Punjabi Screen News

ਪੰਜਾਬੀ ਸਿਨੇਮਾ ਨੂੰ ਦੋਹਰੇ ਮਤਲਬ ਵਾਲੇ ਨੀਵੇਂ ਪੱਧਰ ਦੇ ਸੰਵਾਦਾਂ ਤੋਂ ਬਚਾ ਲਓ !

Written by Daljit Arora

ਨਹੀਂ ਤਾਂ ਆਪਣੀਆਂ ਇਹੋ ਜਿਹੀਆਂ ਅਣਗਹਿਲੀਆਂ ਕਾਰਨ ਹੀ ਸਾਡੇ ਅਮੀਰ ਸੰਗੀਤਕ ਸੱਭਿਆਚਾਰ ਵਿਚ ਗਾਣਿਆਂ ਰਾਹੀਂ ਅਸ਼ਲੀਲਤਾ, ਹਥਿਆਰ ਨੁਮਾਇਸ਼ੀ, ਨਸ਼ੇ-ਪੱਤੇ ਜਿਹੀਆਂ ਅਲਾਮਤਾਂ ਦਾ ਜ਼ਹਿਰ ਘੁਲਣ ਦਾ ਨਜ਼ਾਰਾ ਅਸੀਂ ਵੇਖ ਹੀ ਲਿਆ ਹੈ। ਹੁਣ ਜਦੋਂ ਸਾਰੀ ਦੁਨੀਆ ਵਿਚ ਅਜਿਹੇ ਮਾੜੇ ਪੰਜਾਬੀ ਗਾਣਿਆਂ ਕਰ ਕੇ ਪੰਜਾਬ ਅਤੇ ਪੰਜਾਬੀ ਸੰਗੀਤ ਬਦਨਾਮ ਹੋਣ ਲੱਗਾ ਤਾਂ ਇਸ ਲੱਚਰ ਗਾਇਕੀ ਦੇ ਵਿਰੋਧ ਅਤੇ ਇਸ ਦੀ ਰੋਕਥਾਮ ਲਈ ਅੱਜ ਸਾਡਾ ਬੁੱਧੀਜੀਵੀ ਵਰਗ ਵੀ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ ਅਤੇ ਸਿਆਸਤਦਾਨਾਂ ਦੀ ਵੀ ਨੀਂਦ ਖੁੱਲੀ ਗਈ ਹੈ।
ਪਰ ਹੁਣ ਪੰਜਾਬੀ ਫ਼ਿਲਮਾਂ ਵਿਚ ਵੀ ਦੋ ਮਤਲਬੀ, ਅਸ਼ਲੀਲ ਅਤੇ ਗ਼ੈਰ ਪਰਿਵਾਰਿਕ ਸ਼ਬਦਾਵਲੀ ਵਾਲੀ ਭਾਸ਼ਾ ਨਾਲ ਨੌਜਵਾਨ ਪੀੜੀ ਨੂੰ ਗੁਮਰਾਹ ਕਰਨ ਵਾਲਾ ਜ਼ਹਿਰ ਘੁਲਣਾ ਸ਼ੁਰੂ ਹੋ ਗਿਆ ਹੈ, ਜਿਸ ਦੀ ਤਾਜ਼ਾ ਉਦਾਹਰਣ ਹਾਲ ਹੀ ਵਿਚ ਸੁਪਰ ਹਿੱਟ ਹੋਈ ਇਕ ਪੰਜਾਬੀ ਕਮੇਡੀ ਫ਼ਿਲਮ ਵਿਚ ਵੇਖੀ ਜਾ ਸਕਦੀ ਹੈ ਅਤੇ ਇਸੇ ਦੀ ਰੀਸ ਕਰਦਿਆਂ ਥੋੜ੍ਹੇ ਦਿਨਾਂ ਤੱਕ ਰਿਲੀਜ਼ ਹੋਣ ਵਾਲੀ ਇਕ ਹੋਰ ਪੰਜਾਬੀ ਫ਼ਿਲਮ ਦੇ ਟੇ੍ਲਰ ਵਿਚਲੇ 1-2 ਸੰਵਾਦਾਂ ਵਿਚ ਇਹੋ ਕੁਝ ਵਿਖਾਇਆ ਜਾ ਰਿਹਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਕਿੰਨੀ ਕੁ ਪਰਿਵਾਰਕ ਹੋਵੇਗੀ।ਵੈਸੇ ਵੀ ਕਿਸੇ ਵੀ ਉਤਪਾਦ ਨੂੰ ਮਾਰਕੀਟ ਵਿਚ ਵੇਚਣ ਲਈ ਨੀਵੇਂ ਪੱਧਰ ਦੇ ਪ੍ਰਚਾਰ ਦਾ ਸਹਾਰਾ ਲਿਆ ਜਾਣਾ ਉਸ ਚੀਜ਼ ਦੇ ਗੈਰਮਿਆਰੀ ਹੋਣ ਦੀ ਨਿਸ਼ਾਨੀ ਹੁੰਦੀ ਹੈ।
ਅੱਸਭਿਅਕ ਸ਼ਬਦਾਵਾਲੀ ਵਾਲੀਆਂ ਕਾਮੇਡੀ ਵਾਲੀਆ ਫ਼ਿਲਮਾਂ ਦਾ ਹਿੱਟ ਹੋਣਾ ਵੀ ਨੌਜਵਾਨ ਪੀੜੀ ਦੇ ਫ਼ਿਲਮਾਂ ਰਾਹੀਂ ਕੁਰਾਹੇ ਪੈਣ ਦੀ ਨਿਸ਼ਾਨੀ ਹੈ, ਜੋ ਉਨ੍ਹਾਂ ਨੂੰ ਪਰੋਸਿਆ ਜਾਵੇਗਾ, ਉਸ ਦਾ ਅਸਰ ਤਾਂ ਸੁਭਾਵਿਕ ਹੈ ਅਤੇ ਇਹੀ ਅਸਰ ਦਾ ਖਮਿਆਜ਼ਾ ਅਸੀਂ ਗੈਰ ਮਿਆਰੀ ਪੰਜਾਬੀ ਸੰਗੀਤ ਅਤੇ ਵੀਡੀਓਸ ਕਾਰਨ ਭੁਗਤ ਰਹੇ ਹਾਂ।
ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਜਿੰਨ੍ਹਾਂ ਵਿਚ ਕਿ ਗ਼ੈਰ ਪੰਜਾਬੀ ਲੋਕ ਵੀ ਸ਼ਾਮਲ ਹਨ, ਨੂੰ ਪਤਾ ਲੱਗ ਗਿਆ ਹੈ ਕਿ ਇਹੋ -ਜਿਹੀਆਂ ਫ਼ਿਲਮਾਂ ਹੀ ਪੰਜਾਬ ਦੇ ਲੋਕ ਜ਼ਿਆਦਾ ਪਸੰਦ ਕਰਦੇ ਹਨ, ਇਸੇ ਲਈ ਉਨ੍ਹਾਂ ਨੇ ਪੰਜਾਬੀ ਫ਼ਿਲਮਾ ਤੇ ਪੈਸਾ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ।ਅਜਿਹੇ ਲੋਕਾਂ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਕੋਈ ਮਤਲਬ ਨਹੀਂ, ਉਨ੍ਹਾਂ ਦਾ ਮਕਸਦ ਤਾਂ ਸਿਰਫ ਪੈਸਾ ਕਮਾਉਣਾ ਹੈ।
ਸਾਡੇ ਕੁਝ ਪੰਜਾਬੀ ਕਲਾਕਾਰ ਜੋ ਕਿ ਪੰਜਾਬੀ ਫ਼ਿਲਮਾਂ ਤੋਂ ਕਰੋੜਾਂ ਰੁਪਏ ਕਮਾਉਣ ਤੋਂ ਬਾਅਦ ਵੀ ਹੋਰ ਪੈਸੇ ਕਮਾਉਣ ਦੇ ਲਾਲਚ ਵਿਚ ਪੰਜਾਬੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭਟਕ ਰਹੇ ਹਨ।ਇੰਨ੍ਹਾਂ ਕਲਾਕਾਰਾਂ ਨੂੰ ਹੁਣ ਤੋਂ ਹੀ ਸੋਚਣ ਸੰਭਲਣ ਦੀ ਲੋੜ ਹੈ, ਨਹੀਂ ਤਾਂ ਇਹੋ-ਜਿਹੀਆਂ ਫ਼ਿਲਮਾਂ ਦੇ ਵਿਰੋਧ ਵਿਚ ਸਭ ਤੋਂ ਪਹਿਲਾਂ ਤਾਂ ਅਜਿਹੇ ਸੰਵਾਦਾਂ ਨੂੰ ਪਰਦੇ ਦੇ ਸਾਹਮਣੇ ਬੋਲਣ ਵਾਲੇ ਕਲਾਕਾਰ ਹੀ ਬਲੀ ਦਾ ਬੱਕਰਾ ਬਣਨਗੇ, ਬਾਕੀਆਂ ਦੀ ਵਾਰੀ ਤਾਂ ਬਾਅਦ ਵਿਚ ਆਵੇਗੀ।
ਯਾਦ ਰਹੇ ਕਿ ਇਕ ਵਾਰ ਪਹਿਲਾਂ ਵੀ ਇਹ ਪੰਜਾਬੀਆਂ ਵੱਲੋਂ ਬੁਰੀ ਤਰ੍ਹਾਂ ਨਕਾਰੇ ਜਾਣ ਕਾਰਨ ਪੰਜਾਬੀ ਸਿਨੇਮਾ ਬਰਬਾਦ ਹੋਇਆ ਸੀ,ਜਿਸ ਨੂੰ ਬੜੀ ਮਿਹਨਤ ਗੁਰਦਾਸ ਮਾਨ, ਜਸਪਾਲ ਭੱਟੀ ,ਨਿਰਦੇਸ਼ਕ ਮਨਮੋਹਨ ਸਿੰਘ ਅਤੇ ਹਰਭਜਨ ਮਾਨ ਵਰਗੀਆਂ ਫ਼ਿਲਮੀ ਹਸਤੀਆਂ ਦੁਆਰਾ ਮੁੜ ਕੇ ਸਿਰਜਿਆ ਗਿਆ।ਅਜਿਹਾ ਨਾ ਹੋਵੇ ਕਿ ਪੰਜਾਬੀ ਸਿਨੇਮਾ ਫਿਰ ਤੋਂ ਕੁਰਾਹੇ ਪੈ ਜਾਏ ਅਤੇ ਸਾਨੂੰ ਪਛਤਾਉਣਾ ਪਵੇ।
ਵਧੀਆ ਕਮੇਡੀ ਅਤੇ ਸਾਰਥਕ ਫ਼ਿਲਮਾਂ ਦੇ ਲਗਾਤਾਰ ਨਿਰਮਾਣ ਨਾਲ ਚੰਗਾ ਭਲਾ ਸਭ ਨੂੰ ਨਾਮ /ਦਾਮ ਮਿਲਦਾ ਪਿਆ ਹੈ, ਚੰਗੀਆਂ ਫ਼ਿਲਮਾਂ ਵੀ ਕਾਮਯਾਬ ਹੋ ਰਹੀਆਂ ਹਨ, ਸਭ ਦੀ ਰੋਜ਼ੀ ਰੋਟੀ ਚੱਲਦੀ ਪਈ ਹੈ ਅਤੇ ਹਰ ਪਾਸੇ ਪੰਜਾਬੀ ਸਿਨੇਮਾ ਦੀ ਚੜ੍ਹਦੀਕਲਾ ਹੈ। ਸੋ ਦੋਸਤੋ ਇਸ ਨੂੰ ਕਿਸੇ ਵੀ ਕੀਮਤ `ਤੇ ਚੰਦ ਬੇਸਮਝ ਅਤੇ ਲਾਲਚੀ ਲੋਕਾਂ ਦੀ ਖਾਤਰ ਬਦਨਾਮ ਨਾ ਹੋਣ ਦੇਣਾ ਸਾਡਾ ਸਭ ਦਾ ਇਖ਼ਲਾਕੀ ਫਰਜ਼ ਹੈ…

-ਦਲਜੀਤ ਅਰੋੜਾ

Comments & Suggestions

Comments & Suggestions

About the author

Daljit Arora