(ਪੰ:ਸ: ਵਿਸ਼ੇਸ਼)ਜਲੰਧਰ ਦੀ ਪੰਜਾਬਣ ਮੁਟਿਆਰ ਰੇਚਲ ਗੁਪਤਾ ਨੇ ਭਾਰਤ ਅਤੇ ਪੰਜਾਬ ਦੇ ਨਾਂ ਨੂੰ ਓਦੋਂ ਚਾਰ ਚੰਨ ਲਾਏ, ਜਦੋਂ ਬੀਤੀ 25 ਅਕਤੂਬਰ ਨੂੰ ਉਸਨੇ ਐੱਮ.ਜੀ.ਆਈ. ਬੈਂਕਾਕ ‘ਚ 12ਵੇਂ ‘ਮਿਸ ਗ੍ਰੈਂਡ ਇੰਟਰਨੈਸ਼ਨਲ’ ਦਾ ਮੁਕਟ ਪਹਿਲੀ ਭਾਰਤੀ ਮਾਡਲ ਵਜੋਂ ਆਪਣੇ ਸਿਰ ਸਜਾਇਆ। ਆਪਣੇ ਸ਼ਹਿਰ ਅਤੇ ਮਾਪਿਆਂ ਦਾ ਨਾਮ ਚਮਕਾਉਣ ਵਾਲੀ ਇਹ ਕੁੜੀ ਜਲੰਧਰ ਦੀ ਰਹਿਣ ਵਾਲੀ ਹੈ। ਥਾਈਲੈਂਡ ਦੇ ਬੈਂਕਾਕ ‘ਚ ਹੋਏ ਇਸ ਸੁੰਦਰਤਾ ਪ੍ਰਤੀਯੋਗਤਾ ਦਾ ਗ੍ਰੈਂਡ ਫਿਨਾਲੇ ਹੋਇਆ, ਜਿਸ ‘ਚ ਉਸ ਨੇ ਇਹ ਖ਼ਿਤਾਬ ਜਿੱਤ ਕੇ ਭਾਰਤ-ਪੰਜਾਬ ਵਾਸੀਆਂ ਅਤੇ ਸ਼ਹਿਰ ਨਿਵਾਸੀਆਂ ਲਈ ਇਹ ਇਤਿਹਾਸ ਰਚ ਦਿੱਤਾ ਹੈ। ਇਸ ‘ਟੇਲੈਂਟ ਆਫ਼ ਦਾ ਵਰਲਡ’ ਸੁੰਦਰਤਾ ਮੁਕਾਬਲੇ ਵਿਚ 60 ਦੇਸ਼ਾਂ ਦੀਆਂ 60 ਮਾਡਲਾਂ ਨੇ ਹਿੱਸਾ ਲਿਆ। 20 ਸਾਲਾ ਰੇਚਲ ਨੇ ਫਾਈਨਲ ਰਾਊਂਡ ਦੇ ਸਖ਼ਤ ਮੁਕਾਬਲੇ ਵਿਚ ਫਿਲੀਪੀਨਜ਼ ਦੀ ਮਾਡਲ ਕੁੜੀ ਨੂੰ ਹਰਾ ਕੇ ਇਹ ਖ਼ਿਤਾਬ ਹਾਸਲ ਕੀਤਾ ਹੈ।