RIP: Suresh Pandit !
ਸ਼੍ਰੋਮਣੀ ਐਵਾਰਡ, ਜੋ ਐਨਾਊਂਸ ਹੋਣ ਦੇ ਚਾਰ ਸਾਲ ਬਾਅਦ ਤੱਕ ਵੀ ਨਹੀਂ ਮਿਲ ਸਕਿਆ ਪੰਡਿਤ ਜੀ ਨੂੰ, ਤੇ ਆਖ਼ਰ….!? @BhagwantMann #bhagwantmaan
ਜਾਣਕਾਰੀ ਵੱਲੋਂ: ਡਾ.ਐਸ.ਪੀ. ਅਰੋੜਾ ਅਤੇ ਜਗਦੀਸ਼ ਸਚਦੇਵਾ ( ਥੀਏਟਰ ਸ਼ਖ਼ਸੀਅਤਾਂ)
———–‐‐‐————ਸ਼ਰਧਾਂਜਲੀ🎉
ਬਲਰਾਜ ਸਾਹਨੀ ਦੇ ਨਿਰਦੇਸ਼ਕ ਵੀ ਰਹੇ ਹਨ ਸੁਰੇਸ਼ ਪੰਡਿਤ !
(ਪੰ:ਸ)ਸੁਰੇਸ਼ ਪੰਡਿਤ ਪੰਜਾਬੀ ਰੰਗਮੰਚ ਦਾ ਇੱਕ ਜੀਂਦਾ ਜਾਗਦਾ ਦਸਤਾਵੇਜ਼ ਹੈ। ਆਪਣੇ ਵੇਲਿਆਂ ਦਾ ਸ਼ਾਹ ਅਸਵਾਰ ਇਹ ਸਿਰੜੀ ਰੰਗਕਰਮੀ ਸੰਤਾਲੀ ਤੋਂ ਬਾਅਦ ਪਨਪੇ ਤੇ ਉੱਸਰੇ ਪੰਜਾਬੀ ਥੀਏਟਰ ਦਾ ਚਸ਼ਮਦੀਦ ਗਵਾਹ ਹੈ।
“ਉੱਘੇ ਰੰਗਕਰਮੀਆਂ ਡਾ. ਐਸ.ਪੀ. ਅਰੋੜਾ ਜਤਿੰਦਰ ਕੌਰ, ਜਗਦੀਸ਼ ਸਚਦੇਵਾ ਅਤੇ ਕੇਵਲ ਧਾਲੀਵਾਲ ਹੋਰਾਂ ਨਾਲ ਸੁਰੇਸ਼ ਪੰਡਿਤ ਜੀ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦਾ ਹਾਲ-ਚਾਲ ਪੁੱਛਣ ਜਾਣ ਸਮੇਂ ਦੀ ਆਖਰੀ ਤੇ ਯਾਦਗਾਰੀ ਤਸਵੀਰ” 👇
ਸੁਰੇਸ਼ ਪੰਡਿਤ ਜੀ ਦੀ ਜ਼ਿੰਦਗੀ ਤੇ ਪ੍ਰਾਪਤੀਆਂ ਬਾਰੇ ਕੁਝ ਗੱਲਾਂ ਕਰਨੀਆਂ ਬਣਦੀਆਂ ਨੇ । ਕਰੀਬ 79 ਸਾਲ ਹੰਢਾ ਚੁੱਕੇ ਪੰਡਿਤ ਜੀ ਪੰਜਾਬੀ ਰੰਗਮੰਚ, ਟੈਲੀਵਿਜ਼ਨ ਤੇ ਫ਼ਿਲਮਾਂ ਦੇ ਉੱਘੇ ਅਦਾਕਾਰ ਤੇ ਨਿਰਦੇਸ਼ਕ ਰਹੇ ਹਨ। ਉਹ ਕਦੀ ਮੂਹਰਲੀ ਸਫ਼ ਤੇ ਖੜੇ ਨਾਟਕਕਾਰ ਹੁੰਦੇ ਸਨ। ਪੰਡਿਤ ਜੀ ਨੇ ਰੰਗਮੰਚ ਦੀ ਸ਼ੁਰੂਆਤ ਗੁਰਸ਼ਰਨ ਭਾ ਜੀ ਨਾਲ ” ਅੰਮ੍ਰਿਤਸਰ ਕਲਾ ਕੇਂਦਰ ” ਵਿੱਚ ਇੱਕ ਅਦਾਕਾਰ ਦੇ ਤੌਰ ਤੇ ਕੀਤੀ ਸੀ। ਓਦੋਂ ਪੰਜਾਬੀ ਸਾਹਿਤਕ ਨਾਟਕ ਅਜੇ ਪਾਰਸੀ ਥੀਏਟਰ ਦੀਆਂ ਸੌੜੀਆਂ ਵਲਗਣਾ ‘ਚੋਂ ਨਿਕਲ ਪਿੰਡਾਂ ਦੀਆਂ ਸੱਥਾਂ ਵਿੱਚ ਖੇਡਿਆ ਜਾਣਾ ਸ਼ੁਰੂ ਈ ਹੋਇਆ ਸੀ। ਕੋਈ ਗੱਡਾ, ਮਚਾਨ ਜਾਂ ਕੋਈ ਉੱਚਾ ਥੜਾ ਸਟੇਜ ਬਣ ਜਾਂਦਾ ਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਦਰਸ਼ਕਾਂ ਦਾ ਸਮੂਹ ਬਣ ਜਾਂਦੇ।
ਓਦੋਂ ਗਾਂਧੀ ਗ੍ਰਾਉੰਡ ਵਾਲਾ ਓਪਨ ਏਅਰ ਥੀਏਟਰ ਇੱਕ ਸਾਂਝੀ ਸੱਥ ਸੀ ਜਿੱਥੇ ਨਾਟਕ ਖੇਡੇ ਜਾਂਦੇ, ਜਿੱਥੇ ਰੰਗਕਰਮੀਆਂ, ਕਲਮਕਾਰਾਂ, ਚਿੱਤਰਕਾਰਾਂ, ਸੰਗੀਤਕਾਰਾਂ ਦੀਆਂ ਬੈਠਕਾਂ ਹੁੰਦੀਆਂ, ਮਹਿਫ਼ਲਾਂ ਲੱਗਦੀਆਂ, ਸੰਵਾਦ ਰਚੇ ਜਾਂਦੇ। ਪੰਡਿਤ ਜੀ ਨੇ ਆਪਣੇ ਵੇਲੇ ਦੇ ਕਈ ਸਿਰਕੱਡ ਕਲਾਕਾਰਾਂ ਨਾਲ ਇਸ ਖੁੱਲ੍ਹੇ ਰੰਗਮੰਚ ਵਿੱਚ ਕਈ ਨਾਟਕ ਖੇਡੇ। ਓਦੋਂ ਕਲਾਕਾਰਾਂ ਵਿੱਚ ਨਾ ਤਾਂ ਕੋਈ ਦਰਜਾਬੰਦੀ ਸੀ, ਨਾ ਖ਼ਹਿਬਾਜ਼ੀ ਸੀ, ਤੇ ਨਾ ਹੀਂ ਠਿੱਬੀਆਂ ਦੇਣ ਦਾ ਕੋਈ ਕਲਚਰ ਸੀ।
ਗੁਰਸ਼ਰਨ ਸਿੰਘ ਦੇ ਕਲਾ ਕੇਂਦਰ ਨੇ ਪੇਂਡੂ ਤੇ ਸ਼ਹਿਰੀ ਦਰਸ਼ਕਾਂ ਨੂੰ ਇੱਕੋ ਵੇਲੇ ਨਾਟਕ ਨਾਲ ਜੋੜਿਆ। ਭਾ ਜੀ ਦੀ ਅਗਵਾਈ ਥੱਲੇ ਸ਼ਹਿਰੀ ਦਰਸ਼ਕ ਤੇ ਬੁੱਧੀਜੀਵੀ ਵਰਗ ਨੂੰ ਨਾਟਕ ਨਾਲ ਜੋੜਣ ਵਿੱਚ ਪੰਡਿਤ ਜੀ ਨੇ ਅਹਿਮ ਹਿੱਸਾ ਪਾਇਆ। ਪੰਡਿਤ ਜੀ ਨੇ ਸਮਾਜਿਕ ਸਰੋਕਾਰਾਂ ਵਾਲੇ ਅਨੇਕਾਂ ਪੰਜਾਬੀ ਨਾਟਕ ਖੇਡੇ ਜਾਂ ਨਿਰਦੇਸ਼ਿਤ ਕੀਤੇ ਜਿਵੇੰ ਕਣਕ ਦੀ ਬੱਲੀ, ਲੋਹਾ ਕੁੱਟ, ਧੂਣੀ ਦੀ ਅੱਗ, ਅਰਸ਼- ਫ਼ਰਸ਼ , ਮੌਤ, ਉਪਰਲੀ ਮੰਜ਼ਲ, ਜਿਨ ਸੱਚ ਪੱਲੇ ਹੋਇ , ਉਦਾਸ ਲੋਕ,. ਕੱਚਾ ਘੜਾ, ਰੱਤਾ ਸਾਲੂ, ਤਾਰ ਤੁਪਕਾ, ਪੈਟੀ ਬੁਰਜ਼ੂਆ ਆਦਿ।
ਸੁਰੇਸ਼ ਪੰਡਿਤ ਜੀ ਦੀ ਇੱਕ ਹੋਰ ਉਮਦਾ ਕਾਮਯਾਬੀ ਹੈ ਜੋ ਉਹਨ੍ਹਾਂ ਨੂੰ ਆਪਣੇ ਸਮਕਾਲੀਆਂ ਤੋਂ ਨਿਖੇੜਦੀ ਹੈ। ਉਹਨ੍ਹਾਂ ਪੱਛਮੀ ਮੁਲਕਾਂ ਦੇ ਅੰਗਰੇਜ਼ੀ ਨਾਟਕਾਂ ਦਾ ਤਰਜ਼ਮਾ ਕਰ/ਕਰਵਾ ਅੰਮ੍ਰਿਤਸਰ ਦੇ ਰੰਗਮੰਚ ਤੇ ਖੇਡਿਆ / ਖੇਡਾਇਆ। ਜੇ ਮੈਂ ਗ਼ਲਤ ਨਹੀਂ ਤਾਂ ਪੰਡਿਤ ਜੀ ਨੇ ਸ਼ੇਕਸਪੀਅਰ ਦੇ ਵੱਕਾਰੀ ਨਾਟਕ “ਅਥੈਲੋ ” (Othello) ਤੇ “ਹੈਮਲਟ ” ( Hamlet ) ਦੇ ਪੰਜਾਬੀ ਤਰਜ਼ਮੇ ਮੰਚਿਤ ਕੀਤੇ। ਇੱਕ ਹੋਰ ਵੱਡੀ ਗੱਲ: ਆਇਰਲੈਂਡ ਦੇ ਨਾਟਕਕਾਰ ਸੈਮੂਅਲ ਬੈਕਟ (Samuel Beckett) ਦੇ ਦੋ ਪ੍ਰਸਿੱਧ ਨਾਟਕ “ਗੋਦੋ ਦੀ ਉਡੀਕ ਵਿੱਚ” ( Waiting for Godot) ਤੇ “ਤਮਾਸ਼ਾ ਖ਼ਤਮ ” ( Endgame ) ਨੂੰ ਅੰਮ੍ਰਿਤਸਰ ਵਿੱਚ ਖੇਡ ਕੇ ਪੰਡਿਤ ਹੁਰਾਂ ਇੱਕ ਲੰਮੀ ਲੀਕ ਖਿੱਚੀ। ਏਥੇ ਹੀ ਬਸ ਨਹੀਂ: ਪੰਡਿਤ ਜੀ ਨੇ ਸੰਸਾਰ ਪ੍ਰਸਿੱਧ ਰੋਮਾਨੀਅਨ- ਫਰਾਂਸੀਸੀ ਨਾਟਕਕਾਰ ਯੂਜੀਨ ਆਈਨੈਸਕੋ (Eugene Ionesco) ਦਾ ਪ੍ਰਸਿੱਧ ਨਾਟਕ ” ਕੁਰਸੀਆਂ ” (The Chairs) ਖੇਡ ਕੇ ਦਰਸ਼ਕਾਂ ਨੂੰ ਯੂਰੋਪ ਦੇ ਹੋਂਦਵਾਦੀ ਨਾਟਕ ਨਾਲ ਰੂਬਰੂ ਕੀਤਾ। ਓਸ ਵੇਲੇ ਸੂਚਨਾ ਸੰਚਾਰ ਦੇ ਸਾਧਨ ਸੀਮਿਤ ਸਨ, ਇਸ ਲਈ ਹੋ ਸਕਦੈ ਹੈ ਕਿ ਪੰਡਿਤ ਜੀ ਦਾ ਕੀਤਾ ਹੋਇਆ ਬਹੁਤ ਸਾਰਾ ਕੰਮ ਅੱਖੋਂ ਪਰੋਖੇ ਹੋਇਆ ਹੋਵੇ।
ਨਾਟਕਕਾਰ ਜਗਦੀਸ਼ ਸਚਦੇਵਾ ਤੇ ਸੁਰੇਸ਼ ਪੰਡਿਤ ਦੀ ਪੱਕੀ ਦੋਸਤੀ ਰਹੀ ਹੈ। ਜਗਦੀਸ਼ ਸਚਦੇਵਾ ਦਵਾਰਾ ਰਚਿਤ ਜਾਂ ਮੰਚਿਤ ਕਈ ਨਾਟਕਾਂ ਵਿੱਚ ਪੰਡਿਤ ਜੀ ਦਾ ਯੋਗਦਾਨ ਰਿਹਾ ਜਿਵੇੰ ‘ਹਮੀਦਾਂ ਬਾਈ ਦੀ ਕੋਠੀ’ ਤੇ ਟੀ.ਵੀ. ਨਾਟਕ ‘ਵਣਜਾਰਾ’। ਪੰਡਿਤ ਜੀ ਨੇ ਨਾਟਕ ‘ਅਖਾੜਾ ‘ ਨੂੰ ਦੂਰਦਰਸ਼ਨ ਲਈ ਨਿਰਦੇਸ਼ਿਤ ਕੀਤਾ। ਸਚਦੇਵਾ ਦੇ ਨਾਟਕ “ਸਾਵੀ” ਨੂੰ ਪੰਡਿਤ ਜੀ ਗਾਰਸ਼ੀਆ ਲੋਰਕਾ ( Garcia Lorca ) ਦੇ ਨਾਟਕ ਯਰਮਾ ( Yerma ) ਨਾਲ ਤੁਲਨਾਉਂਦੇ ਨੇ। ਇਹ ਸਚਦੇਵਾ ਦੀ ਨਾਟ- ਦ੍ਰਿਸ਼ਟੀ ਤੇ ਕਾਰਜ-ਸ਼ੀਲਤਾ ਤੇ ਇੱਕ ਮਹੱਤਵਪੂਰਨ ਟਿੱਪਣੀ ਹੈ ।
ਇਹਨ੍ਹਾਂ ਦੋਵਾਂ ਦਾ ਨਾਟਕੀ ਫ਼ਲਸਫ਼ਾ, ਨਾਟਕੀ ਨੁਕਤਾ-ਨਿਗ੍ਹਾਹ ਵੱਖੋ ਵੱਖਰਾ ਹੈ। ਦੋਹਾਂ ਦਾ ਸੋਚ -ਸੰਸਾਰ ਵੀ ਵੱਖਰਾ ਵੱਖਰਾ ਏ। ਸੱਚਦੇਵਾ ਸਾਹਿਬ ਦੀ ਨਾਟਕ ਪ੍ਰਤੀ ਵੱਖਰੀ ਪਹੁੰਚ ਏ, ਉਂਝ ਉਹ ਮੋਟੇ ਤੌਰ ਤੇ ਯਥਾਰਥਵਾਦੀ ਏ, ਉਹ ਐਂਟਨ ਚੈਖੋਵ ( Anton Chekhov ) ਦੀ ਸੋਚ ਦੇ ਧਾਰਨੀ ਨੇ। ਸੁਰੇਸ਼ ਪੰਡਿਤ ਨੇ ਰਵਾਇਤੀ ਨਾਟਕ ਤੋਂ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਸਥਾਪਤੀ ਤੇ ਪ੍ਰੰਪਰਾਵਾਦੀ ਨਾਟਕ ਨੂੰ ਨਕਾਰਿਆ। ਉਹ ਫਰੈਂਜ ਕਾਫ਼ਕਾ ( Franz Kafka ) ਸਮੇਤ ਵੀਹਵੀਂ ਸਦੀ ਦੇ ਯੂਰੋਪੀਅਨ ਹੋਂਦਵਾਦੀ ਨਾਟਕਕਾਰਾਂ ਦੇ ਅਲੰਬਰਦਾਰ ਰਹੇ ਨੇ। ਉਹ ਇਕੋ ਸਾਹੇ ਸਮੂਏਲ ਬੈਕਟ, ਅਨਤੋਨਿਨ ਆਰਤੋ, ਬ੍ਰੇਖ਼ਤ, ਇਓਨੇਸਕੋ ਤੇ ਆਲਬੀ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ। ਇਹਨਾਂ ਲੇਖਕਾਂ ਦਾ ਜ਼ਿਕਰ ਆਉਂਦਿਆਂ ਹੀ ਪੰਡਿਤ ਜੀ ਦਾ ਚੇਹਰਾ ਖਿੜ ਜਾਂਦੈ, ਪੁਰਨੂਰ ਹੋ ਜਾਂਦੈ।
ਪੰਡਿਤ ਜੀ ਬਾਰੇ ਇੱਕ ਹੋਰ ਬੜੀ ਮਸ਼ਹੂਰ ਦਾਸਤਾਨ ਹੈ। ਕਰਤਾਰ ਸਿੰਘ ਦੁੱਗਲ ਦੇ ਨਾਟਕ “ਉਪਰਲੀ ਮੰਜ਼ਿਲ” ਵਿੱਚ ਨਾਇਕ ਸੀ ਬਲਰਾਜ ਸਾਹਨੀ ਤੇ ਨਿਰਦੇਸ਼ਕ ਸਨ ਸੁਰੇਸ਼ ਪੰਡਿਤ ਜੀ। ਬਲਰਾਜ ਸਾਹਨੀ ਪੰਡਿਤ ਜੀ ਤੋਂ ਬਹੁਤ ਪ੍ਰਭਾਵਿਤ ਹੋਏ। ਸਾਹਨੀ ਸਾਹਿਬ ਨੇ ਬਲਵੰਤ ਗਾਰਗੀ ਨੂੰ ਤਾਕੀਦ ਕਰਕੇ ਪੰਡਿਤ ਜੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਡਰਾਮਾ ਇੰਸਪੈਕਟਰ ਤਾਇਨਾਤ ਕਰਵਾਇਆ। ਪਰ ਬਹੁਤ ਥੋੜੇ ਸਮੇਂ ਬਾਅਦ ਹੀ ਪੰਡਿਤ ਜੀ ਅੰਮ੍ਰਿਤਸਰ ਵਾਪਿਸ ਆ ਗਏ।
ਕੁਝ ਸਾਲ ਪਹਿਲਾਂ ਪੰਡਿਤ ਜੀ ਨੇ ਪ੍ਰਸਿੱਧ ਫ਼ਿਲਮ ” ਲਹੌਰੀਏ ” ਵਿੱਚ ਫ਼ਿਲਮ ਦੀ ਨਾਇਕਾ ਦੇ “ਦਾਦੂ ਜਾਨ ” ਦੀ ਦਮਦਾਰ ਤੇ ਭਾਵਪੂਰਤ ਭੂਮਿਕਾ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਮੇਰੀ ਜਾਚੇ ਲਹੌਰੀਏ ਫ਼ਿਲਮ ਨੇ ਪੰਡਿਤ ਜੀ ਨੂੰ ਅਮਰ ਕਰ ਦਿੱਤਾ ਹੈ।
ਸੁਰੇਸ਼ ਪੰਡਿਤ ਨੇ ਕਦੀ ਇਨਾਮਾਂ, ਸਨਮਾਨਾਂ ਤੇ ਅਹੁਦਿਆਂ ਲਈ ਜ਼ਮੀਰਾਂ ਦੇ ਸੌਦੇ ਨਹੀਂ ਕੀਤੇ , ਤਿਕੜਮਬਾਜ਼ੀਆਂ ਨਹੀਂ ਕੀਤੀਆਂ, ਕਿਸੇ ਅੱਗੇ ਹੱਥ ਨਹੀਂ ਅੱਡੇ ਕਦੀ । ਬਸ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਗੁਜ਼ਰ-ਬਸਰ ਕੀਤੀ ਹੈ। ਉਹਨ੍ਹਾਂ ਦੇ ਵਿਵਹਾਰ ਵਿੱਚ, ਬੋਲਚਾਲ ਵਿੱਚ ਲੋਹੜੇ ਦੀ ਸੰਜੀਦਗੀ, ਠਰੰਮਾਂ, ਪੁਰਖ਼ਲੂਸੀ ਤੇ ਸਹਿਜਤਾ ਹੈ। ਜਾਤ, ਧਰਮ ਤੇ ਭਾਸ਼ਾ ਦੀਆਂ ਵੰਡੀਆ ਤੋਂ ਦੂਰ, ਪੰਡਿਤ ਜੀ ਆਜ਼ਾਦਾਨਾ ਸੋਚ ਦੇ ਮਾਲਿਕ ਹਨ, ਤੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਦੇ ਹਨ। ਦਰਿਆ ਦੇ ਉਲਟ ਵਹਿਣ ਵਾਲੇ ਪੰਡਿਤ ਜੀ ਆਪਣੀ ਗੜ੍ਹਕੇ ਦੜਕੇ ਵਾਲੀ ਆਵਾਜ਼ ਲਈ ਜਾਣੇ ਜਾਂਦੇ ਹਨ।
ਜੇ ਦੌਲਤ ਪੱਖੋਂ ਵੇਖਿਆ ਜਾਏ ਤਾਂ ਮੈਂ ਨਹੀਂ ਸਮਝਦਾ ਪੰਡਿਤ ਜੀ ਨੇ ਕੋਈ ਵੱਡੀ ਕਮਾਈ ਕੀਤੀ ਏ ਥੀਏਟਰ ਚੋਂ, ਟੀ ਵੀ ‘ਚੋਂ ਜਾਂ ਫ਼ਿਲਮਾਂ ‘ਚੋਂ। ਉਂਝ, ਮੁਆਫ਼ ਕਰਨਾ, ਪੈਸੇ ਪੱਖੋਂ ਉਹਨ੍ਹਾਂ ਹੋਰ ਕਈ ਰੰਗਕਰਮੀਆਂ ਵਾਂਗੂੰ ਸ਼ਹੀਦੀ ਜ਼ਰੂਰ ਪਾਈ ਏ। ਆਪਣੇ ਕਿਰਦਾਰਾਂ ਦੇ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਢਾਉਣ ਵਾਲਾ ਇਹ ਕਲਾਕਾਰ ਖ਼ੁਦ ਪੱਬਾਂ ਭਾਰ ਰਿਹਾ।
ਸੁਰੇਸ਼ ਪੰਡਿਤ ਵਰਗੇ ਸਿਰੜੀ ਤੇ ਪ੍ਰਤੀਬੱਧ ਰੰਗਕਰਮੀ ਨੂੰ ਸਲਾਮ!!!
-ਡਾ.ਐਸ.ਪੀ. ਅਰੋੜਾ
—–
ਸ਼੍ਰੋਮਣੀ ਐਵਾਰਡ, ਜੋ ਐਨਾਊਂਸ ਹੋਣ ਦੇ ਚਾਰ ਸਾਲ ਬਾਅਦ ਤੱਕ ਵੀ ਨਹੀਂ ਮਿਲ ਸਕਿਆ, ਤੇ ਆਖਿਰ ਤੁਰ ਗਿਆ ਸਾਡਾ ਸੁਰੇਸ਼ ਪੰਡਿਤ ! – ਜਗਦੀਸ਼ ਸਚਦੇਵਾ
*****************
ਲਾਹੌਰੀਏ ਫਿਲਮ ਨਾਲ ਦੇਸ਼ ਦੁਨੀਆਂ ‘ਚ ਮਕਬੂਲ ਹੋਏ ਅੰਮ੍ਰਿਤਸਰ ਦੇ ਨਾਮਵਰ ਬਜ਼ੁਰਗ ਰੰਗਕਰਮੀ ,ਨਾਟ ਨਿਰਦੇਸ਼ਕ ਜਨਾਬ ਸੁਰੇਸ਼ ਪੰਡਿਤ ਜੀ ਦੀ ਮੌਤ ਨੂੰ,, ਜੇਕਰ ਅਸੀਂ ਸਿਆਸਤ ਦੀ ਬੇਪਰਵਾਹੀ,ਲੇਖਕਾਂ ਕਲਾਕਾਰਾਂ ਦੀ ਸੱਭਿਆਚਾਰਕ ਕਿੜ੍ਹ ਬਾਜ਼ੀ,ਤੇ ਦੂਸ਼ਣ ਬਾਜ਼ੀ,, ਸਰਕਾਰੀ ਇਨਾਮਾਂ ਸਨਮਾਨਾਂ ‘ਚ ਭਾਈ-ਭਤੀਜਾ ਵਾਦ ਤੇ ਇਕ ਦੂਜੇ ਦੀ ਪਿੱਠ ਖੂਰਕਣ ਦੀ ਆਦਤ ਅਤੇ ਪੁਰਸਕਾਰ ਚੋਣ ਕਮੇਟੀਆਂ ਦੇ ਆਪ ਹੁਦਰੇਪਣ ਹੱਥੋਂ ਹੋਇਆ ਕਤਲ ਵੀ ਸਮਝ ਲਈਏ ਤਾਂ ਕੋਈ ਅੱਤ ਕਥਨੀਂ ਨਹੀਂ ਹੋਵੇਗੀ।
ਗੱਲ ਕੋਈ ਚਾਰ ਸਾਲ ਪੁਰਾਣੀ ਹੈ ਜਦੋਂ ਕਾਂਗਰਸ ਦੀ ਸਰਕਾਰ ਦੇ ਮੰਤਰੀ ਸੁੱਖੀ ਰੰਧਾਵਾ ਹੁਰਾਂ ਨੇਂ, ਭਾਸ਼ਾ ਵਿਭਾਗ ਪੰਜਾਬ ਦੇ ਪੰਜ ਸਾਲਾਂ ਤੋਂ ਪੈਡਿੰਗ ਪਏ, ਸ਼੍ਰੋਮਣੀ ਐਵਾਰਡਾਂ ਵਾਲਾ ਸਕਾਈਲੈਬ ਅਚਾਨਕ ਪੰਜਾਬ ਦੀ ਧਰਤੀ ਤੇ ਸੁੱਟ ਦਿੱਤਾ। ਸੱਠ ਤੋਂ ਵੱਧ ਸ਼੍ਰੋਮਣੀ ਐਵਾਰਡ ਕਾਹਲੀ ਸਦੀ ਮੀਟਿੰਗ ‘ਚ ਐਨਾਊਂਸ ਕਰ ਦਿੱਤੇ ਗਏ।ਜਿੰਨਾਂ ਚੋਂ ਇਕ ਨਾਮ ਸਾਡੇ ਸਤਿਕਾਰਿਤ ਬਜ਼ੁਰਗ ਰੰਗਕਰਮੀ ਦੋਸਤ ਜਨਾਬ ਸੁਰੇਸ਼ ਪੰਡਿਤ ਜੀ ਦਾ ਵੀ ਸੀ। ਇਸ ਐਵਾਰਡ ਦੀ ਚੋਣ ਵੇਲੇ ਵਰਤੀ ਗਈ ਕਾਹਲੀ ਤੇ ਐਵਾਰਡ ਰੂਪੀ ਲਾਏ ਲੰਗਰ ‘ਚ,ਜੋ ਕੁਝ ਨਾਮ ਬਾਹਰ ਰਹਿ ਗਏ ਜਾਂ ਜਾਣ ਬੁਝਕੇ ਬਾਹਰ ਰੱਖੇ ਗਏ,ਉਹਨਾਂ ਚੋਂ ਇਕ ਨਾਂ ਮੇਰਾ ਵੀ ਸੀ ਪਰ ਮੇਰੇ ਵਾਂਗ ਸਾਰੇ ਸਬਰ ਨਹੀਂ ਕਰ ਸਕੇ ਬਲਕਿ ਹਾਉਮੇਂ ਭਰਪੂਰ ਫੈਸਲਾ ਲਿਆ ਉਹਨਾਂ ਤੇ ਅਦਾਲਤ ਵਿਚ ਰਿੱਟ ਦਾਖਲ ਕਰਵਾ ਦਿੱਤੀ, ਕਿ ਐਵਾਰਡ ਸਲੈਕਸ਼ਨ ਕਮੇਟੀ ਨੇ ਸਲੈਕਸ਼ਨ ‘ਚ ਬੇਨਿਯਮੀਆਂ ਵਰਤੀਆਂ ਹਨ ਅਤੇ ਭਾਸ਼ਾ ਵਿਭਾਗ ਵਲੋਂ ਬਣਾਏ ਅਸੂਲ ਫਾਲੋ ਨਾ ਕਰਦੇ ਹੋਏ ਵੱਡੀ ਧਾਂਦਲੀ ਕੀਤੀ ਹੈ।
ਸੋ ਸਰਵਉਚ ਅਦਾਲਤ ਨੇ ਸਾਰੇ ਸ਼੍ਰੋਮਣੀ ਐਵਾਰਡਾਂ ਨੂੰ ਤਕਸੀਮ ਕਰਨ ਤੇ ਸਟੇਅ ਲਗਾ ਦਿੱਤਾ।
ਝੱਟ ਮਗਰੋਂ ਪੰਜਾਬ ‘ਚ ਸਰਕਾਰ ਵੀ ਬਦਲ ਗਈ।
ਖੈਰ! ਐਵਾਰਡ ਨਾਲ ਮਿਲਣ ਵਾਲੀ ਰਾਸ਼ੀ ਪੰਜ ਲੱਖ ਜੇ ਪੰਡਿਤ ਜੀ ਨੂੰ ਮਿਲ ਗਏ ਹੁੰਦੇ ਤਾਂ ਅਵੱਸ਼ ਉਹਨਾਂ ਹਾਲੀ ਕੁਝ ਸਾਲ ਹੋਰ ਜਿੰਦਾ ਰਹਿ ਜਾਣਾ ਸੀ ,,।ਇਵੇਂ ਹੀ ਸਵਰਗ ਸਿਧਾਰ ਚੁੱਕੇ ਸ੍ਰ ਗੁਰਸ਼ਰਨ ਸਿੰਘ ਭਾਜੀ ਜੀ ਦੀ ਸਤਿਕਾਰਯੋਗ ਧਰਮਪਤਨੀ ਸਾਡੀ ਮਹਾਨ ਰੰਗਕਰਮੀਂ ਕੈਲਾਸ਼ ਕੌਰ ਭਾਬੀ ਦੀ ਦੇ ਐਵਾਰਡ ਤੇ ਵੀ ਸਟੇਅ ਲਵਾ ਤੁਸੀਂ ਉਹਨਾਂ ਨੂੰ ਦੋਸ਼ੀਆਂ ਵਾਲੀ ਲਾਈਨ ‘ਚ ਖੜਾ ਕਰ ਦਿੱਤਾ ਹੈ ਯਾਰੋ, ਇਹ ਹੱਦ ਨਹੀਂ, ਇਹ ਹੱਦ ਤੋਂ ਬਹੁਤ ਜ਼ਿਆਦਾ ਵੱਧ ਹੈ। ਕਿ ਤੁਸੀਂ ਸਾਰਿਆਂ ਤੇ ਸਟੇ ਲਵਾ ਦਿੱਤਾ,ਯੋਧਿਓ! ਹੁਣ ਤੁਹਾਨੂੰ ਜਾਣ ਵਾਲਿਆਂ ਤੋਂ ਖਿਮਾ ਮੰਗਣੀ ਹੋਵੇਗੀ।ਇਹ ਵੀ ਸਮਝਣ ਦੀ ਲੋੜ ਸੀ ਇਕ ਉਨਾਸੀ ਸਾਲ ਦਾ ਮਾਤ੍ਹੜ ਦਰਵੇਸ ਬਜ਼ੁਰਗ ਕਲਾਕਾਰ, ਨਾਟ ਨਿਰਦੇਸ਼ਕ ਸੁਰੇਸ਼ ਪੰਡਿਤ, ਜਿਹਦੀ ਨਾਟ ਨਿਰਦੇਸ਼ਨਾ ਦੀ ਕਦੇ ਤੂਤੀ ਬੋਲਦੀ ਸੀ ਕਦੇ, ਜਿਨੇੰ ਸੌ ਜਿਹੀ ਇਕੋ ਫਿਲਮ ਲਾਹੌਰੀਏ ਰਾਹੀਂ ਬਾਅਕਮਾਲ ਅਦਾਕਾਰੀ ਦੀ ਸਿਖਰ ਦਿਖਾ ਦਿੱਤੀ ਸਿਨੇਮਾਂ ਵਾਲਿਆਂ ਨੂੰ, ਉਸ ਬੰਦੇ ਲਈ ਸ਼੍ਰੋਮਣੀ ਐਵਾਰਡ ਅਤੇ ਐਵਾਰਡ ਨਾਲ ਮਿਲਣ ਵਾਲੀ ਪੰਜ ਲੱਖ ਰੁਪੈ ਦੀ ਰਕਮ ਦੇ ਕੀ ਮਾਅਇਨੇੰ ਹੋ ਸਕਦੇ ਨੇ, ਕਾਸ਼, ਤੁਸੀਂ ਸਮਝ ਸਕਦੇ!
ਕੱਲ੍ਹ ਰਾਤ ਉਹ ਦਰਵੇਸ਼ ਕਲਾਕਾਰ ਸੁਰੇਸ਼ ਪੰਡਿਤ,, ਹੈ ਤੋਂ ਸੀ ਹੋ ਗਿਆ ,,ਸੀ,,,,। ਉਹ ਸੁਰੇਸ਼ ਪੰਡਿਤ ,ਪੰਜਾਬੀ ਰੰਗਮੰਚ ਤੇ ਫਿਲਮ ਦਾ ਬੇਤਾਜ ਬਾਦਸ਼ਾਹ,ਤੇ ਪਿੱਛੇ ਛੱਡ ਗਿਆ ਇਹ ਇਕ ਸੁਲਘਦਾ ਤੇ ਪ੍ਰੇਸ਼ਾਨ ਕਰਨ ਵਾਲਾ ਸਵਾਲ,,,,,? ਸੁਰੇਸ਼ ਪੰਡਿਤ ਜੀ ਨੂੰ ਮੇਰੀ ਸ਼ਰਧਾਂਜਲੀ।-ਜਗਦੀਸ਼ ਸਚਦੇਵਾ(ਨਾਟਕਕਾਰ)