
ਅਜਿਹਾਂ ਤਾਂ ਹੁੰਦਾ ਹੈ ਜਦੋਂ ਲੇਖਕ-ਨਿਰਦੇਸ਼ਕ ਦਾ ਵਿਜ਼ਨ ਸਪੱਸ਼ਟ ਨਾ ਹੋਵੈ ਕਿ ਉਹ ਕਿਸ ਜੌਨਰ ਦੀ ਫ਼ਿਲਮ ਬਣਾ ਰਿਹਾ ਹੈ, ਆਪਣੀ ਕਹਾਣੀ ਵਿਚ ਕਹਿਣਾ ਕੀ ਚਾਹੁੰਦਾ ਹੈ ਅਤੇ ਵਿਖਾਉਣਾ ਕੀ ਚਾਹੁੰਦਾ ਹੈ ਤਾਂ ਅਜਿਹੀ ਅਵਸਥਾ ਵਿਚ ਉਹ ਅਸਲ ਦਰਸ਼ਕ ਨੂੰ ਕਿਵੇਂ ਸੰਤੁਸ਼ਟ ਕਰ ਪਾਵੇਗਾ ?

ਅਤੇ ਇਸ ਗੱਲ ਦਾ ਖ਼ਿਆਲ ਰੱਖਣਾ ਉਸ ਲੇਖਕ-ਨਿਰਦੇਸ਼ਕ ਲਈ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਜੋ ਪਹਿਲਾਂ ਚੰਗੀਆਂ ਫ਼ਿਲਮ ਲਿਖ-ਬਣਾ ਚੁੱਕਿਆ ਹੋਵੇ।

ਸਿਰਫ ਚੰਗੀ ਕਹਾਣੀ ਸੋਚ ਲੈਣੀ ਅਤੇ ਟਾਈਟਲ ਪ੍ਰਭਾਵਸ਼ਾਲੀ ਰੱਖ ਲੈਣਾ ਹੀ ਕਾਫੀ ਨਹੀਂ,ਉਸ ਦੀ ਪੇਸ਼ਕਾਰੀ ਰਾਹੀਂ ਉਸ ਨੂੰ ਨਿਭਾਉਣ ਲਈ ਫ਼ਿਲਮ ਦਾ ਨਿੱਕਾ-ਨਿੱਕਾ ਪੱਖ ਵਿਚਾਰਨ ਨਾਲ ਹੀ ਫ਼ਿਲਮ ਵਿਚ ਸੰਪੂਰਨਤਾ ਆਉਂਦੀ ਹੈ।

ਗੱਲ “ਇਕ ਕੁੜੀ” ਦੀ ਤਾਂ ਉਪਰੋਕਤ ਗੱਲਾਂ ਇਸ ਫ਼ਿਲਮ ਤੇ ਵੀ ਢੁਕਦੀਆਂ ਹਨ।
ਕੋਈ ਦੱਸੇ, ਜੇ ਕਿਸੇ ਨੇ ਇਹ ਸੋਚਿਆ ਜਾਂ ਫਿਲਮ ਪ੍ਰਚਾਰ ਚੋਂ ਇਹ ਮਹਿਸੂਸ ਕੀਤਾ ਹੋਵੇ ਕਿ ਇਹ ਫ਼ਿਲਮ ਕੁੜੀਆਂ ਬਾਰੇ ਕਿਸੇ ਖਾਸ ਮੁੱਦੇ ਤੋਂ ਹੱਟ ਇਹ ਇਕ ਬੇਤੁਕੀ ਕਾਮੇਡੀ ਰੂਪੀ ਫ਼ਿਲਮ ਬਣ ਕੇ ਸਾਹਮਣੇ ਆਵੇਗੀ!?

ਜਿਸ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਫ਼ਿਲਮ ਅੱਗੇ ਤੌਰਨ ਦਾ ਲੇਖਕ-ਨਿਰਦੇਸ਼ਕ ਦਾ ਆਪਣੇ ਵੱਲੋਂ ਕੀਤਾ ਗਿਆ ਨਿਵੇਕਲਾ ਉਪਰਾਲਾ ਬਹੁਤੇ ਮਜਬੂਤ ਅਧਾਰ ਵਾਲਾ ਸਾਬਤ ਨਹੀਂ ਹੁੰਦਾ, ਜਿਸ ਵਿਚ ਕਿ ਇਕ ਕੁੜੀ ਦੇ ਆਪਣੀ ਇੱਛਾ ਨਾਲ ਵਿਆਹ ਕਰਵਾਉਣ ਦੇ ਦੋ ਵੱਖੋ-ਵੱਖ ਟਰੈਕ ਚਲਾਏ ਗਏ ਹਨ।

ਭਾਵੇਂਕਿ ਫ਼ਿਲਮ ਦਾ ਇਕ ਹਿੱਸਾ ਜੋ ਕਿ ਪੀਰੀਅਡ ਲਵ ਟਰੈਕ ਨਾਲ ਜੋੜਿਆ ਗਿਆ ਹੈ, ਵਿਚ ਬੇਤੁਕੀ ਕਾਮੇਡੀ ਤਾਂ ਨਹੀਂ ਹੈ ਅਤੇ ਕਿਸੇ ਹੱਦ ਤੱਕ ਫਿਲਮਾਂਕਣ ਵੀ ਕਹਾਣੀ ਮੁਤਾਬਕ ਢੁਕਵਾਂ ਅਤੇ ਵਧੀਆ ਹੈ ਪਰ ਇਹ ਇਕ ਅਜਿਹਾ ਰਪੀਟਡ ਟਰੈਕ ਹੈ ਜਿਸ ਨੂੰ ਕਈ ਫ਼ਿਲਮਾਂ ਵਿਚ ਵਰਤੇ ਜਾਣ ਕਾਰਨ ਇਸ ਦਾ ਪ੍ਰਭਾਵ ਮੌਜੂਦਾ ਪੰਜਾਬੀ ਦਰਸ਼ਕ ਤੇ ਨਾ ਮਾਤਰ ਹੀ ਰਹਿ ਗਿਆ ਹੈ


ਅਤੇ ਦੂਜੇ ਪਾਸੇ ਜੋ ਮੌਜੂਦਾ ਸਮੇਂ ਦਾ ਵਿਆਹ ਟਰੈਕ ਚਲਾਇਆ ਗਿਆ ਹੈ ਜਿੱਥੇ ਇਕ ਕੁੜੀ ਆਪਣੀ ਅਰੇਂਜ ਮੈਰਿਜ ਤਹਿ ਹੋਣ ਤੋਂ ਬਾਅਦ ਮੁੰਡੇ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕਰਦੀ ਹੈ, ਵਾਲਾ ਸਕਰੀਨ-ਪਲੇਅ ਹਿੱਸਾ ਬਿਨਾ-ਸਿਰ ਪੈਰ ਵਾਲਾ ਹੋਣ ਕਾਰਨ ਕਾਮੇਡੀ ਨਾਲੋਂ ਵੱਧ ਹਾਸੋਹੀਣਾ ਲੱਗਦਾ ਹੈ


ਹਾਲਾਂਕਿ ਇੱਥੇ ਲੇਖਕ-ਨਿਰਦੇਸ਼ਕ ਕੋਲ ਮੌਕਾ ਸੀ ਕਿ ਫ਼ਿਲਮ ਦੇ ਟਾਈਟਲ ਮੁਤਾਬਕ ਕੁੜੀਆਂ ਦਾ ਕੋਈ ਮਜਬੂਤ ਸਮਾਜਿਕ ਪੱਖ ਪੇਸ਼ ਕਰ ਕੇ ਮੌਜੂਦਾ ਸਿਨੇਮਾ ਦਰਸ਼ਕ ਅਤੇ ਖਾਸਕਰ ਨੌਜਵਾਨ ਪੀੜੀ ਦੀ ਵਾਹ ਵਾਹ ਬਟਰੋਦਾ ! ਇਸ ਨਾਲ ਫ਼ਿਲਮ ਦੀਆਂ ਦੋਵੇ ਕਹਾਣੀਆਂ ਦਾ ਅਧਾਰ ਵੀ ਮਜਬੂਤ ਨਜ਼ਰ ਆਉਣਾ ਸੀ ਅਤੇ ਆਲੋਚਕਾਂ ਦਾ ਫ਼ਿਲਮ ਪ੍ਰਤੀ ਨਜ਼ਰੀਆ ਵੀ ਹੋਰ ਹੋਣਾ ਸੀ।

ਖੈਰ! ਕੁਲ ਮਿਲਾ ਕੇ ਇਹ ਫ਼ਿਲਮ ਆਮ ਅਤੇ ਅਸਲ ਫ਼ਿਲਮ ਦਰਸ਼ਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕੀ।

ਹਾਂ ! ਫ਼ਿਲਮ ਦੇ ਗੀਤ ਜ਼ਰੂਰ ਚੰਗੇ ਹਨ ਤੇ ਬੈਕਗਰਾਉਂਡ ਸਕੋਰ ਵੀ ਸੋਹਣਾ ਹੈ।

ਜੇ ਗੱਲ ਫ਼ਿਲਮ ਵਿਚਲੇ ਅਦਾਕਾਰਾਂ ਦੀ ਕਰੀਏ ਤਾਂ ਔਸਤਨ ਠੀਕ ਹੀ ਕਿਹਾ ਜਾ ਸਕਦਾ, ਕਿਉਂਕਿ ਕਿਸੇ ਦੇ ਵੀ ਬਹੁਤੇ ਮਜਬੂਤ ਕਿਰਦਾਰ ਸਿਰਜੇ ਗਏ ਫ਼ਿਲਮ ਵਿਚ ਨਜ਼ਰ ਨਹੀਂ ਆਏ ਜਿਸ ਤੋਂ ਕਿਸੇ ਦੀ ਅਦਾਕਾਰੀ ਨੂੰ ਪੂਰੀ ਤਰਾਂ ਪਰਖਿਆ ਜਾ ਸਕੇ,

ਪਰ ਫਿਰ ਵੀ ਪੀਰੀਅਡ ਟਰੈਕ ਵਿਚ ਜਿੱਥੇ ਸ਼ਹਿਨਾਜ਼ ਗਿੱਲ ਅਤੇ ਉਸ ਦੇ ਆਪੋਜ਼ਿਟ ਸਾਥੀ ਕਲਾਕਾਰ ‘ਜੱਸ’ ਆਪੋ-ਆਪਣੀ ਸੁਭਾਵਿਕ ਅਦਾਕਾਰੀ ਦਾ ਸੋਹਣਾ ਪ੍ਰਭਾਵ ਛੱਡਦੇ ਹਨ, ਓਥੇ ਫ਼ਿਲਮ ਦੇ ਅੰਤ ਵਿਚ ਅਦਾਕਾਰ ਨਿਰਮਲ ਰਿਸ਼ੀ ਅਤੇ ਬਲਜਿੰਦਰ ਦਾਰਾਪੁਰੀ ਜੋ ਕਿ ਪੁਰਾਣੇ ਪ੍ਰੇਮੀ ਜੋੜੇ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ ਤਾਂ, ਜਿੱਥੇ ਨਿਰਮਲ ਰਿਸ਼ੀ ਇਕ ਤਜ਼ੁਰਬੇਕਾਰ ਅਤੇ ਸਥਾਪਿਤ ਅਦਾਕਾਰਾ ਵੱਜੋਂ ਮੁੜ ਤੋਂ ਆਪਣਾ ਠੋਸ ਪ੍ਰਭਾਵ ਛੱਡਦੀ ਹੈ ਉੱਥੇ ਫ਼ਿਲਮਾਂ ਵਿਚ ਘੱਟ ਵੇਖੇ ਜਾਣ ਵਾਲੇ ਬਜ਼ੁਰਗ ਅਵਸਥਾ ਵਿਚ ਵਿਖਾਏ ਗਏ ਐਕਟਰ ਬਲਜਿੰਦਰ ਦਾਰਾਪੁਰੀ ਨੇ ਵੀ ਆਪਣੇ ਕਿਰਦਾਰ ਵਿਚ ਜਾਣ ਪਾ ਕੇ ਆਪਣੀ ਉਮਦਾ ਅਦਾਕਾਰੀ ਦਾ ਸਬੂਤ ਦਿੱਤਾ ਹੈ।

ਇਕ ਹੋਰ ਜ਼ਰੂਰੀ ਗੱਲ ਕਿ ਫ਼ਿਲਮਾਂ ਦੀ ਪ੍ਰੋਮੋਸ਼ਨ ਕਰਨ ਵਾਲੇ ਇਨਫੁਲੈਂਸਰ ਆਪਣਾ ਫ਼ਿਲਮ ਪ੍ਰਚਾਰ ਰਿਲੀਜ਼ ਤੱਕ ਹੀ ਸੀਮਤ ਰੱਖਣ ਅਤੇ ਰਿਲੀਜ਼ ਤੋਂ ਬਾਅਦ ਝੂਠ/ਅਗਿਆਨਤਾ ਪ੍ਰਚਾਰ ਦਾ ਹਿੱਸਾ ਬਣ ਕੇ ਅਸਲ ਦਰਸ਼ਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਤੋਂ ਗੁਰੇਜ ਕਰਨ ਤਾਂ ਬੇਹਤਰ ਹੈ ਤਾਂ ਕਿ ਇਕ ਇਨਫੁਲੈਂਸਰ ਦਾ ਫ਼ਿਲਮਾਂ ਦੇ ਮਾਮਲੇ ਵਿਚ ਆਪਣਾ ਇਨਫੁਲੈਂਸ ਬਚਿਆ ਰਹੇ

ਜਾਂ ਫਿਰ ਕਿਸੇ ਫ਼ਿਲਮ ਬਾਰੇ ਗੱਲ ਕਰਨ ਤੋਂ ਪਹਿਲਾਂ ਸਿਨੇਮਾ ਦੀਆਂ ਬਰੀਕੀਆਂ ਅਤੇ ਮੌਜੂਦਾ ਦਰਸ਼ਕਾਂ ਦੀ ਨਬਜ਼ ਬਾਰੇ ਥੋੜਾ-ਬਹੁਤ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨ !

ਇਕ ਵਾਰ ਫਿਰ ਦੁਹਰਾਵਾਂਗਾ ਕਿ ਜਿਹੜਾ ਲੇਖਕ-ਨਿਰਦੇਸ਼ਕ ਪਹਿਲੇ ਦੱਸਾਂ ਮਿੰਟਾਂ ਵਿਚ ਸਿਨੇਮਾ ਹਾਲ ਵਿਚ ਬੈਠੇ ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜਣ ਵਿੱਚ ਕਾਮਯਾਬ ਨਹੀਂ ਹੁੰਦਾ, ਉਹ ਫ਼ਿਲਮ ਘੱਟ ਹੀ ਚੱਲਦੀ,ਬਾਕੀ ਜੇ ਕੋਈ ਚਮਤਕਾਰ ਹੋ ਜਾਏ ਤਾਂ ਕਹਿ ਨਹੀਂ ਸਕਦਾ !? ਧੰਨਵਾਦ
Comments & Suggestions
Comments & Suggestions