ਲੇਖ ਹਾਸਲ:ਸੋਸ਼ਲ ਮੀਡੀਆ ਤੋਂ।
ਪੰਜਾਬ ਵਿੱਚ ਹੜਾਂ ਦਾ ਪ੍ਰਕੋਪ-ਕਾਰਨ ਅਧਾਰਤ ਸਥਾਈ ਹੱਲ ਦੀ ਜ਼ਰੂਰਤ-ਕਾਹਨ ਸਿੰਘ ਪੰਨੂ ਆਈ.ਏੇ.ਐਸ (ਅੰਮ੍ਰਿਤਸਰ ਦੇ ਰਹਿ ਚੁੱਕੇ ਡਿਪਟੀ ਕਮਿਸ਼ਨਰ)।
ਪੰਜਾਬ ਦੇ ਜੰਮਿਆਂ ਨੂੰ ਅੱਜ ਕੱਲ੍ਹ ਇੱਕ ਹੋਰ ਮੁਸੀਬਤ ਨਾਲ ਸਿੱਝਣਾ ਪੈ ਰਿਹਾ ਹੈ । 2025 ਦੇ ਅਗਸਤ,ਸਤੰਬਰ ਮਹੀਨੇ ਹੋਈਆਂ ਬਾਰਸ਼ਾਂ ਕਾਰਨ ਪੰਜਾਬ, ਹੜ੍ਹਾਂ ਦੀ ਮਹਾਂ ਤਰਾਸਦੀ ਦਾ ਸ਼ਿਕਾਰ ਹੋਇਆ ਹੈ। ਸਾਲ 2023 ਵਿੱਚ ਵੀ ਜੁਲਾਈ ਮਹੀਨੇ ਇਸੇ ਤਰ੍ਹਾਂ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਆਇਆ ਸੀ।
ਵਾਤਾਵਰਨ ਵਿਚ ਹੋ ਰਹੀ ਤਬਦੀਲੀ ਕਾਰਨ ਪਹਾੜਾਂ ਅਤੇ ਮੈਦਾਨਾਂ ਵਿੱਚ ਪੈਂਦੇ ਮੁਸਲਾਧਾਰ ਮੀਂਹ ਅਤੇ ਬੱਦਲ ਫਟਣ ਦੀਆਂ ਮਨੁੱਖੀ ਕੰਟਰੋਲ ਤੋਂ ਬਾਹਰ ਵਾਪਰਦੀਆਂ ਕੁਦਰਤੀ ਘਟਨਾਵਾਂ ਮੁੱਖ ਤੌਰ ਤੇ ਹੜ੍ਹਾਂ ਦਾ ਕਾਰਨ ਬਣ ਰਹੀਆਂ ਹਨ।
ਪੰਜਾਬ ਦੀ ਵਸੇਬ ਦੇ ਚੇਤੇ ਵਿੱਚ ਸਤੰਬਰ 1947, ਅਕਤੂਬਰ 1955, ਜੁਲਾਈ 1988, ਸਤੰਬਰ 1993 ਦੇ ਹੜ੍ਹਾਂ ਵੱਲੋਂ ਵੱਡੇ ਪੱਧਰ ਦੇ ਕੀਤੀ ਤਬਾਹੀ ਦੀਆਂ ਯਾਦਾਂ ਅਜੇ ਵੀ ਕਈ ਵਾਰੀ ਤਾਜ਼ੀਆਂ ਹੋ ਜਾਂਦੀਆਂ ਹਨ।
ਪੰਜਾਬ ਵਿੱਚ ਬਰਸਾਤਾਂ ਦੇ ਚੁਮਾਸੇ ਵਿੱਚ ਹੜ੍ਹ ਆਉਣ ਦੇ ਦੋ ਮੁੱਖ ਕਾਰਨ ਹੁੰਦੇ ਹਨ। ਇੱਕ ਜਦੋਂ ਸਣੇ ਪਹਾੜਾਂ ਦੇ ਪੰਜਾਬ ਦੀ ਧਰਤੀ ਤੇ ਵੀ ਬਹੁਤ ਵੱਡੇ ਪੱਧਰ ਤੇ ਬਰਸਾਤ ਹੋਵੇ ਜਿਵੇਂ ਕਿ 1955, 1988 ਅਤੇ 1993 ਦੇ ਸਾਲਾਂ ਵਿੱਚ ਹੋਈ ਸੀ । ਸੰਨ 1955 ਦੇ ਤਿੰਨ, ਚਾਰ ਅਤੇ ਪੰਜ ਅਕਤੂਬਰ ਨੂੰ ਪੰਜਾਬ ਵਿੱਚ ਲਗਾਤਾਰ ਹੋਈ ਬਰਸਾਤ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਸੀ। ਲੋਕਾਂ ਦੇ ਯਾਦ ਹੈ ਕਿ ਜਗਰਾਵਾਂ ਦੇ ਇਲਾਕੇ ਤੋਂ ਤੁਰਿਆ ਦਰਿਆਨੁਮਾ ਪਾਣੀ ਜਦੋਂ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੁਰਾ ਦੇ ਇਲਾਕੇ ਚ ਪਹੁੰਚਿਆ ਤਾਂ ਇਸ ਦੀ ਛੱਲ ਦੋ ਗਜ ਉੱਚੀ ਸੀ ਅਤੇ ਇਹ ਪਾਣੀ, ਜੋ ਵੀ ਰਸਤੇ ਚ ਆਇਆ, ਉਸ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਲੋਕਾਂ ਵਿੱਚ ਕਹਾਵਤ ਬਣੀ ਸੀ ਕਿ “ਪਾਣੀ ਆ ਗਿਆ ਮੱਲ੍ਹ ਮਲੂਕੇ, ਕੁੱਤੇ ਚੰਦ ਭਾਨ ਦੇ ਕੁੱਕੇ”। ਭਾਵੇਂ ਕਿ ਮੱਲ੍ਹ ਮਲੂਕੇ ਤੋਂ ਚੰਦ ਭਾਨ ਦੀ ਦੂਰੀ 11 ਕਿਲੋਮੀਟਰ ਦੀ ਸੀ, ਪਰ ਫਿਰ ਵੀ ਹੜ੍ਹ ਦੇ ਪਾਣੀ ਦੀ ਸਰਸ਼ਰਾਹਟ ਇੰਨੀ ਉੱਚੀ ਸੀ ਕਿ 11 ਕਿਲੋਮੀਟਰ ਦੂਰ ਕੁੱਤਿਆਂ ਨੂੰ ਪਤਾ ਚੱਲ ਗਿਆ ਸੀ। 1947 ਦੇ ਸਤੰਬਰ ਹੜ੍ਹ ਤੋਂ ਬਾਅਦ 1955 ਦਾ ਅਜਿਹਾ ਹੜ੍ਹ ਸੀ ਜੋ ਅਜੇ ਪੰਜਾਬ ਦੇ ਦਰਿਆਵਾਂ ਤੇ ਡੈਮ ਬਣਨ ਤੋਂ ਪਹਿਲਾਂ ਆਇਆ ਸੀ ਅਤੇ ਇਸਨੇ ਬਹੁਤ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਤਬਾਹੀ ਕੀਤੀ ਸੀ।
1955 ਦੇ ਹੜ੍ਹਾਂ ਤੋ ਬਾਅਦ ਪੰਜਾਬ ਸਰਕਾਰ ਨੇ ਸਰਦਾਰ ਪਰਤਾਪ ਸਿੰਘ ਕੈਰੋਂ, ਮੁੱਖ ਮੰਤਰੀ ਦੀ ਅਗਵਾਈ ਵਿੱਚ ਬਹੁਤ ਵੱਡੀ ਪੂੰਜੀ ਖਰਚ ਕੇ ਵੱਡੇ ਪੱਧਰ ਤੇ ਪੰਜਾਬ ਵਿੱਚ ਡਰੇਨਾਂ ਕੱਢੀਆਂ ਸਨ ਅਤੇ ਦਰਿਆਵਾਂ ਤੇ ਧੂੱਸੀ ਬੰਧ ਬਣਾਏ ਸਨ।
ਕਿਉਂਕਿ ਪੰਜਾਬ ਦਾ ਸਾਰਾ ਖਿੱਤਾ ਇਸ ਦੇ ਚਾਰ ਦਰਿਆਵਾਂ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਦਾ ਬੇਸਿਨ ਹੈ, ਇਸ ਲਈ ਪੰਜਾਬ ਦੇ ਕੁਦਰਤੀ ਪਾਣੀ ਦੇ ਵਹਾਅ ਦੇ ਸਾਰੇ ਸਰੋਤ ਜਿਵੇਂ ਕਿ ਨਾਲੇ, ਡਰੇਨਾਂ, ਚੋਆਂ, ਰਾਉ ਆਦਿ ਅਲੱਗ ਅਲੱਗ ਭੂਗੋਲਿਕ ਸਥਿਤੀ ਅਨੁਸਾਰ ਕਿਸੇ ਇੱਕ ਜਾਂ ਦੂਜੇ ਦਰਿਆ ਵਿੱਚ ਜਾ ਕੇ ਡਿੱਗਦੇ ਹਨ । ਮੌਸਮੀ ਤਬਦੀਲੀਆਂ ਕਾਰਨ ਪੰਜਾਬ ਦੇ ਦਰਿਆਵਾਂ ਦਾ ਪਹਾੜੀ ਕੈਚਮੈਂਟ ਏਰੀਆ ਜੋ ਕਿ ਹਿਮਾਚਲ ਅਤੇ ਜੰਮੂ ਦੀਆਂ ਉੱਚੀਆਂ ਪਹਾੜੀਆਂ ਵਿੱਚ ਪੈਂਦਾ ਹੈ ਜਿੱਥੇ ਕਈ ਵਾਰ ਇਕਦਮ ਬਹੁਤ ਜਿਆਦਾ ਮੀਂਹ ਪੈ ਜਾਣ ਕਾਰਨ ਦਰਿਆਵਾਂ ਵਿੱਚ ਇਕਦਮ ਮਣਾ ਮੂੰਹੀਂ ਪਾਣੀ ਆ ਜਾਂਦਾ ਹੈ । ਮਿਤੀ 28 ਅਗਸਤ ਨੂੰ ਜੰਮੂ ਚ 380 ਮੀਲੀ ਮੀਟਰ ਬਰਸਾਤ ਇੱਕ ਦਿਨ ਵਿੱਚ ਹੋਈ ਜਿਸ ਨਾਲ ਰਾਵੀ ਦਰਿਆ ਪੂਰੇ ਊਫਾਨ ਤੇ ਆਇਆ। ਦੱਸਣਯੋਗ ਹੈ ਕਿ ਪੰਜਾਬ ਵਿੱਚ ਸਾਰੇ ਸਾਲ ਵਿੱਚ ਔਸਤ 550 ਮਿਲੀ ਮੀਟਰ ਬਰਸਾਤ ਪੈਂਦੀ ਹੈ। ਦੂਜੇ ਪਾਸੇ ਕਈ ਵਾਰ ਪਾਣੀ ਦਾ ਭਾਰ ਨਾ ਸਹਾਰਦੇ ਹੋਏ ਬੱਦਲ ਫਟ ਜਾਂਦੇ ਹਨ ਜਿਸ ਕਾਰਨ ਇਕਦਮ ਅਣਕਿਆਸੀ ਬਰਸਾਤ ਹੋ ਜਾਂਦੀ ਹੈ ਜਿਵੇਂ ਕਿ ਹਿਮਾਚਲ ਦੇ ਕੁੱਲੂ ਸ਼ਹਿਰ ਨੇੜੇ ਅਗਸਤ ਮਹੀਨੇ ਕਈ ਵੇਰ ਹੋਇਆ ਜਿਸ ਨਾਲ ਬਿਆਸ ਦਰਿਆ ਵਿੱਚ ਬੇਤਹਾਸ਼ਾ ਪਾਣੀ ਆਇਆ । ਦੋਵੇਂ ਹਾਲਾਤਾਂ ਵਿੱਚ ਇੱਕਦਮ ਡਿੱਗਿਆ ਵੱਡੇ ਅਸਮਾਨੀ ਦਿਓ ਰੂਪੀ ਪਾਣੀ ਦਾ ਗੁਬਾਰਾ ਪਹਾੜੀ ਗਾਰ ਪੱਥਰ ਆਦਿ ਨੂੰ ਧੱਕਦਾ ਹੋਇਆ ਦਰਿਆਵਾਂ ਰਾਹੀਂ ਡੈਮਾਂ ਨੂੰ ਚੀਰਦਾ ਹੋਇਆ ਪੰਜਾਬ ਦੇ ਮੈਦਾਨੀ ਖੇਤਰਾਂ ਵਿੱਚ ਪ੍ਰਵੇਸ਼ ਕਰਦਾ ਹੈ ਜੋ ਕਿ ਅੱਗੇ ਦਰਿਆਵਾਂ ਦੇ ਬੰਧਾਂ ਅਤੇ ਕੰਢਿਆਂ ਨੂੰ ਤੋੜਦਾ ਹੋਇਆ ਆਪਣੀ ਗਤੀ ਭਰਪੂਰ ਤਾਕਤ ਨਾਲ ਰਸਤੇ ਵਿੱਚ ਆਉਂਦੇ ਹਰੇਕ ਢਾਂਚੇਂ ਅਤੇ ਰੋਕ ਨੂੰ ਵਹਾ ਕੇ ਲੈ ਜਾਂਦਾ ਹੈ।
ਪੰਜਾਬ ਦੇ ਦਰਿਆਵਾਂ ਦੇ ਕੁਦਰਤੀ ਵਹਾਅ ਦੀ ਸਾਇੰਸ:
ਦਰਿਆਵਾਂ ਵਿੱਚ ਸਦੀਆਂ ਤੋਂ ਵਗਦਾ ਪਾਣੀ ਕੁਦਰਤ ਦੇ ਅਸੂਲਾਂ ਅਨੁਸਾਰ ਨਾਲ ਚੱਲਦਾ ਹੈ। ਸਤਲੁਜ ਦਰਿਆ ਵਿੱਚ ਵਗਦੇ ਪਾਣੀ ਪਿਛਲੀ ਸਾਇੰਸ ਨੂੰ ਦੇਖਿਆ ਜਾਣਾ ਦਰੁਸਤ ਹੋਵੇਗਾ। ਸੰਨ 1926 ਵਿੱਚ ਸਤਲੁਜ ਵੈਲੀ ਪ੍ਰੋਜੈਕਟ ਬਣਾਇਆ ਗਿਆ ਸੀ, ਜਿਸ ਦੇ ਨਿਵਾਣਾਂ ਅਤੇ ਦੂਰੀ ਸਬੰਧੀ ਅੰਕੜੇ ਉਪਲੱਬਧ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ:-
ਲੜੀ ਨੰ. ਸਤਲੁਜ ਦਰਿਆ ਦੇ ਗੇਜ ਸਟੇਸ਼ਨ ਸਮੁੰਦਰੀ ਤਲ ਤੋਂ ਉਚਾਈ
(ਫੁੱਟਾਂ ਵਿੱਚ) ਸਮੁੰਦਰ ਤੋਂ ਦੂਰੀ
(ਮੀਲਾਂ ਵਿੱਚ) ਨਿਵਾਣ ਦਾ ਪੱਧਰ
1 ਰੋਪੜ ਹੈਡਵਰਕਸ
(ਸੰਨ 1878) 860 1180 0
2 ਫਲੌਰ 762 1125 1.78 ਫੁੱਟ ਪ੍ਰਤੀ ਮੀਲ
3 ਹਰੀਕੇ ਹੈਡਵਰਕਸ
(ਸੰਨ 1955) 664 1060 1.50 ਫੁੱਟ ਪ੍ਰਤੀ ਮੀਲ
4 ਫਿਰੋਜਪੁਰ ਹੈਡਵਰਕਸ 628 1028 1.12 ਫੁੱਟ ਪ੍ਰਤੀ ਮੀਲ
5 ਸੁਲੇਮਾਨਕੀ ਹੈਡਵਰਕਸ (ਪਾਕਿ) (ਸੰਨ 1928) 555 950 1.00 ਫੁੱਟ ਪ੍ਰਤੀ ਮੀਲ
ਉੱਪਰ ਦੱਸੇ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਰੋਪੜ ਹੈਡਵਰਕਸ ਤੋਂ ਫਲੌਰ ਦੇ ਪੁੱਲ ਤੱਕ 55 ਮੀਲ ਦੀ ਦੂਰੀ ਤੱਕ ਸਤਲੁਜ ਦਰਿਆ ਦੀ ਨਿਵਾਣ 1.78 ਫੁੱਟ ਪ੍ਰਤੀ ਮੀਲ ਹੈ ਅਤੇ ਇਸ ਤੋਂ ਅੱਗੇ ਹਰੀਕੇ ਹੈਡਵਰਕ ਤੱਕ ਇਹ ਨਿਵਾਣ 1.50 ਫੁੱਟ ਪ੍ਰਤੀ ਮੀਲ ਹੈ।
ਇਸੇ ਤਰ੍ਹਾਂ ਹਰੀਕੇ ਤੋਂ ਫਿਰੋਜ਼ਪੁਰ ਹੈਡਵਰਕਸ ਤੱਕ 32 ਮੀਲ ਵਿੱਚ ਇਹ ਨਿਵਾਣ 1.1 ਫੁੱਟ ਪ੍ਰਤੀ ਮੀਲ ਹੈ ਅਤੇ ਉਸ ਤੋਂ ਹੇਠਾਂ ਹੁਸੈਨੀਵਾਲਾ ਹੈਡਵਰਕਸ ਤੋਂ ਸੁਲੇਮਾਨਕੀ ਹੈਡਵਰਕਸ (ਪਾਕਿਸਤਾਨ) ਤੱਕ 78 ਮੀਲ ਦੀ ਦੂਰੀ ਤੇ ਇਹ ਨਿਵਾਣ ਲਗਭਗ 1.00 ਫੁੱਟ ਪ੍ਰਤੀ ਮੀਲ ਹੈ। ਉਕਤ ਤੋਂ ਸ਼ਪਸ਼ਟ ਹੈ ਕਿ ਪੰਜਾਬ ਵਿੱਚ ਦਰਿਆਵਾਂ ਦਾ ਨਿਵਾਣ/ਢਲਾਣ ਬਹੁਤ ਘੱਟ ਹੋਣ ਕਾਰਨ ਇਹਨਾਂ ਵਿੱਚ ਹੜ੍ਹ ਦੇ ਪਾਣੀ ਦਾ ਵਹਾਅ ਹਮੇਸ਼ਾ ਇੱਕ ਚੁਣੌਤੀ ਬਣਿਆ ਰਹਿੰਦਾ ਹੈ ।
ਦਰਿਆਵਾਂ ਵਿੱਚ ਰੇਤਾ- ਇੱਕ ਚੁਣੌਤੀ- ਇੱਕ ਮੌਕਾ :-
ਜਦੋਂ ਇੱਕ ਡੈਮ/ ਹੈਡਵਰਕਸ ਤੋਂ ਨਿਕਲ ਕੇ ਦਰਿਆ ਦਾ ਪਾਣੀ ਦੂਜੇ ਹੈਡਵਰਕਸ ਵੱਲ ਚਲਦਾ ਹੈ ਤਾਂ ਇਹ ਆਪਣੀ ਤਾਕਤ ਨਾਲ ਦਰਿਆ ਦੀ ਮਿੱਟੀ ਵੀ ਆਪਣੇ ਨਾਲ ਖੋਰ ਕੇ ਲੈ ਜਾਂਦਾ ਹੈ (retrogression) ਅਤੇ ਅੱਗੇ ਜਾ ਕੇ ਅਗਲੇ ਹੈਡਵਰਕਸ ਤੋਂ ਪਹਿਲਾਂ ਜਦੋਂ ਇਸ ਪਾਣੀ ਦੀ ਸਪੀਡ ਘਟਦੀ ਹੈ ਤਾਂ ਦਰਿਆ ਦਾ ਇਹ ਪਾਣੀ ਮਿੱਟੀ ਨੂੰ ਉੱਥੇ ਛੱਡ ਦਿੰਦਾ ਹੈ (accretion)। ਇਸ ਤਰ੍ਹਾਂ ਹੇਠਲੇ ਹੈਡਵਰਕਸ ਦੇ ਗੇਟਾਂ ਤੋਂ ਪਹਿਲਾਂ ਬਣੀ ਝੀਲ ਵਿੱਚ ਮਿੱਟੀ/ਗਾਰ ਜਮ੍ਹਾਂ ਹੁੰਦੀ ਰਹਿੰਦੀ ਹੈ ਅਤੇ ਹੌਲੀ ਹੌਲੀ ਇਹ ਅਜਿਹੇ ਹੈਡਵਰਕਸ ਤੋਂ ਉੱਪਰ ਵਾਲੇ ਪਾਸੇ ਨੂੰ ਦਰਿਆ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੀ ਹੈ। ਇੱਕ ਸਮੇਂ ਤੋਂ ਬਾਅਦ ਇਹਨਾਂ ਦੋਨਾਂ ਹੈਡਵਰਕਸ ਦੇ ਖਿੱਤੇ ਵਿਚਕਾਰ ਹੇਠਲੇ ਹੈਡਵਰਕਸ ਤੋਂ ਪਹਿਲਾਂ ਜਮਾਂ ਹੋਈ ਮਿੱਟੀ ਅਤੇ ਉੱਪਰਲੇ ਹੈਡਵਰਕਸ ਤੋਂ ਹੇਠਲੇ ਪਾਸੇ ਵੱਲ ਚੁੱਕੀ ਹੋਈ ਮਿੱਟੀ ਇਕ ਬਰਾਬਰ ਤੇ ਆ ਜਾਂਦੀ ਹੈ ਅਤੇ ਦਰਿਆ ਦਾ ਇਹ ਹੀ ਉਹ ਹਿੱਸਾ ਹੁੰਦਾ ਹੈ ਜਿੱਥੇ ਹਰੇਕ ਹੜ੍ਹ ਦੇ ਸਮੇਂ ਦਰਿਆਵਾਂ ਦੇ ਧੁੱਸੀ ਬੰਨ ਟੁੱਟਦੇ ਹਨ ਕਿਉਂਕਿ ਇਹਨਾਂ ਥਾਵਾਂ ਤੇ ਦਰਿਆ ਦੇ ਪਾਣੀ ਲੰਘਣ ਲਈ ਲੋੜੀਂਦੀ ਡੂੰਘਾਈ ਨਹੀਂ ਬਚਦੀ।
ਸਤਲੁਜ ਦਰਿਆ ਦਾ ਨੰਗਲ ਡੈਮ ਤੋਂ ਛੱਡਿਆ ਪਾਣੀ ਅਨੰਦਪੁਰ ਸਾਹਿਬ ਨੇੜਲੇ ਇਲਾਕੇ ਵਿੱਚ ਆਪਣਾ ਰੇਤਾ ਛੱਡ ਦਿੰਦਾ ਹੈ ਜਿੱਥੇ ਦਰਿਆ ਦਾ ਤਲਾ ਉੱਚਾ ਹੋ ਜਾਣ ਕਾਰਨ ਅਤੇ ਹਿਮਾਚਲ ਵੱਲੋਂ ਆਉਦੇ ਸਵਾਂ ਨਦੀ ਦੇ ਪਾਣੀ ਕਾਰਨ ਇਲਾਕੇ ਨੂੰ ਹੜ੍ਹ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਰੋਪੜ ਹੈਡਵਰਕਸ ਤੋਂ ਛੱਡਿਆ ਦਰਿਆ ਸਤਲੁਜ ਦਾ ਪਾਣੀ ਫਿਲੋਰ ਤੱਕ ਦਰਿਆ ਦੀ ਮਿੱਟੀ ਖੋਰਦਾ ਹੈ ਅਤੇ ਫਲੋਰ ਤੋਂ ਗਿੱਦੜ ਪਿੰਡੀ ਤੋਂ ਕੁਝ ਕਿਲੋਮੀਟਰ ਉੱਪਰ ਤੱਕ ਸਾਂਤ ਚਲਦਾ ਹੈ ਪਰ ਗਿੱਦੜ ਪਿੰਡੀ ਅਤੇ ਯੂਸਫਪੁਰ ਪਿੰਡ ਨੇੜੇ ਆਪਣੇ ਪਾਣੀ ਨਾਲ ਲਿਆਂਦੀ ਮਿੱਟੀ ਨੂੰ ਦਰਿਆ ਦੀ ਸਤਹਿ ਤੇ ਛੱਡਦਾ ਹੋਇਆ ਹਰੀਕੇ ਪਹੁੰਚਦਾ ਹੈ। ਗਿੱਦੜ ਪਿੰਡੀ ਦੇ ਇਲਾਕੇ ਵਿੱਚ ਇਸ ਤਰ੍ਹਾਂ ਛੱਡੀ ਮਿੱਟੀ ਕਾਰਨ ਉੱਚਾ ਹੋਇਆ ਦਰਿਆ ਦਾ ਤਲ ਇਸ ਇਲਾਕੇ ਵਿੱਚ ਹੜ੍ਹਾਂ ਦਾ ਕਾਰਨ ਬਣਦਾ ਹੈ। ਦੇਖਿਆ ਜਾ ਸਕਦਾ ਹੈ ਕਿ ਗਿੱਦੜ ਪਿੰਡੀ ਵਾਲੇ ਰੇਲਵੇ ਪੁੱਲ ਦੇ ਹੇਠਾਂ ਪਿਛਲੇ 50 ਸਾਲਾਂ ਵਿੱਚ 20 ਫੁੱਟ ਦੇ ਕਰੀਬ ਰੇਤਾ ਜਮਾ ਹੋਇਆ ਹੈ।
ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਦੇ ਪੁਲ ਅਤੇ ਘਰਕਾ, ਮੁੰਡਾ ਪਿੰਡ ਦੇ ਨੇੜਲੇ ਇਲਾਕੇ ਵਿੱਚ ਵਗਦੇ ਬਿਆਸ ਦਰਿਆ ਵਿੱਚ ਕਈ ਫੁੱਟ ਤੱਕ ਹਰੀਕੇ ਹੈਡਵਰਕਸ ਬਣਨ ਤੋਂ ਬਾਅਦ, ਰੇਤ ਜਮਾ ਹੋਈ ਹੈ ਜੋ ਕਿ ਭਾਰੀ ਬਰਸਾਤਾਂ ਵਿੱਚ ਪੋਂਗ ਡੈਮ ਵਿੱਚੋਂ ਛੱਡੇ ਪਾਣੀ ਕਰਨ ਤਬਾਹੀ ਦਾ ਮੰਜਰ ਬਣਦੀ ਹੈ।
ਫਿਰੋਜ਼ਪੁਰ ਹੈਡਵਰਕਸ ਜੋ ਕਿ ਸੰਨ 1928 ਵਿੱਚ ਬਣਾਇਆ ਗਿਆ ਸੀ ਦੀ ਪਾਣੀ ਭੰਡਾਰਨ ਸਮਰੱਥਾ 24,000 ਏਕੜ ਫੁੱਟ (ਇੱਕ ਏਕੜ ਵਿੱਚ ਇੱਕ ਫੁੱਟ ਪਾਣੀ ਖੜਾ ਕੀਤਾ ਜਾਵੇ ਤਾਂ ਇੱਕ ਏਕੜ ਫੁੱਟ ਬਣਦਾ ਹੈ) ਰੱਖੀ ਗਈ ਸੀ। ਪਰ ਲਗਾਤਾਰ ਗਾਰ/ਰੇਤ ਦੇ ਜਮ੍ਹਾਂ ਹੋਣ ਕਾਰਨ ਅੱਜ ਕੱਲ ਇਸਦੀ ਪਾਣੀ ਭੰਡਾਰਨ ਦੀ ਸਮਰੱਥਾ ਬਹੁਤ ਹੀ ਘੱਟ ਕੇ ਕੇਵਲ 5000 ਏਕੜ ਫੁੱਟ ਦੇ ਕਰੀਬ ਹੀ ਰਹਿ ਗਈ ਹੈ। ਇਸੇ ਤਰ੍ਹਾਂ ਹਰੀਕੇ ਹੈਡਵਰਕਸ ਜੋ ਕਿ ਸੰਨ 1955 ਵਿੱਚ ਬਣਾਇਆ ਗਿਆ ਸੀ ਅਤੇ ਇਸਦੀ ਪਾਣੀ ਭੰਡਾਰ ਕਰਨ ਦੀ ਸਮਰੱਥਾ 67,900 ਏਕੜ ਫੁੱਟ ਰੱਖੀ ਗਈ ਸੀ। ਲਗਾਤਾਰ ਗਾਰ ਜਮ੍ਹਾਂ ਹੋਣ ਕਾਰਨ ਇਸ ਦੀ ਸਮਰੱਥਾ ਲਗਭਗ 10,000 ਏਕੜ ਫੁੱਟ ਰਹਿ ਗਈ ਹੈ।
ਦਰਿਆ ਅਤੇ ਡੈਮ :-
ਭਾਰੀ ਬਰਸਾਤਾਂ ਸਮੇਂ ਸਤਲੁਜ ਦਰਿਆ ਤੇ ਬਣੇ ਭਾਖੜਾ ਡੈਮ, ਬਿਆਸ ਦਰਿਆ ਤੇ ਬਣੇ ਪੋਂਗ ਡੈਮ ਅਤੇ ਰਾਵੀ ਦਰਿਆ ਤੇ ਬਣੇ ਰਣਜੀਤ ਸਾਗਰ ਡੈਮ ਵੱਲੋਂ ਫਾਲਤੂ ਪਾਣੀ ਦਰਿਆਵਾਂ ਵੱਲ ਛੱਡਿਆ ਜਾਂਦਾ ਹੈ ਕਿਉਂਕਿ ਅਣਕਿਆਸੀਆਂ ਭਾਰੀ ਬਰਸਾਤਾਂ ਸਮੇਂ ਜੇਕਰ ਡੈਮਾਂ ਵੱਲੋਂ ਪਰੋਟੋਕੋਲ ਮੁਤਾਬਕ ਪਾਣੀ ਨਾ ਛੱਡਿਆ ਜਾਵੇ ਤਾਂ ਡੈਮ ਟੁੱਟਣ ਦਾ ਖਤਰਾ ਖੜਾ ਹੋ ਜਾਂਦਾ ਹੈ ਜੋ ਕਿ ਬਹੁਤ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ।
ਪਿਛਲੇ ਸਮੇਂ ਵਿੱਚ ਸੰਨ 1947, 1955, 1988 ਅਤੇ 1993 ਦੇ ਹੜਾਂ ਦੌਰਾਨ ਦਰਿਆਵਾਂ ਵਿੱਚ ਹੈਡ ਵਰਕਸ/ ਡੈਮਾਂ ਵੱਲੋਂ ਛੱਡੇ ਗਏ ਪਾਣੀ ਦੀ ਮਿਕਦਾਰ ਤੋਂ ਮੌਜੂਦਾ ਸਮੇਂ ਹੜਾਂ ਨਾਲ ਹੋ ਰਹੀ ਤਬਾਹੀ ਬਾਰੇ ਤਸਵੀਰ ਸਾਹਮਣੇ ਆ ਜਾਂਦੀ ਹੈ। ਸਤੰਬਰ 1947 ਵਿੱਚ ਪਈ ਭਾਰੀ ਬਰਸਾਤ ਕਰਕੇ 26 ਸਤੰਬਰ ਨੂੰ ਸਤਲੁਜ ਦਰਿਆ ਦੇ ਰੋਪੜ ਹੈਡਵਰਕਸ ਤੋਂ 4.90 ਲੱਖ ਕਿਊਸਿਕ ਪਾਣੀ ਹੇਠਾਂ ਵੱਲ ਲੰਘਿਆ ਜੋ ਕਿ ਦੋ ਦਿਨਾਂ ਬਾਅਦ 28 ਸਤੰਬਰ, 1947 ਨੂੰ ਫਿਰੋਜ਼ਪੁਰ ਹੈਡ ਵਰਕਸ ਤੋਂ ਲੰਘਣ ਵੇਲੇ 6.36 ਲੱਖ ਕਿਊਸਿਕ ਹੋ ਗਿਆ ਅਤੇ ਸੁਲੇਮਾਨਕੀ ਹੈਡਵਰਕ ਤੋਂ 30 ਸਤੰਬਰ ਨੂੰ 7.38 ਲੱਖ ਕਿਊਸਿਕ ਪਾਣੀ ਲੰਘਿਆ। ਰੋਪੜ ਹੈਡਵਰਕ ਤੋਂ ਲੰਘੇ ਪਾਣੀ ਤੋਂ ਬਾਅਦ ਫਿਰੋਜਪੁਰ ਅਤੇ ਸੁਲੇਮਾਨਕੀ ਹੈਡਵਰਕਸ ਤੇ ਪਾਣੀ ਵਧਣ ਦਾ ਕਾਰਨ ਸਤਲੁਜ ਦੇ ਪਾਣੀ ਵਿੱਚ ਹਰੀਕੇ ਵਿਖੇ ਬਿਆਸ ਦੇ ਪਾਣੀ ਦਾ ਰਲਣਾ ਅਤੇ ਮੀਂਹ ਕਾਰਨ ਹੇਠਲੇ ਇਲਾਕਿਆਂ ਵਿੱਚ ਵਧੇ ਪਾਣੀ ਦਾ ਦਰਿਆ ਵਿੱਚ ਨਦੀਆਂ ਨਾਲਿਆਂ ਰਾਹੀ ਪੈਣਾ ਸੀ।
1955 ਦੇ ਅਕਤੂਬਰ ਮਹੀਨੇ ਵਿੱਚ ਆਏ ਹੜ੍ਹਾਂ ਤੋਂ ਪਹਿਲਾਂ ਕਿਉਂਕਿ ਹਰੀਕੇ ਹੈਡਵਰਕਸ ਬਣ ਚੁੱਕਿਆ ਸੀ। ਇਸ ਲਈ ਸਤਲੁਜ ਅਤੇ ਬਿਆਸ ਦਰਿਆ ਦਾ 8.00 ਲੱਖ ਕਿਊਸਿਕ ਪਾਣੀ ਇਕੱਠਾ ਹੋ ਕੇ ਇਸ ਹੈਡਵਰਕਸ ਤੋਂ 2 ਅਕਤੂਬਰ ਨੂੰ ਲੰਘਿਆ ਜੋ ਕਿ ਅੱਗੇ ਹੋਰ ਲੋਕਲ ਪਾਣੀ ਦੇ ਜਮਾ ਹੋ ਜਾਣ ਕਾਰਨ ਫਿਰੋਜ਼ਪੁਰ ਹੈਡ ਵਰਕਸ ਤੋਂ 9 ਲੱਖ ਕਿਊਸਿਕ ਪਾਣੀ ਦਾ ਲੰਘਾਅ ਹੋਇਆ।
ਸੰਨ 1988 ਦੇ ਹੜਾਂ ਦੌਰਾਨ ਰੋਪੜ ਹੈਡਵਰਕਸ ਤੋਂ ਮਿਤੀ 26 ਸਤੰਬਰ ਨੂੰ 4.78 ਲੱਖ ਕਿਊਸਿਕ ਪਾਣੀ ਲੰਘਿਆ ਜੋ ਕਿ ਹਰੀਕੇ ਹੈਡਵਰਕਸ ਤੋਂ ਮਿਤੀ 28 ਸਤੰਬਰ ਨੂੰ ਲੰਘਣ ਸਮੇਂ 5.74 ਲੱਖ ਕਿਊਸਿਕ ਹੋ ਗਿਆ ਅਤੇ ਫਿਰੋਜ਼ਪੁਰ ਹੈਡਵਰਕਸ ਤੱਕ ਇਹ ਮਿਤੀ 29 ਸਤੰਬਰ ਨੂੰ 9.00 ਲੱਖ ਕਿਊਸਿਕ ਹੋ ਗਿਆ। ਇਸੇ ਤਰ੍ਹਾਂ ਸੰਨ 1993 ਦੇ ਹੜ੍ਹਾਂ ਦੌਰਾਨ ਵੀ ਰੋਪੜ ਹੈਡਵਰਕਸ ਤੋਂ ਲਗਭਗ 4.00 ਲੱਖ ਕਿਊਸਿਕ ਪਾਣੀ ਲੰਘਿਆ ਸੀ।
ਭਾਵੇਂ ਕਿ 1988 ਤੇ 1993 ਵਿੱਚ ਦਰਿਆਵਾਂ ਵਿੱਚੋਂ ਲੰਘਣ ਵਾਲਾ ਪਾਣੀ 1947 ਅਤੇ 1955 ਤੋਂ ਘੱਟ ਸੀ ਪਰ ਫਿਰ ਵੀ 1988 ਅਤੇ 1993 ਵਾਲੇ ਹੜ੍ਹਾਂ ਨੇ ਵਿਆਪਕ ਤਬਾਹੀ ਕੀਤੀ ਕਿਉਂਕਿ ਇਸ ਸਮੇਂ ਦੌਰਾਨ ਦਰਿਆਵਾਂ ਵਿੱਚ ਗਾਰ/ਰੇਤਾ ਜਮਾਂ ਹੋਣ ਨਾਲ ਦਰਿਆਵਾਂ ਦੀ ਪਾਣੀ ਨੂੰ ਵਗਾਉਣ ਦੀ ਸਮਰੱਥਾ ਘੱਟ ਗਈ ਸੀ।
ਹੁਣ ਹਾਲਾਤ ਇਹ ਹੈ ਕਿ ਸਤਲੁਜ ਅਤੇ ਬਿਆਸ ਦਰਿਆ ਵਿੱਚ ਜੇਕਰ 1.5 ਲੱਖ ਕਿਊਸਿਕ ਪਾਣੀ ਵੀ ਛੱਡਿਆ ਜਾਵੇ ਤਾਂ ਇਹ ਹੇਠਲੇ ਪਾਸੇ ਭਿਆਨਕ ਤਬਾਹੀ ਕਰਦਾ ਹੈ।
ਇਲਾਜ:
ਜਦੋਂ ਬਿਮਾਰੀ ਦੀ ਪਛਾਣ ਹੋ ਜਾਵੇ ਤਾਂ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ। ਪਰ ਜੇਕਰ ਇਲਾਜ ਕਰਨ ਵਾਲਾ ਡਾਕਟਰ ਹੀ ਇਲਾਜ ਨਾ ਕਰਦਾ ਹੋਵੇ ਤਾਂ ਬਿਮਾਰੀ ਦਿਨੋ ਦਿਨ ਭਿਆਨਕ ਰੂਪ ਅਖਤਿਆਰ ਕਰਦੀ ਹੈ।
“ਹਰੇਕ ਚਾਰਾਗਰ (ਡਾਕਟਰ) ਕੋ ਚਾਰਾਗਰੀ ਸੇ ਗੁਰੇਜ਼ ਥਾ,
ਵਰਨਾ ਯੇ ਜੋ ਹਮਾਰੇ ਦੁੱਖ ਥੇ ਯੇ ਲਾ-ਦਵਾ (ਬੇਇਲਾਜ) ਨਾ ਥੇ”
ਸਾਰੀ ਦੁਨੀਆ ਵਿੱਚ ਹੜ ਪ੍ਰਬੰਧਨ ਦਾ ਕਾਰਗਰ ਤਰੀਕਾਕਾਰ ਦਰਿਆਵਾਂ ਦਾ ਤਲ ਪੱਧਰ ਸਾਫ ਰੱਖਣਾ ਤੇ ਧੂੱਸੀ ਬੰਧਾਂ ਦੀ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ। ਇੱਕ ਅਨੁਮਾਨ ਅਨੁਸਾਰ ਜੇਕਰ ਦਰਿਆਵਾਂ ਤੇ ਕੋਈ ਡੈਮ ਜਾਂ ਕੋਈ ਹੋਰ ਢਾਂਚਾ ਨਾ ਬਣਿਆ ਹੋਵੇ ਤਾਂ ਵੀ ਹਰੇਕ ਸਾਲ ਕੁੱਝ ਇੰਚਾਂ ਤੱਕ ਰੇਤ/ਮਿੱਟੀ ਪੈ ਕੇ 50-60 ਸਾਲਾਂ ਵਿੱਚ ਦਰਿਆ ਦਾ ਤਲਾ ਉੱਚਾ ਹੋਣ ਕਾਰਨ ਹੜ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਪਰ ਦਰਿਆਵਾਂ ਤੇ ਡੈਮ, ਹੈਡਵਰਕਸ ਅਤੇ ਹੋਰ ਢਾਂਚਿਆਂ ਦੇ ਬਣਨ ਤੋਂ ਬਾਅਦ ਤਾਂ ਮਿੱਟੀ ਇਕੱਠੀ ਹੋਣ ਦਾ ਵਰਤਾਰਾ ਬਹੁਤ ਵੱਧ ਜਾਂਦਾ ਹੈ।
ਸਿੰਧ ਘਾਟੀ ਦੀ ਸੱਭਿਅਤਾ ਅਤੇ ਦਰਿਆਵਾਂ ਵਿੱਚ ਮਿੱਟੀ –
ਅੱਜ ਤੋਂ 5 ਹਜਾਰ ਸਾਲ ਪਹਿਲਾਂ ਦਰਿਆਵਾਂ ਕੰਢੇ ਪੰਜਾਬ ਵਿੱਚ ਘੁੱਗ ਵਸਦੀ ਸਿੰਧ ਘਾਟੀ ਦੀ ਸਭਿਅਤਾ ਸ਼ੁਰੂ ਹੋਈ ਸੀ। ਜੋਹਨ ਮਾਰਸ਼ਲ, ਪ੍ਰਸਿੱਧ ਪੁਰਾਤੱਤਵ ਵਿਗਿਆਨੀ ਵੱਲੋਂ ਇਸ ਸੱਭਿਅਤਾ ਦਾ ਰਾਵੀ ਦਰਿਆ ਤੇ ਵਸਿਆ ਮਹਿੰਦਜੋਦੜੋ ਸ਼ਹਿਰ 1930 ਵਿੱਚ ਲੱਭਿਆ ਗਿਆ ਅਤੇ ਪਾਇਆ ਗਿਆ ਕਿ ਜਦੋਂ ਇਹ ਸ਼ਹਿਰ ਵੱਸਿਆ ਸੀ ਤਾਂ ਇਹ ਦਰਿਆ ਤੋਂ 6-7 ਫੁੱਟ ਉੱਚਾ ਸੀ। ਪਰ 1300 ਸਾਲ ਬਾਅਦ ਜਦੋਂ ਇਸ ਸਭਿਆਤਾ ਦਾ ਖਤਮਾ ਹੋਇਆ ਤਾਂ ਖੁਦਾਈ ਤੋਂ ਪਤਾ ਲੱਗਿਆ ਕਿ ਘਰਾਂ ਦੀਆਂ ਨੀਹਾਂ ਲਗਭਗ 7 ਵਾਰੀ ਨਵੇਂ ਸਿਰੇ ਤੋਂ ਉੱਚੇ ਚੱਕ ਕੇ ਸਥਾਪਿਤ ਕੀਤੀਆਂ ਗਈਆਂ ਸਨ। 1930 ਵਿੱਚ ਖੁਦਾਈ ਸਮੇਂ ਪਤਾ ਲੱਗਿਆ ਕਿ ਮੌਜੂਦਾ ਸਮੇਂ ਰਾਵੀ ਦਰਿਆ ਇਸ ਸ਼ਹਿਰ ਤੋਂ 50 ਫੁੱਟ ਉੱਚਾ ਵਗ ਰਿਹਾ ਸੀ। ਜਿਸ ਦਾ ਮਤਲਬ ਹੈ ਕਿ 5000 ਸਾਲਾਂ ਵਿੱਚ ਦਰਿਆ ਰਾਵੀ ਵਿੱਚ 50 ਫੁੱਟ ਤੱਕ ਪਹਾੜਾਂ ਤੋਂ ਆਇਆ ਰੇਤਾ ਵਿਛਣ ਕਾਰਨ ਇਹ ਇੱਨਾ ਉੱਚਾ ਹੋ ਗਿਆ ਸੀ। ਭਾਵੇਂ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕੀ ਦਰਿਆ ਕੰਢੇ ਘੁੱਗ ਵਸਦੀ ਇਹ ਸਭਿਅਤਾ ਕਿਹੜੇ ਕਾਰਨਾਂ ਕਰਕੇ ਖਤਮ ਹੋਈ ਪਰ ਇੱਕ ਗੱਲ ਸਪੱਸ਼ਟ ਹੈ ਕਿ ਦਰਿਆਵਾਂ ਵਿੱਚ ਮਿੱਟੀ ਚੜਨ ਕਾਰਨ ਇਸ ਸਭਿਅਤਾ ਨੂੰ ਹੜ੍ਹਾਂ ਦੀ ਬਹੁਤ ਵੱਡੀ ਮਾਰ ਸਹਿਣੀ ਪਈ ਸੀ।
ਇਸ ਲਈ ਲੋੜ ਹੈ ਕਿ ਪੰਜਾਬ ਦੇ ਸਣੇ ਘੱਗਰ ਚਾਰੇ ਦਰਿਆਵਾਂ ਦੀ ਲਗਾਤਾਰ ਸਾਫ ਸਫਾਈ ਅਤੇ ਸਾਂਭ ਸੰਭਾਲ ਦਾ ਪ੍ਰੋਜੈਕਟ ਬਣਾ ਕੇ ਕੰਮ ਕੀਤਾ ਜਾਵੇ। ਇਹਨਾਂ ਵਿੱਚੋਂ ਸਾਲਾਂ ਦੀ ਇਕੱਠੀ ਹੋਈ ਗਾਰ/ਮਿੱਟੀ ਕੱਢ ਕੇ ਇਹਨਾਂ ਦੀ ਕੁਦਰਤੀ ਸਤਹਿ ਅਤੇ ਵਹਾਅ ਨੂੰ ਬਹਾਲ ਕੀਤਾ ਜਾਵੇ ਅਤੇ ਇਸ ਨੂੰ ਲਗਾਤਾਰ ਬਹਾਲ ਰੱਖਿਆ ਜਾਵੇ।
ਇਹਨਾਂ ਦਰਿਆਵਾਂ ਦੇ ਬੰਧਾਂ ਨੂੰ ਮਜਬੂਤ ਕਰਕੇ ਦਰਿਆਵਾਂ ਦੀ ਚੈਨੇਲਾਈਜੇਸ਼ਨ ਕੀਤੀ ਜਾਵੇ।
ਇਹ ਵੀ ਜਰੂਰੀ ਹੈ ਕਿ ਇਹਨਾਂ ਦਰਿਆਵਾਂ ਵਿੱਚ ਖੇਤੀ ਕਰਦੇ ਕਿਸਾਨਾਂ ਨੂੰ ਸਫੈਦੇ ਜਾਂ ਪਾਪੂਲਰ ਵਰਗੇ ਜੰਗਲਾਤੀ ਦਰਖਤਾਂ ਦੀ ਖੇਤੀ ਕਰਨ ਤੋਂ ਰੋਕਿਆ ਜਾਵੇ ਤਾਂ ਜੋ ਪਾਣੀ ਦੇ ਵਹਾਅ ਵਿੱਚ ਕੋਈ ਰੋਕ ਟੋਕ ਨਾ ਆਵੇ।
ਵੱਡੇ ਫੰਡਾਂ ਦੀ ਜ਼ਰੂਰਤ-:
ਉਕਤ ਕੰਮਾਂ ਲਈ ਬਹੁਤ ਵੱਡੀ ਰਕਮ ਦੀ ਜਰੂਰਤ ਪਵੇਗੀ ਜੋ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਹਰੇਕ ਸਾਲ ਸਹੀ ਸਮੇਂ ਉਪਲਬਧ ਕਰਾਉਣੀ ਬਣਦੀ ਹੈ ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੋ ਕਿ ਭਾਖੜਾ ਤੇ ਪੋਂਗ ਡੈਮ ਦੇ ਰੱਖ ਰਖਾਵ ਦਾ ਜਿੰਮੇਵਾਰ ਹੈ ਅਤੇ ਇਸ ਰੱਖ ਰਖਾਅ ਲਈ ਉਹ ਮੈਂਬਰ ਸਟੇਟਾਂ (ਪੰਜਾਬ, ਹਰਿਆਣਾ ਅਤੇ ਰਾਜਸਥਾਨ) ਨੂੰ ਪਾਣੀ ਅਤੇ ਮੁਫਤ ਬਿਜਲੀ ਦੇ ਕੇ ਉਨ੍ਹਾਂ ਤੋਂ ਹਿੱਸੇ ਅਨੁਸਾਰ ਡੈਮਾਂ ਦੇ ਰੱਖ ਰਖਾਅ ਤੇ ਹੁੰਦੇ ਖਰਚੇ ਲਈ ਰਕਮ ਪ੍ਰਾਪਤ ਕਰਦਾ ਹੈ। ਕਿਉਂਕਿ ਡੈਮਾਂ ਤੋਂ ਹੇਠਾਂ ਵਗਦੇ ਦਰਿਆਵਾਂ ਦਾ ਰੱਖ ਰਖਾਅ ਵੀ ਡੈਮਾਂ ਦੇ ਰੱਖ ਰਖਾਅ ਦਾ ਹੀ ਇੱਕ ਅਟੁੱਟ ਹਿੱਸਾ ਹੈ, ਇਸ ਲਈ ਸਤਲੁਜ ਅਤੇ ਬਿਆਸ ਦਰਿਆ ਦੇ ਮੁਕੰਮਲ ਰੱਖ ਰਖਾਅ ਲਈ ਹਰਿਆਣਾ ਅਤੇ ਰਾਜਸਥਾਨ ਤੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਲਗਭਗ ਮੁਫਤ ਬਿਜਲੀ ਤੇ ਸੈੱਸ ਲਗਾ ਕੇ ਰਕਮ ਪ੍ਰਾਪਤ ਕਰਕੇ ਬੋਰਡ ਵੱਲੋਂ ਪੰਜਾਬ ਸਰਕਾਰ ਨੂੰ ਦਰਿਆਵਾਂ ਦੀ ਸਾਂਭ ਸੰਭਾਲ ਲਈ ਦੇਣੀ ਚਾਹੀਦੀ ਹੈ ਕਿਉਂਕਿ ਦਰਿਆਵਾਂ ਦੇ ਪਾਣੀ ਦਾ ਨਿਯੰਤਰਣ ਸਿਰਫ ਡੈਮਾਂ ਤੇ ਕਰਕੇ ਹੀ ਜਿੰਮੇਵਾਰੀ ਖਤਮ ਨਹੀ ਹੋ ਜਾਂਦੀ ਸਗੋਂ ਡੈਮਾਂ ਤੋਂ ਛੱਡੇ ਜਾਂਦੇ ਪਾਣੀ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਮੱਸਿਆ ਨੂੰ ਵੀ ਨਿਯੰਤਰਣ ਕਰਨਾ ਇਸੇ ਜਿੰਮੇਵਾਰੀ ਦਾ ਅਨਿੱਖੜਵਾਂ ਹਿੱਸਾ ਹੈ। ਜੇਕਰ ਦੂਜੀਆਂ ਸਟੇਟਾਂ ਹਰੇਕ ਸਾਲ ਮੁਫਤ ਬਿਜਲੀ ਲੈਂਦੀਆਂ ਹਨ ਤਾਂ ਉਹਨਾਂ ਦੀ ਜਿੰਮੇਵਾਰੀ ਹੈ ਕਿ ਉਹ ਇਹਨਾਂ ਡੈਮਾਂ ਕਾਰਨ ਪੈਦਾ ਹੋਏ ਹੜ੍ਹਾਂ ਨੂੰ ਨਿਯੰਤਰਣ ਕਰਨ ਲਈ ਵੀ ਜਿੰਮੇਵਾਰੀ ਨਿਭਾਉਣ।
ਡੈਮਾਂ ਦੇ ਪਾਣੀ ਛੱਡਣ ਦੇ ਪਰੋਟੋਕੋਲ ਦਾ ਮੁੜ ਮੁਲਾਕਣ :-
ਪੰਜਾਬ ਦੇ ਡੈਮਾਂ ਨੂੰ ਭਰਨ,ਸਿੰਚਾਈ ਅਤੇ ਬਿਜਲੀ ਲੋੜਾਂ ਦੀ ਪੂਰਤੀ ਲਈ ਪਾਣੀ ਛੱਡਣ ਅਤੇ ਹੜਾਂ ਸਮੇਂ ਪਾਣੀ ਨੂੰ ਨਿਯੰਤਰਣ ਕਰਨ ਦਾ ਇੱਕ ਪਰੋਟੋਕੋਲ ਬਣਿਆ ਹੋਇਆ ਹੈ ਜੋ ਕਿ ਕਾਫੀ ਪੁਰਾਣਾ ਹੈ । ਮੌਜੂਦਾ ਦੌਰ ਵਿੱਚ ਆਲਮੀ ਤਪਸ਼ ਵਧਣ ਕਾਰਨ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਦਰਿਆਵਾਂ ਵਿੱਚ ਅਚਾਨਕ ਆਉਂਦੇ ਪਾਣੀ ਦੀ ਮਿਕਦਾਰ ਅਤੇ ਵੇਗ ਕਾਰਨ ਪਰੋਟੋਕੋਲ ਦਾ ਮੁੜ ਮੁਲਾਕਣ ਕਰਨਾ ਬਣਦਾ ਹੈ ।
ਤੱਤ ਸਾਰ :-
ਹੜ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ।ਇਸ ਸਭ ਕੁਝ ਲਈ ਮਜਬੂਤ ਰਾਜਨੀਤਿਕ ਇਰਾਦੇ ਦੀ ਲੋੜ ਹੈ ਅਤੇ ਵੱਡੇ ਫੰਡਾਂ ਦਾ ਪ੍ਰਬੰਧ ਕਰਨਾ ਬਹੁਤ ਜਰੂਰੀ ਹੋਵੇਗਾ। ਨਹੀਂ ਤਾਂ ਆਉਣ ਵਾਲੇ ਸਾਲਾਂ ਵਿੱਚ ਵੀ ਪੰਜਾਬ ਦੇ ਜੰਮਦਿਆਂ ਨੂੰ ਇਸੇ ਤਰ੍ਹਾਂ ਦੇ ਹੜਾਂ ਦੇ ਹਾਲਾਤਾਂ ਨਾਲ ਸਿੱਝਣਾ ਪਵੇਗਾ ਜਿੱਥੇ ਲੋਕਾਂ ਦਾ ਅਰਬਾਂ ਰੁਪਏ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਰਹੇਗਾ। ਲੇਖ ਹਾਸਲ-ਸੋਸ਼ਲ ਮੀਡੀਆ