Articles & Interviews

ਪੰਜਾਬੀ ਮਿਊਜ਼ਿਕ ਚੈਨਲਾਂ ਤੋਂ ਆਪਣਾ ਹੱਕ ਮੰਗਣ ਪੰਜਾਬੀ ਗਾਇਕ ਅਤੇ ਮਿਊਜ਼ਿਕ ਕੰਪਨੀਆਂ- ਸੰਪਾਦਕ ਦੀ ਕਲਮ ਤੋਂ

Written by Daljit Arora

ਦੋਸਤੋ, ਆਡੀਓ ਤੁਹਾਡੀ, ਵੀਡੀਓ ਤੁਹਾਡੀ, ਖਰਚਾ ਤੁਹਾਡਾ ਅਤੇ ਟੀ.ਵੀ. ਚੈਨਲਾਂ ‘ਤੇ ਆਪਣੇ ਗਾਣੇ ਚਲਾਉਣ ਲਈ ਤਰਲੇ ਵੀ ਤੁਹਾਡੇ….ਇਹ ਤਾਂ ਕੋਈ ਗੱਲ ਨਾ ਹੋਈ। ਸ਼ਾਇਦ ਤੁਸੀਂ ਆਪਣੇ ਹੱਕਾਂ ਤੋਂ ਅਣਜਾਣ ਹੋ। ਇਹ ਗੱਲ ਗਾਇਕਾਂ ਦੇ ਨਾਲ-ਨਾਲ ਮਿਊਜ਼ਿਕ ਕੰਪਨੀਆਂ ‘ਤੇ ਵੀ ਢੁੱਕਦੀ ਹੈ, ਜਿਨ੍ਹਾਂ ਦੀ ਬਦੌਲਤ ਮਿਊਜ਼ਿਕ ਚੈਨਲਾਂ ਦਾ ਵਜੂਦ ਹੈ। ਕਦੇ ਤੁਸੀਂ ਸੋਚਿਆ ਕਿ ਜੇਕਰ ਤੁਸੀਂ ਇਨ੍ਹਾਂ ਚੈਨਲਾਂ ‘ਤੇ ਆਪਣੇ ਪੂਰੇ-ਪੂਰੇ ਗਾਣੇ ਚਲਾਉਣ ਵਾਸਤੇ ਦਿਓ ਹੀ ਨਾ, ਇਨ੍ਹਾਂ ਨੂੰ ਸਿਰਫ਼ ਪ੍ਰੋਮੋ ਹੀ ਦਿਉ, ਜਿਸ ਦੇ ਤੁਹਾਡੇ ਕੋਲੋਂ ਪੈਸੇ ਲੈਂਦੇ ਨੇ, ਲੱਗਦਾ ਨਹੀਂ ਕਿ ਸਾਰਾ ਦਿਨ ਵਾਰ-ਵਾਰ ਉਹੀ ਪ੍ਰੋਮੋ ਕੋਈ ਬਰਦਾਸ਼ਤ ਕਰ ਪਾਊ। ਕਹਿਣ ਦਾ ਮਤਲਬ ਇਹ ਹੈ ਕਿ ਮਿਊਜ਼ਿਕ ਚੈਨਲਾਂ ਕੋਲੇ ਆਪਣੀ ਪ੍ਰਾਪਟੀ ਤਾਂ ਹੈ ਕੋਈ ਨਹੀਂ। ਤੁਹਾਡੇ ਗਾਣਿਆਂ ਨੂੰ ਇਕੱਠਾ ਕਰਕੇ ਅੱਧੇ-ਅੱਧੇ ਘੰਟੇ ਦੇ ਪ੍ਰੋਗਰਾਮ ਬਣਾ ਕੇ ਵੱਖ-ਵੱਖ ਨਾਵਾਂ ਰਾਹੀਂ ਪੇਸ਼ ਕਰਦੇ ਹਨ ਅਤੇ ਫਿਰ ਉਨ੍ਹਾਂ ‘ਤੇ ਕਮਰਸ਼ੀਅਲ ਐਡ ਵੱਖਰੀ ਇਕੱਠੀ ਕਰਦੇ ਨੇ। ਅੱਜ ਕੱਲ ਪ੍ਰੋਮੋ ਦੇ ਰੇਟ ਪਿਓ ਦੇ ਪਿਓ ਕੀਤੇ ਹੋਏ ਨੇ। ਇੱਥੋ ਤੱਕ ਕੇ ਗੁਰਬਾਣੀ ਪ੍ਰੋਮੋ ਦੇ ਰੇਟ ਵੀ ਅਸਮਾਨ ਨੂੰ ਛੂਹਣ ਲੱਗ ਪਏ ਹਨ, ਕੋਈ ਆਰਥਿਕ ਪੱਖੋਂ ਮਾੜਾ ਗਾਇਕ ਜਾਂ ਰਾਗੀ ਤਾਂ ਇਨ੍ਹਾਂ ਦੇ ਕੋਲ ਵੀ ਨਹੀਂ ਫਟਕਦਾ। ਫੇਰ ਤੁਹਾਨੂੰ ਆਪਣਾ ਗਾਣਾ ਚਲਾਉਣ ਲਈ ਤਰਲੇ ਵੱਖਰੇ ਮਾਰਨੇ ਪੈਂਦੇ ਨੇ। ਜਦੋਂ ਗਾਇਕਾਂ ਦੇ ਗੀਤ ਇਨ੍ਹਾਂ ਚੈਨਲਾਂ ‘ਤੇ ਪ੍ਰਵੀਊ ਲਈ ਜਾਂਦੇ ਹਨ ਤਾਂ ਕਈ ਚੈਨਲਾਂ ਦੇ ਅਧਿਕਾਰੀ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇ ਕਿ ਇਹ ਗਾਣਾ ਇਸ ਕਰਕੇ ਨਹੀਂ ਚੱਲੇਗਾ ਕਿ ਗਾਇਕ ਦੀ ਸ਼ਕਲ ਉਨ੍ਹਾਂ ਨੂੰ ਪਸੰਦ ਨਹੀਂ। ਇਹ ਹੈ ਕਦਰ ਸਾਡੇ ਪੰਜਾਬੀ ਗਾਇਕਾਂ ਦੀ, ਇਨ੍ਹਾਂ ਚੈਨਲਾਂ ਦੀਆਂ ਨਜ਼ਰਾਂ ਵਿਚ। ਉੱਤੋਂ ਚੈਨਲਾਂ ਦਾ ਨਖ਼ਰਾ ਕਿ ਇਹ ਗਾਣੇ ਦਾ ਇਹ ਠੀਕ ਨਹੀਂ, ਉਹ ਠੀਕ ਨਹੀਂ ਵਗੈਰਾ-ਵਗੈਰਾ। ਜਦੋਂ ਗੀਤ ਚੈਨਲ ‘ਤੇ ਚੱਲਣ ਲਈ ਮਨਜ਼ੂਰ ਹੋ ਜਾਂਦਾ ਹੈ ਤਾਂ ਨਾਲ ਹੀ ਕੰਪਨੀ ਜਾਂ ਗਾਇਕ ਕੋਲੋਂ ਐਨ. ਓ. ਸੀ. ਸਾਇਪੰਜਾਬੀ ਮਿਊਜ਼ਿਕ ਚੈਨਲਾਂ ਤੋਂ ਆਪਣਾ ਹੱਕ ਮੰਗਣ ਪੰਜਾਬੀ ਗਾਇਕ ਅਤੇ ਮਿਊਜ਼ਿਕ ਕੰਪਨੀਆਂ- ਸੰਪਾਦਕ ਦੀ ਕਲਮ ਤੋਂਨ ਕਰਵਾ ਲਈ ਜਾਂਦੀ ਹੈ ਕਿ ਨਾ ਸਾਨੂੰ ਗਾਣਾ ਚੈਨਲ ਤੇ ਚੱਲਣ ‘ਤੇ ਇਤਰਾਜ਼ ਹੈ ਅਤੇ ਨਾ ਹੀ ਇਸ ਬਦਲੇ ਕੁਝ ਮੰਗਾਂਗੇ, ਇਹਨੂੰ ਕਹਿੰਦੇ ਨੇ ਸ਼ੋਸ਼ਣ!
ਸਾਡੀ ਇਕ ਰਾਏ ਇਹ ਵੀ ਹੈ ਕਿ ਜੇ ਗਾਇਕਾਂ ਨੇ ਜਾਂ ਮਿਊਜ਼ਿਕ ਕੰਪਨੀਆਂ ਨੇ ਜ਼ਰੂਰੀ ਹੀ ਆਪਣਾ ਗਾਣਾ ਚੈਨਲ ‘ਤੇ ਪ੍ਰਮੋਸ਼ਨ ਲਈ ਦੇਣਾ ਹੈ ਤਾਂ ਉਨ੍ਹਾਂ ਨੂੰ ਐਨ. ਓ. ਸੀ. ਲਿਖ ਕੇ ਦੇਣ ਵੇਲੇ ਟਾਈਮ ਲਿਮਟ ਲਿਖ ਕੇ ਦੇਣ, ਕਿ ਇਹ ਗੀਤ ਤੁਸੀਂ ਸਿਰਫ਼ ਮਿੱਥੇ ਦਿਨ ਤੱਕ ਹੀ ਚੈਨਲ ‘ਤੇ ਚਲਾ ਸਕਦੇ ਹੋ, ਉਸ ਤੋਂ ਬਾਅਦ ਗੀਤ ਚਲਾਉਣ ਲਈ ਤੁਹਾਨੂੰ ਰੋਇਲਟੀ ਦੇਣੀ ਪਵੇਗੀ ਜਾਂ ਗੀਤ ਬੰਦ ਕਰਨਾ ਪਵੇਗਾ।
ਕਾਪੀ ਰਾਈਟ ਕਾਨੂੰਨ ਦਾ ਨਿਯਮ ਹੈ ਕਿ ਤੁਹਾਡੀ ਇਸ ਡਿਜ਼ੀਟਲ ਪ੍ਰਾਪਟੀ ਨੂੰ ਵਿਖਾ ਕੇ, ਸੁਣਾ  ਜਾਂ ਕਿਸੇ ਵੀ ਤਰ੍ਹਾਂ ਇਸ ਦੀ ਵਪਾਰਕ ਵਰਤੋਂ ਕਰਕੇ ਜੇ ਕੋਈ ਕਮਾਈ ਕਰਦਾ ਹੈ ਤਾਂ ਪਹਿਲਾਂ ਨਿਰਮਾਤਾ ਨੂੰ ਜਾਂ ਜਿਸ ਕੋਲ ਵੀ ਇਸ ਦੇ ਹੱਕ ਹਕੂਕ ਹੋਣ, ਉਸ ਨੂੰ ਉਸ ਦਾ ਹਿੱਸਾ ਮਿਲਣਾ ਲਾਜ਼ਮੀ ਹੈ। ਅੱਜ ਤੁਸੀਂ ਜਿੰਨੇ ਵੀ ਗਾਣੇ ਐਫ. ਐਮ. ‘ਤੇ ਸੁਣਦੇ ਹੋ, ਨਿਰਮਾਤਾ ਨੂੰ ਉਸ ਦੀ ਰੋਇਲਟੀ ਜਾਂਦੀ ਹੈ। ਕੋਈ ਵੀ ਫ਼ਿਲਮ ਨੂੰ ਟੀ. ਵੀ. ਚੈਨਲ  ‘ਤੇ ਚਲਾਉਣ ਤੋਂ ਪਹਿਲਾਂ ਨਿਰਮਾਤਾ ਕੋਲੋਂ ਸਮਾਂ ਬੱਧ ਇਕਰਾਰਨਾਮੇ ਤਹਿਤ ਹੱਕ ਲੈ ਕੇ ਨਿਰਮਾਤਾ ਨੂੰ ਪੈਸੇ ਦਿੱਤੇ ਜਾਂਦੇ ਹਨ। ਵੈਸੇ ਤਾਂ ਅੱਜ ਕੱਲ੍ਹ ਮੰਬਈ ਤੇ ਪੰਜਾਬ ਵਿਚ ਤੁਹਾਡੇ ਇਨਟਲੈਕਚੂਅਲ ਪ੍ਰਾਪਟੀ ਰਾਈਟਸ ਨੂੰ ਬਚਾਉਣ ਲਈ ਕੁਝ ਐਨ. ਜੀ. ਓ. ਵੀ ਕੰੰਮ ਕਰ ਰਹੀਆਂ ਹਨ ਜੋ ਤੁਹਾਡੇ ਕੋਲੋਂ ਅਧਿਕਾਰ ਪ੍ਰਾਪਤ ਕਰ ਕੇ ਸਮੇਂ ਸਮੇ ‘ਤੇ ਉਨ੍ਹਾਂ ਦੀ ਰੱਖਿਆ ਵੀ ਕਰਦੀਆਂ ਹਨ। ਤੁਹਾਡੀ ਦੇਸ਼-ਵਿਦੇਸ਼ ਵਿਚ ਵਰਤੀ ਗਈ ਸੰਗੀਤਕ ਪ੍ਰਾਪਟੀ ਭਾਵੇਂ ਵਿਆਹ ਸ਼ਾਦੀਆਂ ‘ਤੇ ਡੀ. ਜੇ. ‘ਤੇ ਵੱਜਣ ਵਾਲੇ ਗਾਣੇ ਹੋਣ, ਭਾਵੇਂ ਕਿਸੇ ਦੁਕਾਨ ‘ਤੇ ਜਾਂ ਕਿਸੇ ਇਵੈਂਟ ਤੇ ਇਨ੍ਹਾਂ ਦੀ ਵਰਤੋਂ ਆਦਿ ਮਤਲਬ ਕਿ ਜਿੱਥੇ ਤੁਹਾਡਾ ਮਿਊਜ਼ਿਕ ਵਰਤਿਆ ਜਾਂਦਾ ਹੈ, ਉਸ ਦੇ ਬਦਲੇ ਉਗਰਾਹੀ ਗਈ ਰਕਮ ‘ਚੋਂ ਤੁਹਾਨੂੰ ਤੁਹਾਡਾ ਹਿੱਸਾ ਵੀ ਮਿਲਦਾ ਹੈ ਪਰ ਅਜੇ ਸ਼ਾਇਦ ਇਨ੍ਹਾਂ ਸੰਸਥਾਵਾਂ ਦਾ ਧਿਆਨ ਟੀ.ਵੀ. ਚੈਨਲਾਂ ਵੱਲ ਨਹੀਂ ਗਿਆ।
ਸੰਗੀਤ ਦੇ ਮਾਮਲੇ ਵਿਚ ਪੰਜਾਬ ਵਿਚ ਉਲਟੀ ਗੰਗਾ ਵਹਿ ਰਹੀ ਹੈ। ਅੱਜ ਮਿਊਜ਼ਿਕ ਦੇ ਆਡੀਓ-ਵੀਡੀਓ ਕੰਟੇਂਟ ਤੋਂ ਕਮਾਈ ਦੇ ਸਾਰੇ ਡਿਜ਼ੀਟਲ ਸੋਰਸ ਜਿਵੇਂ ਇੰਟਰਨੈੱਟ/ਯੂ ਟਿਊਬ, ਰਿੰਗਟੋਨ, ਕਾਲਰ ਟਿਊਨਸ, ਆਡੀਓ ਟੈਕਸਟ, ਵੀਡੀਓ ਟੈਕਸਟ, ਮੋਬਾਇਲ ਐਪਲੀਕੇਸ਼ਨ ਦੁਆਰਾ ਅਦਾਨ ਪਰਦਾਨ, ਆਨ ਲਾਇਨ ਤੋਂ ਵਾਇਰਲੈਸ ਸਿਸਟਮ ‘ਤੇ ਤਬਾਦਲਾ ਆਦਿ ਕਈ ਤਰ੍ਹਾਂ ਦੀਆ ਸੇਵਾਵਾਂ ਦੀ ਵਰਤੋਂ ਆਦਿ, ਇਹ ਸਾਰੀਆਂ ਸੇਵਾਵਾਂ ਜੋ ਕਿ ਤੁਹਾਡੇ ਨਿਰਮਾਤਾਵਾਂ ਦੇ “ਇਨਟਲੈਕਚੂਅਲ ਪ੍ਰਾਪਟੀ ਅਧਿਕਾਰ”  ਦਾ ਹਿੱਸਾ ਹਨ ਜਿਨ੍ਹਾਂ ‘ਤੇ ਤੁਹਾਡਾ ਏਕਾਅਧਿਕਾਰ ਹੁੰਦਾ ਹੈ। ਇਹ ਸੇਵਾਵਾਂ ਨੂੰ ਇੰਟਰਨੈਟ ‘ਤੇ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਜੋ ਆਮਦਨ ਹੁੰਦੀ ਹੈ, ਦਾ ਬਣਦਾ ਹਿੱਸਾ ਇਨ੍ਹਾਂ ਦੇ ਅਧਿਕਾਰ ਰੱਖਣ ਵਾਲੀਆਂ ਮਿਊਜ਼ਿਕ ਕੰਪਨੀਆ/ ਨਿਰਮਾਤਾਵਾਂ ਵੀ ਨੂੰ ਜਾਂਦਾ ਹੈ। ਫੇਰ ਪੰਜਾਬੀ ਮਿਊਜ਼ਿਕ ਚੈਨਲਾਂ ਵਾਲੇ ਤੁਹਾਡਾ ਹਿੱਸਾ ਕਿਉਂ ਨਹੀਂ ਦਿੰਦੇ। ਆਖਰਕਾਰ ਮਿਊਜ਼ਿਕ ਚੈਨਲ ਜਿੰਦਾ ਤਾਂ ਗਾਣਿਆਂ ਕਰਕੇ ਹਨ ਨਾ। ਫ਼ਿਲਮ ਅਤੇ ਸੰਗੀਤ ਨਾਲ ਜੁੜੇ ਹੋਣ ਕਾਰਨ ਅਕਸਰ ਸਾਡੇ ਕੋਲ ਗਾਇਕਾਂ ਨਾਲ ਕੰਪਨੀਆਂ ਜਾਂ ਚੈਨਲਾਂ ਵੱਲੋ ਹੋਏ ਸ਼ੋਸ਼ਣ ਦੀਆਂ ਸ਼ਿਕਾਇਤਾਂ ਵੀ ਆਉਂਦੀਆਂ ਹਨ ਅਤੇ ਕਈ ਜਗ੍ਹਾ ਤੋਂ ਅਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਜੇ ਤੁਸੀਂ ਗਾਇਕ ਵਰਗ ਜਾਂ ਮਿਊਜ਼ਿਕ ਕੰਪਨੀਆਂ ਚਾਹੋ ਤਾਂ ਏਕਾ ਕਰ ਕੇ ਚੈਨਲਾਂ ਦਾ ਇਹ ਸ਼ੋਸ਼ਣ ਇੱਕੋ ਦਿਨ ਵਿਚ ਖ਼ਤਮ ਕਰ ਸਕਦੇ ਹੋ ਅਤੇ ਤੁਹਾਡੇ ਆਪਣੇ ਗਾਣਿਆਂ ‘ਤੇ ਖਰਚ ਲੱਖਾਂ ਰੁਪਏ ਦਾ ਮੁੱਲ ਮੁੜਨਾ ਵੀ ਸ਼ੁਰੂ ਹੋ ਜਾਵੇਗਾ।
ਕਈ ਸਾਲਾਂ ਤੋਂ ਚੱਲ ਰਹੇ ਮਿਊਜ਼ਿਕ ਐਵਾਰਡ ਸ਼ੋਅ ਤੇ ਇਸ ਤਰ੍ਹਾਂ ਦੇ ਕਈ ਹੋਰ ਪ੍ਰੋਗਰਾਮ ਪੰਜਾਬੀ ਗਾਇਕਾਂ ਤੇ ਨਿਰਮਾਤਾਵਾਂ ਦੀ ਹੀ ਦੇਣ ਹਨ ਪਰ ਕਈ ਵਾਰ ਤਾਂ ਉਨ੍ਹਾਂ ਨੂੰ ਇਹ ਪ੍ਰੋਗਰਾਮ ਵੇਖਣ ਲਈ ਪਾਸਾਂ ਲਈ ਵੀ ਤਰਲੇ ਲੈਣੇ ਪੈਂਦੇ ਹਨ। ਪੰਜਾਬੀ ਤਾਂ ਹਮੇਸ਼ਾ ਆਪਣੇ ਹੱਕਾਂ ਲਈ ਸਤਰਕ ਰਹੇ ਹਨ ਪਰ ਇਹ ਮਿਊਜ਼ਿਕ ਚੈਨਲਾਂ ਦੀ ਗੁਲਾਮੀ ਪਤਾ ਨਹੀਂ ਕਿਉਂ ਕਰ ਰਹੇ ਹਨ। ਜੇ ਤੁਹਾਡੇ ਵਿਚ ਟੈਲੇਂਟ ਹੈ ਤਾਂ ਤੁਹਾਨੂੰ ਦੁਨੀਆ ਵਿਚ ਚਮਕਣੋਂ ਕੋਈ ਨਹੀਂ ਰੋਕ ਸਕਦਾ। ਜਦੋਂ ਇਹ ਚੈਨਲ ਨਹੀਂ ਸਨ ਫੇਰ ਵੀ ਕਲਾਕਾਰ ਮਸ਼ਹੂਰ ਹੋਏ। ਸਮੇਂ ਦੇ ਨਾਲ-ਨਾਲ ਬਹੁਤ ਕੁਝ ਬਦਲਦਾ ਹੈ। ਅੱਜ ਕੱਲ੍ਹ ਕਾਫ਼ੀ ਹੱਦ ਤੱਕ ਗਾਇਕਾਂ ਨੇ ਯੂ ਟਿਊਬ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਿਰਫ਼ ਇਸ ਜ਼ਰੀਏ ਹੀ ਮਸ਼ਹੂਰ ਹੋ ਰਹੇ ਹਨ ਪਰ ਅਜੇ ਵੀ ਦੋਵੇਂ ਹੱਥੀਂ ਆਪਣੇ-ਆਪ ਨੂੰ ਕਿਉਂ ਲੁਟਾ ਰਹੇ ਹਾਂ ਆਪਾਂ। ਚਾਰ ਦਿਨ ਚੈਨਲਾਂ ‘ਤੇ ਸਾਰੇ ਗਾਣੇ ਚੱਲਣੇ ਬੰਦ ਹੋ ਜਾਣ ਤਾਂ ਆਪਣੇ ਆਪ ਸਭ ਕੁਝ ਸਾਫ਼ ਹੋ ਜਾਵੇਗਾ।
ਇੱਥੇ ਮੈਂ ਇਕ ਉਦਾਹਰਨ ਦੇਣੀ ਚਾਹਾਂਗਾ ਕਿ ਜੇ ਕੋਈ ਬੈਂਕ ਤੁਹਾਡਾ ਕੈਸ਼ ਸੰਭਾਲਣ ਲਈ ਤੁਹਾਨੂੰ ਆਪਣਾ ਪਲੇਟਫਾਰਮ ਮੁਹੱਈਆ ਕਰਵਾਉਂਦਾ ਹੈ ਤਾਂ ਤੁਹਾਡੇ ਕੈਸ਼ ਦੀ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਜੇ ਉਸ ਤੋਂ ਕਮਾਈ ਕਰਦਾ ਹੈ ਤਾਂ ਤੁਹਾਨੂੰ ਵਿਆਜ਼ ਵੀ ਦੇਂਦਾ ਹੈ, ਕਿਉਂਕਿ ਬੈਂਕ ਦਾ ਵਜੂਦ ਹੀ ਪਬਲਿਕ ਮਨੀ ਨਾਲ ਹੈ। ਜੇ ਤੁਸੀਂ ਲੱਖਾਂ ਰੁਪਏ ਖਰਚ ਕੇ ਕੋਈ ਬਿਲਡਿੰਗ ਬਣਾ ਕੇ ਕਿਸੇ ਨੂੰ ਵਰਤਣ ਲਈ ਦਿੰਦੇ ਹੋ ਤਾਂ ਕਿਰਾਇਆ ਤਾਂ ਤੁਹਾਡਾ ਹੱਕ ਹੈ ਨਾ।
ਅਸੀਂ ਚੈਨਲਾਂ ਨੂੰ ਮਾੜਾ ਨਹੀਂ ਆਖਦੇ, ਕਿਉਂਕਿ ਉਨ੍ਹਾਂ ਨੇ ਗਾਇਕਾਂ ਨੂੰ ਇਕ ਵਧੀਆ ਪਲੇਟਫਰਾਮ ਮੁਹੱਈਆ ਕਰਵਾਇਆ ਹੈ, ਉਨ੍ਹਾਂ ਸਦਕਾ ਕਈ ਗਾਇਕਾਂ ਦੀ ਜ਼ਿੰਦਗੀ ਸੰਵਰੀ ਹੈ। ਕਈ ਨਵੇਂ ਚਿਹਰੇ ਅਤੇ ਨਵਾਂ ਟੈਲੇਂਟ ਵੀ ਸਾਹਮਣੇ ਆਇਆ ਅਤੇ ਦੇਸ਼-ਵਿਦੇਸ਼ ਤੱਕ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਫੈਲਾਉਣ ਵਿਚ ਵੀ ਇਹ ਚੈਨਲ ਸਹਾਈ ਸਿੱਧ ਹੋਏ ਹਨ ਪਰ ਆਖਰਕਾਰ ਇਹ ਪ੍ਰਾਈਵੇਟ ਚੈਨਲ ਹਨ ਤਾਂ ਸਿਰਫ਼ ਸਰਵਿਸ ਪ੍ਰੋਵਾਇਡਰ ਹੀ। ਜੇ ਤੁਸੀਂ ਦੂਰਦਰਸ਼ਨ ‘ਤੇ ਕੋਈ ਗਾਣਾ ਪ੍ਰਫੋਮ ਕਰ ਕੇ ਆਉਂਦੇ ਹੋ ਜਾਂ ਉਨ੍ਹਾਂ ਦੇ ਕਿਸੇ ਵੀ ਪ੍ਰੋਗਰਾਮ ਵਿਚ ਸਟੇਜ ਸਾਂਝੀ ਕਰਦੇ ਹੋ ਤਾਂ ਨਾਲ ਦੇ ਨਾਲ ਤੁਹਾਨੂੰ ਚੈਕ ਦਿੱਤਾ ਜਾਂਦਾ ਹੈ ਤਾਂ ਫੇਰ ਇਨ੍ਹਾਂ ਪ੍ਰਾਈਵੇਟ ਚੈਨਲਾਂ ‘ਤੇ ਕਿਉਂ ਗਾਇਕਾਂ ਜਾਂ ਮਿਊਜ਼ਿਕ ਕੰਪਨੀਆਂ ਨੂੰ ਇਨ੍ਹਾਂ ਦੁਆਰਾ ਨਿਰਮਤ ਸੰਗੀਤ ਨੂੰ ਚੈਨਲਾਂ ਦੁਆਰਾ ਵਰਤੇ ਜਾਣ ਦੇ ਬਦਲੇ ਰਾਇਲਟੀ ਨਹੀਂ ਮਿਲਦੀ ?
‘ਪੰਜਾਬੀ ਸਕਰੀਨ’ ਅਦਾਰਾ ਹਮੇਸ਼ਾ ਹੱਕ ਸੱਚ ਦੀ ਗੱਲ ਕਰਦਾ ਆਇਆ ਹੈ।ਜੇ ਨਾਮੀ ਗਾਇਕ ਅਤੇ ਮਿਊਜ਼ਿਕ ਕੰਪਨੀਆਂ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਜਾਣ ਤਾਂ ਹਰ ਗਾਇਕ ਅਤੇ ਕੰਪਨੀ ਨੂੰ ਹਰ ਚੈਨਲ ‘ਤੇ ਆਪਣਾ ਹੱਕ ਅਤੇ ਮਾਣ-ਸਨਮਾਨ ਮਿਲਣਾ ਸ਼ੁਰੂ ਹੋ ਜਾਵੇਗਾ।ਵੈਸੇ ਉਮੀਦ ਤਾਂ ਨਹੀਂ ਪਰ ਫੇਰ ਵੀ ਜੇ ਕਿਸੇ ਮਿਊਜ਼ਿਕ ਕੰਪਨੀ ਜਾਂ ਗਾਇਕ ਨੂੰ ਕਿਸੇ ਚੈਨਲ ਤੋਂ ਆਪਣੇ ਸੰਗੀਤ ਪ੍ਰਤੀ ਕੋਈ ਰਾਇਲਟੀ ਜਾਂ ਕੋਈ ਹੋਰ ਕੰਪਨਸ਼ੇਸਨ ਮਿਲਦੀ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੇ ਤਾਂ ਕਿ ਹੋਰਾਂ ਦਾ ਵੀ ਭਲਾ ਹੋ ਸਕੇ !
-ਦਲਜੀਤ ਸਿੰਘ ਅਰੋੜਾ ।

Comments & Suggestions

Comments & Suggestions

About the author

Daljit Arora

Leave a Comment

Enter Code *