ਪੰਜਾਬੀ ਨਾਵਲਨਿਗ਼ਾਰੀ ਵਿਚ ਮਾਲਵੇ ਦੇ ਸ਼ੁਹਰਤਯਾਫ਼ਤਾ ਨਾਵਲਨਿਗ਼ਾਰ ਤੇ ਕਹਾਣੀਕਾਰ ਹੋਣ ਦੇ ਨਾਲ-ਨਾਲ ਬੂਟਾ ਸਿੰਘ ਸ਼ਾਦ ਉਮਦਾ ਫ਼ਿਲਮਸਾਜ਼, ਹਿਦਾਇਤਕਾਰ, ਅਦਾਕਾਰ ਅਤੇ ਮੁਕਾਲਮਾਨਿਗ਼ਾਰ ਵੀ ਸਨ।
ਫ਼ਿਲਮਾਂ ਵਿਚ ਕਦਮ ਰੱਖਣ ਤੋਂ ਪਹਿਲਾਂ ਇਨ੍ਹਾਂ ਦੇ ਲਿਖੇ ਕੁੱਝ ਪੰਜਾਬੀ ਨਾਵਲ ਆਵਾਮ ਵਿਚ ਬੇਹੱਦ ਮਕਬੂਲ ਹੋ ਚੁੱਕੇ ਸਨ ਐਪਰ ਸਿਨੇਮਾਈ ਖਿੱਚ ਇਨ੍ਹਾਂ ਨੂੰ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਲੈ ਟੁਰੀ। ਫਿਰ ਨਾਵੇਲ ਤੇ ਕਹਾਣੀ ਸੰਗ੍ਰਿਹ ਲਿਖਣ ਦੇ ਨਾਲ-ਨਾਲ ਆਪਣਾ ਫ਼ਿਲਮੀ ਸਫ਼ਰ ਵੀ ਜਾਰੀ ਰੱਖਿਆ।
ਬੂਟਾ ਸਿੰਘ ਸ਼ਾਦ ਨਾਲ ਮੇਰੀ ਪਹਿਲੀ ਮੁਲਾਕਾਤ ਇਕ ਨਵੰਬਰ 2017 ਨੂੰ ਉਨ੍ਹਾਂ ਦੇ ਪਿੰਡ ਕੂਮਥਲਾਂ, ਸਿਰਸਾ ਵਿਖੇ ਹੋਈ ਸੀ। ਉਹ ਬੜੇ ਨਫ਼ੀਸ ਤੇ ਮਿਲਾਪੜੇ ਇਨਸਾਨ ਸਨ। ਜਦੋਂ ਮੈਂ ਘਰੋਂ ਤੁਰਨ ਤੋਂ ਪਹਿਲਾਂ ਉਹਨਾਂ ਨੂੰ ਫ਼ੋਨ ਕੀਤਾ ਕਿ ਬਰਾੜ ਅੰਕਲ ਮੈਂ ਸੋਡੇ ਕੰਨੀ ਆ ਰਿਹਾਂ ਥੋਨੂੰ ਮਿਲਣ ਤਾਂ ਸਾਰਾ ਦਿਨ ਆਪਣੀ ਬੈਠਕ ਦੇ ਬਾਹਰ ਕੁਰਸੀ ਡਾਹ ਕੇ ਇੰਤਜ਼ਾਰ ਕਰਦੇ ਰਹੇ। ਮੈਂ ਉਹਨਾਂ ਦੇ ਸਤਿਕਾਰ ਮੁਹੱਬਤ ਤੋਂ ਬੇਹੱਦ ਮੁਤਾਸਿਰ ਰਿਹਾ ਹਾਂ।
ਬੂਟਾ ਸਿੰਘ ਸ਼ਾਦ ਉਰਫ਼ ਬੀ. ਐੱਸ. ਸ਼ਾਦ ਨੇ ਆਪਣੇ ਫ਼ਨੀ ਸਫ਼ਰ ਦੀ ਇਬਤਿਦਾ ਆਪਣੇ ਫ਼ਿਲਮਸਾਜ਼ ਅਦਾਰੇ ਬਰਾੜ ਪ੍ਰੋਡਕਸ਼ਨ, ਬੰਬੇ ਦੀ ਪੰਜਾਬੀ ਫ਼ੀਚਰ ਫ਼ਿਲਮ ‘ਕੁੱਲੀ ਯਾਰ ਦੀ’ (1970) ਤੋਂ ਕੀਤੀ ਸੀ। ਇਸ ਫ਼ਿਲਮ ਦੇ ਫ਼ਿਲਮਸਾਜ਼ ਤੇ ਅਦਾਕਾਰ ਉਹ ਖ਼ੁਦ ਸਨ ਜਦਕਿ ਹਿਦਾਇਤਕਾਰੀ ਦੇ ਫ਼ਰਜ਼ ਵੇਦ ਮਹਿਰਾ ਨੇ ਅੰਜਾਮ ਦਿੱਤੇ ਸਨ। ਆਪਣੇ ਲਿਖੇ ਪੰਜਾਬੀ ਨਾਵਲ ‘ਅੱਧੀ ਰਾਤ ਪਹਿਰ ਦਾ ਤੜਕਾ’ ’ਤੇ ਬਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ ‘ਹਰਵਿੰਦਰ’ ਦੇ ਨਾਮ ਨਾਲ ਪਹਿਲੇ ਸਿੱਖ ਹੀਰੋ ਵਜੋਂ ਅਦਾਕਾਰੀ ਕੀਤੀ ਸੀ ਜਦਕਿ ਹੀਰੋਇਨ ਦਾ ਕਿਰਦਾਰ ਇੰਦਰਾ ਬਿੱਲੀ ਉਰਫ਼ ਇੰਦਰਾ ਕੌਰ ਨਿਭਾ ਰਹੀ ਸੀ।
ਇਸ ਫ਼ਿਲਮ ਵਿੱਚ ਉਹਨਾਂ ਨੇ ਪੰਜਾਬ ਮਸ਼ਹੂਰ ਅਵਾਮੀ ਲੋਕ ਫ਼ਨਕਾਰ ਮੁਹੰਮਦ ਸਦੀਕ, ਰਣਜੀਤ ਕੌਰ ਤੇ ਗੁਰਚਰਨ ਸਿੰਘ ਪੋਹਲੀ ਨੂੰ ਪਹਿਲੀ ਬਤੌਰ ਅਦਾਕਾਰ ਪੇਸ਼ ਕੀਤਾ ਤੇ ਬਾਬੂ ਸਿੰਘ ਮਾਨ ਉਰਫ਼ ਮਾਨ ਮਰਾੜਾਂ ਵਾਲਾ ਨੇ ਵੀ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਦੀ ਨਗ਼ਮਾਨਿਗਾਰੀ ਕੀਤੀ ਸੀ।
ਉਹਨਾਂ ਦੀ ਪਹਿਲੀ ਹਿੰਦੀ ਫ਼ੀਚਰ ਫ਼ਿਲਮ ਵੀ ਆਪਣੇ ਫ਼ਿਲਮਸਾਜ਼ ਅਦਾਰੇ ਦੀ ‘ਕੋਰਾ ਬਦਨ’ (1974) ਸੀ, ਜਿਸ ਦੇ ਅਦਾਕਾਰ ਤੇ ਹਿਦਾਇਤਕਾਰ ਉਹ ਖ਼ੁਦ ਸਨ।
ਸ਼ਾਦ ਨੇ ਆਪਣੇ ਪੰਜਾਬੀ ਨਾਵਲਾਂ ਬਾਬਤ ਦਿਲਚਸਪ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਸੀ ਕਿ ਆਪਣੇ ਦੌਰ-ਏ-ਉਰੂਜ਼ ਦੌਰਾਨ ਉਹ ਰੋਜ਼ਾਨਾ 16 ਘੰਟੇ ਲਿਖਦੇ ਸਨ। 7-8 ਘੰਟਿਆਂ ’ਚ ਉਹ ਇਕ ਨਾਵਲ ਮੁਕੰਮਲ ਕਰ ਲੈਂਦੇ ਸਨ। ‘ਅੱਧੀ ਰਾਤ ਪਹਿਰ ਦਾ ਤੜਕਾ’ ਬਾਰੇ ਦੱਸਿਆ ਸੀ ਕਿ ਇਹ ਨਾਵਲ ਉਨ੍ਹਾਂ ਨੇ 16 ਦਿਨਾਂ ’ਚ ਲਿਖਿਆ ਸੀ, ਜਿਸਦੇ ਚਾਰ ਸੌ ਪੰਨੇ ਹਨ। ‘ਕੁੱਤਿਆਂ ਵਾਲੇ ਸਰਦਾਰ’ ਨਾਵਲ ਪੌਣੇ ਚਾਰ ਦਿਨਾਂ ਵਿਚ ਲਿਖਿਆ ਸੀ। ‘ਕਾਲੀ ਬੋਲੀ ਰਾਤ’ ਦਸ ਦਿਨਾਂ ਵਿਚ ਲਿਖ ਦਿੱਤਾ ਸੀ। ਨਾਵਲ ‘ਰੋਹੀ ਦਾ ਫੁੱਲ’ ਚਾਰ ਦਿਨਾਂ ਵਿਚ ਲਿਖਿਆ ਜੋ ਬੜਾ ਪਸੰਦ ਕੀਤਾ ਗਿਆ ਸੀ। ਸ਼ਾਦ ਦੇ ਨਾਵਲਾਂ ਦੀ ਖ਼ਾਸੀਅਤ ਇਹ ਰਹੀ ਹੈ ਕਿ ਉਹ ਰਿਲੀਜ਼ ਹੁੰਦਿਆਂ ਹੀ ਹੱਥੋ-ਹੱਥੀ ਵਿਕ ਜਾਂਦੇ ਸਨ। ਸ਼ਾਦ ਨੂੰ ਜਿਊਂਦੇ ਜੀਅ ਇਸ ਗੱਲ ਦਾ ਬੇਹੱਦ ਮਲਾਲ ਰਿਹਾ ਕਿ ਉਸ ਦੇ ਨਾਵਲਾਂ ਦੀ ਪਾਠਕਾਂ ਦੇ ਵੱਡੇ ਪੱਧਰ ਤੱਕ ਪਹੁੰਚ ਤੇ ਪਸੰਦ ਹੋਣ ਦੇ ਬਾਵਜੂਦ ਵੀ ਪੰਜਾਬੀ ਨਾਵਲ ਤੇ ਪੰਜਾਬੀ ਕਹਾਣੀ ਵਿਚ ਦੇ ਇਤਿਹਾਸ ਵਿਚ ਉਹਨਾਂ ਜ਼ਿਕਰਯੋਗ ਸਥਾਨ ਨਹੀਂ ਮਿਲਿਆ। ਉਹ ਇਹ ਵੀ ਖ਼ਿਆਲ ਕਰਦੇ ਸਨ ਕਿ ਮਾਣ-ਸਨਮਾਣ ਅਕਸਰ ਚਮਚਾਗਿਰੀ ਜਾਂ ਨੇੜਤਾ ਕਰ ਕੇ ਹੀ ਮਿਲਦੇ ਹਨ, ਜਿਸ ਨੂੰ ਸ਼ਾਦ ਦੀ ਜ਼ਮੀਰ ਨੇ ਕਦੇ ਇਜਾਜ਼ਤ ਨਹੀਂ ਦਿੱਤੀ। ਪੰਜਾਬੀ ਆਲੋਚਕ ਭਾਵੇਂ ਕੁਝ ਵੀ ਕਹਿਣ ਪਰ ਇਹ ਹਕੀਕਤ ਹੈ ਕਿ ਪੰਜਾਬ ਦਾ ਵੱਡਾ ਪਾਠਕ ਵਰਗ ਅੱਜ ਵੀ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਨਾਲ ਜੁੜਿਆ ਹੈ ਤੇ ਰਹੇਗਾ ਵੀ।
ਮਜ਼ੀਦ ਮਾਲੂਮਾਤ ਲਈ ਮੁੰਤਜ਼ਰ ਰਹੋ
-ਮਨਦੀਪ ਸਿੰਘ ਸਿੱਧੂ