ਸੰਖੇਪ ਫ਼ਿਲਮ ਸਮੀਖਿਆ ਅਤੇ ਕੁਝ ਜ਼ਰੂਰੀ ਗੱਲਾਂ ।
ਸਰਬਾਲ੍ਹਾ ਜੀ।
—–🎬 ਹੰਢੀ-ਵਰਤੀ ਟੀਮ ਹੀ ਜੇ ਕਿਸੇ ਕਮਜ਼ੋਰ ਕਹਾਣੀ-ਸਕਰੀਨ ਪਲੇਅ ਤੇ ਕੰਮ ਕਰੇ ਤਾਂ ਅਫਸੋਸ ਲਾਜ਼ਮੀ ਹੈ।😔 #filmreview #sarbalaji
‘ਨਾਮ ਬੜੇ ਔਰ ਦਰਸ਼ਨ ਛੋਟੇ’ ਬਸ ਇਹੀ ਕਹਾਵਤ ਢੁੱਕਦੀ ਹੈ ਫ਼ਿਲਮ ਸਰਬਾਲ੍ਹਾ ਜੀ ਤੇ। -ਦਲਜੀਤ ਸਿੰਘ ਅਰੋੜਾ 🎬
ਕਾਰਪੋਰੋਟ ਪ੍ਰੋਡਿਊਸਰ ਨੂੰ ਐਕਟਰ ਚਾਹੀਦੇ ਨੇ, ਨਿਰਦੇਸ਼ਕ ਨੂੰ ਫਿਲਮ ਚਾਹੀਦੀ ਹੈ ਅਤੇ ਐਕਟਰਾਂ ਨੂੰ ਪੈਸਾ ਚਾਹੀਦਾ ਹੈ। ਇਹੀ ਲੱਗਾ ਫ਼ਿਲਮ ਵੇਖ ਕੇ ਅਤੇ ਸਾਡੇ ਪੰਜਾਬੀ ਸਿਨੇਮਾ ਦੀ ਮੌਜੂਦਾ ਸਥਿਤੀ ਵੀ ਇਹੋ ਜਿਹੀ ਹੀ ਬਣ ਗਈ ਹੈ ਲਗਭਗ, ਜਿੱਥੇ ਫ਼ਿਲਮ, ਦਰਸ਼ਕਾਂ ਦੀ ਪਸੰਦੀਦਾ ਬਨਾਉਣ ਨਾਲੋ ਵੱਧ ਖਰੀਦਦਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ! ਕਿਉਂ ਭੁੱਲ ਜਾਂਦੇ ਹਾਂ ਅਸੀਂ ਕਿ ਦਰਸ਼ਕਾਂ ਨੂੰ ਸਿਰਫ ਮਜਬੂਤ ਕਹਾਣੀ ਦੇ ਨਾਲ ਐਂਟਰਟੇਨਮੈਂਟ ਚਾਹੀਦਾ,ਜਿਸ ਤੋਂ ਅਸੀਂ ਦੂਰ ਹੁੰਦੇ ਨਜ਼ਰ ਆ ਰਹੇ ਹਾਂ।❗️
ਉਮੀਦ ਨਹੀਂ ਸੀ ਕਿ ਐਨੀ ਵੱਡੀ, ਮਹਿੰਗੀ ਤੇ ਮਜਬੂਤ ਸਟਾਰਕਾਸਟ ਨੂੰ ਲੈ ਕੇ ਬਣੀ ਫ਼ਿਲਮ ਸਰਬਾਲ੍ਹਾ ਜੀ, ਕਹਾਣੀ-ਸਕਰੀਨ ਪਲੇਅ ਪੱਖੋਂ ਐਨੀ ਕਮਜ਼ੋਰ ਅਤੇ ਬਚਕਾਨਾ ਸਾਬਤ ਹੋਵੇਗੀ।
ਸਮਝ ਨਹੀਂ ਆਉਂਦੀ ਕਿ ਕਸੂਰ ਕਿਸ ਦਾ ਕੱਢਿਆ ਜਾਵੇ, ਕਿਉਂਕਿ ਅਕਸਰ ਜੋ ਇੱਥੇ ਸੁਨਣ ਵਿਚ ਆਉਂਦਾ ਹੈ ਕਿ ਐਕਟਰ ਨਿਰਦੇਸ਼ਕ ਦੀ ਨੀ ਸੁਣਦੇ ਤੇ ਕਹਾਣੀਕਾਰ ਨਿਰਦੇਸ਼ਕ ਦੀ ਨਹੀਂ ਸੁਣਦਾ ? ਇਸ ਲਈ ਸਕਰੀਨ ਪਲੇਅ ਦਾ ਉਲਝਿਆ ਹੋਇਆ ਤਾਣਾ-ਬਾਣਾ ਸਿਨੇਮਾ ਸਕਰੀਨ ਤੇ ਸਾਫ ਝਲਕਦਾ ਹੈ।
ਅੰਗਰੇਜ਼, ਲਵ ਪੰਜਾਬ, ਰੱਬ ਦਾ ਰੇਡੀਓ, ਲਹੌਰੀਏ,ਬੰਬੂਕਾਟ ਤੇ ਮੁਕਲਾਵਾ ਵਰਗੀਆਂ ਸੋਹਣੀਆਂ ਅਤੇ ਪੰਜਾਬੀ ਸੱਭਿਆਚਾਰ, ਗੀਤ-ਸੰਗੀਤ ਅਤੇ ਵਿਆਹਾਂ ਸਮੇਤ ਹੋਰ ਪੁਰਾਤਨ ਰੀਤੀ-ਰਿਵਾਜਾਂ/ਪਰਿਵਾਰਕ-ਸਮਾਜਿਕ ਕਦਰਾਂ-ਕੀਮਤਾਂ ਨੂੰ ਮਜਬੂਤੀ ਨਾਲ ਪੇਸ਼ ਕਰਦੀਆਂ ਫ਼ਿਲਮਾਂ ਤੋਂ ਬਾਅਦ ਤਾਂ ਹੋਰ ਉੱਚੇ ਦਰਜੇ ਦੀ ਫ਼ਿਲਮ ਹੋਣ ਦੀ ਆਸ ਸੀ, ਵੈਸੇ ਤਾਂ ਸਰਬਾਲ੍ਹਾ ਟਾਈਟਲ ਵਿਚ ਕੁਝ ਵੱਖਰਾ ਵਿਖਾਉਣ ਜੋਗਾ ਹੈ ਵੀ ਨਹੀਂ ਸੀ ਪਰ ਫੇਰ ਵੀ ਜੇ ਅਸੀਂ ਪੀਰੀਅਡ ਫ਼ਿਲਮ ਹੀ ਬਨਾਉਣੀ ਸੀ ਤਾਂ ਮਿਆਰ ਪੱਖੋਂ ਉਪਰੋਕਤ ਦਰਸਾਈਆਂ ਪਹਿਲੀਆਂ ਫ਼ਿਲਮਾ ਤੋਂ ਵੱਧ ਨਹੀਂ ਤਾਂ ਘੱਟੋ-ਘੱਟ ਬਰਾਬਰ ਤਾਂ ਹੁੰਦੀ ⁉️
ਵੈਸੇ ਵੀ ਹੁਣ ਸਾਨੂੰ ਕੁਝ ਨਵਾਂ ਸੋਚਣ ਦੀ ਲੋੜ ਹੈ, ਬਹੁਤ ਹੋ ਗਈਆਂ ਪੁਰਾਤਨ ਸੰਗੀਤ-ਸੱਭਿਆਚਾਰ ਦੀਆਂ ਫ਼ਿਲਮਾਂ,ਅੱਜ ਦਾ ਯੂਥ ਕੀ ਚਾਹੁੰਦਾ ਹੈ ਅਤੇ ਪੰਜਾਬੀ ਸਿਨੇਮਾ ਕਿਵੇਂ ਅਪਡੇਟ ਰੱਖਣਾ ਹੈ ਇਹ ਇਸੇ ਫ਼ਿਲਮ ਨਾਲ ਰਿਲੀਜ਼ ਹੋਈ ‘ਸਿਯਾਰਾ’ ਵਰਗੀ ਬਾਲੀਵੁੱਡ ਤੋਂ ਸਿੱਖਣ ਦੀ ਲੋੜ ਹੈ ਜਿਸ ਦੇ ਅੱਜ ਤੀਜੇ ਦਿਨ ਵੀ ਪੰਜਾਬ ਭਰ ਵਿਚ ਹਾਊਸ ਫੁੱਲ ਹਨ ਅਤੇ ਇਸ ਫ਼ਿਲਮ ਨੇ ਸਾਬਤ ਕਰ ਦਿੱਤਾ ਕਿ ਫ਼ਿਲਮ ਨਿਰਦੇਸ਼ਕ ਅਤੇ ਕੰਟੈਂਟ ਵੀ ਹੀਰੋ ਵੱਜੋਂ ਉੱਭਰ ਸਕਦਾ ਹੈ!
ਖੈਰ ! ਫ਼ਿਲਮ ਦਾ ਜੋਨਰ ਭਾਵੇਂ ਕਾਮੇਡੀ ਹੀ ਕਿਉਂ ਨਾ ਹੋਵੇ, ਕਹਾਣੀ ਅਤੇ ਕਿਰਦਾਰਾਂ ਵਿਚ ਸਪਸ਼ਟਾ ਤੇ ਸਥਿਰਤਾ ਤਾਂ ਜ਼ਰੂਰੀ ਹੈ ਕਿ ਆਖਰ ਅਸੀਂ ਬਨਾਉਣਾ ਕੀ ਹੈ ਵਿਖਾਉਣਾ ਕੀ ਹੈ ? ਇੱਥੇ ਸਰਬਾਲ੍ਹਾ ਜੀ ਵਿਚ ਇਹੀ ਘਾਟ ਰੜਕੀ, ਜਿੱਥੇ ਮਿਹਨਤ ਦੀ ਲੋੜ ਸੀ।
ਬਾਕੀ ਰਹੀ ਸੰਗੀਤ ਦੀ ਗੱਲ ਤਾਂ ਚੰਗੇ ਭਲੇ ਸੰਗੀਤ ਵਿਚ ਕੜੀ ਘੋਲਦੇ ਟਾਸ਼ੋ ਦੇ ਸੰਗੀਤ ਵਿਚ ਸਿਰਜੇ, ਡੈਨੀ ਦੇ ਗਾਏ ਤੇ ਚੌਹਾਂ ਲੀਡ ਐਕਟਰਾਂ ਤੇ ਫਿਲਮਾਏ ਗੀਤ ‘ਭੁੱਲ ਜਾਨੇ ਆਂ” ਤੇ (ਸ਼ਾਇਦ ਥੋੜਾ ਜਿਹਾ ਬੈਕਗਰਾਉਂਡ ਗੀਤ ਨੇ ਵੀ) ਚਲਦੀ ਫ਼ਿਲਮ ‘ਚ ਐਡਾ ਵੱਡਾ ਝੱਟਕਾ ਦਿੱਤਾ ਕਿ ਪੂਰੀ ਟੀਮ ਦੀ ਸਿਆਣਪ ਸਾਹਮਣੇ ਆ ਗਈ । ਐਕਟਰਾਂ ਤੇ ਕਹਾਣੀ ਦਾ ਮੂੰਹ ਉੱਤਰ ਵੱਲ ਅਤੇ ਸੰਗੀਤ ਤੇ ਆਵਾਜ਼ਾਂ ਦੱਖਣ ਵੱਲ।
ਇਹ ਤਾਂ ਉਸੀ ਗੱਲ ਹੋਈ ਕਿ ਚਾਦਰ-ਕੁੜਤੇ ਨਾ ਟਾਈ ਬੰਨ ਕੇ ਜਬਰਨ ਲੋਕਾਂ ਕੋਲੋਂ ਕਹਾਓ ਕਿ ਆਖੋ ਮੈਂ ਸੋਹਣਾ ਲੱਗ ਰਿਹਾ ਹਾਂ। “ਮੈਂ ਗੀਤ-ਸੰਗੀਤ ਨੂੰ ਮਾੜਾ ਨਹੀਂ ਕਹਾਂਗਾ ਪਰ ਮਸਲਾ ਆਵਾਜ਼ਾਂ ਅਤੇ ਫਿਲਮ ਵਿਸ਼ੇ,ਸਿਚੂਏਸ਼ਨ ਅਤੇ ਕਲਾਕਾਰਾਂ ਮੁਤਾਬਕ ਢੁਕਵੇ ਹੋਣ ਦਾ ਹੈ”!
ਪੰਜਾਬੀ ਸੱਭਿਆਚਾਰ ‘ਚ ਰਚਿਆ, ਫਿਲਮ ਦਾ ਬਾਕੀ ਗੀਤ-ਸੰਗੀਤ ਜਚਵਾਂ ਹੈ।
ਫ਼ਿਲਮ ਦੇ ਐਕਟਰਾਂ ਦੀ ਜੇ ਗੱਲ ਕਰਾਂ ਤਾਂ ਸਾਰੇ ਇਕ ਤੋਂ ਇਕ ਵੱਧ ਕੇ ਪ੍ਰਫੋਮਰ ਅਤੇ ਕੁਝ ਨਵੇਂ ਚਿਹਰਿਆਂ ਦੀ ਬਾਕਮਾਲ ਅਦਾਕਾਰੀ ਵੀ ਸਾਹਮਣੇ ਆਈ , ਜੋ ਉਹਨਾਂ ਦਾ ਭਵਿੱਖ ਰੋਸ਼ਨ ਕਰੇਗੀ।
ਦੋਸਤੋ ਮੇਰੀਆਂ ਉਪਰੋਕਤ ਗੱਲਾਂ ਨੂੰ ਸਮਝਣ ਲਈ ਤੁਹਾਨੂੰ ਫ਼ਿਲਮ ਵੇਖਣੀ ਪਵੇਗੀ ਪਰ ਮੈਂ ਕਿਸੇ ਨੂੰ ਮਜਬੂਰ ਵੀ ਨਹੀਂ ਕਰਾਂਗਾ ਅਤੇ ਨਾ ਹੀ ਫ਼ਿਲਮ ਦੀ ਕਹਾਣੀ ਦੱਸਾਂਗਾ, ਕਿਉਂਕਿ ਉਸ ਲਈ ਮੈਨੂੰ ਵਿਸਥਾਰ ਪੂਰਵਕ ਸਮੀਖਿਆ ਕਰਨੀ ਪਵੇਗੀ,ਜਿਸ ਲਈ ਮੈਂ ਹੋਰ ਸਮਾਂ ਨਹੀਂ ਦੇ ਸਕਦਾ 🙂 ।
ਟਿਪਸ ਕੰਪਨੀ ਵਾਲਿਆਂ ਪਹਿਲਾਂ ਵੀ ਕੋਸ਼ਿਸਾਂ ਕੀਤੀਆਂ ਪਰ ਲੱਗਦੈ ਅਜੇ ਇਹਨਾਂ ਦੀ ਰਾਸ਼ੀ ਪੂਰੀ ਤਰਾਂ ਰਲੀ ਨਹੀਂ ਪੰਜਾਬੀ ਸਿਨੇਮਾ ਨਾਲ 🙂
ਫਿਲਮੀ ਦੋਸਤੋ ! ਬੇਸ਼ਕ ਇਕ ਫ਼ਿਲਮ ਆਲੋਚਕ ਦੀ ਗੱਲ ਅੱਜ ਤੁਹਾਨੂੰ ਬੂਰੀ ਲੱਗੇਗੀ ਅਤੇ ਇਸ ਤੇ ਪਰਦਾ ਪਾਉਣ ਲਈ ਹੋ ਸਕਦੈ ਤੁਸੀਂ ਫ਼ਿਲਮ ਦੀ ਕੁਲੈਕਸ਼ਨ ਦਾ ਵੀ ਹਵਾਲਾ ਦਿਓ ਪਰ ਅਸਲੀਅਤ ਤੋਂ ਮੁਨਕਰ ਨਹੀਂ ਹੋਇਆ ਜਾਣਾ ਆਪਾਂ ਕੋਲੋਂ ਕਿ ਇਕ ਮਜਬੂਤ ਫ਼ਿਲਮ ਨਹੀਂ ਬਣਾਈ ਗਈ ਸਿਨੇ ਪ੍ਰੇਮੀਆਂ ਅਤੇ ਐਡੀ ਵੱਡੀ ਸਟਾਰਕਾਸਟ ਦੇ ਚਾਹੁਣ ਵਾਲਿਆਂ ਲਈ। ਹੁਣ ਕੋਈ ਮਜਬੂਰੀ ਵਿਚ ਤਾਰੀਫ ਕਰੇ ਤਾਂ ਕਹਿ ਨਹੀਂ ਸਕਦੇ !
ਮੰਨ ਤਾਂ ਸਾਡਾ ਵੀ ਨਹੀਂ ਕਰਦਾ ਕਿ ਸਟਾਰ ਕਾਸਟ ਸਮੇਤ ਵੱਡੀ ਫ਼ਿਲਮ ਟੀਮ ਦੇ ਕੰਮ ਵਿਚ ਨੁਕਸ ਕੱਢੀਏ ਪਰ ਸਾਡਾ ਪੇਸ਼ਾ, ਸਾਡੀ ਵੀ ਮਜਬੂਰੀ ਹੈ ਕਿਉਂ ਕਿ ਫ਼ਿਲਮ ਦੀ ਸਹੀ ਪੜਚੋਲ ਦੀ ਕੁਝ ਲੋਕ ਸਾਥੋਂ ਵੀ ਉਮੀਦ ਰੱਖਦੇ ਹਨ।
ਜੇ ਸਿਨੇਮਾ ਦੇ ਲੋਕ ਆਪਣੇ ਹਨ ਤਾਂ ਦਰਸ਼ਕ ਵੀ ਆਪਣੇ ਹੀ ਹਨ ਅਤੇ ਉਹਨਾਂ ਅੱਗੇ ਫ਼ਿਲਮ ਦੀ ਸਹੀ ਤਸਵੀਰ ਪੇਸ਼ ਕਰਨਾ ਹੀ ਸਾਡੇ ਪੇਸ਼ੇ ਨਾਲ ਇਨਸਾਫ ਹੈ।
ਸੋ ਫ਼ਿਲਮ ਮੇਕਰ ਦੋਸਤੋ! ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਸਿਨੇਮਾ ਦਾ ਅਤੇ ਦਰਸ਼ਕਾਂ ਦਾ ਬਰਾਬਰ ਖਿਆਲ ਰੱਖਦੇ ਹੋਏ ਗੰਭੀਰਤਾ ਅਤੇ ਹੋਰ ਮਿਹਨਤ ਨਾਲ ਫਿਲਮਾ ਬਣਾਈਏ,ਇਸੇ ਵਿਚ ਸਭ ਦੀ ਭਲਾਈ ਹੈ। -ਦਲਜੀਤ ਸਿੰਘ ਅਰੋੜਾ