ਨਵੇਂ ਨਵੇਂ ਰੰਗਾਂ ਵਿਚ ਰੰਗੀਆਂ ਪੰਜਾਬੀ ਫ਼ਿਲਮਾਂ ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ
ਸਮਾਜ ਪ੍ਰਤੀ ਚੰਗਾ ਸੁਨੇਹਾ ਵੀ ਦਿੰਦੀਆਂ ਹਨ,ਵਿਚੋਂ ਇਕ ਹੈ “ਫੇਰ ਮਾਮਲਾ ਗੜਬੜ ਹੈ” ਜੋਕਿ 29 ਮਾਰਚ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।
ਇਹ ਫ਼ਿਲਮ ਵੀ ਆਪਣੇ ਵੱਖਰੇ ਵਿਸ਼ੇ ਅਤੇ ਸਟਾਰ ਕਾਸਟ ਨੂੰ ਲੈ ਕੇ ਬਹੁਤ ਖ਼ਾਸ ਇਸ ਲਈ ਹੈ, ਕਿਉਂਕਿ ਇਹ ਹਾਸਿਆਂ ਦਾ ਵੱਡਾ ਖ਼ਜ਼ਾਨਾ ਹੈ, ਜਿਸ ਨੂੰ ਵੇਖਦੇ ਦਰਸ਼ਕ ਹੱਸ ਹੱਸ ਦੂਹਰੇ ਹੋਣਗੇ ਤੇ ਮੁੜ-ਮੁੜ ਵੇਖਣ ਜਾਣਗੇ, ਅਜਿਹੀ ਫ਼ਿਲਮ ਟੀਮ ਨੂੰ ਉਮੀਦ ਹੈ। ਫ਼ਿਲਮ ਦੇ ਟ੍ਰੇਲਰ ਅਤੇ ਰਿਲੀਜ਼ ਹੋਏ ਸ਼ਾਨਦਾਰ ਗੀਤ ਪਹਿਲਾਂ ਹੀ ਇਹ ਸਾਬਤ ਚੁੱਕੇ ਹਨ ਕਿ ਇਹ ਫ਼ਿਲਮ ਪੰਜਾਬੀ ਸਿਨਮੇ ਲਈ ਮੀਲ ਪੱਥਰ ਬਣ ਕੇ ਉੱਭਰੇਗੀ।
ਅੱਲ੍ਹੜ ਦਿਲਾਂ ਦੇ ਪਿਆਰ ਮੁਹੱਬਤਾਂ ਦੀ ਗੱਲ ਕਰਦੀ ਇਸ ਫ਼ਿਲਮ ਵਿਚ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦੇ ਨਾਲ ਖੂਬਸੁਰਤ ਨਾਇਕਾ ਪ੍ਰੀਤ ਕਮਲ ਨੇ ਮੁੱਖ ਭੂਮਿਕਾ ਨਿਭਾਈ ਹੈ।
ਕਾਮੇਡੀ ਕਿਰਦਾਰਾਂ ਵਿਚਲੇ ਬਾਦਸ਼ਾਹ ਬੀ.ਐਨ ਸ਼ਰਮਾ ਨੂੰ ਦਰਸ਼ਕ ਪਹਿਲੀ ਵਾਰ ਮਰਦ-ਔਰਤ ਦੇ ਰਲਵੇਂ ਕਿਰਦਾਰ ਵਿਚ ਵੇਖਣਗੇ। ਇਹ ਫ਼ਿਲਮ ਦੋ ਦੋਸਤਾਂ ਦੀ ਕਹਾਣੀ ਹੈ ਜਿੰਨ੍ਹਾ ਦੇ ਸੁਪਨੇ ਬਹੁਤ ਵੱਡੇ ਹਨ। ਇਹ ਆਪਣੇ ਸੁਪਨੇ ਸੱਚ ਕਰਨ ਲਈ ਕਿਹੜੇ ਕਿਹੜੇ ਰਾਹ ਤੁਰਦੇ ਹਨ, ਇਹ ਤਾਂ ਦਰਸ਼ਕ ਸਿਨਮਿਆਂ ਵਿਚ ਹੀ ਵੇਖ ਸਕਣਗੇ। ਪ੍ਰਸਿੱਧ ਫ਼ਿਲਮ ਨਿਰਮਾਣ ਘਰ
“ਓਹਰੀ ਪ੍ਰੋਡਕਸ਼ਨਜ਼”, ਬ੍ਰਿਮਿੰਗ ਵਿਜ਼ਨ ਫ਼ਿਲਮ ਅਤੇ ਰੋਇਲ ਪੰਜਾਬ ਫ਼ਿਲਮ ਦੀ ਪੇਸ਼ਕਸ ਇਸ ਫ਼ਿਲਮ ਨੂੰ ਸਾਗਰ ਕੁਮਾਰ ਸ਼ਰਮਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਕੁਮਾਰ ਅਜੇ ਨੇ ਲਿਖਿਆ ਹੈ ਅਤੇ ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ। ਇਸ ਫ਼ਿਲਮ ਦੀ ਉਪਰੋਕਤ ਲੀਡ ਜੋੜੀ ਤੋਂ ਇਲਾਵਾ ਉਪੇਸ਼ ਜੰਗਵਾਲ,ਬੀ.ਐਨ. ਸ਼ਰਮਾ, ਜਸਵਿੰਦਰ ਭੱਲਾ, ਬਨਿੰਦਰ ਬੰਨੀ, ਭੂਮਿਕਾ ਸ਼ਰਮਾ, ਨਗਿੰਦਰ ਗੱਖੜ, ਦਿਲਾਵਰ ਸਿੱਧੂ, ਗੁਰਪ੍ਰੀਤ ਕੌਰ ਭੰਗੂ, ਅਮਨਦੀਪ ਕੌਰ ਅਤੇ ਰੋਜ਼ ਜੇ ਕੌਰ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੇ ਨਿਰਮਾਤਾ ਮੋਨਾ ਓਹਰੀ, ਵਿਜੇ ਕੁਮਾਰ ਤੇ ਜਸਪ੍ਰੀਤ ਕੌਰ ਹਨ। 29 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ।
ਪੰਜਾਬੀ ਸਕਰੀਨ ਅਦਾਰੇ ਵਲੋਂ ਫ਼ਿਲਮ ਦੀ ਕਾਮਯਾਬੀ ਸ਼ੁੱਭ ਕਾਮਨਾਵਾਂ।
-ਸੁਰਜੀਤ ਜੱਸਲ [ਪੰਜਾਬੀ ਸਕਰੀਨ]