚ ਕਲਾਕਾਰ ਵੀ ਸ਼ਾਮਲ ਹਨ, ਦੀ ਦੱਬੀ ਜ਼ੁਬਾਨ ਤੇ ਫਿਲਮੀ ਗਰੁੱਪਈਜ਼ਮ, ਗੈਂਗਵਾਰਈਜ਼ਮ ਅਤੋ ਮਾਫੀਆਈਜ਼ਮ ਜਿਹੇ ਸ਼ਬਦਾਂ ਦਾ ਇਸਤੇਮਾਲ ਆਮ ਚਰਚਿਤ ਹੈ ਅਤੇ ਇਸ ਦਾ ਖਮਿਆਜ਼ਾ ਕੁੱਝ ਕਲਾਕਾਰਾਂ ਸਮੇਤ ਸਿਨੇਮਾ ਦੇ ਹੋਰ ਲੋਕ ਵੀ ਭੁਗਤ ਵੀ ਰਹੇ ਹਨ ।
ਹੁਣ ਨਿਰਮਾਤਾਵਾਂ ਦੀਆਂ ਜ਼ਿੱਦਬਾਜ਼ੀਆਂ ਕਾਰਨ ਮਜਬੂਰਨ ਵੱਡੇ ਪੰਜਾਬੀ ਕਲਾਕਾਰਾਂ ਦਾ ਇਕ ਦੂਜੇ ਦੇ ਸਾਹਮਣੇ ਆਉਣਾ ਹੋਰ ਵੀ ਦੁੱਖਦਾਈ ਹੈ,ਜਿਸ ਦਾ ਤੁਰੰਤ ਹੱਲ ਲੱਭਣਾ ਵੀ ਅਤਿ ਜ਼ਰੂਰੀ ਹੋ ਗਿਆ ਹੈ।ਅਜਿਹੀਆਂ ਸਤੀਥੀਆਂ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬੀ ਫਿਲਮ ਇੰਡਸਟ੍ਰੀ ਵੱਡੀ ਹੋਣ ਦੇ ਬਾਵਜੂਦ ਅਸੀਂ ਆਪਣੀ ਨਿਰਮਾਤਾਵਾਂ ਦੀ ਕੋਈ ਮਜਬੂਤ ਐਸੋਸੀਏਸ਼ਨ ਜਾਂ ਇੰਡਸਟ੍ਰੀਅਲ ਫਿਲਮ ਫੈਡਰੇਸ਼ਨ ਵੀ ਨਹੀਂ ਕਾਇਮ ਕਰ ਸਕੇ, ਜਿੱਥੇ ਅਸੀਂ ਅਜਿਹੇ ਮਸਲਿਆਂ ਦਾ ਹੱਲ ਲੱਭ ਸਕੀਏ ਅਤੇ ਨਿਰਮਾਤਾਵਾਂ ਦੇ ਆਰਥਿਕ- ਮਾਨਸਿਕ ਨੁਕਸਾਨ ਦਾ ਬਚਾਅ ਕਰ ਸਕੀਏ।
ਗੱਲ ਜੇ ਇਹਨਾਂ ਦੋ ਪੰਜਾਬੀ ਫਿਲਮਾਂ ਦੀ ਰਿਲੀਜ਼ ਬਾਰੇ ਕਰੀਏ ਤਾਂ ਇਕ ‘ਚੱਲ ਮੇਰਾ ਪੁੱਤ 3’ ਤਾਂ ਮਿੱਥੇ ਸਮੇਂ ਰਿਲੀਜ਼ ਹੋਈ ਪਰ ਦੂਜੀ ‘ਮੂਸਾ ਜੱਟ’ ਭਾਰਤ ਵਿਚ ਸੈਂਸਰ ਸਰਟੀਫਿਕੇਟ ਨਾ ਮਿਲਣ ਕਾਰਨ ਸਿਰਫ ਆਊਟ ਆਫ਼ ਇੰਡੀਆ ਹੀ ਰਿਲੀਜ਼ ਹੋ ਪਾਈ,ਜਿਸ ਦਾ ਨਿਰਮਾਤਾ ਨੂੰ ਨੁਕਸਾਨ ਹੋਣਾ ਸੁਭਾਵਿਕ ਹੈ। ਹੁਣ ਮੂਸਾ ਜੱਟ ਦੇ ਨਿਰਮਾਤਾ ਨੇ ਮਜਬੂਰੀ ਵੱਸ ਆਪਣਾ ਨੁਕਸਾਨ ਹੋਣਾ ਕਬੂਲਿਆ ਜਾ ਮਿੱਥੇ ਸਮੇਂ ਦੀ ਜ਼ਿੱਦ ਕਾਰਨ ਇਹ ਤਾਂ ਉਹੀ ਜਾਣਦੈ ਪਰ ਪੰਜਾਬੀ ਸਕਰੀਨ ਦੇ ਸੂਤਰਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਮਸਲਾ ਅੰਦਰੋ ਅੰਦਰੀ ਕੁਝ ਤਾਂ ਭਖ ਹੀ ਰਿਹਾ ਹੈ, ਵਰਨਾ ਇੰਡੀਆ ਅਤੇ ਓਵਰਸੀਜ਼ ਰਿਲੀਜ਼ ਵਿਚ 8 ਦਿਨਾਂ ਦਾ ਅੰਤਰ ਯਕੀਨਨ ਹੀ ਨਿਰਮਾਤਾ ਅਤੇ ਖਾਸ ਕਰ ਉਹ ਹੀਰੋ ਜਿਸਦੀ ਕਿ ਅਜੇ ਪਹਿਲੀ ਹੀ ਫਿਲਮ ਹੋਵੇ ਦੋਨਾਂ ਲਈ ਨੁਕਸਾਨ ਦੇਹ ਹੈ । ਸਾਡੇ ਮੁਤਾਬਕ ਇਹਨਾਂ ਨੂੰ ਹਰ ਹਾਲਤ ਵਿਚ ਸਬਰ ਕਰ ਕੇ ਇਕੋ ਦਿਨ ਵਰਲਡਵਾਈਡ ਫਿਲਮ ਰਿਲੀਜ਼ ਕਰਨੀ ਚਾਹੀਦੀ ਸੀ ।
ਮੈਨੂੰ ਨਹੀਂ ਲੱਗਦਾ ਕਿ ਅਮਰਿੰਦਰ ਗਿੱਲ ਅਤੇ ਸਿੱਧੂ ਮੂਸੇਵਾਲਾ ਵਿਚ ਕੋਈ ਆਪਸੀ ਗਿਲਾ-ਸ਼ਿਕਵਾ ਹੋ ਸਕਦਾ ਹੈ,ਜੇ ਅਜਿਹਾ ਨਹੀਂ ਇਨਾਂ ਦੋਨਾਂ ਕਲਾਕਾਰਾਂ ਦਾ ਅਜਿਹੇ ਹਾਲਾਤ ਵਿਚ ਆਹਮਣੇ-ਸਾਹਮਣੇ ਆਉਣਾ ਕਿੰਨਾ ਕੁ ਵਾਜਬ ਹੈ,ਆਪ ਹੀ ਸੋਚ ਸਕਦੇ ਹੋ ❓
ਜੇ ਦੋਹਾਂ ਧਿਰਾਂ ਦਾ ਆਪਸੀ ਕੋਈ ਗਿਲਾ ਸ਼ਿਕਵਾ /ਖਿਚੋਤਾਣ ਹੈ ਵੀ ਸੀ ਤਾਂ ਇਸ ਦਾ ਬਾਅਦ ਵਿਚ ਹਲ ਹੁੰਦਾ । ਖੈਰ ਇਹ ਤਾਂ ਨਿਰਮਾਤਾਵਾਂ ਦਾ ਨਿੱਜੀ ਮਾਮਲਾ ਹੈ ਅਤੋ ਕੌਣ ਕਸੂਰਵਾਰ ਨਿਕਲਦਾ ਹੈ ਬਾਅਦ ਦੀ ਗੱਲ ਹੈ।
ਇਸੇ ਤਰਾਂ ਇੱਥੇ ਇਕ ਹੋਰ ਫਿਲਮ ਦਾ ਮੁੱਦਾ ਵੀ ਨਜ਼ਰਾਂ ਸਾਹਮਣੇ ਹੈ ਕਿ ਸਿੱਧੂ ਮੂਸੇਵਾਲਾ ਨੂੰ ਲੈ ਕਿ ਫਿਲਮ “ਮੂਸਾ ਜੱਟ” ਤੋਂ ਪਹਿਲਾਂ ਬਣ ਕੇ ਤਿਆਰ ਹੋਈ ਫਿਲਮ ” ਯੈੱਸ ਆਈ ਐਮ ਸਟੂਡੈਂਟ” ਦੇ ਨਿਰਮਾਤਾ-ਨਿਰਦੇਸ਼ਕ ਨੂੰ ਵੀ ਚਾਅ/ਚਾਰਮ ਹੋਵੇਗਾ ਕਿ ਮੈਂ ਪਹਿਲਾਂ ਸਿੱਧੂ ਨੂੰ ਹੀਰੋ ਵਜੋਂ ਫਿਲਮ ਮਾਰਕੀਟ ਵਿਚ ਉਤਾਰਾਂ, ਪਰ “ਮੂਸੇ ਜੱਟ” ਫ਼ਿਲਮ, ਬਾਅਦ ਵਿਚ ਬਣ ਕੇ ਪਹਿਲਾਂ ਰਿਲੀਜ ਹੋਣ ਨਾਲ ਕਿਤੇ ਨਾ ਕਿਤੇ ਮਾਨਸਿਕ ਠੇਸ ਤਾ ਜ਼ਰੂਰ ਪਹੁੰਚੀ ਹੋਵੇਗੀ “ਯੈੱਸ ਆਈ ਐਮ ਸਟੂਡੈਂਟ” ਦੇ ਨਿਰਮਾਤਾ-ਨਿਰਦੇਸ਼ਕ ਨੂੰ ਵੀ,ਵੱਖਰੀ ਗੱਲ ਹੈ ਕਿ ਉਸ ਨੇ ਕਿਸੇ ਨਾਲ ਵੀ ਉਲਝਣ ਨਾਲੋਂ ਸਬਰ ਸੰਤੋਖ ਅਤੇ ਸਿਆਣਪ ਤੋਂ ਕੰਮ ਲੈ ਕੇ ਪੰਜਾਬੀ ਸਿਨੇਮਾ ਦੀ ਇਕ ਜਿੰਮੇਵਾਰਾਨਾ ਸ਼ਖ਼ਸੀਅਤ ਹੋਣ ਸਬੂਤ ਪੇਸ਼ ਕੀਤਾ ਹੈ।
ਆਖ਼ਰੀ ਗੱਲ ਕਿ ਸਾਡੀ ਇਹ ਛੋਟੀ ਜਿਹੀ ਪੰਜਾਬੀ ਇੰਡਸਟਰੀ ਦੇ ਲੋਕਾਂ ਵਿਚ ਜੇ ਅਜਿਹੇ ਕਾਰਨਾਂ ਕਰਕੇ ਆਪਸੀ ਕੁੜੱਤਣ ਪੈਦਾ ਹੁੰਦੀ ਹੈ ਬਹੁਤ ਹੀ ਮਾੜਾ ਚਲਨ ਹੈ,ਜਿਸ ਦਾ ਰੋਕਿਆ ਜਾਣਾ ਤਾਂ ਜ਼ਰੂਰੀ ਹੈ ਹੀ ਪਰ ਸਾਨੂੰ ਇਸ ਇੰਡਸਟ੍ਰੀ ਦੇ ਚੋਣਵੇਂ ਮੋਹਰੀ ਚਿਹਰਿਆਂ ਨੂੰ ਦੂਜਿਆਂ ਲਈ ਮੀਲ ਪੱਥਰ ਸਾਬਤ ਹੋਣ ਦੀ ਵਧੇਰੇ ਜ਼ਰੂਰਤ ਹੈ ਨਾ ਕਿ ਕੋਈ ਗੈਰ ਜ਼ਿੰਮੇਵਾਰਾਨਾ ਹਰਕਤ ਕਰ ਕੇ ਸਾਰੀ ਇੰਡਸਟ੍ਰੀ ਨੂੰ ਬਦਨਾਮ ਕਰਨ ਦੀ।
ਹੋਰ ਵੀ ਜ਼ਰੂਰੀ ਗੱਲ ਕਿ ਅਜਿਹੇ ਮਸਲਿਆਂ ਲਈ ਸਿਨੇਮਾ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਇਕ ਅਜਿਹਾ ਮਜਬੂਤ ਪਲੇਟਫਾਰਮ ਬੇਹੱਦ ਜ਼ਰੂਰੀ ਹੈ ਜਿਸ ਦਾ ਉਪਰ ਜ਼ਿਕਰ ਵੀ ਕੀਤਾ ਹੈ ਅਤੇ ਇਸ ਪਲੇਟਫਾਰਮ ਦੁਆਰਾ ਕੀਤਾ ਗਿਆ ਫੈਸਲਾ ਹਰਇਕ ਨੂੰ ਸਿਰ ਮੱਥੇ ਪ੍ਰਵਾਨ ਹੋਵੇ।
-ਧੰਨਵਾਦ
ਦਲਜੀਤ ਸਿੰਘ-ਪੰਜਾਬੀ ਸਕਰੀਨ।