Pollywood

“ਪਫਟਾ” ਵਲੋਂ ਮਨਾਇਆ ਜਾਵੇਗਾ ਦੂਜਾ ‘ਅੰਤਰਰਾਸ਼ਟਰੀ ਪੰਜਾਬੀ ਸਿਨੇਮਾ ਦਿਵਸ’ 🎞🎞🎞🎞🎞🎞🎞🎞🎞

Written by Daljit Arora


ਪੰਜਾਬੀ ਸਿਨੇਮਾ ਦੀ ਸਿਰਮੌਰ ਸੰਸਥਾ “ਪੰਜਾਬੀ ਫ਼ਿਲਮ ਅਤੇ ਟੀ.ਵੀ ਐਕਟਰਜ਼ ਐਸੋਸੀਏਸ਼ਨ” ਵਲੋਂ ਅੱਜ ਸੰਸਥਾ ਦੇ ਮੁੱਖ ਦਫ਼ਤਰ ਮੋਹਾਲੀ ਵਿਖੇ  ਸੰਸਥਾ ਮੁਖੀ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ ਹੇਠ ਇਕ ਜ਼ਰੂਰੀ ਮੀਟਿੰਗ ਕੀਤੀ ਗਈ, ਜਿਸ ਵਿਚ ਸੰਸਥਾ ਵਲੋਂ ਦੂਜਾ ਪੰਜਾਬੀ ਸਿਨੇਮਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਸਿਨੇਮਾ ਦਿਵਸ ਤਿੰਨ ਰੋਜ਼ਾ ‘ਅੰਤਰਰਾਸ਼ਟਰੀ ਪੰਜਾਬੀ ਸਿਨੇਮਾ ਦਿਵਸ’ ਵਜੋਂ ਮਨਾਇਆ ਜਾਵੇਗਾ।
ਇਹ ਫ਼ਿਲਮ ਮੇਲਾ 27 ਮਾਰਚ ‘ਥਿਏਟਰ’ ਦਿਵਸ ਤੋਂ ਸ਼ੁਰੂ ਹੋਕੇ ‘29 ਮਾਰਚ ਪੰਜਾਬੀ ਸਿਨੇਮਾ ਦਿਵਸ’ ਤੱਕ ਚਲੇਗਾ, ਜਿਸ ਵਿਚ ਪੰਜਾਬੀ ਫ਼ਿਲਮਾਂ, ਡਾਕੂਮੈਂਟਰੀ, ਲਘੂ ਫ਼ਿਲ਼ਮਾਂ ਅਤੇ ਪੰਜਾਬੀ ਨਾਟਕ ਵਿਖਾਉਣ ਦੇ ਨਾਲ ਨਾਲ ਇਨ੍ਹਾਂ ’ਤੇ ਪੰਜਾਬੀ ਸਿਨੇਮਾ ਅਤੇ ਥਿਏਟਰ ਜਗਤ ਦੀਆਂ ਵੱਖ ਵੱਖ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ।
ਸੰਸਥਾ ਵਲੋਂ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ‘ਅੰਤਰਰਾਸ਼ਟਰੀ ਪੰਜਾਬੀ ਸਿਨੇਮਾ ਦਿਵਸ’ ਦੀ ਰੂਪ ਰੇਖਾ ਅਤੇ ਸਥਾਨ ਦੀ ਜਾਣਕਾਰੀ ਬਹੁਤ ਛੇਤੀ ਸਾਂਝੀ ਕੀਤੀ ਜਾਵੇਗੀ।
ਇਸ ਅੰਤਰਰਾਸ਼ਟਰੀ ਫ਼ਿਲਮ ਦਿਵਸ ਨੂੰ ਮਨਾਉਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਫ਼ਿਲਮ ਖੇਤਰ ਨਾਲ ਸਬੰਧਤ ਪ੍ਰਮੁੱਖ ਹਸਤੀਆਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਦੇ ਨਾਲ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਅੱਜ ਦੀ ਇਸ ਮੀਟਿੰਗ ਵਿਚ ਸੰਸਥਾ ਦੇ ਮੁੱਖੀ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਜਨਰਲ ਸਕੱਤਰ ਮਲਕੀਤ ਰੌਣੀ, ਸੀਨੀਅਰ ਮੀਤ ਪ੍ਰਧਾਨ ਬੀ.ਬੀ.ਵਰਮਾ, ਕਾਰਜਕਾਰੀ ਮੈਂਬਰ ਅਦਾਕਾਰਾ ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਪਰਮਵੀਰ ਸਿੰਘ, ਡਾ.ਰਣਜੀਤ ਸ਼ਰਮਾ, ਪਰਮਜੀਤ ਪੱਲੂ ਅਤੇ ਦਲਜੀਤ ਅਰੋੜਾ ਹਾਜ਼ਰ ਸਨ। ਇਸ ਮੌਕੇ ਜਿੱਥੇ ਸੰਗੀਤ ਜਗਤ ਦੀ ਮਹਾਰਾਣੀ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ ਗਈ, ਉੱਥੇ ਉਨ੍ਹਾਂ ਦੀ ਯਾਦ ਵਿਚ ਇਕ ਸੰਗੀਤਕ ਸ਼ਾਮ ਵੀ ਜਲਦੀ ਮਨਾਉਣ ਦਾ ਫੈਸਲਾ ਕੀਤਾ ਗਿਆ।
ਇਸ ਤੋਂ ਇਲਾਵਾ ਸੰਸਥਾ ਦੇ ਮੈਂਬਰ ਗੁਰਪ੍ਰੀਤ ਭੰਗੂ ਦੇ ਵੱਡੇ ਭਰਾਤਾ ਜੀ, ਬਿਨੂੰ ਢਿੱਲੋਂ ਦੇ ਮਾਤਾ ਜੀ ਅਤੇ ਸੰਸਥਾ ਮੈਂਬਰ ਉੱਘੇ ਰੰਗਕਰਮੀ ਵਿਜੈ ਸ਼ਰਮਾਂ ਦੇ ਸਵਰਗਵਾਸ ਹੋਣ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।-ਪੰਜਾਬੀ ਸਕਰੀਨ

Comments & Suggestions

Comments & Suggestions

About the author

Daljit Arora