Religious & Cultural

ਪਦਮ ਸ਼੍ਰੀ ਸੁਰਜੀਤ ਪਾਤਰ ਦੀ ਅਚਨਚੇਤ ਮੌਤ ਕਾਵਿ ਸੰਸਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ।

Written by Daljit Arora

(ਪੰ:ਸ ਵਿਸ਼ੇਸ ਪ੍ਰਤੀਨਿਧ) ਸੁਰਜੀਤ ਪਾਤਰ ਹੋਰਾਂ ਦੇ ਪਰਿਵਾਰ ਦੇ ਕਹੇ ਮੁਤਾਬਕ ਉਹ ਅੱਜ ਸਵੇਰੇ ਉੱਠੇ ਹੀ ਨਹੀਂ ਅਤੇ ਡਾਕਟਰ ਬੁਲਾਏ ਜਾਣ ਤੇ ਉਹ ਆਪਣੇ ਅੰਤਮ ਸੁਆਸ ਛੱਡ ਚੁੱਕੇ ਸਨ। ਉਹ 79 ਸਾਲ ਦੇ ਸਨ ਅਤੇ ਉਹਨਾਂ ਦੀ ਮੌਤ ਉਹਨਾਂ ਦੇ ਲੁਧਿਆਣੇ ਗ੍ਰਹਿ ਵਿਖੇ ਹੀ ਹੋਈ।
ਪੰਜਾਬੀ ਜ਼ੁਬਾਨ ਦੇ ਇਸ ਮਾਣਮੱਤੇ ਸ਼ਾਇਰ ਨੇ 60ਵਿਆਂ ਦੇ ਅੱਧ ਤੋਂ ਲੈ ਕੇ ਆਪਣੇ ਵਿਲੱਖਣ ਅਲਫਾਜ਼, ਆਵਾਜ਼ ਅਤੇ ਅੰਦਾਜ਼ ਨਾਲ ਲੋਕ ਦੇ ਮਨਾਂ ਵਿੱਚ ਆਪਣੀ ਨਿਵੇਕਲੀ ਜਗਾਹ ਬਣਾਈ ਅਤੇ ਉਹਨਾਂ ਦੀਆਂ ਬਹੁ ਮੁੱਲੀਆਂ ਲਿਖਤਾਂ ਨੂੰ ਦੇਸ਼-ਵਿਦੇਸ਼ ਤੋਂ ਕਈ ਇਨਾਮ ਸਨਮਾਨ ਪ੍ਰਾਪਤ ਹੋਏ ਜਿੰਨ੍ਹਾਂ ਵਿਚ ਪਦਮ ਸ਼੍ਰੀ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਸ਼ੇਸ਼ ਜ਼ਿਕਰਯੋਗ ਹਨ।


ਇਸ ਵੇਲੇ ਉਹ ਪੰਜਾਬ ਆਰਟਸ ਕੌਂਸਲ ਦੀ ਪ੍ਰਧਾਨਗੀ ਦੇ ਉਹਦੇ ਤੇ ਬਿਰਾਜਮਾਨ ਸਨ ਅਤੇ ਇਸ ਤੋਂ ਪਹਿਲਾਂ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਰਹੇ ਜਾਣ ਤੋਂ ਇਲਾਵਾ ਕਈ ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਨਾਲ ਜੁੜੇ ਹੋਏ ਸਨ।
ਪਾਤਰ ਸਾਹਿਬ ਮਹੀਨ ਸ਼ਬਦ ਜੜ੍ਹਤ ਤੇ ਬਹੁਅਰਥੀ ਕਾਵਿ-ਰਚਨਾ ਦੀ ਸਿਰਜਣਾ ਕਰਨ ਦੇ ਉਸਤਾਦ ਸ਼ਾਇਰ ਸਨ। ਉਹਨਾਂ ਨੇ ਹਮੇਸ਼ਾ ਹੀ ਸੱਤਾ ਦੇ ਲੋਕ ਵਿਰੋਧੀ ਖਾਸ ਤੇ ਆਮ ਬੰਦੇ ਉੱਪਰ ਇਸਦੇ ਮਾਰੂ ਅਸਰਾਂ ਦੀ ਨਿਸ਼ਾਨਦੇਹੀ ਆਪਣੀ ਕਵਿਤਾ ਰਾਹੀਂ ਕੀਤੀ ਹੈ। “ਹਨੇਰੇ ਵਿਚ ਸੁਲਘਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਹਵਾ ਵਿਚ ਲਿਖੇ ਹਰਫ਼, ਸੁਰਜ਼ਮੀਨ ਅਤੇ ਬਿਰਖ਼ ਅਰਜ਼ ਕਰੇ” ਆਦਿ ਉਹਨਾਂ ਦੀਆਂ ਕਾਵਿ ਪੁਸਤਕਾਂ ਨੂੰ ਹਰ ਵਰਗ ਦੇ ਪਾਠਕਾਂ ਨੇ ਪੜਿਆ ਅਤੇ ਸਰਾਹਿਆ ਹੈ।
ਕੇਂਦਰੀ ਪੰਜਾਬ ਲੇਖਕ ਸਭਾ ਅਤੇ ਪੰਜਾਬੀ ਸਕਰੀਨ ਅਦਾਰੇ ਸਮੇਤ ਪੰਜਾਬੀ ਸਾਹਿਤ, ਸੰਗੀਤ ਅਤੇ ਸਿਨੇਮਾ ਜਗਤ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਹਨਾਂ ਦੇ ਬੇਵਕਤ ਅਕਾਲ ਚਲਾਣੇ ਨੂੰ ਕਦੇ ਵੀ ਨਾ ਪੂਰੇ ਜਾਣ ਵਾਲਾ ਘਾਟਾ ਦੱਸਿਆ।

Comments & Suggestions

Comments & Suggestions

About the author

Daljit Arora