Pollywood

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸ਼ਾਉਂਦੀ ਫ਼ਿਲਮ ‘ਬੈਕ ਅੱਪ’

Written by Punjabi Screen

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸਿਨਮੇ ਦੇ ਵਿੱਚ ਇੱਕ ਚੰਗਾ ਬਦਲਾਓ ਦੇਖਣ ਨੂੰ ਮਿਲ ਰਿਹਾ ਹੈ। ਵਿਆਹ ਕਲਚਰ ਅਤੇ ਹਾਸੇ ਮਜ਼ਾਕ ਵਾਲੀਆਂ ਫਿਲਮਾਂ ਤੋਂ ਹਟ ਕੇ ਹੁਣ ਨਵੇਂ ਵਿਸ਼ੇ ਦੀਆਂ ਕਹਾਣੀਆਂ ਪੰਜਾਬੀ ਫਿਲਮਾਂ ਦਾ ਹਿੱਸਾ ਬਣ ਰਹੀਆਂ ਹਨ। ਅਜਿਹੀ ਹੀ ਇੱਕ ਫਿਲਮ ‘ਬੈਕ ਅੱਪ’ ਇੰਨੀ ਦਿਨੀ ਕਾਫੀ ਚਰਚਾ ਵਿੱਚ ਹੈ, ਜਿਸ ਵਿੱਚ ਪਰਿਵਾਰਕ ਸ਼ਰੀਕੇਬਾਜ਼ੀ ਹੇਠ ਪਲਦੀ ਨਫ਼ਰਤ ਭਰੇ ਗਲਤ ਹਥਕੰਡਿਆਂ ਸਦਕਾ ਨਾਲ ਪੈਦਾ ਹੋਏ ਨਾਜ਼ੁਕ ਹਾਲਾਤਾਂ ਦੀ ਕਹਾਣੀ ਪੇਸ਼ ਕਰਦੀ ਇਹ ਦਰਸਾਉਂਦੀ ਹੈ ਕਿ ਇਕ ਪੁੱਤਰ ਲਈ ਉਸਦਾ ਬਾਪ ‘ਕੀ-ਕੁਝ’ ਨਹੀਂ ਕਰ ਸਕਦਾ। ਅਸਲ ਵਿੱਚ ਇਹ ਫ਼ਿਲਮ ਇੱਕ ਪਿਓ-ਪੁੱਤ ਦੀ ਕਹਾਣੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇੱਕ ਬਾਪ ਹੀ ਉਸਦੇ ਪੁੱਤਰ ਦਾ ਅਸਲ ਬੈਕਅੱਪ ਹੁੰਦਾ ਹੈ ਜਿਸਦੇ ਆਸਰੇ ਉਹ ਔਖੇ ਵੇਲਿਆਂ ਵਿੱਚ ਵੀ ਨਹੀਂ ਡੋਲਦਾ।

ਬਾਸਰਕੇ ਪ੍ਰੋਡਕਸ਼ਨ ਹੇਠ ਨਿਰਮਾਤਾ ਨਛੱਤਰ ਸਿੰਘ ਸੰਧੂ ਵਲੋਂ ਲਿਖੀ ਨਿਵੇਕਲੇ ਵਿਸ਼ੇ ਦੀ ਇਹ ਫਿਲਮ ‘ਬੈਕ ਅਪ’ ਪਰਿਵਾਰਕ ਰਿਸ਼ਤਿਆ ਦੇ ਇਲਾਵਾ ਪੰਜਾਬ ਦੀ ਧਰਤੀ ‘ਤੇ ਵਗਦੇ ਛੇਵੇਂ ਦਰਿਆ ‘ਚ ਰੁੜਦੀ ਜਾ ਰਹੀ ਜਵਾਨੀ ਨੂੰ ਬਚਾਉਣ ਦਾ ਹੋਕਾ ਵੀ ਦਿੰਦੀ ਹੈ। ਲੇਖਕ ਨਛੱਤਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਫ਼ਿਲਮ ਅਜੋਕੇ ਸਮਾਜ ‘ਤੇ ਤੰਜ ਕਸਦੀ ਇਹ ਵੀ ਦਰਸਾਉਂਦੀ ਹੈ ਕਿ ਜਮੀਨਾਂ ਜਾਇਦਾਦਾਂ ਪਿੱਛੇ ਆਪਣੇ ਸਕੇ ਸਬੰਧੀਆਂ ਵਿੱਚ ਭਾਵੇਂ ਕਿੰਨਾ ਵੀ ਗਿਲਾ-ਸ਼ਿਕਵਾ, ਰੋਸਾ ਹੋ ਜਾਵੇ ਅਖੀਰ ਮੁਸੀਬਤ ਪੈਣ ‘ਤੇ ਆਪਣੇ ਹੀ ਨਾਲ ਖੜਦੇ ਹਨ। ਜਦਕਿ ਬਾਕੀ ਦੇ ਮੂੰਹ ਮੁਲਾਜੇਦਾਰ ਅਜਿਹੇ ਨਾਜ਼ਕ ਸਮੇਂ ‘ਚ ਸਿਰਫ ਤਮਾਸ਼ਾ ਦੇਖਣ ਵਾਲੇ ਹੀ ਜਾਂ ਪਿੱਠ ਵਿਖਾਉਣ ਵਾਲੇ ਹੁੰਦੇ ਹਨ।ਇਸ ਫਿਲਮ ਦੀ ਕਹਾਣੀ ਜਿੱਥੇ ਸਮਾਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਵਿੱਚ ਬੱਝੀ ਹੋਈ ਹੈ, ਉਥੇ ਨੌਜਵਾਨਾਂ ਨੂੰ ਪੰਜਾਬ ਦੀਆਂ ਵਿਰਾਸਤੀ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੰਦੀ ਹੈ। ਦੋ ਜਵਾਨ ਦਿਲਾਂ ਦੇ ਪਿਆਰ-ਮੁਹੱਬਤਾਂ ਦੀ ਚਾਸ਼ਨੀ ‘ਚ ਭਿੱਜੀ ਫ਼ਿਲਮ ਵਿਚਲਾ ਰੁਮਾਂਟਿਕ ਟਰੈਕ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗਾ। ਇਸ ਫਿਲਮ ਵਿੱਚ ਅਸੀਂ ਨਵੇਂ ਚਿਹਰਿਆਂ ਦੇ ਨਾਲ ਨਾਲ ਪੰਜਾਬੀ ਦੇ ਅਨੇਕਾਂ ਦਿੱਗਜ ਕਲਾਕਾਰਾਂ ਨੂੰ ਵੀ ਪਰਦੇ ‘ਤੇ ਲਿਆਂਦਾ ਹੈ। ਨੌਜਵਾਨ ਨਿਰਦੇਸ਼ਕ ਜਸਵੰਤ ਮਿੰਟੂ ਨੇ ਹਰ ਇਕ ਦ੍ਰਿਸ਼ ਨੂੰ ਬੜੀ ਸੰਜੀਦਗੀ ਨਾਲ ਪਰਦੇ ‘ਤੇ ਉਤਾਰਿਆ ਹੈ।

ਫਿਲਮ ਦਾ ਮੁੱਖ ਹੀਰੋ ਬਿੰਨੀ ਜੋੜਾ ਹੈ, ਜਿਸ ਨੂੰ ਦਰਸ਼ਕ ਪਹਿਲਾਂ ਬਹੁ ਚਰਚਿਤ ਵੈਬਸੀਰੀਜ਼ ‘ਯਾਰ ਚੱਲੇ ਬਾਹਰ’ ਅਤੇ ਸੀਰੀਅਲ ‘ਵੰਗਾਂ’ ਵਿੱਚ ਕਾਫੀ ਪਸੰਦ ਕਰ ਚੁੱਕੇ ਹਨ। ਫਿਲਮ ਦੀ ਹੀਰੋਇਨ ਸੁਖਮਣੀ ਕੌਰ ਹੈ ਜੋ ਸੀਰੀਅਲ ‘ ਮੋਹਰੇ’ ਅਤੇ ‘ਆਇਲਸ ਵਾਲੇ ਯਾਰ’ ਨਾਲ ਕਾਫੀ ਚਰਚਿਤ ਰਹੀ ਹੈ। ਬਾਕੀ ਦੇ ਕਲਾਕਾਰਾਂ ਵਿੱਚ ਪੰਜਾਬੀ ਸਿਨੇਮੇ ਦੇ ਕਈ ਨਾਮੀ ਅਦਾਕਾਰ ਸਵਿੰਦਰ ਮਾਹਲ, ਸੁਖਦੇਵ ਬਰਨਾਲਾ ਸੁਰਿੰਦਰ ਬਾਠ, ਐੱਨ ਐੱਸ ਸੰਧੂ, ਅਮਨ ਬੱਲ, ਅਮਨ ਸ਼ੇਰ ਸਿੰਘ, ਪ੍ਰਿਤਪਾਲ ਪਾਲੀ, ਸੁਖਵਿੰਦਰ ਵਿਰਕ, ਡੋਲੀ ਸੰਦਲ,ਅਭਿਸ਼ੇਕ ਭਾਰਦਵਾਜ, ਵਿਕਾਸ ਨਵ ਮੰਨਤ ਕੌਰ ਅਤੇ ਵਿਕਾਸ ਮਲਹੋਤਰਾ ਆਦਿ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ

ਇਸ ਫਿਲਮ ਦਾ ਸੰਗੀਤ ਅਜੌਕੇ ਮਾਹੌਲ ਵਿੱਚ ਚੰਗਾ ਮਨੋਰੰਜਨ ਕਰਨ ਵਾਲਾ ਹੈ ਜੋ ਗੁਰਮੀਤ ਸਿੰਘ ਜੱਸੀ ਐਕਸ ਅਤੇ ਗਗਨ ਵਡਾਲੀ ਨੇ ਦਿੱਤਾ ਹੈ। ਫਿਲਮ ਦੇ ਗੀਤ ਨਛੱਤਰ ਗਿੱਲ, ਗਗਨ ਵਡਾਲੀ, ਸਰਘੀ ਮਾਨ ਅਤੇ ਅਕਾਲ ਗਾਇਕਾਂ ਨੇ ਪਲੇ ਬੈਕ ਵਿੱਚ ਗਾਏ ਹਨ । 21 ਫਰਵਰੀ ਨੂੰ ਰਿਲੀਜ਼ ਹੋ ਰਹੀ ਆਮ ਫਿਲਮਾਂ ਤੋਂ ਬਹੁਤ ਹਟਵੇਂ ਵਿਸ਼ੇ ਦੀ ਇਹ ਫਿਲਮ ‘ਬੈਕ ਅੱਪ’ ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਤ ਹੋਵੇਗੀ।

 

-ਸੁਰਜੀਤ ਜੱਸਲ 9814607737

Comments & Suggestions

Comments & Suggestions

About the author

Punjabi Screen