ਜਦੋਂ ਕੋਈ ਲੇਖਕ/ਨਿਰਦੇਸ਼ਕ ਆਪਣੇ ਸਮਾਜ, ਆਪਣੇ ਕਲਚਰ, ਜਿੱਥੇ ਕਿ ਉਹ ਰਹਿ ਰਿਹਾ ਹੋਵੇ ਦੇ ਆਲੇ ਦੁਆਲੇ, ਉਥੋਂ ਦੇ ਸਮਾਜਿਕ ਸਰੋਕਾਰ, ਆਪਸੀ ਸਮਾਜਿਕ/ਪਰਿਵਾਰਕ ਰਿਸ਼ਤੇ, ਸਮੇ-ਸਮੇ ਬਦਲਦੀਆਂ ਪ੍ਰਸਥਿੱਤਿਆਂ, ਵਾਪਰਦੀਆਂ ਸੁਖਾਵੀਆਂ ਅਣਸੁਖਾਵੀਆਂ, ਟੁੱਟਦੇ ਜੁੜਦੇ ਪ੍ਰੇਮ ਸਬੰਧਾਂ ਦਾ ਸਹੀ ਅਨੁਭਵ ਆਪਣੀ ਕਲਮ ਰਾਹੀਂ ਫ਼ਿਲਮੀ ਕਹਾਣੀ ਰੂਪੀ ਵਿਉਂਤਬੰਧੀ ਕਰ ਕੇ ਪਰਦੇ ਤੇ ਉਤਾਰਦਾ ਤਾਂ ਉਤਪਣ ਹੁੰਦੀ ਹੈ ‘ਇੱਕੋ ਮਿੱਕੇ’ ਜਿਹੀ ਸਾਰਥਕ ਸਿਨੇਮਾਂ ਦੀ ਗਵਾਹੀ ਭਰਦੀ ਫ਼ਿਲਮ ।
ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਚਾਹਾਂਗਾ ਇਸ ਫ਼ਿਲਮ ਦੇ ਨੌਜਵਾਨ ਲੇਖਕ/ਨਿਰਦੇਸ਼ਕ ਪੰਕਜ ਵਰਮਾ ਨੂੰ ਜਿਸ ਨੇ ਆਪਣੀ ਸੋਚ ਅਤੇ ਤਜ਼ੁਰਬੇ ਨੂੰ ਬੜੇ ਸੁਲਝੇ ਹੋਏ ਤਰੀਕੇ ਪਰਦੇ ਉਤੇ ਉਤਾਰ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਜੇ ਫ਼ਿਲਮ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਭਾਵੇਂ ਇਹ ਬਹੁਤ ਹੀ ਆਮ ਵਿਸ਼ਾ ਹੈ ਅਤੇ ਹਰ ਘਰ ਦੀਆਂ ਪ੍ਰਸਸਤਿੱਥੀਆਂ ਨਾਲ ਜੁੜਿਆ ਹੋਇਆ ਹੈ ਕਿ ਕਿਵੇਂ ਅਸੀ ਜਵਾਨੀ ਵੇਲੇ ਦੀ ਜਜ਼ਬਾਤੀ ਉਮਰੇ ਵਿਆਹ ਸ਼ਾਦੀ ਵਰਗੇ ਅਹਿਮ ਫੈਸਲੇ ਪ੍ਰੇਮ ਸਬੰਧਾਂ ਦੇ ਚਲਦਿਆਂ ਜਲਦਬਾਜ਼ੀ ਵਿਚ ਲੈ ਲੈਂਦੇ ਹਾਂ, ਪਰ ਜਦੋਂ ਸਮਾਜ/ਪਰਿਵਾਰ ਦੇ ਹਕੀਕਤਨ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾਂ ਹੈ ਤਾਂ ਇਕ ਦੂਜੇ ਨੂੰ ਸਮਝਣ ਅਤੇ ਵਿਸ਼ਵਾਸ ਕਰਨ ਦੀ ਬਜਾਏ, ਵਿਚਾਰਾਂ ਦੇ ਵੱਖਰਿਵਿਆਂ ਦੇ ਚਲਦੇ ਗਲਤਫਿਮੀਆਂ ਦੀ ਸ਼ਿਕਾਰ ਹੋ ਕੇ ਤਲਾਕ ਵਰਗੇ ਇੱਕ ਹੋਰ ਗਲਤ ਫੈਸਲੇ ਦੇ ਰਾਹੇ ਪੈ ਜਾਂਦੇ ਹਾਂ। ਇਸ ਤੋਂ ਇਲਾਵਾ ਵੀ ਕਹਾਣੀ ਦੇ ਕਈ ਪਹਿਲੂ ਹਨ ਜੋ ਆਮ ਬੰਦੇ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਹਨ ਜਿਨਾਂ ਰਾਹੀਂ ਮਾਂ-ਬਾਪ, ਛੇਟੇ-ਵੱਡੇ ਭੈਣ ਭਰਾ, ਸੱਸ ਸੁਹਰਾ, ਨਨਾਣ ਭਰਜਾਈ, ਯਾਰ ਦੋਸਤ ਆਦਿ ਦੇ ਰਿਸ਼ਤਿਆਂ, ਨੋਕਰੀ ਪੇਸ਼ਾ ਲੋਕਾਂ ਦੇ ਘਰ-ਬਾਹਰ ਦੀ ਸਤਿਥੀ ਅਤੇ ਅਜਿਹੀਆਂ ਹੋਰ ਵੀ ਕਈ ਗੱਲਾਂ ਬਾਤਾਂ ਹਨ ਜੋ ਕਿ ਫ਼ਿਲਮ ਵੇਖ ਕੇ ਹੀ ਪਤਾ ਲਗਦਾ ਹੈ, ਦਾ ਜ਼ਿਕਰ ਬੜੇ ਹੀ ਦਿਲਚਸਪ ਅਤੇ ਮਨੋਰੰਜਨ ਭਰਪੂਰ ਤਰੀਕੇ ਨਾਲ ਕਰ ਕੇ ਜ਼ਿੰਦਗੀ ਦੀਆ ਛੋਟੀਆਂ-ਵੱਡੀਆਂ ਉਲਝਣਾਂ ਦੇ ਸਰਲ ਹਲ ਕੱਢ ਕੇ ਦਰਸ਼ਕਾਂ ਨੂੰ ਸਹੀ ਸੰਦੇਸ਼ ਦੇਣ ਦੀ ਕੇਸ਼ਿਸ਼ ਕੀਤੀ ਗਈ ਹੈ। ਮੈਂ ਤਾਂ ਇਸ ਆਮ ਵਿਸ਼ੇ ਨੂੰ ਫ਼ਿਲਮ ਦੀ ਖੂਬਸੂਰਤੀ ਦਾ ਹਿੱਸਾ ਹੀ ਕਹਾਂਗਾ ਕਿਉਂ ਆਮ ਵਿਸ਼ੇ ਹੀ ਆਮ ਬੰਦੇ ਨਾਲ ਜੁੜੇ ਹੁੰਦੇ ਹਨ ਅਤੇ ਆਮ ਬੰਦਾ ਹੀ ਸਾਡੇ ਸਿਨੇਮਾਂ ਦਾ ਮੁੱਢਲਾ ਦਰਸ਼ਕ ਹੈ ਜੋ ਕਿਸੇ ਫ਼ਿਲਮ ਦੇ ਹਿੱਟ ਹੋਣ ਵਿੱਚ ਮੁੱਢਲਾ ਯੋਗਦਾਨ ਪਾਉਂਦਾ ਹੈ ।
ਫ਼ਿਲਮ ਵਿਚਲੇ ਬਾਕੀ ਪਰਿਵਾਰਕ ਮਸਲਿਆਂ ਵਿੱਚੋਂ ਜਿਸ ਮਸਲੇ ਤੇ ਫ਼ਿਲਮ ਦਾ ਮੁੱਖ ਫੋਕਸ ਹੈ, ਉਹ ਹੈ ਲਵ ਮੈਰਿਜ਼ ਤੋਂ ਬਾਅਦ ਪਤੀ ਪਤਨੀ ਚ ਕਈ ਕਾਰਨਾ ਕਰ ਕੇ ਪੈਦੇ ਹੁੰਦੀਆਂ ਗਲਤਫਿਹਮੀਆਂ ਜੋ ਰਿਸ਼ਤੇ ਤਿੜਕਣ ਦੀ ਨੌਬਤ ਤੱਕ ਪਹੁੰਚਦੀਆਂ ਹਨ। ਵੈਸੇ ਤਾਂ ਕਈ ਹਿੰਦੀ ਫ਼ਿਲਮਾਂ ਵਿਚ ਅਜਿਹੇ ਮਸਲੇ ਅਤੇ ਉਨਾਂ ਦੇ ਸਾਰਥਕ ਹਲ ਵਿਖਾਏ ਗਏ ਹਨ ਅਤੇ ਪਤੀ-ਪਤਨੀ ਦੇ ਰਿਸ਼ਤਿਆਂ ਵਿਚ ਆਪਸੀ ਮਿਸਅੰਡਰਸਟੈਂਡਿੰਗ ਨੂੰ ਦੂਰ ਕਰਨ ਲਈ ਆਪਸ ਵਿੱਚ ਮੁਬਾਈਲ ਐਕਸਚੇਂਜ ਦੀ ਇੱਕ ਸ਼ੋਰਟ ਜਿਹੀ ਮੂਵੀ ਵੀ ਨੈੱਟ ਤੇ ਵੇਖੀ ਜਾ ਚੁੱਕੀ ਹੈ। ਪਰ ‘ਇੱਕੋ ਮਿੱਕੇ’ ਵਿਚ ਲੇਖਕ ਦੀ ਨਿਵੇਕਲੀ ਅਤੇ ਦਰਸ਼ਕਾਂ ਨੂੰ ਸਰਲਤਾ ਨਾਲ ਗੱਲ ਸਮਝਾਉਣ ਵਾਲੀ ਦਿਲਚਸਪ ਸੋਚ ਵਾਲੇ ਤਰੀਕੇ ਦਾ ਜ਼ਿਕਰ ਜ਼ਰੂਰੀ ਹੈ। ਮੈਂ ਗੱਲ ਕਰ ਰਿਹਾ ਫ਼ਿਲਮ ਵਿਚ ਪਤਨੀ ਪਤਨੀ ਦੇ ਇੱਕ ਕਾਰ ਐਕਸੀਡੈਂਟ ਤੋਂ ਬਾਅਦ ਮਰਨ ਉਪਰੰਤ ਦੋਹਾਂ ਦੀਆਂ ਰੂਹਾਂ ਦੇ ਆਪਸ ਵਿਚ ਤਬਾਦਲੇ। ਫ਼ਿਲਮ ਦੇ ਟ੍ਰੇਲਰ ਤੋਂ ਇਹ ਸੀਨ ਕੁੱਝ ਅਟਪਟਾ ਵੀ ਕਿਹਾ ਜਾ ਰਿਹਾ ਸੀ ਪਰ ਫ਼ਿਲਮ ਵੇਖਣ ਉਪਰੰਤ ਇਹ ਗੱਲ ਸਪਟਸ਼ ਹੁੰਦੀ ਹੈ ਕਿ ਪਤੀ ਪਤਨੀ ਦੀਆਂ ਆਪਸੀ ਗਲਤਫਿਹਮੀਆਂ, ਇਕ ਦੂਜੇ ਨੂੰ ਅੰਦਰੂਣੀ ਤੋਰ ਤੇ ਸਮਝਣ ਦੀਆਂ ਕੋਸ਼ਿਸ਼ਾਂ ਨੂੰ ਸਰਲਤਾ ਨਾਲ ਸਫਲ ਬਨਾਉਣ ਲਈ ਇਹ ਇੱਕ ਬੈਸਟ ਸਿੰਬੋਲਿਕ ਜਾਂ ਕਹਿ ਲਓ ਫਿਕਸ਼ਨ ਰੂਪੀ ਤਰੀਕਾ ਸੀ ਕਿ ਪਤੀ ਅੰਦਰ ਪਤਨੀ ਦੀ ਰੂਹ ਵਾੜ ਦਿੱਤੀ ਜਾਏ ਅਤੇ ਪਤਨੀ ਅੰਦਰ ਪਤੀ ਦੀ, ਤਾਂ ਕਿ ਬਦਲੀਆਂ ਰੂਹਾਂ ਦੇ ਅਸਲ ਸ਼ਰੀਰਕ ਰੂਪਾਂ ਵਿਚ ਇਕ ਦੂਜੇ ਦੀ ਥਾਂ ਪੁੱਜ ਕੇ ਉਨਾਂ ਹਾਲਾਤਾਂ ਚੋਂ ਗੁਜ਼ਰਨ ਜਿੱਥੋ ਆਪਸੀ ਰਿਸ਼ਤੇ ਟੁੱਟਣ ਜਿਹੇ ਨਾਜ਼ਕ ਹਾਲਾਤ ਪੈਦਾ ਹੁੰਦੇ ਹਨ ਅਤੇ ਫ਼ਿਲਮ ਦੇ ਇਸ ਹਿੱਸੇ ਨੂੰ ਫਿਲਮਾਉਣ ਲਈ ਨਿਰਦੇਸ਼ਕ ਨੇ ਬੜੀ ਸਿਆਣਪ ਅਤੇ ਬਰੀਕੀ ਨਾਲ ਕੰਮ ਲਿਆ ਤਾਂ ਕਿ ਦਰਸ਼ਕ ਉਲਝੇ। ਇਸੇ ਲਈ ਫ਼ਿਲਮ ਦਾ ਇਹ ਹਿੱਸਾ ਦਰਸ਼ਕਾਂ ਨੂੰ ਰੋਚਕਤਾ ਨਾਲ ਗੱਲ ਸਮਝਣ ਲਈ ਉਨਾਂ ਨੂੰ ਬੰਨੀ ਵੀ ਰੱਖਦਾ। ਜਦਕਿ ਫ਼ਿਲਮ ਦਾ ਪਹਿਲਾ ਹਿੱਸਾ ਹਲਕਾ ਜਿਹਾ ਸਲੋਅ ਤਾਂ ਜ਼ਰੂਰ ਲਗਦਾ ਹੈ ਪਰ ਵਧੀਆ ਸੰਗੀਤ ਅਤੇ ਅਰਥ ਭਰਪੂਰ ਸੰਵਾਦ ਪ੍ਰਧਾਨ ਹੋਣ ਕਾਰਨ ਉਹ ਵੀ ਦਰਸ਼ਕਾਂ ਤੇ ਆਪਣੀ ਪਕੜ ਟੁੱਟਣ ਨਹੀਂ ਦਿੰਦਾ ਅਤੇ ਇਸੇ ਨੂੰ ਹੀ ਅਸੀ ਬੈਸਟ ਸਕਰੀਨ ਪਲੇਅ ਅਤੇ ਸੰਵਾਦ ਰਚਨਾ ਕਹਿ ਸਕਦੇ ਹਾਂ ਜਿਸ ਨਾਲ ਕੁੱਲ ਮਿਲਾ ਕੇ ਇਹ ਇਕ ਵਧੀਆ ਫ਼ਿਲਮ ਲਗਦੀ ਹੈ।
ਬਾਕੀ ਫ਼ਿਲਮ ਨੇ ਇਹ ਵੀ ਸਾਬਤ ਕੀਤਾ ਹੈ ਕਿ ਕਿ੍ਰਏਟਿਵ ਅਤੇ ਕਲਾ ਪ੍ਰਮੁੱਖ ਸਿਨੇਮਾ ਜਿੱਥੇ ਤੁਹਾਡਾ ਵਿਸ਼ਾ ਬੋਲਦਾ ਹੇਵੇ, ਦਾ ਵੱਡੇ ਬਜਟਾਂ, ਖਾਹ ਮ ਖਾਹ ਦੀ ਕਾਮੇਡੀ ਜਾਂ ਫ਼ਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਕਿਸੇ ਵੀ ਰੂਪ ਚ ਵਰਤੇ ਜਾਂਦੇ ਗੈਰ ਜ਼ਰੂਰੀ, ਅਸੱਭਿਅਕ ਹੱਥਕੰਡਿਆਂ ਨਾਲ ਕੋਈ ਸਬੰਧ ਨਹੀਂ। ਇਸ ਫ਼ਿਲਮ ਰਾਹੀਂ ਨਵੇਂ ਜਾਂ ਘੱਟ ਅੱਗੇ ਆਏ ਚਿਹਰਿਆਂ ਨੂੰ ਸੋਹਣੀ ਥਾਂ ਦੇਣੀ ਵਧੀਆ ਚਲਣ ਹੈ। ਇੱਕ ਵੱਡੇ ਕਲਾਕਾਰ ਦੇ ਨਾਲ ਕੰਮ ਕਰ ਕੇ ਇਨਾਂ ਲਈ ਕਈ ਹੋਰ ਰਸਤੇ ਵੀ ਖੁੱਲ੍ਹ ਜਾਂਦੇ ਹਨ। ਸਭ ਨੇ ਬਹੁਤ ਵਧੀਆਂ ਕੰਮ ਕੀਤਾ ਹੈ। ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫ਼ਿਲਮ ਨੇ ਹੀ ਉਸ ਦੀ ਅਦਾਕਾਰੀ ਲਈ ਵਿਖਾਈ ਮਿਹਨਤ ਕਾਰਨ ਨਜ਼ਰ ਆਉਂਦੀ ਉਸ ਦੀ ਗਾਇਕੀ ਵਾਂਗ ਅਭਿਨੈ-ਨਿਪੁੰਨਤਾ ਦਰਸ਼ਕਾਂ ਦੇ ਮਨਾਂ ਨੂੰ ਤਸੱਲੀ ਦਿੰਦੀ ਹੈ ਅਤੇ “ਬਲੈਕ ਪਿ੍ੰਸ” ਤੋਂ ਵੀ ਵੱਧ ਨਿੱਖਰੀ ਹੋਈ ਹੈ। ਬਤੌਰ ਹੀਰੋ ਵੀ ਸਰਤਾਜ ਖੂਬ ਜਚਿਆ ਹੈ।
ਸਰਤਾਜ ਦੀ ਲਿਖਣ ਅਤੇ ਗਾਉਣ ਦੀ ਵਿਲੱਖਣ ਸ਼ੈਲੀ ਨੂੰ ਰੂਹਦਾਰ ਸੰਗੀਤ ਵਿੱਚ ਢਾਲਣ ਦਾ ਕੰਮ ਬੀਟ ਮਨੀਸਟਰ ਨੇ ਬਾਖੂਬੀ ਕੀਤਾ ਹੈ। ਪੰਜਾਬੀ ਸਿਨੇਮਾ ਨੂੰ ਇਸ ਵਰ੍ਹੇ ਦੀ ਸਭ ਤੋਂ ਸ਼ਾਨਦਾਰ ਫ਼ਿਲਮ ਦੇਣ ਲਈ ਪੰਜਾਬੀ ਸਕਰੀਨ ਅਦਾਰੇ ਵੱਲੋਂ ਸਾਰੀ ਮਿਹਨਤੀ ਟੀਮ ਦਾ ਧੰਨਵਾਦ ਅਤੇ ਸਭ ਨੂੰ ਵਧਾਈਆਂ। ਇਹ ਫ਼ਿਲਮ ਅਜੋਕੇ ਸਮਾਜ ਦੇ ਨਾਲ ਨਾਲ ਵਿਸ਼ੇਸ਼ਕਰ ਅੱਜ ਦੀ ਅਪਗਰੇਡਡ ਨੋਜਵਾਨ ਪੀੜ੍ਹੀ ਦੀ ਜ਼ਿੰਦਗੀ ਦੇ ਹਰ ਪਹਿਲੂ ਨਾਲ ਵੀ ਜੁੜੀ ਹੋਈ ਹੈ, ਸੋ ਉਮੀਦ ਹੈ ਕੇ ਵਧੀਆ ਸਿਨੇਮਾ ਦਾ ਚਾਹਵਾਨ ਦਰਸ਼ਕ ਇਸ ਫ਼ਿਲਮ ਨੂੰ ਪਰਿਵਾਰਾਂ ਸਮੇਤ ਵੇਖ ਕੇ ਸਭ ਦੀ ਹੌਸਲਾ ਅਫਜਾਈ ਜ਼ਰੂਰ ਕਰੇਗਾ ਤਾਂ ਕਿ ਹੋਰ ਵੀ ਵਧੀਆ ਫ਼ਿਲਮਾਂ ਬਣ ਸਕਣ ਅਤੇ ਪੰਜਾਬੀ ਸਿਨੇਮਾ ਦਾ ਅਕਸ ਦੁਨੀਆਂ ਭਰ ਵਿੱਚ ਹੋਰ ਫਖਰ ਭਰਪੂਰ ਹੋ ਸਕੇ।
– ਦਲਜੀਤ ਅਰੋੜਾ