ਗਾਇਕ ਹੋਵੇ ਜਾਂ ਨਾਇਕ, ਗੀਤਕਾਰ ਜਾਂ ਸੰਗੀਤਕਾਰ, ਰਾਈਟਰ ਹੋਵੇ ਜਾਂ ਫਾਈਟਰ, ਡਾਇਰੈਕਸ਼ਨ ਜਾਂ ਪ੍ਰੋਡਕਸ਼ਨ, ਡਿਸਟ੍ਰੀਬਿਊਟਰ, ਜਾਂ ਪ੍ਰਮੋਟਰ, ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਲੋਕ ਫ਼ਿਲਮੀਂ ਧੰਦੇ ਨਾਲ ਜੁੜੇ ਹਨ, ਸਭ ਨੂੰ ਇਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦੁਨਿਆਵੀ ਤੌਰ ‘ਤੇ ਤੁਹਾਡਾ ਅੰਨਦਾਤਾ ਸਿਰਫ਼ ਤੇ ਸਿਰਫ਼ ਨਿਰਮਾਤਾ ਹੀ ਹੈ, ਤੁਹਾਡੇ ਘਰ ਦਾ ਚੁੱਲ੍ਹਾ-ਚੌਂਕਾ ਨਿਰਮਾਤਾ ਦੀ ਬਦੌਲਤ ਹੀ ਚੱਲਦਾ ਹੈ ਅਤੇ ਤੁਸੀਂ ਅੱਜ ਜਿਸ ਵੀ ਪੋਜੀਸ਼ਨ ‘ਤੇ ਹੋ ਸਿਰਫ਼ ਫ਼ਿਲਮ ਨਿਰਮਾਤਾ ਕਰਕੇ ਹੀ ਹੋ।
ਜਿਸ ਤਰ੍ਹਾਂ ਇਕ ਗੀਤ ਦਾ ਜਨਮ ਗੀਤਕਾਰ ਦੀ ਕਲਮ ‘ਚੋਂ ਹੁੰਦਾ ਹੈ, ਗਾਣੇ ਦੀ ਧੁਨ ਸੰਗੀਤਕਾਰ ਦੀ ਉਪਜ ਹੁੰਦੀ ਹੈ, ਫ਼ਿਲਮ ਦੀ ਕਹਾਣੀ, ਕਹਾਣੀਕਾਰ ਦੀ ਖੋਜ ਹੁੰਦੀ ਹੈ। ਉਸੇ ਤਰ੍ਹਾਂ ਇਕ ਫ਼ਿਲਮ ਦਾ ਜਨਮ ਸਿਰਫ਼ ਤੇ ਸਿਰਫ਼ ਨਿਰਮਾਤਾ ਦੀ ਦੇਣ ਹੈ।
ਤੁਸੀਂ ਬਤੌਰ ਨਿਰਦੇਸ਼ਕ, ਗਾਇਕ, ਗੀਤਕਾਰ, ਸੰਗੀਤਕਾਰ ਜਾਂ ਫ਼ਿਲਮ ਅਤੇ ਸੰਗੀਤ ਨਾਲ ਜੁੜੇ ਕਿਸੇ ਵੀ ਕਿੱਤੇ ਨਾਲ ਸਬੰਧਤ ਕਿੰਨੇ ਵੀ ਹੁਨਰਮੰਦ ਕਿਉਂ ਨਾ ਹੋਵੋ, ਤੁਹਾਡੀ ਅਤੇ ਤੁਹਾਡੇ ਕੰਮ ਦੀ ਕਦਰ, ਪਛਾਣ ਤੱਦ ਹੀ ਸਾਹਮਣੇ ਆਉਂਦੀ ਹੈ, ਜਦ ਕੋਈ ਆਪਣੀ ਜੇਬ ‘ਚੋਂ ਆਪਣੀ ਮਿਹਨਤ ਨਾਲ ਕਮਾਏ ਪੈਸੇ ਖਰਚ ਕੇ ਤੁਹਾਨੂੰ ਤੁਹਾਡੇ ਕੰਮ ਸਮੇਤ ਦੁਨੀਆ ਸਾਹਮਣੇ ਲਿਆਉਣ ਦਾ ਹੀਲਾ ਕਰਦਾ ਹੈ। ਭਾਵੇਂ ਕੋਈ ਸ਼ੌਕ ਨਾਲ ਇਹ ਕੰਮ ਕਰਦਾ ਹੈ ਜਾਂ ਪੈਸਾ ਕਮਾਉਣ ਲਈ ਪਰ ਆਪਣੀ ਜੇਬ ‘ਚੋਂ ਪੈਸਾ ਕੱਢਣਾ ਹਰ ਕਿਸੇ ਦਾ ਕੰੰਮ ਨਹੀਂ। ਉਹ ਵੀ ਉੱਥੇ-ਜਿੱਥੇ 100 ਪ੍ਰਤੀਸ਼ਤ ਰਿਸਕ ਹੋਵੇ। ਲੋਕਾਂ ਨੂੰ ਕੀ ਪਸੰਦ ਆਉਂਦਾ ਹੈ ਅਤੇ ਕੀ ਨਹੀਂ ਇਹ ਪਿਛਲੇ 100 ਸਾਲਾਂ ਚ ਅੱਜ ਤੱਕ ਕੋਈ ਨਹੀਂ ਦੱਸ ਸਕਿਆ।
ਯਾਦ ਕਰੋ ਜੇ ਤੁਸੀਂ ਗਾਇਕ ਹੋ ਤਾਂ ਪਹਿਲੀ ਵਾਰ ਕਿਸੇ ਨੇ ਤੁਹਾਡੇ ‘ਤੇ ਪੈਸਾ ਲਾ ਕੇ ਤੁਹਾਡਾ ਗਾਣਾ ਰਿਕਾਰਡ ਕਰਵਾਇਆ ਹੋਵੇ, ਜੇ ਤੁਸੀਂ ਫ਼ਿਲਮ ਐਕਟਰ ਹੋ ਤਾਂ ਪਹਿਲੀ ਵਾਰ ਤੁਹਾਡੇ ‘ਤੇ ਰਿਸਕ ਲੈ ਕੇ ਫ਼ਿਲਮ ਦੇ ਨਾਇਕ ਜਾਂ ਨਾਇਕਾ ਦੇ ਰੂਪ ਵਿਚ ਤੁਹਾਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੋਵੇ ਜਾਂ ਤੁਹਾਨੂੰ ਬਰੇਕ ਦੇ ਕੇ ਬਤੌਰ ਨਿਰਦੇਸ਼ਕ ਫ਼ਿਲਮ ਬਣਾਉਣ ਦਾ ਮੌਕਾ ਦਿੱਤਾ ਹੋਵੇ ਜਾਂ ਫ਼ਿਲਮ ਅਤੇ ਸੰਗੀਤ ਦੇ ਧੰਦੇ ਨਾਲ ਜੁੜੀ ਕੋਈ ਵੀ ਪਹਿਲੀ ਬਰੇਕ ਜਿਸ ਦੇ ਇੰਤਜ਼ਾਰ ‘ਚ ਤੁਸੀਂ ਕਈ ਸਾਲ ਸੰਘਰਸ਼ ਦੇ ਰੂਪ ਵਿਚ ਧੱਕੇ ਖਾਧੇ ਹੋਣ।
ਇਕ ਨਿਰਮਾਤਾ ਦੀ ਬਦੌਲਤ ਹੀ ਤੁਸੀਂ ਬਤੌਰ ਐਕਟਰ ਜਾਂ ਗਾਇਕ ਘਰ ਦੀ ਰੋਟੀ ਰੋਜ਼ੀ ਜੋਗੇ ਹੋਏ, ਪ੍ਰਸਿੱਧੀ ਖੱਟੀ, ਵੱਡੀਆਂ ਗੱਡੀਆਂ, ਕਾਰ-ਕੋਠੀਆਂ ਲਈਆਂ, ਦੇਸ਼ਾਂ ਵਿਦੇਸ਼ਾਂ ਦੀ ਸੈਰ ਕੀਤੀ, ਕਹਿਣ ਦਾ ਮਤਲਬ ਕਿ ਇਸ ਖੇਤਰ ਨਾਲ ਜੁੜੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਸਿਰਫ਼ ਨਿਰਮਾਤਾ ਦੇ ਕਾਰਨ ਹੀ ਮਿਲਦਾ ਹੈ ਅਤੇ ਫੇਰ ਵੀ ਸਾਡੇ ਲੋਕ ਨਿਰਮਾਤਾ ਨੂੰ ਨਾ ਤਾਂ ਬਣਦੀ ਕਦਰ ਦਿੰਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਅਹਿਸਾਨ ਮੰਨਦੇ ਹਨ। ਜਿਸ ਨੇ ਤੁਹਾਡੀ ਦੁਨੀਆ ਹੀ ਬਦਲ ਦਿੱਤੀ ਹੋਵੇ, ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਹਾਈ ਹੋਇਆ ਹੋਵੇ ਜਾਂ ਕਹਿ ਲਵੋ ਆਪਣੇ ਮੋਢਿਆ ਦੇ ਦਮ ‘ਤੇ ਤੁਹਾਨੂੰ ਸਫ਼ਲਤਾ ਦੀ ਪਹਿਲੀ ਪੌੜੀ ‘ਤੇ ਚਾੜਿਆ ਹੋਵੇ, ਕਿਉਂ ਨਾ ਉਸ ਦੀ ਮਾਂ ਵਾਂਗ ਕਦਰ ਹੋਵੇ।
ਕਰੋੜਾਂ ਦੀ ਲਾਗਤ ਨਾਲ ਬਣੀ ਇਕ ਫ਼ਿਲਮ ਜਦੋਂ ਨਹੀਂ ਚੱਲਦੀ ਤਾਂ ਕੋਈ ਉਸ ਦੀ ਸਪੋਰਟ ਨਹੀਂ ਕਰਦਾ, ਨਿਰਮਾਤਾਵਾਂ ਦੀ ਬਦੌਲਤ ਖੜਾ ਹੋਇਆ ਕੋਈ ਫ਼ਿਲਮ ਐਕਟਰ ਉਸ ਦੀ ਦੂਜੀ ਫ਼ਿਲਮ ਵਿਚ ਘੱਟ ਪੈਸਿਆਂ ‘ਤੇ ਜਾਂ ਮੁਫ਼ਤ ਕੰਮ ਕਰਨ ਦੀ ਆਪਣੇ ਮੂੰਹੋਂ ਆਫ਼ਰ ਨਹੀਂ ਦਿੰਦਾ, ਕੋਈ ਉਸ ਦੇ ਹੋਏ ਨੁਕਸਾਨ ਤੇ ਉਸ ਨਾਲ ਹਮਦਰਦੀ ਨਹੀਂ ਕਰਦਾ। ਇਸੇ ਲਈ ਉਹ ਨਿਰਮਾਤਾ ਦੂਜੀ ਫ਼ਿਲਮ ਬਣਾਉਣ ਦਾ ਹੌਸਲਾ ਨਹੀਂ ਕਰਦਾ ਅਤੇ ਇੰਡਸਟਰੀ ਹੀ ਛੱਡ ਜਾਂਦਾ ਹੈ।
ਜਦੋਂ ਕੋਈ ਨਵਾਂ ਨਿਰਮਾਤਾ ਪਹਿਲੀ ਵਾਰ ਫ਼ਿਲਮ ਉਦਯੋਗ ਵਿਚ ਕਦਮ ਰੱਖਦਾ ਹੈ ਤਾਂ ਉਸ ਨੂੰ ਸਹੀ ਗਾਈਡ ਕਰਨ ਦੀ ਬਜਾਏ ਜ਼ਿਆਦਾਤਰ ਉਸ ਨੂੰ ਛਿੱਲਣ-ਵਰਤਣ ਦੀ ਹੀ ਕੋਸ਼ਿਸ਼ ਕਰਦੇ ਹਨ, ਨਤੀਜਤਨ ਫ਼ਿਲਮ ਪੂਰੀ ਹੋਣ ਤੱਕ ਉਹ ਸਮਝਦਾਰ ਤਾਂ ਹੋ ਹੀ ਜਾਂਦਾ ਹੈ ਪਰ ਬਹੁਤ ਕੁਝ ਲੁਟਾਉਣ ਤੋਂ ਬਾਅਦ। ਇਸ ਦੇ ਬਾਵਜੂਦ ਵੀ ਜੇ ਕੋਈ ਨਿਰਮਾਤਾ ਆਪਣੀ ਫ਼ਿਲਮ ਰਾਹੀਂ ਆਪਣੇ ਦਮ ‘ਤੇ ਕਾਮਯਾਬ ਹੋ ਵੀ ਜਾਂਦਾ ਹੈ ਤਾਂ ਮਾਰਕੀਟ ਵਿਚ ਉਸ ਦੇ ਕੰਪੀਟੀਟਰਾਂ ਦੀ ਲੋਬੀ ਉਸ ਦੀਆਂ ਟੰਗਾਂ ਖਿੱਚਣ ਲੱਗ ਪੈਂਦੀ ਹੈ ਕਿ ਨਵਾਂ ਬੰਦਾ ਕਿੱਥੋਂ ਜੰਮ ਪਿਆ।
ਅਸੀਂ ਇੰਨੇ ਖੁਦਗਰਜ਼ ਹੋ ਜਾਂਦੇ ਹਾਂ ਕਿ ਫ਼ਿਲਮ ਅਤੇ ਸੰਗੀਤ ਜਗਤ ਨੂੰ ਖੜਾ ਰੱਖਣ ਵਾਲੇ ਨਿਰਮਾਤਾਵਾਂ ਨੂੰ ਸ਼ਾਬਾਸ਼ੀ ਦੇਣ ਦੀ ਬਜਾਏ ਉੇਸ ਨੂੰ ਨਰਾਸ਼ ਅਤੇ ਬੇਵੱਸ ਕਰਨ ਦੀ ਹੱਦ ਤੱਕ ਜਾਂਦੇ ਹਾਂ।
ਸੋ ਆਓ ਰਲ ਕੇ ਇਸ ਗੱਲ ‘ਤੇ ਵਿਚਾਰ ਕਰੀਏ ਅਤੇ ਨਵੇਂ ਵਰ੍ਹੇ ‘ਚ ਆਪਣੇ ਅੰਨਦਾਤਾ-ਨਿਰਮਾਤਾ ਦੀਆਂ ਸੇਵਾਵਾਂ ਨੂੰ ਨਾ ਵਿਸਾਰਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਜ਼ਰੂਰ ਦੇਈਏ।
ਅੰਤ ਵਿਚ ਮੇਰੇ ਵੱਲੋਂ ਅਤੇ ‘ਪੰਜਾਬੀ ਸਕਰੀਨ’ ਅਦਾਰੇ ਵੱਲੋਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ! ‘ਪੰਜਾਬੀ ਸਕਰੀਨ’ ਅਦਾਰੇ ਦੇ ਕਾਮਯਾਬ ਅੱਠ ਵਰ੍ਹੇ ਪੂਰੇ ਹੋਣ ‘ਤੇ ਮੈਂ ਆਪਣੇ ਪਾਠਕਾਂ ਦਾ, ਅਦਾਰੇ ਨਾਲ ਜੁੜੇ ਸਾਰੇ ਲੇਖਕਾਂ ਦਾ ਅਤੇ ਇਸ਼ਤਿਹਾਰਾਂ ਦੇ ਰੂਪ ਵਿਚ ਸਮੇਂ-ਸਮੇਂ ਤੇ ਆਰਥਿਕ ਮਦਦ ਕਰਨ ਵਾਲੇ ਸਾਰੇ ਸਹਿਯੋਗੀਆਂ ਅਤੇ ਸਮੂਹ ਸਟਾਫ਼ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਦੀ ਬਦੌਲਤ ‘ਪੰਜਾਬੀ ਸਕਰੀਨ’ ਅਦਾਰੇ ਨੇ ਇਸ ਜਨਵਰੀ 2018 ਦੇ ਅੰਕ ਨਾਲ ਨੌਵੇਂ ਵਰ੍ਹੇ ਵਿਚ ਪ੍ਰਵੇਸ਼ ਕੀਤਾ ਹੈ।
-ਦਲਜੀਤ ਸਿੰਘ ਅਰੋੜਾ।
# 98145-93858