Punjabi Screen News

ਪੰਜਾਬੀ ਫ਼ਿਲਮਾਂ ਦੇ ਨਵੇਂ ਚੈਨਲ ਪਿਟਾਰਾ ਟੀ.ਵੀ. ਦੀ ਸ਼ਾਨਦਾਰ ਸ਼ੁਰੂਆਤ

Written by Daljit Arora

(ਪੰ:ਸ:)  ਬੀਤੀ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ‘ਪਾਲ ਦੀ ਕਮਰਸ ਪ੍ਰਾਇ: ਲਿਮਿ:’ ਵੱਲੋਂ ਪਹਿਲਾ ਨਿਰੋਲ ਪੰਜਾਬੀ ਮੂਵੀ ਚੈਨਲ ਪਿਟਾਰਾ ਟੀ. ਵੀ. (ਸੈਟੇਲਾਈਟ ਚੈਨਲ) ਸ਼ੁਰੂ ਕੀਤਾ ਹੈ। ਇਸ ਮੌਕੇ ਪਿਟਾਰਾ ਟੀ. ਵੀ ਦੇ ਲਾਂਚ ਬਾਰੇ ਗੱਲ ਕਰਦੇ ਹੋਏ ਇਸ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੰਦੀਪ ਬੰਸਲ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਨੇ ਆਪਣੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਪੰਜਾਬੀ ਸਿਨੇਮਾ ਨੇ ਦੁਨੀਆ ਭਰ ਵਿਚ ਆਪਣੀ ਇਕ ਅਲੱਗ ਪਹਿਚਾਣ ਬਣਾ ਲਈ ਹੈ ਪਰ ਅਜੇ ਵੀ ਪੰਜਾਬੀ ਇੰਡਸਟਰੀ ਦੂਸਰੀਆਂ ਖੇਤਰੀ ਇੰਡਸਟਰੀ ਦੇ ਮੁਕਾਬਲੇ ਦਰਸ਼ਕਾਂ ਤੱਕ ਆਪਣੀ ਪਹੁੰਚ ਬਣਾਉਣ ਵਿਚ ਬਹੁਤ ਪਿੱਛੇ ਹੈ। ਪਿਟਾਰਾ ਟੀ. ਵੀ. ਇਕ ਪਲੇਟਫਾਰਮ ਹੈ ਜੋ ਪੰਜਾਬੀ ਫ਼ਿਲਮਾਂ ਨੂੰ ਦੇਸ਼ ਭਰ ਵਿਚ ਦਰਸ਼ਕਾਂ ਤੱਕ ਪਹੁੰਚਾਏਗਾ।
ਚੈਨਲ ਹੈਡ ਸ੍ਰੀ ਮਨਜੀਤ ਹੰਸ ਨੇ ਇਸ ਨਾਲ ਸਹਿਮਤੀ ਜਿਤਾਉਂਦੇ ਹੋਏ ਕਿਹਾ ਕਿ ”ਬੇਸ਼ੱਕ ਪੰਜਾਬੀ ਇੰਡਸਟਰੀ ਵਿਚ ਬਹੁਤ ਕਾਬਲੀਅਤ ਹੈ ਪਰ ਦਰਸ਼ਕਾਂ ਅਤੇ ਸਿਨੇਮਾ ਦੇ ਵਿਚਕਾਰ ਜੋ ਖਲਾਅ ਹੈ, ਉਸ ਨੂੰ ਪੂਰਾ ਕਰਨ ਦੀ ਬਹੁਤ ਜ਼ਰੂਰਤ ਹੈ। ਸਾਡੀ ਕੋਸ਼ਿਸ਼ ਹੈ ਚੰਗੀਆਂ ਪੰਜਾਬੀ ਫ਼ਿਲਮਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦੀ ”।

ਇਸ ਮੌਕੇ ਤੇ ਪਾਲੀਵੁੱਡ ਦਾ ਪਹਿਲਾ ਸੈਲੀਬ੍ਰਿਟੀ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ‘ਤੇ ਪੁੱਜੇ ਫ਼ਿਲਮ ‘ਚੰਨਾ ਮੇਰਿਆ’ ਦੇ ਗਾਇਕ/ਅਦਾਕਾਰ ਨਿੰਜਾ ਅਤੇ ਫ਼ਿਲਮ ‘ਰੌਕੀ ਮੈਂਟਲ’ ਦੇ ਹੀਰੋ ਪ੍ਰਮੀਸ਼ ਵਰਮਾ ਨੇ ਕਿਹਾ ਕਿ ਇਸ ਚੈਨਲ ਰਾਹੀਂ ਅਸੀਂ ਵੀ ਆਪਣੇ ਚਾਹੁਣ ਵਾਲਿਆਂ ਦੇ ਹੋਰ ਨਜ਼ਦੀਕ ਹੋ ਜਾਵਾਂਗੇ, ਜਦੋਂ ਸਾਡੀਆਂ ਫ਼ਿਲਮਾਂ ਇਸ ਚੈਨਲ ‘ਤੇ ਵਿਖਾਈਆਂ ਜਾਣਗੀਆਂ ਤਾਂ ਘਰ 1ਬੈਠੇ ਹਰ ਵਰਗ ਦੇ ਲੋਕ ਵੀ ਸਾਨੂੰ ਜਾਣਨ ਲੱਗ ਪੈਣਗੇ।

ਚੈਨਲ ਅਧਿਕਾਰੀਆਂ ਨੇ ਪਿਟਾਰਾ ਟੀ. ਵੀ. ਬਾਰੇ ਹੋਰ ਗੱਲ ਕਰਦੇ ਹੋਏ ਕਿਹਾ ਕਿ ਰੋਜ਼ਾਨਾ ਦਿਖਾਈਆਂ ਜਾਣ ਵਾਲੀਆਂ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਇਸ ਚੈਨਲ ਵਿਚ ਦਰਸ਼ਕਾਂ ਲਈ ਹੋਰ ਵੀ ਪ੍ਰੋਗਰਾਮ ਰੱਖੇ ਗਏ ਹਨ। ਜਿਵੇਂ ਕਿ ਧਾਰਮਿਕ ਪ੍ਰੋਗਰਾਮ ‘ਸ਼ੁਕਰ ਦਾਤਿਆ’, ਹਿੰਦੀ-ਪੰਜਾਬੀ ਗੀਤਾਂ ਲਈ ‘ਸਪੀਕਰ ਖੜਕੇ’ ਆਦਿ ਜ਼ਿਕਰਯੋਗ ਹਨ। ਇਸ ਸ਼ਾਨਦਾਰ ਸਮਾਰੋਹ ਦਾ ਹਿੱਸਾ ਬਣਨ ਵਾਲੇ ਹੋਰ ਮਹਿਮਾਨਾਂ ਵਿਚ ‘ਸ਼ਮਾਰੂ ਕੰਪਨੀ’ ਤੋਂ ਬਬਲੀ ਸਿੰਘ, ‘ਸਪੀਡ ਰਿਕਾਰਡਜ਼’ ਤੋਂ ਦਿਨੇਸ਼, ਨਿਰਮਾਤਾ ਉਮੇਸ਼ ਯਾਦਵ, ਟਸ਼ਨ ਚੈਨਲ ਦੇ ਐਕਸ ਅਧਿਕਾਰੀ ਬਲਜਿੰਦਰ ਸਿੰਘ, ‘ਪੰਜਾਬੀ ਸਕਰੀਨ’ ਮੈਗਜ਼ੀਨ ਦੇ ਸੰਪਾਦਕ ਦਲਜੀਤ ਸਿੰਘ ਅਤੇ ਫ਼ਿਲਮ ਜਗਤ ਦੀਆਂ ਹੋਰ ਵੀ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਨੂੰ ਚੈਨਲ ਅਧਿਕਾਰੀਆਂ ਵੱਲੋਂ ਖ਼ੂਬਸੂਰਤ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Comments & Suggestions

Comments & Suggestions

About the author

Daljit Arora