“ਮਸਤਾਨੇ” ਸਿਰਫ ਇਕ ਫ਼ਿਲਮ ਨਹੀਂ ਹੈ ਇਸ ਵਿਚ ਫ਼ਿਲਮ ਮੇਕਰਾਂ ਦੀ ਪੰਜਾਬੀ ਸਿਨੇਮਾ ਪ੍ਰਤੀ ਮਸਤਾਨਗੀ, ਦੀਵਾਨਗੀ, ਜਨੂੰਨ ਤੇ ਚੁੱਕੇ ਗਏ ਜ਼ੌਖਮ ਦਾ ਅਹਿਸਾਸ ਝਲਕਦਾ ਹੈ ਅਤੇ ਇਸ ਤੋਂ ਬਿਨਾਂ ਇਹ ਫ਼ਿਲਮ ਬਨਾਉਣੀ ਮੁਮਕਿਨ ਨਹੀਂ ਸੀ।
ਪਿਛਲੇ 15 ਸਾਲਾ ਦੇ ਪੰਜਾਬੀ ਸਿਨੇਮਾ ਇਤਹਾਸ ਦੀ ਸ਼ਾਇਦ ਇਹ ਦੂਜੀ ਫਿਲਮ ਹੈ ਜਿਸ ਨੇ ਪੰਜਾਬੀ ਸਿਨੇਮਾ ਦੀ ਵਿਲੱਖਣਤਾ ਦੇ ਨਾਲ ਨਾਲ ਪੰਜਾਬੀ ਸਹਿਤ ਤੇ ਇਤਹਾਸ ਦੇ ਵਿਰਾਸਤੀ ਖਜ਼ਾਨੇ ਚੋਂ ਕੁਝ ਖਾਸ ਕੱਢ ਕੇ ਸਿਨੇਮਾ ਦਰਸ਼ਕਾਂ ਅੱਗੇ ਪੇਸ਼ ਕੀਤਾ ਹੈ । ਪਹਿਲੀ ਫਿਲਮ ਸੀ “ਚਾਰ ਸਾਹਿਬਜ਼ਾਦੇ” ਤੇ ਦੂਜੀ ਇਹ ਹੈ ਮਸਤਾਨੇ। ਫ਼ਿਲਮਾਂ ਤੋਂ ਹੋਰ ਵੀ ਬਣੀਆਂ ਅਤੇ ਉਹਨਾਂ ਨੇ ਚੌਖਾ ਵਪਾਰ ਵੀ ਕੀਤਾ ਪਰ ਉਹ ਕਿਸੇ ਨਾ ਰਵਾਇਤਨ ਫਿਲਮੀ ਵਿਸ਼ੇ ਅਤੇ ਵਪਾਰਕ ਐਂਗਲ ਨਾਲ ਜੁੜੀਆਂ ਸਨ ਮਗਰ ਇਹਨਾਂ ਫ਼ਿਲਮਾ ਨੇ ਜਿੱਥੇ ਹਟਵਾਂ ਵਿਸ਼ਾ ਸੁਨਿਹਰੀ ਪਰਦੇ ਤੇ ਉਤਾਰਿਆ ਉੱਥੇ ਮੌਜੂਦਾ ਸਮਾਜ ਦੇ ਨਾਲ ਨਾਲ ਨਵੀਂ ਸਿੱਖ ਪੀੜੀ ਨੂੰ ਆਪਣੀਆਂ ਜੜਾਂ ਤੋਂ ਕਲਾਤਮਕ ਢੰਗ ਨਾਲ ਜਾਣੂ ਕਰਵਾਇਆ।
ਗੱਲ ਫ਼ਿਲਮ “ਮਸਤਾਨੇ” ਦੀ ਤਾਂ ਇਸ ਨੂੰ ਸਿਰਫ ਧਾਰਮਿਕ ਫ਼ਿਲਮ ਜਾਂ ਸਿੱਖ ਇਤਿਹਾਸ ਨਾਲ ਜੁੜੀ ਫ਼ਿਲਮ ਹੀ ਨਹੀਂ ਕਹਾਂਗੇ ਕਿਉਂਕਿ ਇਸ ਦਾ ਦਾਇਰਾ ਬਹੁਤ ਵਿਸ਼ਾਲ ਹੈ ਤੇ ਸਮੁੱਚੀ ਖਲਕਤ ਨਾਲ ਸਬੰਧ ਰੱਖਦਾ ਹੈ।
ਇਸ ਫ਼ਿਲਮ ਵਿਚਲੇ ਨਿਪੁੰਨ ਐਕਟਰਾਂ ਵਲੋਂ ਨਿਭਾਏ ਅਹਿਮ ਕਿਰਦਾਰਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੀ ਅਦਾਕਾਰੀ ਨਾਲੋ ਵੱਧ ਇਹਨਾਂ ਕਿਰਦਾਰਾਂ ਦੀ ਪ੍ਰਭਾਸ਼ਾ ਨੂੰ ਸਮਝਣ ਦੀ ਲੋੜ ਹੈ।
ਇਹਨਾਂ ਸਾਰੇ ਕਿਰਦਾਰਾਂ ਨੂੰ ਨਿਰਦੇਸ਼ਕ ਸ਼ਰਨ ਆਰਟ ਨੇ ਇਕ ਦੂਜੇ ਦੀ ਪ੍ਰਤਿਭਾ ਸਹਾਰੇ ਉਭਾਰ ਕੇ ਬਾਕਮਾਲ ਤਰੀਕੇ ਨਾਲ ਹਾਈਟ ਦਿੱਤੀ ਹੈ, ਤਾਂ ਹੀ ਦਰਸ਼ਕ ਇਹਨਾਂ ਨਾਲ ਸੰਜੀਦਗੀ ਨਾਲ ਜੁੜ ਸਕਿਆ।
ਫ਼ਿਲਮ ਵਿਚਲੇ ਮਨਾਦਰ ਸ਼ਾਹ (ਰਾਹੁਲ ਦੇਵ) ਅਤੇ ਜ਼ਕਰੀਆਂ ਖਾਨ (ਅਵਤਾਰ ਗਿੱਲ) ਵਰਗੇ ਨੈਗੇਟਿਵ ਕਿਰਦਾਰਾਂ ਨੇ ਜਿੱਥੇ ਆਪਣੀ ਦੱਮਦਾਰ ਅਦਾਕਾਰੀ ਅਤੇ ਸੰਵਾਦ ਸ਼ੈਲੀ ਨਾਲ ਇਹਨਾਂ ਪੰਜ ਕਿਰਦਾਰਾਂ ਤਰਸੇਮ ਜੱਸੜ-ਜ਼ਹੂਰ
ਗੁਰਪ੍ਰੀਤ ਘੁੱਗੀ-ਕਲੰਦਰ
ਕਰਮਜੀਤ ਅਨਮੋਲ-ਬਸ਼ੀਰ
ਹਨੀ ਮੱਟੂ-ਜ਼ੁਲਫੀ
ਅਤੇ ਬਰਿੰਦਰ ਬੰਨੀ ਦੇ ਫੀਨਾ ਰੂਪੀ ਕਿਰਦਾਰਾਂ ਦੀ ਛਵੀ ਨੂੰ ਉਭਾਰ ਕੇ ਸਿੱਖਾਂ ਲਈ ਗੌਰਵਮਈ ਬਣਾਇਆ ਉਸੇ ਤਰਾਂ ਉਪਰੋਕਤ ਪੰਜਾਂ ਕਿਰਦਾਰਾਂ ਨੇ ਵੀ ਰਾਹੁਲ ਦੇਵ ਅਤੇ ਅਵਤਾਰ ਗਿੱਲ ਦੀ ਨੈਗੇਟਿਵੀਟੀ ਵਾਲੀ ਛਵੀ ਨੂੰ ਆਪੋ ਆਪਣੀ ਅਦਾਕਾਰੀ ਰਾਹੀਂ ਬਾਖੂਬੀ ਬਿਲਡ ਕੀਤਾ ਹੈ।
ਕਹਿਣ ਦਾ ਮਤਲਬ ਕੇ ਕੋਈ ਵੀ ਕਿਸੇ ਤੋਂ ਘੱਟ ਸਾਬਤ ਨਹੀ ਹੋਇਆ।
ਜਿੱਥੇ ਗੁਰਪ੍ਰੀਤ ਘੁੱਗੀ ਇਹਨਾਂ ਸਾਰੇ ਕਿਰਦਾਰਾਂ ਵਿਚਲਾ ਦੱਮਦਾਰ ਕੇਂਦਰ ਬਿੰਦੂ ਬਣਿਆ ਰਿਹਾ ਉੱਥੇ ਕਰਮਜੀਤ ਅਨਮੋਲ ਨੇ ਵੀ ਇਕ ਵਾਰ ਫਿਰ ਆਪਣੀ ਵਿਲੱਖਣ ਅਭਿਨੈ ਸ਼ੈਲੀ ਨਾਲ ਦਰਸ਼ਕਾਂ ਨੂੰ ਕਿਲਿਆ। ਬਰਿੰਦਰ ਬੰਨੀ ਅਤੇ ਹਨੀ ਮੱਟੂ ਨੇ ਵੀ ਉਹਨਾਂ ਨੂੰ ਮਿਲਿਆ ਇਹ ਵੱਡਾ ਮੌਕਾ ਵਿਅਰਥ ਨਹੀਂ ਜਾਣ ਦਿੱਤਾ ਅਤੇ ਆਪਣੇ ਕਿਰਦਾਰਾਂ ਵਿਚ ਅਜਿਹੇ ਖੁੱਬੇ ਕਿ ਦਰਸ਼ਕ ਵੀ ਹੈਰਾਨ ਸਨ।
ਤਰਸੇਮ ਜੱਸੜ ਨੇ ਵੀ ਰੱਬ ਦਾ ਰੇਡੀਓ, ਸਰਦਾਰ ਮੁਹੰਮਦ ਅਤੇ ਖਾਸਕਰ ਗਲਵਕੜੀ ਵਿਚਲੀ ਵਿਲੱਖਣ ਅਦਾਕਾਰੀ ਤੋਂ ਬਾਅਦ ਇਕ ਵਾਰ ਫੇਰ ਆਪਣੇ ਅਭਿਨੈ ਦੀ ਨਵੀਂ ਸ਼ੈਲੀ ਪੇਸ਼ ਕਰਨ ਵਿਚ ਕਾਮਯਾਬ ਰਿਹਾ।
ਸਿਮੀ ਚਾਹਲ ਵਲੋਂ ਨਿਭਾਏ ਗਏ ਕਿਰਦਾਰ ਦੇ ਨਾਲ ਤਰਸੇਮ ਜੱਸੜ ਦੀ ਪ੍ਰੇਮੀ-ਪ੍ਰੇਮੀਕਾ ਵਾਲੀ ਭਾਗੀਦਾਰੀ ਵੀ ਫ਼ਿਲਮ ਦਾ ਦਿਲਚਸਪ ਪਹਿਲੂ ਹੈ ਜਿੱਥੇ ਇਹ ਦਰਸ਼ਕਾਂ ਲਈ ਮਨੋਰੰਜਨ ਦਾ ਸਬੱਬ ਬਣਦਾ ਹੈ ਉੱਥੇ ਅਨਿਆਏ ਵਿਰੁੱਧ ਜੁਟਣ ਦੀ ਹਿੰਮਤ ਦਾ ਵੀ ਪ੍ਰਤੀਕ ਹੈ।
ਭਾਵੇਂ ਕਿ ਫ਼ਿਲਮ ਵਿਚਲੇ ਅਹਿਮ ਕਿਰਦਾਰ ਇਤਹਾਸ ਦਾ ਹਿੱਸਾ ਹਨ ਪਰ ਇਹਨਾਂ ਦੀ ਕਲਾਤਮਕ ਪੇਸ਼ਕਾਰੀ ਦਾ ਹੀ ਨਤੀਜਾ ਹੈ ਕਿ ਸਿਨੇਮਾ ਘਰ ਅੰਦਰ ਬੈਠਾ ਹਰ ਦਰਸ਼ਕ ਜਜ਼ਬਾਤਾਂ ਨਾਲ ਭਰਿਆ ਸਿੱਖ ਕੌਮ ਤੇ ਨਾਜ਼ ਮਹਿਸੂਸ ਕਰਦਾ ਹੋਇਆ ਤਾੜੀਆਂ ਦੀ ਗੂੰਜ ਨਾਲ ਫ਼ਿਲਮ ਦਾ ਸਵਾਗਤ ਅਤੇ ਮੇਕਰਾਂ ਨੂੰ ਸਲੈਊਟ ਕਰਦਾ ਹੈ।
ਇਸ ਫ਼ਿਲਮ ਰਾਹੀਂ ਪਰਦਾਪੇਸ਼ ਇਨਸਾਨੀਅਤ ਉੱਤੇ ਜ਼ੁਲਮ ਵਿਰੁੱਧ ਨਿੱਤਰੇ ਜੁਝਾਰੂਆਂ ਦੀ ਬਹਾਦਰੀ ਭਰਪੂਰ ਗਾਥਾ ਇਹੀ ਬਿਆਨ ਕਰਦੀ ਹੈ ਕਿ ਕਿਸੇ ਵੀ ਧਰਮ ਨਾਲ ਜੁੜਿਆ ਕੋਈ ਵੀ ਵਿਅਕਤੀ ਜ਼ੁਲਮ ਵਿਰੁੱਧ ਇਸੇ ਤਰਾਂ ਹੀ ਖੜੇ ਹੋਣ ਦੀ ਹਿੰਮਤ ਰੱਖੇ ਤਾਂ ਅਸੀ ਇਕ ਬੇਖੌਫ ਸਮਾਜ ਸਿਰਜ ਸਕਦੇਂ ਹਾਂ ।
ਬਾਕੀ ਸਿੱਖ ਕੌਮ ਲਈ ਤਾਂ ਇਹ ਹੈ ਹੀ ਮਾਣ ਵਾਲੀ ਗੱਲ ਕਿ ਇਹੋ ਜਿਹੇ ਬੇਮਿਸਾਲ ਬਹਾਦਰੀ ਦੇ ਕਾਰਨਾਮੇ ਉਹਨਾਂ ਦੇ ਹਿੱਸੇ ਆਏ। ਚਾਹੇ ਬਾਬਰ, ਜਹਾਂਗੀਰ, ਔਰੰਗਜ਼ੇਬ, ਨਾਦਰ ਸ਼ਾਹ, ਜ਼ਕਰੀਆ ਖਾਨ, ਅਹਿਮਦ ਸ਼ਾਹ ਅਬਦਾਲੀ, ਸੂਬਾ ਸਰਹੰਦ ਵਜ਼ੀਰ ਖਾਨ ਤੇ ਜਿਹੇ ਅਜਿਹੇ ਅਨੇਕਾਂ ਜ਼ਾਲਮ ਸਾਸ਼ਕਾਂ ਦੇ ਅਨਿਆਏ ਵਿਰੁੱਧ ਖੜ ਕੇ ਲੜ ਮਰਨ ਦੀ ਗੱਲ ਹੋਵੇ ਜਾਂ ਫਿਰ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਵਿਰੁੱਧ ਪਾਇਆ ਸਿੱਖ ਕੌਮ ਦਾ ਵੱਡਮੁੱਲਾ ਯੋਗਦਾਨ ਹੋਵੇ।
ਇਕ ਗੱਲ ਇਹ ਵੀ ਹੈ ਕਿ ਸਿੱਖ ਕੌਮ ਨੇ ਕਦੇ ਕਿਸੇ ਤੇ ਅਹਿਸਾਸ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀ ਹਿੰਦ ਰਾਸ਼ਟਰ ਦੇ ਲੋਕਾਂ ਦੀ ਰੱਖਿਆ-ਸੁਰੱਖਿਆ ਲਈ ਕੀ ਕੁਝ ਕੀਤਾ।
ਸਿੱਖ ਕੌਮ ਨੇ ਸਮੇ ਸਮੇ ਤੇ ਹਮੇਸ਼ਾ
“ਨਾ ਕੋ ਬੈਰੀ ਨਹੀ ਬੇਗਨਾ,
ਸਗਲ ਸੰਗਿ ਹਮ ਕਉ ਬਨਿ ਆਈ”
ਦੇ ਸੰਕਲਪ ਅਨੁਸਾਰ ਆਪਣੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚਲਦਿਆਂ ਇਨਸਾਨੀਅਤ ਪ੍ਰਤੀ ਆਪਣਾ ਫਰਜ਼ ਹੀ ਅਦਾ ਕੀਤਾ ਹੈ ਤੇ ਅੱਜ ਵੀ ਇਨਸਾਨੀਅਤ ਦੀ ਸੇਵਾਂ ਦੀਆਂ ਨਵੀਆਂ ਮਿਸਾਲਾਂ ਸਾਰੀ ਦੁਨੀਆਂ ਵਿਚ ਕਾਇਮ ਕੀਤੀਆਂ ਜਾ ਰਹੀਆਂ ਹਨ, ਜੋ ਰਹਿੰਦੀਆਂ ਸਦੀਆਂ ਤੱਕ ਉਦਹਾਰਣ ਬਣ ਕੇ ਪੇਸ਼ ਹੁੰਦੀਆਂ ਰਹਿਣਗੀਆਂ।
ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਕਦੇ ਵੀ ਆਪਣੀ ਨਿੱਜੀ ਮੁਫਾਦਾ ਲਈ ਕੋਈ ਜੰਗ ਨਹੀਂ ਲੜੀ ਅਤੇ ਇਸ ਫ਼ਿਲਮ ਵਿਚਲਾ ਨਾਦਰ ਸ਼ਾਹ/ਜ਼ਕਰੀਆ ਖਾਨ ਦੇ ਜ਼ੁਲਮਾਂ ਅਤੇ ਇਨਸਾਨੀਅਤ ਪ੍ਰਤੀ ਅਨਿਆਏ ਵਿਰੁੱਧ ਸਿੱਖਾਂ ਦੀ ਬਹਾਦਰੀ ਅਤੇ ਨਰਮ ਦਿਲੀ ਦਾ ਸਨਮਾਨ ਕਰਨ ਅਤੇ ਕਰਵਾਉਣ ਦੇ ਮਕਸਦ ਨਾਲ ਸਾਰੇ ਜਗਤ ਸਾਹਮਣੇ ਪੇਸ਼ ਕੀਤਾ ਇਹ ਇਤਹਾਸਕ ਕਿੱਸਾ ਜਿੱਥੇ ਨਾਸ਼ੁਕਰੇ ਲੋਕਾਂ ਲਈ ਨਸੀਹਤ ਹੈ,
ਉੱਥੇ ਇਨਸਾਨੀਅਤ ਲਈ ਪੜਾਇਆ ਜਾਣ ਵਾਲਾ ਪਾਠ ਹੈ ਜੋ ਸਭ ਨੂੰ ਸਿੱਖਣਾ ਚਾਹੀਦਾ ਹੈ ਤੇ ਖਾਸ ਤੋਰ ਤੇ ਨਵੀਂ ਜਨਰੇਸ਼ਨ ਨੂੰ ਇਸ ਇਤਹਾਸ ਦਾ ਪਤਾ ਹੋਣਾ ਚਾਹੀਦਾ ਹੈ।
ਬਾਕੀ ਫ਼ਿਲਮ ਦੇ ਹੋਰ ਰੋਚਕ ਅਤੇ ਕਲਾਤਮਕ ਪੱਖਾਂ ਦੀ ਜੇ ਗੱਲ ਕਰੀਏ ਤਾਂ ਮੈ ਸ਼ੁਰੂ ਵਿਚ ਹੀ ਕਿਹਾ ਹੈ ਕਿ ਸਹੀ ਚੁਣੇ ਗਏ ਅਦਾਕਾਰਾ ਦੇ ਨਾਲ ਨਾਲ ਨਿਰਮਾਤਾ-ਨਿਰਦੇਸ਼ਕ ਤੇ ਲੇਖਕ ਦੇ ਜਨੂੰਨ ਨਾਲ ਸਿਰਜੀ ਫ਼ਿਲਮ ਹੈ। ਇਸ ਦੇ ਸੰਗੀਤ ਅਤੇ ਸੈੱਟ ਦੀ ਦਿੱਖ (ਆਰਟ ਕਲਾ) ਤੇ ਕੀਤੀ ਗਈ ਮਿਹਨਤ ਬਾਕਮਾਲ ਹੈ।
ਬਾਕੀ ਅਜਿਹੀਆਂ ਫ਼ਿਲਮਾਂ ਅਤੇ ਉਹਨਾਂ ਵਿਚਲੇ ਕਿਰਦਾਰਾਂ ਬਾਰੇ ਨੁਕਤਾਚੀਨੀ ਜਾਂ ਨਾਕਾਰਆਤਮਕ ਟਿਪਣੀਆਂ ਕਰਨ ਵਾਲੇ ਲੋਕਾਂ ਨੂੰ ਨਸੀਹਤ ਵੀ ਹੈ ਕਿ ਹਰ ਫ਼ਿਲਮ ਨੂੰ ਵੇਖਣ ਦਾ ਨਜ਼ਰੀਆ ਇਕੋ ਜਿਹਾ ਨਹੀਂ ਹੋਣਾ ਚਾਹੀਦਾ ਹੈ।
ਕੁਝ ਫ਼ਿਲਮਾਂ ਨੂੰ ਉਹਨਾਂ ਦੇ ਮੇਕਰਾਂ ਦੀਆਂ ਭਾਵਨਾਵਾਂ ਦੇ ਐਂਗਲ ਤੋਂ ਵੇਖਣਾ ਹੀ ਸਭ ਤੋਂ ਬਿਹਤਰ ਹੋਵੇਗਾ ਕਿ ਉਹਨਾਂ ਵਿਚ ਆਪਣੀ ਵਿਰਾਸਤ, ਸਹਿਤ, ਇਤਹਾਸ ਅਤੇ ਪੰਜਾਬੀ ਸਿਨੇਮਾ ਦੀ ਸਾਰਥਕਤਾ ਬਹਾਲ ਰੱਖਣ ਲਈ ਕਿੰਨੀ ਸ਼ਿੱਦਤ ਹੈ।
ਇਹ ਫ਼ਿਲਮ ਦੂਜੇ ਸ਼ਾਨਦਾਰ ਹਫਤੇ ਵਿਚ ਕਾਮਯਾਬੀ ਨਾਲ ਵਧੀ ਹੈ ਜਿਸ ਲਈ ਫ਼ਿਲਮ ਦੀ ਸਮੁੱਚੀ ਟੀਮ ਨੂੰ ਪੰਜਾਬੀ ਸਕਰੀਨ ਅਦਾਰੇ ਵਲੋਂ ਢੇਰ ਸਾਰੀਆਂ ਮੁਬਾਰਕਾਂ ਅਤੇ ਸ਼ੁੱਭ ਕਾਮਨਾਵਾਂ। “ਵਿਹਲੀ ਜਨਤਾ” ਨੂੰ ਪ੍ਰਮਾਤਮਾ ਹਮੇਸ਼ਾਂ ਅਜਿਹੇ ਨੇਕ ਕੰਮਾ ਲਈ ਲਾਈ ਰੱਖੇ ਤਾਂ ਜੋ ਪੰਜਾਬੀ ਸਿਨੇਮਾ ਦੀ ਵਿਲੱਖਣਤਾ ਕਾਇਮ ਰਹੇ😊। -ਦਲਜੀਤ ਸਿੰਘ ਅਰੋੜਾ