ਦੋਸਤੋ ਪੰਜਾਬੀ ਸਕਰੀਨ ਅਦਾਰੇ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਸਿਨੇਮਾ ਅਤੇ ਸੰਗੀਤਕ ਸਰਗਰਮੀਆਂ ਤੇ ਨਜ਼ਰ ਰੱਖਦਿਆਂ ਉਸ ਵਿੱਚ ਹੋ ਰਹੇ ਵਧੀਆ ਕੰਮਾਂ ਦੀ ਤਾਰੀਫ਼ ਕਰਨਾ ਅਤੇ ਉਨਤਾਈਆਂ ਨੂੰ ਬੇਝਿਜਕ ਆਪਣੇ ਪਾਠਕਾਂ ਅੱਗੇ ਪੇਸ਼ ਕਰਨਾ। ਅੱਜ ਦਾ ਸਾਡਾ ਮੁੱਦਾ ਹੈ ਪੀ.ਟੀ.ਸੀ ਫ਼ਿਲਮ ਐਵਾਰਡ ਬਾਰੇ, ਜਿੰਨਾਂ ਨੇ ਪਿਛਲੇ ਵਰ੍ਹੇ ਤੋਂ ਇਸ ਐਵਾਰਡ ਵਿਚ ਫ਼ਿਲਮ ਗੀਤਕਾਰਾਂ ਦੀ ਕੈਟੇਗਰੀ ਹੀ ਉਡਾ ਦਿੱਤੀ ਹੈ।ਅਸੀਂ ਪਿਛਲੇ ਸਾਲ ਵੀ ਇਹ ਮੁੱਦਾ ਆਪਣੇ ਮਾਧਿਅਮ ਰਾਹੀਂ ਉਠਾਇਆ ਸੀ ਅਤੇ ਇਸ ਵਾਰੀ ਵੀ ਉਠਾ ਚੁੱਕੇ ਹਾਂ।ਮਤਲਬ ਇਹ ਨਹੀਂ ਕਿ ਪ੍ਰਬਧਕਾਂ ਤੇ ਕੋਈ ਅਸਰ ਹੁੰਦਾ ਹੈ ਜਾਂ ਨਹੀਂ ਕਿਉਂਕਿ ਇਹ ਇੰਨਾਂ ਦਾ ਪ੍ਰਾਇਵੇਟ ਪ੍ਰੋਗਰਾਮ ਹੈ, ਜੋ ਚਾਹੁਣ ਕਰਨ। ਦੂਜੀ ਗੱਲ ਕਿ ਨਾ ਹੀ ਸਾਡੇ ਅਦਾਰੇ ਦੀ ਇਨ੍ਹਾਂ ਨਾਲ ਕੋਈ ਨਿੱਜੀ ਰੰਜਿਸ਼ ਹੈ, ਪਰ ਅਸੀਂ ਆਪਣੇ ਪੇਸ਼ੇ ਪ੍ਰਤੀ ਬਣਦੀ ਜੁੰਮੇਵਾਰੀ ਜ਼ਰੂਰ ਨਿਭਾਉਂਦੇ ਹਾਂ ।
ਜਿੱਥੇ ਅਸੀਂ ਪਿਛਲੇ ਕਈ ਸਾਲਾਂ ਤੋਂ ਇੰਨਾਂ ਦੇ ਐਵਾਰਡ ਸ਼ੋਆਂ ਦਾ ਸਿਲਸਲਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਤਕਰੀਬਨ ਹਰ ਸ਼ੋਅ ਦੀ ਰਿਪੋਰਟ ਆਪਣੇ ਮੈਗਜ਼ੀਨ ਵਿੱਚ ਛਾਇਆ ਕਰਦੇ ਆ ਰਹੇ ਹਾਂ।ਇੰਨਾਂ ਦੇ ਐਵਾਰਡ ਸਮਾਰੋਹਾਂ ਦੇ ਉਪਰਾਲੇ ਅਤੇ ਵਧੀਆ ਕੰਮਾਂ ਦੀ ਨਿਰਪੱਖਤਾ ਨਾਲ ਖੁੱਲ੍ਹ ਕੇ ਸਿਫਤ ਵੀ ਕੀਤੀ ਹੈ ਅਤੇ ਇਨ੍ਹਾਂ ਦੇ ਅਜਿਹੇ ਪ੍ਰੋਗਰਾਮਾਂ ਦੀਆਂ ਉਨਤਾਈਆਂ ਬਾਰੇ ਵੀ ਬੇਝਿਜਕ ਲਿਖਦੇ ਹਾਂ।ਸੋ ਇਸੇ ਸਿਲਸਲੇ ਨਾਲ ਹੀ ਇਹ ਮੁੱਦਾ ਜੁੜਿਆ ਹੈ ਕਿ ਇਸ ਵਾਰ ਵੀ ਇੰਨਾਂ ਦੇ ਹੋ ਰਹੇ ਆਨਲਾਈਨ ਪੀ.ਟੀ.ਸੀ ਫ਼ਿਲਮ ਐਵਾਰਡ ਸ਼ੋਅ ਵਿੱਚ ਜਦੋਂ ਫ਼ਿਲਮ ਸੰਗੀਤ ਨਾਲ ਜੁੜੀਆਂ ਬਾਕੀ ਦੀਆਂ ਕੈਟਾਗਰੀਆਂ ਸ਼ਾਮਲ ਹਨ ਅਤੇ ਉਨਾਂ ਸਾਰਿਆਂ ਦੀ ਜੜ੍ਹ ਜਿੱਥੋਂ ਕਿ ਸੰਗੀਤ ਸ਼ੁਰੂ ਹੁੰਦਾ ਹੈ ਕਹਿਣ ਦਾ ਮਤਲਬ ਕਿ ਇੱਕ ਗੀਤਕਾਰ ਦੇ ਲਿਖੇ ਲਫਜ਼ਾਂ ਤੋਂ ।ਹੁਣ ਪੀ.ਟੀ.ਸੀ ਦੇ ਪ੍ਰਬੰਧਕ ਕੋਈ ਵੀ ਬਹਾਨਾਂ ਘੜਣ, ਉਸ ਨਾਲ ਸਾਨੂੰ ਕੋਈ ਲੈਣਾ-ਦੇਣਾ ਨਹੀਂ ਅਤੇ ਨਾ ਹੀ ਸਾਨੂੰ ਇਸ ਮੁੱਦੇ ਤੇ ਉਨਾਂ ਨੂੰ ਪੁੱਛਣ ਦੀ ਲੋੜ ਹੈ।ਕਾਰਨ ਇਹ ਕਿ ਜਦੋਂ ਸਪਸ਼ਟ ਰੂਪ ਵਿੱਚ ਨਜ਼ਰ ਆ ਰਿਹਾ ਹੈ ਕਿ ਗੀਤਕਾਰਾਂ ਦੀ ਕੈਟਾਗਰੀ ਸ਼ਾਮਲ ਹੀ ਨਹੀ, ਜੋਕਿ ਅੱਜ ਤੱਕ ਕਿਸੇ ਵੀ ਫ਼ਿਲਮ ਐਵਾਰਡ ਸ਼ੋਅ ਵਿੱਚ ਨਹੀਂ ਵੇਖਿਆ ਗਿਆ ਤਾਂ ਫੇਰ ਕਾਰਨ ਪੁੱਛਣ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਜਦੋਂ ਫ਼ਿਲਮ ਐਵਾਰਡ ਹੁਣ ਹੋ ਰਿਹਾ ਹੈ, ਗਾਣਿਆਂ ਲਈ ਸੰਗੀਤਕਾਰ ਅਤੇ ਗਾਇਕ ਨੋਮੀਨੇਟ ਹਨ ਤਾਂ ਫਿਰ ਗੀਤਕਾਰ ਕਿਉਂ ਨਹੀਂ ?
ਅਸੀਂ ਇਸ ਮੁੱਦੇ ਤੇ ਫ਼ਿਲਮ ਅਤੇ ਸੰਗੀਤ ਨਾਲ ਜੁੜੀਆਂ ਕੁੱਝ ਪ੍ਰਮੁਖ ਹਸਤੀਆਂ ਨਾਲ ਗੱਲਬਾਤ ਕੀਤੀ ਜਿੰਨਾਂ ਨੇ ਬਹੁਤ ਖੁੱਲ ਕੇ ਫ਼ਿਲਮ ਸੰਗੀਤ ਵਿੱਚ ਗੀਤਕਾਰਾਂ ਦੇ ਸਥਾਨ ਦੀ ਮਹੱਤਤਾ ਦਸ ਕੇ ਜ਼ੋਰਦਾਰ ਸ਼ਬਦਾਂ ਵਿੱਚ ਉਨਾਂ ਦੇ ਹੱਕਾਂ ਦੀ ਹਮਾਇਤ ਕੀਤੀ।ਇਸ ਤੋਂ ਇਲਾਵਾ ਪੰਜਾਬੀ ਸਕਰੀਨ ਅਦਾਰੇ ਵਲੋਂ ਵੀ ਆਪਣੀ ਰਾਏ ਦਰਜ ਕਰਵਾਈ ਗਈ ਅਤੇ ਦੂਜੇ ਪਾਸੇ ਫ਼ਿਲਮ ਅਤੇ ਸੰਗੀਤ ਖੇਤਰ ਦੇ ਕੁੱਝ ਲੋਕਾਂ ਨੇ ਗੋਲ ਮੋਲ ਗੱਲ ਕਰ ਕੇ ਮੁੱਦੇ ਨੂੰ ਟਾਲਣ ਦੀ ਕੋਸ਼ਿਸ਼ ਵੀ ਕੀਤੀ, ਜਿਨ੍ਹਾਂ ਤੋਂ ਕਿ ਇਹ ਉਮੀਦ ਨਹੀਂ ਸੀ ।
ਖੈਰ ਆਓ ਪੜ੍ਹਦੇ ਹਾਂ ਉਨਾਂ ਪ੍ਰੱਸਿਧ ਹਸਤੀਆਂ ਦੇ ਨਾਮ ਅਤੇ ਵਿਚਾਰ ਜੋ ਗੀਤਕਾਰਾਂ ਦੇ ਹੱਕ ਵਿੱਚ ਬੇਝਿਜਕ ਬੋਲੇ, ਜਾਂ ਸਾਡੇ ਵਲੋਂ ਚੁੱਕੇ ਇਸ ਮੁੱਦੇ ਤੇ ਆਪਣੀ ਸਹਿਮਤੀ ਪ੍ਰਗਟਾਈ। ਕਿਉਂਕਿ ਇਹ ਆਪਣੇ ਕੰਮ ਤੇ ਫਖ਼ਰ ਮਹਿਸੂਸ ਕਰਨ ਵਾਲੇ ਲੋਕਾਂ ਚੋਂ ਹਨ ਨਾ ਕਿ ਕਿਸੇ ਐਵਾਰਡ ਦੇ ਮੋਹਥਾਜ਼।
ਜੈ ਦੇਵ ਕੁਮਾਰ-ਸੰਗੀਤਕਾਰ
ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸੰਗੀਤ ਮਤਲਬ ਸੰਗ+ਗੀਤ ਇਨ੍ਹਾਂ ਦੋਨਾਂ ਦਾ ਸੁਮੇਲ ਹੈ ਸੰਗੀਤ। ਜੇ ਗੀਤ ਨਹੀਂ ਤਾਂ ਸੰਗੀਤ ਨਹੀਂ। ਮੈਂ ਸਮਝਦਾ ਹਾਂ ਕਿ ਪੀ.ਟੀ.ਸੀ ਵਾਲਿਆਂ ਨੂੰ ਇਸ ਛੋਟੀ ਜਿਹੀ ਗੱਲ ਨੂੰ ਮਸਲਾ ਨਹੀਂ ਬਣਾਉਣਾ ਚਾਹੀਦਾ ਅਤੇ ਆਪਣੇ ਫ਼ਿਲਮ ਐਵਾਰਡ ਵਿਚ ਗੀਤਕਾਰ ਦੀ ਕੈਟਾਗਿਰੀ ਵੀ ਸ਼ਾਮਲ ਕਰਨੀ ਚਾਹੀਦੀ ਹੈ। ਪੀ.ਟੀ.ਸੀ ਵੱਲੋਂ ਫ਼ਿਲਮ ਐਵਾਰਡ ਵਿਚ ਗੀਤਕਾਰਾਂ ਦੀ ਕੈਟਾਗਰੀ ਸ਼ਾਮਲ ਨਾ ਕਰਨਾ ਮੈਨੂੰ ਨਿਜ਼ੀ ਤੌਰ ਤੇ ਚੰਗਾ ਨਹੀਂ ਲੱਗਾ। ਮੈਂ ਰਬਿੰਦਰ ਨਾਰਾਇਣ ਜੀ ਨੂੰ ਪਿਆਰ ਨਾਲ ਬੇਨਤੀ ਕਰਦਾ ਹਾਂ ਕਿ ਗੀਤਕਾਰਾਂ ਦੀ ਮੱਹਤਤਾ ਨੂੰ ਸਮਝਨ ਦੀ ਕੋਸ਼ਿਸ਼ ਕਰੋ। ਕਿਉਂਕਿ ਗੀਤਕਾਰ ਜਾਂ ਫ਼ਿਲਮ ਲਈ ਕੋਈ ਵੀ ਪਰਦੇ ਪਿੱਛੇ ਕੰਮ ਕਰਨ ਵਾਲਾ ਟੈਕਨੀਸ਼ੀਅਨ ਫ਼ਿਲਮ ਦਾ ਪਿੱਲਰ ਜਾਂ ਨੀਹ ਹੁੰਦਾ ਹੈ ਅਤੇ ਬਿਨਾ ਨੀਹਾਂ ਜਾਂ ਪਿੱਲਰ ਦੇ ਸਹਾਰੇ ਕੋਈ ਬਿਲਡਿੰਗ ਖੜੀ ਨਹੀਂ ਹੁੰਦੀ ।
ਪੀ.ਟੀ.ਸੀ ਐਵਾਰਡ ਵਿਚ ਗੀਤਕਾਰਾਂ ਦੀ ਕੈਟਾਗਰੀ ਨੂੰ ਲੈ ਕਿ ਜੇ ਗਾਇਕ ਉਹਨਾਂ ਦੀ ਹਮਾਇਤ ਵਿਚ ਅੱਗੇ ਨਹੀਂ ਆ ਰਹੇ ਤਾਂ ਇਹ ਵੀ ਮਾੜੀ ਗੱਲ ਹੈ ਕਿਉਂਕਿ ਫ਼ਿਲਮ ਦੇ ਇੱਕ ਗੀਤ ਹਿੱਟ ਹੋਣ ਦੇ ਸਭ ਤੋਂ ਵੱਧ ਫਾਇਦਾ ਤਾਂ ਗਾਇਕ ਅਤੇ ਉਸ ਤੋਂ ਬਾਅਦ ਫ਼ਿਲਮ ਦੇ ਹੀਰੋ ਨੂੰ ਵੀ ਹੁੰਦਾ ਹੈ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਗੀਤਕਾਰਾਂ ਦੇ ਹੱਕ ਵਿਚ ਖੜੇ ਹੋਣਾ ਚਾਹੀਦਾ ਹੈ। ਅਜਿਹੇ ਐਵਾਰਡਾਂ ਨਾਲ ਉਹਨਾਂ ਦੀ ਹੌਸਲਾ ਅਫ਼ਜਾਈ ਕਰਨੀ ਚਾਹੀਦੀ ਹੈ ਤਾਂਕਿ ਹੋਰ ਚੰਗਾ ਲਿਖ ਸਕਣ ।
ਇਹ ਨਹੀਂ ਕਿ ਤੁਸੀ ਸਿਰਫ ਸਿੰਗਰ ਨੂੰ ਹੀ ਹੀਰੋ ਬਣਾ ਕਿ ਸਾਰਾ ਕਰੈਡਿਟ ਦੇ ਦੇਵੋ ਬਾਕੀ ਸਾਰੇ ਪਿੱਛੇ ਰਹਿ ਜਾਣ। ਇਕ ਗੀਤ ਦੇ ਬਣਨ ਵਿਚ ਸਭ ਦੇ ਯੋਗਦਾਨ ਦਾ ਧਿਆਨ ਰੱਖ ਕਿ ਸਭ ਨੂੰ ਬਰਾਬਰਤਾ ਮਿਲਣੀ ਚਾਹੀਦੀ ।ਪੀ.ਟੀ.ਸੀ ਵਾਲੇ ਕੋਈ ਅਹਿਜੀ ਉਧਾਰਣ ਤਾਂ ਪੇਸ਼ ਕਰਨ ਜਿੱਥੇ ਸੰਗੀਤ ਨਾਲ ਸੰਬਧਿਤ ਐਵਾਰਾਡਾਂ ਵਿਚ ਗੀਤਕਾਰਾਂ ਨੂੰ ਨਾਂ ਸ਼ਾਮਲ ਕੀਤਾ ਹੋਵੇ। ਕਈ ਫ਼ਿਲਮ ਐਵਾਰਡਾਂ ਵਿਚ ਤਾਂ ਮਿਊਜ਼ਿਕ ਖੇਤਰ ਲਈ ਸਾਊਂਡ ਡਿਜ਼ਾਇਨਰ ਤੱਕ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਐਵਾਰਡ ਵੀ ਮਿਲੇ ਹਨ, ਤਾਂ ਫੇਰ ਅਸੀਂ ਗੀਤਕਾਰਾਂ ਨੂੰ ਕਿਵੇਂ ਭੁੱਲ ਸਕਦੇ ਹਾਂ ।
ਜੇ ਅਸੀਂ ਭਾਰਤੀ ਫ਼ਿਲਮ ਸੰਗੀਤ ਦੀ ਗੱਲ ਕਰੀਏ ਤਾਂ ਅਨੰਦ ਬਖਸ਼ੀ, ਗੁਲਜ਼ਾਰ ਅਤੇ ਜਾਵੇਦ ਅਖ਼ਤਰ ਜਿਹੇ ਨਾਵਾਂ ਤੋਂ ਬਿਨਾਂ ਸੰਗੀਤ ਦੀ ਗੱਲ ਕਰਨੀ ਵੀ ਅਧੂਰੀ ਹੈ ਅਤੇ ਇਸੇ ਤਰ੍ਹਾਂ ਜੇ ਪੰਜਾਬੀ ਸੰਗੀਤ ਦੀ ਗੱਲ ਕਰੀਏ ਤਾਂ ਬਾਬੂ ਸਿੰਘ ਮਾਨ, ਸ਼ਿਵ ਕੁਮਾਰ ਬਟਾਲਵੀ, ਦੇਵ ਥਰੀਕੇ ਵਾਲੇ, ਚਮਨਲਾਲ ਸ਼ੁਗਲ, ਸ਼ਮਸ਼ੇਰ ਸੁੰਧੂ ਅਤੇ ਕਈ ਹੋਰ ਵੀ ਪੁਰਾਣੇ-ਨਵੇਂ ਨਾਮੀ ਨਾਵਾਂ ਤੋਂ ਬਿਨਾਂ ਸੰਗੀਤ ਦੀ ਗੱਲ ਕਦੀ ਵੀ ਸੰਪੂਰਨ ਨਹੀਂ ਕਹੀ ਜਾਏਗੀ।
ਕਿਸੇ ਵੀ ਫ਼ਿਲਮ ਦਾ ਸੰਗੀਤ ਬਣਾਉਣ ਲਗਿਆਂ ਸਭ ਤੋਂ ਪਹਿਲਾਂ ਗਾਣਿਆਂ ਨੂੰ ਹੀ ਧਿਆਨ ਵਿਚ ਰੱਖਿਆ ਜਾਂਦਾ ਹੈ ਤੇ ਇੱਥੋ ਤੱਕ ਵੀ ਸੋਚਿਆ ਜਾਂਦਾ ਹੈ ਜੇ ਗੀਤ ਹਿੱਟ ਹੋਣਗੇ ਤਾਂ ਹੀ ਫ਼ਿਲਮ ਹਿੱਟ ਹੋਵੇਗੀ। ਫ਼ਿਲਮ ਸੰਗੀਤ ਇਕ ਕੋਂਬੋ ਪੈਕੇਜ਼ ਹੈ ਇਸ ਲਈ ਗੀਤਕਾਰ ਨੂੰ ਪਾਸੇ ਕਰਨਾ ਸਰਾਸਰ ਉਸ ਨਾਲ ਬੇਇਨਸਾਫੀ ਤਾਂ ਹੈ ਹੀ ਪਰ ਕਿਸੇ ਗੀਤ ਨਾਲ ਜੁੜੇ ਐਵਾਰਡ ਨੂੰ ਦੇਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਜੇ ਗੀਤਕਾਰ ਨੂੰ ਅੱਖੋ ਓਹਲੇ ਕਰਦਾ ਹੈ ਤਾਂ ਦੋਨੋ ਹੀ ਆਪਣੇ ਪੇਸ਼ੇ ਨਾਲ ਬੇਇਨਸਾਫੀ ਕਰ ਰਹੇ ਹੁੰਦੇ ਹਨ ।
ਬਾਬੂ ਸਿੰਘ ਮਾਨ-ਗੀਤਕਾਰ
ਮੈਨੂੰ ਲਗਦੈ ਪੀ.ਟੀ.ਸੀ ਐਵਾਰਡ ਵਾਲੇ ਲੋਕ ਕ੍ਰਿਏਟੀਵ ਨਹੀਂ ਹਨ। ਇਹਨਾਂ ਨੇ ਕਦੇ ਆਪ ਮਿਊਜ਼ਿਕ ਨਹੀਂ ਤਿਆਰ ਕੀਤਾ ਇਸ ਲਈ ਇਹਨਾ ਨੂੰ ਗੀਤਕਾਰੀ ਦੇ ਅਰਥ ਵੀ ਨਹੀਂ ਪਤਾ। ਜਿੰਨ੍ਹਾਂ ਲੋਕਾਂ ਨੂੰ ਗੀਤਕਾਰੀ ਦੀ ਵੁਕਤ ਨਹੀਂ ਉਹਨਾਂ ਦੇ ਐਵਾਰਡਾਂ ਦੀ ਵਕੁਤ ਵੀ ਸਾਨੂੰ ਕੁਝ ਨਹੀਂ ਸਮਝਣੀ ਚਾਹੀਦੀ ।
ਵੇਸੇ ਅਸੀਂ ਕਿਸੇ ਵੀ ਐਵਾਰਡ ਫਕੰਸ਼ਨ ਵਿਚ ਜਾਂਦੇ ਹਾਂ, ਭਾਵੇ ਉਹ ਰੇਡੀਓ ਮਿਰਚੀ ਹੋਵੇ ਜਾਂ ਬਿਗ ਐਫ.ਐਮ ਦਾ ਐਵਾਰਡ ਹੋਵੇ, ਜਹਾਜ਼ ਦੀ ਟਿਕਟ, ਖਾਣਾ ਪੀਣਾ ਅਤੇ ਪੰਜ ਤਾਰਾ ਹੋਟਲ ਇਹ ਸਭ ਮੁਹਈਆ ਕਰਵਾਉਂਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੀਤਕਾਰਾਂ ਦਾ ਫ਼ਿਲਮ ਅਤੇ ਸੰਗੀਤ ਖੇਤਰ ਵਿੱਚ ਕੀ ਸਥਾਨ ਹੈ ਦੂਜੇ ਪਾਸੇ ਪੀ.ਟੀ.ਸੀ ਵਾਲੇ ਤਾਂ ਜਿਨ੍ਹਾਂ ਨੂੰ ਚਾਹ ਦਾ ਕੱਪ ਪੁੱਛਣਾ ਵੀ ਔਖਾ ਲਗਦੈ। ਇਸ ਲਈ ਮੇਰੇ ਖਿਆਲ ਮੁਤਾਬਕ ਪੀ.ਟੀ.ਸੀ ਐਵਾਰਡ ਨੂੰ ਮੱਹਤਤਾ ਦੇਣ ਦੀ ਲੋੜ ਨਹੀਂ ।
ਗੀਤਕਾਰ ਆਪਣਾ ਕੰਮ ਕਰਨ ਤੇ ਹੋਸਲਾ ਨਾ ਛੱਡਣ। ਲੋਕਾਂ ਦਾ ਪਿਆਰ ਹੀ ਉਹਨਾਂ ਲਈ ਅਸਲੀ ਐਵਾਰਡ ਹੈ। ਜਦੋਂ ਇਹ ਐਵਾਰਡ ਨਹੀਂ ਵੀ ਹੁੰਦੇ ਸੀ ਫਿਰ ਵੀ ਤਾਂ ਗੀਤ ਲਿਖੇ ਜਾਂਦੇ ਸੀ, ਹਿੱਟ ਹੁੰਦੇ ਸੀ ਤਾਂ ਸਭ ਨੂੰ ਪਤਾ ਲੱਗ ਜਾਂਦਾ ਸੀ ਇਹ ਕਿਸ ਨੇ ਲਿਖਿਆ।
ਪੀ.ਟੀ.ਸੀ ਵਾਲੇ ਕਦੇ ਵੀ ਇਹਨਾਂ ਐਵਾਰਡਾ ਨੂੰ ਲੈ ਕਿ ਸੰਜੀਦਾ ਨਹੀਂ ਹੋਏ। ਹਮੇਸ਼ਾ ਆਪਣੀ ਹੀ ਮਰਜ਼ੀ ਕਰਦੇ ਹਨ ਐਵਾਰਡ ਵੰਡਨ ਵਿੱਚ। ਜਦੋਂ ਕਿਸੇ ਨੂੰ ਅਸਲ ਮੈਰਿਟ ਦੇ ਹਿਸਾਬ ਨਾਲ ਐਵਾਰਡ ਮਿਲਣਾ ਹੀ ਨਹੀਂ ਤਾਂ ਐਵਾਰਡ ਦੀ ਚਿੰਤਾ ਕਿਉਂ। ਮੇਰੇ ਮੁਤਾਬਕ ਤਾਂ ਇਹਨਾਂ ਦੇ ਐਵਾਰਡ ਬਿਨਾਂ ਘੁੰਗਰੂਆਂ ਦੇ ਛਣਕਣੇ ਹੀ ਕਹੇ ਜਾ ਸਕਦੇ ਹਨ। ਸੋ ਜਿੱਥੇ ਕਲਾ ਦਾ ਸਤਿਕਾਰ ਨਹੀਂ ਅਜਿਹੇ ਪ੍ਰੋਗਰਾਮਾਂਤੇ ਜਾਣਾ ਆਪਣੀ ਸ਼ਾਨ ਦੇ ਖਿਲਾਫ ਹੈ। ਇਹ ਤਾਂ ਫੇਸ ਵੈਲਊ ਵੇਖ ਬੰਦੇ ਨੂੰ ਬੁਲਾਉਂਦੇ ਹਨ ਤੇ ਐਵਾਰਡ ਤੈਅ ਕਰਦੇ ਹਨ। ਮੇਰੇ ਮੁਤਾਬਕ ਗੀਤਕਾਰੀ ਦਾ ਐਵਾਰਡ ਇਹਨਾਂ ਦਾ ਲੱਗਦਾ ਹੀ ਕੀ ਹੈ ਜੋ ਇਸ ਨੂੰ ਸ਼ਾਮਲ ਕਰਨ।
ਇਕ ਸੁਲਝਿਆ ਹੋਇਆ ਗੀਤਕਾਰ ਤਾਂ ਬਸ ਇਹੀ ਸੋਚੇ ਕਿ ਇਹ ਐਵਾਰਡ ਕਿਸ ਨੂੰ ਵਿਖਾਉਣ ਲਈ ਲੈਣਾ ਹੈ ਜਿਸ ਦਾ ਕੋਈ ਆਧਾਰ ਨਹੀਂ।
ਗੀਤਾਂ ਨੂੰ ਚੁਣਨ ਦਾ ਮਾਪਦੰਡ ਵੀ ਕਮਰਸ਼ੀਅਲ ਨਹੀਂ ਹੋਣਾ ਚਾਹੀਦਾ, ਸਹਿਤ ਅਤੇ ਸਮਾਜ ਲਈ ਲਿਖੇ ਗਏ ਗੀਤਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਜੋ ਕਿ ਨਹੀਂ ਹੋ ਰਿਹਾ ਹੈ।
ਅਤੁਲ ਸ਼ਰਮਾ- ਸੰਗੀਤਕਾਰ
ਵੈਸੇ ਤਾਂ ਮੈਂ ਪੀ.ਟੀ.ਸੀ ਐਵਾਰਡ ਦੀ ਸ਼ੁਰੂਆਤ ਵੇਲੇ ਤੋਂ ਹੀ ਇਹਨਾਂ ਨਾਲ ਜੁੜਿਆ ਸੀ ਅਤੇ ਮੇਰੇ ਮੁਤਾਬਕ ਰਬਿੰਦਰ ਨਾਰਾਇਣ ਖੁਦ ਸੰਗੀਤ ਦੀ ਸਮਝ ਰੱਖਣ ਵਾਲੇ ਇਨਸਾਨ ਹਨ ਅਤੇ ਇਸ ਖੇਤਰ ਵਿਚ ਉਹਨਾਂ ਨੂੰ ਕਾਫੀ ਤਜ਼ੁਰਬਾ ਵੀ ਹੈ। ਇਸ ਲਈ ਮੈਨੂੰ ਹੈਰਾਨਗੀ ਵੀ ਹੈ ਤੇ ਹਾਸਾ ਵੀ ਆਉਂਦਾ ਹੈ ਕਿ ਫ਼ਿਲਮ ਐਵਾਰਡ ਵਿਚ ਗੀਤਕਾਰਾਂ ਦੀ ਕੈਟਾਗਰੀ ਕਿਉਂ ਨਹੀਂ ਸ਼ਾਮਲ ਜਦਕਿ ਫ਼ਿਲਮ ਸੰਗੀਤ ਨਾਲ ਜੁੜੀਆਂ ਬਾਕੀ ਨੋਮੀਨੇਸ਼ਨ ਸ਼ਾਮਲ ਹਨ ਤਾਂ ਗੀਤਕਾਰਾਂ ਨੂੰ ਪਾਸੇ ਕਰਨਾ ਸਮਝ ਤੋਂ ਬਾਹਰ ਵਾਲੀ ਗੱਲ ਹੈ। ਭਾਵੇਂ ਪੀ.ਟੀ.ਸੀ ਵਾਲਿਆਂ ਦਾ ਕੋਈ ਤਕਨੀਕੀ ਜਾਂ ਆਰਥਿਕ ਕੋਈ ਕਾਰਨ ਵੀ ਕਿਉਂ ਨਾ ਹੋਵੇ ਪਰ ਗੀਤਕਾਰਾਂ ਨਾਲ ਤਾਂ ਬੇਇਨਸਾਫੀ ਹੀ ਹੈ। ਮੇਰੇ ਮੁਤਾਬਕ ਗੀਤਕਾਰਾਂ ਦੀ ਕੈਟਾਗਰੀ ਪੀ.ਟੀ.ਸੀ ਫ਼ਿਲਮ ਐਵਾਰਡ ਵਿਚ ਜ਼ਰੂਰ ਹੋਣੀ ਚਾਹੀਦੀ ਹੈ ।
ਸੰਜੀਵ ਆਨੰਦ-ਗੀਤਕਾਰ
ਮੈਂ 100 % ਸਹਿਮਤੀ ਪ੍ਰਗਟਾਂਉਂਦਾ ਹਾਂ ਕਿ ਗੀਤਕਾਰਾਂ ਦੀ ਕੈਟਾਗਰੀ ਨੂੰ ਪੀ.ਟੀ.ਸੀ ਫ਼ਿਲਮ ਐਵਾਰਡ ਸ਼ੋਅ ਵਿਚ ਸ਼ਾਮਲ ਕਰਨਾ ਬਣਦਾ ਹੈ। ਜੇ ਗੀਤ ਲਿਖਿਆ ਹੀ ਨਹੀਂ ਜਾਵੇਗਾ ਤਾਂ ਸੰਗੀਤ ਕਿਸ ਚੀਜ਼ ਦਾ ਬਣੇਗਾ ਅਤੇ ਗਾਇਕ ਗਾਏਗਾ ਕੀ ?
ਜੇ ਗਾਇਕ/ਸੰਗੀਤਕਾਰ ਜਾਂ ਫ਼ਿਲਮ ਖੇਤਰ ਨਾਲ ਜੁੜਿਆ ਕੋਈ ਵੀ ਵਿਅਕਤੀ ਗੀਤਕਾਰਾਂ ਦੇ ਹੱਕ ’ਚ ਨਹੀਂ ਬੋਲਦਾ ਤਾਂ ਸਮਝੋ ਇਹ ਲੋਕ ਕਿਤੇ ਨਾ ਕਿਤੇ ਗੀਤਕਾਰਾਂ ਦਾ ਨੁਕਸਾਨ ਹੀ ਕਰਵਾ ਰਹੇ ਹਨ। ਇੱਕ ਕਲਾਕਾਰ ਨੂੰ ਸਭ ਤੋਂ ਪਹਿਲਾਂ ਇਕ ਇਨਸਾਨ ਹੋਣਾ ਚਾਹੀਦਾ ਹੈ ਜੋ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹੇ। ਇੱਕ ਕਲਾਕਾਰ ਦੇ ਜ਼ਿੰਦਾ ਹੋਣ ਦਾ ਸਬੂਤ ਉਸ ਦੀ ਸ਼ਖਸੀਅਤ ਵਿੱਚ ਸੱਚ ਦੁਆਰਾ ਹੀ ਪ੍ਰਗਟ ਹੁੰਦਾ ਹੈ।
ਗੀਤਕਾਰ ਗੀਤ ਦਾ ਜਨਮ ਦਾਤਾ ਹੈ ਅਤੇ ਸੰਗੀਤਕਾਰ ਉਸ ਦੇ ਬੋਲਾਂ ਦੇ ਸਹਾਰੇ ਅੱਗੇ ਤੁਰਦਾ ਹੈ ਅਤੇ ਧੁਨ ਬਨਾਉਣ ਵਾਲਾ ਗੀਤਕਾਰ ਦੇ ਲਫ਼ਜ਼ਾ ਦਾ ਮੂੜ ਸਮਝ ਕਿ ਹੀ ਵਧੀਆ ਧੁਨ ਤਿਆਰ ਕਰਦਾ ਹੈ, ਅਤੇ ਫ਼ਿਲਮੀ ਗੀਤ ਦੀ ਸੂਰਤ ਵਿਚ ਸਿਚੂਏਸ਼ਨਲ ਉਹ ਧੁਨ ਸ਼ਬਦਾਂ ਨਾਲ ਮੈਚ ਖਾਂਦੀ ਹੋਵੇ। ਜਦੋਂ ਫਿਰ ਇੱਕ ਵਧੀਆ ਗਾਇਕ ਇਸ ਨੂੰ ਗਾਉਂਦਾ ਹੈ ਤਾਂ ਗੀਤ ਹਿੱਟ ਵੀ ਹੁੰਦਾ ਹੈ, ਜਿਸ ਦਾ ਕੈ੍ਰਡਿਟ ਸਭ ਨੂੰ ਮਿਲਦਾ ਹੈ। ਇਸ ਲਈ ਗੀਤਕਾਰ ਨੂੰ ਕਦੇ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ।
ਕਿਸੇ ਵੀ ਬੱਚੇ ਦਾ ਭੱਵਿਖ ਉਸ ਦੇ ਜਨਮ ਤੋਂ ਬਾਅਦ ਹੀ ਤਹਿ ਹੁੰਦਾ ਹੈ ਅਤੇ ਇਹ ਉਦਾਹਰਣ ਗੀਤ ਤੇ ਵੀ ਢੁੱਕਦੀ ਹੈ। ਜੇ ਤੁਸੀਂ ਇੱਕ ਵਧੀਆ ਗੀਤ ਲਈ ਇੱਕ ਗੀਤਕਾਰ ਨੂੰ ਨੋਮੀਨੇਟ ਨਹੀਂ ਕਰ ਰਹੇ ਤਾਂ ਬਾਕੀਆਂ ਨੂੰ ਕਿਉਂ ਕਰ ਰਹੇ ਹੋ ਉਹ ਵੀ ਰਹਿਣ ਦਿਓ। ਹਮੇਸ਼ਾ ਵਧੀਆ ਗੀਤ ਨੂੰ ਚੁਣ ਕੇ ਹੀ ਫ਼ਿਲਮ ਸੰਗੀਤ ਦੀ ਕਿਸੇ ਕੈਟਾਗਰੀ ਵਿਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਉਸ ਦੇ ਗੀਤਕਾਰ ਦੀ ਹੋਂਦ ਨੂੰ ਦਰਸਾਉਣਾ ਸਾਡੀ ਨੈਤਿਕ ਡਿਊਟੀ ਹੈ।
ਗੀਤਕਾਰਾਂ ਨੂੰ ਐਵਾਰਡ ਦੇਣਾ ਮਤਲਬ ਗੀਤਕਾਰਾਂ ਦੀ ਹੌਸਲਾ ਅਫਜ਼ਾਈ ਕਰਨੀ ਤਾਂ ਕਿ ਉਹਨਾਂ ਵਿਚ ਵੀ ਵੱਧ ਤੋਂ ਵੱਧ ਕੰਪੀਟੀਸ਼ਨ ਦੀ ਭਾਵਨਾ ਪੈਦਾ ਹੋ ਸਕੇ ਅਤੇ ਹੋਰ ਵੀ ਚੰਗੇ ਗੀਤ ਲਿਖੇ ਜਾਣ। ਇਸ ਨਾਲ ਨਵੇ ਟੈਲੇਂਟ ਨੂੰ ਵੀ ਅੱਗੇ ਆਊਣ ਦਾ ਮੌਕਾ ਵੀ ਮਿਲਦਾ ਹੈ।
ਅਜਿਹੇ ਐਵਾਰਡਾਂ ਦੀ ਜਿਊਰੀ ਵਿਚ ਵੀ ਹਰ ਕੈਟਾਗਰੀ ਨਾਲ ਸੰਬਧਿਤ ਨਿਪੁੰਨ ਲੋਕਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਐਵਾਰਡਾਂ ਦੀ ਮੈਰਿਟ ਅਤੇ ਨਿਰਪੱਖਤਾ ਬਣੀ ਰਹੇ।
ਅਦਾਰਾ ਪੰਜਾਬੀ ਸਕਰੀਨ
ਪਹਿਲਾਂ ਗੀਤ ਲਿਖੇ ਜਾਂਦੇ ਹਨ, ਫੇਰ ਸੰਗੀਤ ਬਣਦਾ ਹੈ, ਫੇਰ ਗੀਤਾਂ ਨੂੰ ਗਾਇਕਾਂ ਦੀ ਆਵਾਜ਼ ਮਿਲਦੀ ਹੈ, ਫੇਰ ਗੀਤ ਮਿਊਜ਼ਿਕ ਕੰਪਨੀ ਕੋਲ ਜਾਂਦੇ ਹਨ ਅਤੇ ਉਸ ਨੂੰ ਮਿਊਜ਼ਕ ਚੈਨਲ ਤੇ ਭੇਜਿਆ ਜਾਂਦਾ ਹੈ। ਚੈਨਲ ਤੇ ਗੀਤ ਚੱਲਣ ਨਾਲ ਹੀ ਉਸ ਦੀ ਹੋਂਦ ਸਾਬਤ ਹੁੰਦੀ ਹੈ ਅਤੇ ਬਰਕਰਾਰ ਵੀ ਰਹਿੰਦੀ ਹੈ। ਕਹਿਣ ਦਾ ਮਤਲਬ ਕੇ ਬਿਨਾਂ ਨੀਹਾਂ ਤੋਂ ਇਮਾਰਤ ਨਹੀਂ ਉਸਾਰੀ ਜਾ ਸਕਦੀ। ਫੇਰ ਸੰਗੀਤ ਜਗਤ ਤੋਂ ਉਤਪਨ ਹੋਏ ਪੀ.ਟੀ.ਸੀ ਚੈਨਲ ਤੇ ਫ਼ਿਲਮ ਐਵਾਰਡ ਮੌਕੇ ਫ਼ਿਲਮ ਗੀਤਕਾਰਾਂ ਨੂੰ ਕਿਉਂ ਅਣਗੋਲਿਆ ਜਾ ਰਿਹਾ ਹੈ।
ਨਿੰਮਾਂ ਲੁਹਾਰਕਾ-ਗੀਤਕਾਰ
ਇਹ ਸਭ ਕੁਝ ਤਾਂ ਆਪਾ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ। ਸ਼ਾਇਦ ਤੁਹਾਨੂੰ ਵੀ ਇਹ ਪਤਾ ਹੋਵੇ ਕਿ ਸੰਨ 2004 ਵਿੱਚ PTC ਐਵਾਰਡ ਤੇ ਮੇਰੇ ਲਿਖੇ ਗੀਤ “ਦਿਲ ਦਿੱਤਾ ਨਈ ਸੀ ਠੋਕਰਾਂ ਲਵਾਉਣ ਵਾਸਤੇ” ਨੂੰ 3 ਐਵਾਰਡ ਮਿਲੇ ਸੀ ਬੈਸਟ ਵੋਕਲ, ਬੈਸਟ ਮਿਊਜ਼ਿਕ, ਬੈਸਟ ਵੀਡੀਓ ਪਰ ਗੀਤਕਾਰ ਦੇ (ਮੇਰੇ) ਨਾਮ ਕੋਈ ਐਵਾਰਡ ਨਈ ਸੀ। ਸ਼ਾਇਦ ਚੈਨਲ ਵਾਲਿਆਂ ਦੀ ਸੋਚ ਮੁਤਾਬਕ ਉਸ ਗੀਤ ਦਾ ਬਾਕੀ ਸਭ ਕੁਝ ਠੀਕ ਸੀ ਪਰ ਲਿਖਣ ਵਿੱਚ ਕਮੀਆਂ ਸੀ। ਨਿੰਮੇ ਦੇ ਰੋਸ ਸ਼ਬਦ ਇਹ ਸਨ ਕਿ ਕਿਸੇ ਨਈ ਖਲੋਣਾ ਸਾਡੇ ਨਾਲ, ਇਹ ਆਪਾਂ ਭਲੀਭਾਂਤ ਜਾਣਦੇ ਹਾਂ। ਬਾਕੀ ਮੈ ਪੰਜਾਬੀ ਸਕਰੀਨ ਅਦਾਰੇ ਦੇ ਨਾਲ ਹਾਂ ਜਿਥੇ ਕਹੋਗੇ ਨਾਲ ਖਲੋਵਾਂਗੇ ਵੀ ਤੇ ਗੱਲ ਵੀ ਕਰਾਂਗੇ।
ਵਿੰਦਰ ਨੱਥੂ ਮਾਜਰਾ-ਗੀਤਕਾਰ
ਮੈਨੂੰ ਲਗਦਾ ਜੋ ਪੀ.ਟੀ.ਸੀ ਨੇ ਫ਼ਿਲਮ ਐਵਾਰਡ ਵਿਚੋਂ ਗੀਤਕਾਰਾਂ ਦੀ ਕੈਟਾਗਿਰੀ ਖ਼ਤਮ ਕੀਤੀ ਹੈ, ਪਹਿਲਾਂ ਤਾਂ ਮੈਂ ਉਸ ਨੂੰ ਬਹੁਤ ਵੱਡੀ ਨਾ-ਇਨਸਾਫ਼ੀ ਕਾਹਾਂਗਾ ਗੀਤਕਾਰਾਂ ਨਾਲ, ਕਿਉਂਕਿ ਗੀਤ ਨੀਹ ਹੈ ਪੂਰੇ ਮਿਊਜ਼ਿਕ ਦੀ, ਅਗਰ ਗੀਤ ਹੋਵੇਗਾ ਤਾਂ ਮਿਊਜ਼ਿਕ ਹੋਵੇਗਾ ਤਾਂ ਹੀ ਗਾਇਕ ਗਾਏਗਾ ਤੇ ਤਾਂ ਹੀ ਉਸ ਨੂੰ ਐਵਾਰਡ ਮਿਲੇਗਾ। ਹੁਣ ਫ਼ਿਲਮਾਂ ਦੇ ਵਿਚ ਗੀਤਾਂ ਨੂੰ ਐਵਾਰਡ ਤਾਂ ਮਿਲ ਰਿਹਾ ਹੈ ਪਰ ਗੀਤਕਾਰਾਂ ਨੂੰ ਐਵਾਰਡ ਲਈ ਸ਼ਾਮਲ ਨਹੀਂ ਕੀਤਾ ਜਾ ਰਿਹਾ, ਜੇ ਗੀਤਕਾਰ ਹੀ ਨਹੀਂ ਹੋਣਗੇ ਤਾਂ ਗੀਤ ਕਿਥੋਂ ਆਊਣਗੇ। ਇਸ ਲਈ ਮੈਨੂੰ ਲਗਦਾ ਹੈ ਕਿ ਇਹ ਨਾ-ਇਨਸਾਫ਼ੀ ਦੂਰ ਹੋਣੀ ਚਾਹੀਦੀ ਹੈ ਤੇ ਗੀਤਕਾਰਾਂ ਨੂੰ ਉਹਨਾਂ ਦਾ ਬਣਦਾ ਹੱਕ, ਬਣਦਾ ਸਨਮਾਨ ਮਿਲਣਾ ਹੀ ਚਾਹੀਦਾ ਹੈ।
ਰਤਨ ਔਲਖ-ਫਿਲਮ ਐਕਟਰ
ਗੀਤਕਾਰ ਹੀ ਗੀਤ ਦਾ ਸਿਰਜਕ ਹੈ, ਰੂਹ ਹੈ। ਸੰਗੀਤਕਾਰ ਗੀਤ ਨੂੰ ਧੜਕਣਾ ਦੀ ਭਾਸ਼ਾ ਸਿਖਾਉਂਦਾ ਹੈ ਤੇ ਗਾਇਕ ਉਸ ਨੂੰ ਜਿਸਮ ਬਖਸ਼ਦਾ ਹੈ। ਤਿੰਨਾਂ ਦਾ ਯੋਗਦਾਨ ਬਰਾਬਰ ਹੈ। ਇਸ ਲਈ ਕਿਸੇ ਨੂੰ ਅਣਗੌਲਿਆ ਕਰਨਾ ਗਲਤ ਹੈ।
ਕੁਲਬੀਰ-ਗਾਇਕ
ਗੀਤਕਾਰ ਤੋਂ ਬਿਨਾਂ ਨਾ ਹੀ ਗਾਇਕ ਅਤੇ ਨਾ ਹੀ ਮਿਊਜ਼ਿਕ ਕੰਪਨੀ ਦਾ ਵਜੂਦ ਹੈ। ਗੀਤਕਾਰ ਗਰੀਬੀ ਵਿੱਚ ਮਰ ਜਾਂਦਾ ਹੈ ਜਦਕਿ ਗਾਇਕ ਅਤੇ ਸੰਗੀਤ ਕੰਪਨੀਆਂ ਲੱਖਾਂ ਕਮਾਂ ਲੈਂਦੇ ਹਨ।
ਤਰਲੋਚਨ ਤੋਚੀ-ਗਾਇਕ
ਬਿਨਾਂ ਗੀਤਕਾਰਾਂ ਤੋਂ ਇਹ ਸ਼ੋਅ ਅਧੂਰਾ ਹੈ ।
ਹਰਿੰਦਰ ਸੋਹਲ-ਸੰਗੀਤਕਾਰ
ਸ਼ਬਦ ਤੋਂ ਬਗੈਰ ਸੰਗੀਤ ਅਧੂਰਾ ਹੈ ਸ਼ਬਦ ਤੋਂ ਬਗੈਰ ਗਾਣੇ ਦੀ ਹੋਂਦ ਨਾ ਕਦੇ ਸੀ ਤੇ ਨਾ ਕਦੇ ਹੋਵੇਗੀ ਇਸ ਪਿੱਛੇ ਸਨਮਾਨ ਦੇਣ ਵਾਲਿਆਂ ਦੀ ਕੀ ਮਾਨਸਿਕਤਾ ਹੈ ਏ ਤਾਂ ਉਹ ਹੀ ਦਸ ਸਕਦੇ ਨੇ, ਵੈਸੇ ਏ ਰੁਝਾਨ ਮਾੜਾ ਹੈ ।
ਜਗਦੀਸ਼ ਸਚਦੇਵਾ-ਲੇਖਕ/ਨਾਟਕਕਾਰ
ਹਰ ਸਾਲ ਇਹੀ ਗੱਲ ਹੁੰਦੀ ਹੈ। ਇਹ ਕਰੋਨਾ ਮੁੱਕਦਾ ਐਦਕੀ ਤੇ ਚੱਲੋ ਧਰਨਾ ਦੇਨੇ ਆ ਪੀ.ਟੀ.ਸੀ ਅੱਗੇ ਗੀਤਕਾਰਾਂ ਲਈ।
ਗੀਤਕਾਰਾਂ ਦੇ ਹੱਕ ਵਿੱਚ ਉਪਰੋਤਕ ਵਿਚਾਰਾਂ ਤੋਂ ਇਲਾਵਾ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਵੀ ਪ੍ਰਸਿੱਧ ਹਸਤੀਆਂ ਨੇ ਗੀਤਕਾਰਾਂ ਦੇ ਹੱਕ ਵਿੱਚ ਫੇਸ ਬੁੱਕ ਅਤੇ ਫੋਨ ਰਾਹੀਂ ਸਹਿਮਤੀ ਪ੍ਰਗਟਾਈ ਜਿਨ੍ਹਾੱ ਵਿੱਚੋਂ ਕੁੱਝ ਨਾਵਾਂ ਦੀ ਜ਼ਿਕਰ ਕਰ ਰਹੇ ਹਾਂ ਜਿਵੇਂ ਕਿ ਪ੍ਰਸਿੱਧ ਫ਼ਿਲਮ ਨਿਰਮਾਤਾ ਇਕਬਾਲ ਢਿੱਲੋਂ, ਨਿਰਦੇਸ਼ਕ ਸ਼ਪਿੰਦਰ ਸਿੰਘ, ਨਵਤੇਜ ਸੰਧੂ, ਸਿੱਧੂ ਭਾਈ, ਦੇਵੀ ਸ਼ਰਮਾ ਅਤੇ ਬਲਬੀਰ ਬੇਗਮਪੁਰੀ, ਨਿਰਮਾਤਾ ਦਨੇਸ਼ ਔਲਕ (ਸਪੀਡ ਰਿਕਾਰਡਜ਼), ਮਾਈਕ ਵਰਮਾ, ਸੰਗੀਤਕਾਰ ਗੁਰਮੀਤ ਸਿੰਘ, ਸਚਿਨ ਅਹੂਜਾ ਅਤੇ ਤੇਜਵੰਤ ਕਿੱਟੂ, ਫ਼ਿਲਮ ਨਿਰਮਾਤਾ, ਗਾਇਕ ਤੇ ਗੀਤਕਾਰ ਦਕਸ਼ਜੀਤ ਸਿੰਘ, ਡਾਇਰੈਕਟਰ ਦੂਰਦਰਸ਼ਨ ਜਲੰਧਰ ਪੁਨੀਤ ਸਹਿਗਲ, ਲਾਈਨ ਨਿਰਮਾਤਾ ਦਰਸ਼ਨ ਔਲਖ ਅਤੇ ਲਾਲੀ ਗਿੱਲ, ਗੀਤਕਾਰ/ਗਾਇਕ ਗੁਰਬਿੰਦਰ ਮਾਨ, ਗੁਰਜਿੰਦ ਮਾਨ ਅਤੇ ਤਰਲੋਚਨ ਸਿੰਘ ਬਿਲਗਾ, ਜੀ.ਪੀ ਬਾਲੀ, ਫ਼ਿਲਮ ਐਕਟਰ ਗੁਰਿੰਦਰ ਮਕਨਾ, ਸੁਖਦੇਵ ਬਰਨਾਲਾ ਬੋਬ ਖਹਿਰਾ, ਫ਼ਿਲਮ ਚਿੰਤਕ ਗਗਨਦੀਪ ਸਿੰਘ, ਮਨਪ੍ਰੀਤ ਔਲਖ, ਸੁਖਦਰ਼ਨ ਸ਼ੇਰਾ, ਰੋਮੀ ਬੈਂਸ, ਰਮਨਦੀਪ ਭੰਗੂ, ਫਿਲਮਕਾਰ ਗੁਰ ਰੰਧਾਵਾ, ਗੁਰਪ੍ਰੀਤ ਸੰਧੂ ਅਤੇ ਫ਼ਿਲਮ ਹਿਸਟੋਰੀਅਨ ਮਨਦੀਪ ਸਿੱਧੂ ਆਦਿ।
-ਦਲਜੀਤ ਅਰੋੜਾ +91 98145-93858