(ਪੰਜਾਬੀ ਸਕਰੀਨ ਵਿਸ਼ੇਸ਼) ਫ਼ਿਲਮ ‘ਬੱਲੇ ਓ ਚਲਾਕ ਸੱਜਣਾ’ ਦੀ ਟੀਮ ਨੇ ਪ੍ਰਚਾਰ ਦੀ ਸ਼ਰੂਆਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ !
ਤਿੜਕ ਰਹੇ ਆਪਸੀ ਰਿਸ਼ਤਿਆਂ ਦਾ ਨਿੱਘ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਨਾਲ ਬਣੀ ਫ਼ਿਲਮ ‘ਬੱਲੇ ਓ ਚਲਾਕ ਸੱਜਣਾ’ 4 ਅਗਸਤ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫ਼ਿਲਮ ਦੇ ਲੇਖਕ ’ਤੇ ਅਦਾਕਾਰ ਗੁਰਪ੍ਰੀਤ ਤੋਤੀ ਅਤੇ ਨਿਰਦੇਸ਼ਕ ਰੋਇਲ ਸਿੰਘ ਦੀ ਇਸ ਫ਼ਿਲਮ ਦਾ ਨਿਰਮਾਣ ‘ਮੇਨਲੈਂਡ ਫ਼ਿਲਮਜ਼’ ਦੇ ਬੈਨਰ ਹੇਠ ਨਿਰਮਾਤਾ ਪਰਮ ਸਿੱਧੂ, ਸੁੱਖੀ ਢਿੱਲੋਂ ਅਤੇ ਗੁਰੀ ਪੰਧੇਰ ਵੱਲੋਂ ਜੀ.ਟੀ. ਇੰਟਰਟੇਨਮੈਂਟ ਨਾਲ ਮਿਲ ਕੇ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਅਤੇ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਉਪਰੰਤ ਸਾਰੀ ਟੀਮ ਨੇ ਇਕ ਪ੍ਰੈਸ ਮਿਲਣੀ ਵੀ ਕੀਤੀ।
ਲੇਖਕ ਗੁਰਪ੍ਰੀਤ ਤੋਤੀ ਅਤੇ ਨਿਰਦੇਸ਼ਕ ਰੋਇਲ ਸਿੰਘ ਨੇ ਫ਼ਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਫ਼ਿਲਮ ਦੀ ਕਹਾਣੀ ਪੇਂਡੂ ਜਨ ਜੀਵਨ ਨਾਲ ਸਬੰਧਤ ਦੋ ਸਕੇ ਭਰਾਵਾਂ ਅਤੇ ਇੰਨ੍ਹਾਂ ਦੇ ਪਰਿਵਾਰਾਂ ਦੁਆਲੇ ਘੁੰਮਦੀ ਹੈ, ਜਿੰਨ੍ਹਾਂ ਦੇ ਵਿਆਹਾਂ ਉਪਰੰਤ ਰਿਸ਼ਤਿਆਂ ਵਿਚ ਕਿਸ ਤਰ੍ਹਾਂ ਤਬਦੀਲੀਆਂ ਅਤੇ ਆਪਸੀ ਦੂਰੀਆਂ ਪੈਦਾ ਹੁੰਦੀਆਂ ਹਨ।ਉਮੀਦ ਹੈ ਕਿ ਇਹ ਫ਼ਿਲਮ ਜਿੱਥੇ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਲਈ ਪ੍ਰੇਰਤਾ ਸ੍ਰੋਤ ਬਣੇਗੀ ਅਤੇ ਉਨ੍ਹਾਂ ਨੂੰ ਮੁੜ ਆਪਣੀਆਂ ਅਸਲ ਜੜ੍ਹਾ ਨਾਲ ਜੋੜੇਗੀ, ਉਥੇ ਟੁੱਟ ਰਹੇ ਆਪਸੀ ਰਿਸ਼ਤਿਆਂ ਦਾ ਨਿੱਘ ਵੀ ਮੁੜ ਸੁਰਜੀਤ ਕਰੇਗੀ।
ਇੱਥੇ ਪਹੁੰਚੇ ਫ਼ਿਲਮ ਕਲਾਕਾਰਾਂ ਵਿਚ ਵਿਕਰਮ ਚੋਹਾਨ, ਮੋਲੀਨਾ ਸੋਢੀ, ਹਰਸ਼ਜੋਤ ਕੌਰ ਤੂਰ, ਰਾਜ ਧਾਲੀਵਾਲ, ਪ੍ਰਕਾਸ਼ ਗਾਧੂ, ਗੁਰਪ੍ਰੀਤ ਤੋਤੀ ਅਤੇ ਰੁਪਿੰਦਰ ਕੌਰ ਰੂਪੀ ਨੇ ਜਿੱਥੇ ਫ਼ਿਲਮ ਵਿਚਲੇ ਆਪੋ ਆਪਣੇ ਕਿਰਦਾਰਾਂ ਬਾਰੇ ਗੱਲ ਕੀਤੀ ਉੱਥੇ ਇਹ ਵੀ ਕਿਹਾ ਕਿ ਪੰਜਾਬੀ ਸਿਨੇਮਾਂ ਨੂੰ ਅਰਥਭਰਪੂਰ ਸਿਨੇਮਾ ਪੱਖੋਂ ਪੇਸ਼ ਕਰਨ ਦਾ ਇਹ ਉਪਰਾਲਾ ਥਿਏਟਰ ਕਲਾਕਾਰਾਂ ਵਿਚ ਵੀ ਨਵਾਂ ਜੋਸ਼ ਲੈ ਕਿ ਆਵੇਗਾ ਅਤੇ ਦਰਸ਼ਕਾਂ ਨੂੰ ਵੀ ਰਵਾਇਤਨ ਪੰਜਾਬੀ ਫ਼ਿਲਮਾਂ ਨਾਲੋ ਕੁਝ ਹਟ ਕੇ ਵੇਖਣ ਨੂੰ ਮਿਲੇਗਾ।
ਆਖਰ ਵਿਚ ਫ਼ਿਲਮ ਨਿਰਦੇਸ਼ਕ ਨੇ ਜਿੱਥੇ ਫ਼ਿਲਮ ਵਿਚਲੇ ਬਾਕੀ ਕਲਾਕਾਰਾਂ ਰਾਜ ਝਿੰਜ਼ਰ, ਹਰਮਨ ਵਿਰਕ ਦਿਲਰਾਜ ਉਦੈ, ਸੁਖਵਿੰਦਰ ਰਾਜ, ਜਸਵਿੰਦਰ ਮਕੜੋਨਾ, ਜੋਹਨ ਮਸ਼ੀਹ ਅਤੇ ਰਣਦੀਪ ਭੰਗੂ ਅਮਨ ਸੁਧਾਰ, ਨਿਰਮਲ ਰਿਸ਼ੀ, ਪਰਮਿੰਦਰ ਕੌਰ ਬਰਨਾਲਾ ਦਾ ਜ਼ਿਕਰ ਕੀਤਾ ਉੱਥੇ ਫ਼ਿਲਮ ਬਾਰੇ ਹੋਰ ਗੱਲਬਾਤ ਕਰਦਿਆਂ ਦੱਸਿਆ ਕਿ ਫ਼ਿਲਮ ਦਾ ਮਿਊਜ਼ਿਕ ਡੈਵੀ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਗੀਤਾ ਦੀ ਰਚਨਾ ਕੁਲਦੀਪ ਕੰਡਿਆਰਾ, ਕੁਲਵੀਰ ਕੋਟਭਾਈ ਕਰ ਰਹੇ ਹਨ।ਪਿੱਠਵਰਤੀ ਗਾਇਕਾਂ ਵਿਚ ਨਛਤਰ ਗਿੱਲ, ਰਜ਼ਾ ਹੀਰ ਅਤੇ ਅਨਹਦ ਗੋਪੀ ਦੀਆਂ ਆਵਾਜ਼ਾਂ ਹੋਣਗੀਆਂ।
ਉਹਨਾਂ ਫ਼ਿਲਮ ਦੇ ਕੈਮਰਾਮੈਨ ਲੱਕੀ ਯਾਦਵ, ਐਸੋਸੀਏਟ ਨਿਰਦੇਸ਼ਕ ਜਤਿੰਦਰ ਜੇਟੀ, ਸਹਾਇਕ ਨਿਰਦੇਸ਼ਕ ਗੁਰੂ ਗੁਰਭੇਜ਼ ਅਤੇ ਆਰਟ ਨਿਰਦੇਸ਼ਕ ਲੱਕੀ ਕੋਟਕਪੂਰਾ ਦੇ ਯੋਗਦਾਨ ਦੀ ਵੀ ਗੱਲ ਕੀਤੀ।
ਇਸ ਪ੍ਰੈਸ ਮਿਲਣੀ ਤੋਂ ਬਾਅਦ ਸਾਰੀ ਫ਼ਿਲਮ ਟੀਮ ਨੇ ‘ਵਿਰਸਾ ਵਿਹਾਰ ਅੰਮ੍ਰਿਤਸਰ’ ਵਿਖੇ ਚਲ ਰਹੇ 8 ਰੋਜ਼ਾ ‘ਸੁਰ ਉਤਸਵ’ ਵਿਚ ਸ਼ਿਰਕਤ ਕੀਤੀ ਅਤੇ ਆਪਣੀ ਫ਼ਿਲਮ ਦੀ ਗੱਲ ਦਰਸ਼ਕਾਂ ਅੱਗੇ ਰੱਖੀ।ਇੱਥੇ ਪੂਰੀ ਟੀਮ ਦਾ ਵਿਰਸਾ ਵਿਹਾਰ ਸੁਸਾਇਟੀ ਵਲੋਂ ਪ੍ਰਧਾਨ ਕੇਵਲ ਧਾਲੀਵਾਲ ਅਤੇ ਪ੍ਰੋਗਰਾਮ ਦੇ ਸੰਚਾਲਕ ਹਰਿੰਦਰ ਸੋਹਲ ਹਥੋਂ ਸਨਮਾਨ ਵੀ ਕੀਤਾ ਗਿਆ। ਇਸ ਉਪਰੰਤ ਸਾਰੀ ਟੀਮ ਫ਼ਿਲਮ ਦੇ ਪ੍ਰਚਾਰ ਲਈ ‘ਸਾਡਾ ਪਿੰਡ’ ਲਈ ਰਵਾਨਾ ਹੋ ਗਈ।