ਜਦੋਂ ਅਸੀ ਸਟੇਜ ਨਾਟਕ/ਥੀਏਟਰ ਆਦਿ ਕਰਦੇ ਹਾਂ ਤਾਂ ਵਿਸ਼ੇ ਮੁਤਾਬਕ ਚੋਣਵੇਂ ਦਰਸ਼ਕਾਂ ਨੂੰ ਬੁਲਾਉਣ ਦਾ ਬਦਲ ਸਾਡੇ ਕੋਲ ਮੌਜੂਦ ਹੁੰਦਾ ਹੈ ਪਰ ਗੱਲ ਜਦੋਂ ਵੱਡੇ ਪਰਦੇ ਤੇ ਦਿਖਾਈ ਜਾਣ ਵਾਲੀ ਫੀਚਰ ਫ਼ਿਲਮ ਦੀ ਹੋਵੇ ਤਾਂ ਲੋਕ ਮਨੋਰੰਜਨ ਲਈ ਫ਼ਿਲਮ ਵੇਖਣ ਜਾਂਦੇ ਨੇ, ਜਿੰਨਾਂ ਵਿੱਚ ਇੱਕ ਮਜ਼ਦੂਰ, ਇੱਕ ਰਿਕਸ਼ਾ ਚਾਲਕ, ਅਨਪੜ੍ਹ ਜਾਂ ਪੜ੍ਹੇ ਲਿਖੇ ਲਿਖੇ ਸਭ ਇੱਕੋ ਵੇਲੇ ਇੱਕੋ ਸਿਨੇਮਾ ਹਾਲ ਵਿੱਚ ਬੈਠੇ ਹੋਏ ਹੁੰਦੇ ਹਨ ਫ਼ਿਲਮ ਚੰਗੀ ਹੋਵੇ ਜਾਂ ਮਾੜੀ, ਹਿੱਟ ਜਾਏ ਜਾ ਫਲਾਪ ਵੱਖਰੀ ਗੱਲ ਹੈ ਪਰ ਫ਼ਿਲਮ ਸਭ ਨੂੰ ਸਮਝ ਆਉਣੀ ਚਾਹੀਦੀ ਹੈ।
ਜੇ ਫ਼ਿਲਮ ਮੇਕਰਾਂ ਨੂੰ ਆਪ ਦਰਸ਼ਕਾਂ ਨੂੰ ਇਹ ਕਹਿਣਾ ਪਵੇ ਕੇ ਫ਼ਿਲਮ ਇੱਕੋ ਵਾਰ ਵੇਖਿਆਂ ਸਮਝ ਨਹੀਂ ਆਉਂਦੀ , ਫ਼ਿਲਮ ਦੇ ਦਿ੍ਸ਼ਾਂ ਬਾਰੇ ਲਿਖ ਲਿਖ ਸਮਝਾਉਣਾ ਪਵੇ ਕਿ ਇੰਝ ਕਿਉਂ ਹੋਇਆ ਤੇ ਓਹ ਕਿਉਂ ਹੋਇਆ ਤਾਂ ਸਮਝੋ ਕਿ ਤੁਸੀਂ ਅਜਿਹੀਆਂ ਗੱਲਾਂ ਕਰ ਕੇ ਆਪਣੀਆਂ ਕਮਜ਼ੋਰੀਆਂ ਖੁਦ ਜ਼ਾਹਰ ਕਰ ਰਹੇ ਹੋ, ਮੈਂ ਅਜਿਹੇ ਬੇ ਦਲੀਲੇ ਵਿਚਾਰਾਂ ਨਾਲ ਸਹਿਮਤ ਨਹੀਂ। ਯਾਰ ਤੁਸੀ ਫ਼ਿਲਮ ਬਣਾ ਕੇ ਪੂਰੇ ਪ੍ਰਚਾਰ ਨਾਲ ਥੀਏਟਰਾਂ ‘ਚ ਲਾ ਤੀ, ਗੱਲ ਖਤਮ ! ਬਾਕੀ ਦਰਸ਼ਕਾਂ ਨੂੰ ਖੁਦ ਫੈਸਲਾ ਕਰਨ ਦਿਓ ਨਾ।
ਅੱਜ ਦੇ ਮਹਿੰਗੇ ਸਮੇ ਵਿਚ ਜਿੱਥੇ ਇੱਕ ਆਮ ਬੰਦੇ ਨੂੰ ਇੱਕ ਵਾਰ ਫ਼ਿਲਮ ਦੇਖਣ ਲਈ ਸਮਾਂ ਤੇ ਪੈਸਾ ਦੋਵਾਂ ਬਾਰੇ ਸੋਚਣਾ ਪੈਂਦਾ ਹੈ ਅਤੇ ਇੱਥੇ ਤਾਂ ਅੱਗੇ ਹੀ ਹਰ ਹਫਤੇ ਫ਼ਿਲਮਾਂ ਤੇ ਫ਼ਿਲਮਾਂ ਚੜ੍ਹੀਆਂ ਹਨ ਤੇ ਤੁਸੀ ਇੱਕ ਪੰਜਾਬੀ ਫ਼ਿਲਮ ਨੂੰ ਦੋ ਵਾਰ ਵੇਖਣ ਦੀ ਗੱਲ ਕਰ ਕਹੇ ਹੋ ਓਹ ਵੀ ਸਿਰਫ ਫ਼ਿਲਮ ਨੂੰ ਸਮਝਣ ਕਰਕੇ। ਕਿਉਂ ਕਰੇਗਾ ਕੋਈ ਏਦਾਂ ਤੇ ਇਹੋ ਜਿਹੀ ਦਰਸ਼ਕਾਂ ਨੂੰ ਔਖਿਆਂ ਕਰਨ ਵਾਲੀ ਫ਼ਿਲਮ ਬਣਾਉਂਦੇ ਹੀ ਕਿਉਂ ਹਾਂ ਆਪਾਂ। ਅਸੀਂ ਆਪਣੇ ਖੇਤਰੀ ਸਿਨੇਮਾ ਨੂੰ ਆਪਣੇ ਢੰਗ ਨਾਲ ਕਿ੍ਰਏਟਿਵ, ਵੱਖਰਾ ਜਾਂ ਵੱਡਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ, ਦੂਜਿਆਂ ਦੇ ਫ਼ਿਲਮੀ ਕਲਚਰ ਦਾ ਸਹਾਰਾ ਕਿਉਂ ਲੈਣਾ ਚਾਹੁੰਦੇ ਹੋ ?
ਇੱਕ ਅਨਪੜ੍ਹ ਬੰਦਾ ਸਿਰਫ ਇੱਕੋ ਵਾਰ ਧਿਆਨ ਨਾਲ ਕੋਈ ਅੰਗਰੇਜ਼ੀ ਫ਼ਿਲਮ ਵੇਖ ਲਵੇ ਤਾਂ ਓਹ ਵੀ ਸਟੋਰੀ ਸਮਝ ਜਾਂਦਾ ਹੈ। ਇਹੋ ਹੈ ਸਿਨੇਮੇ ਦੀ ਸਰਲ ਭਾਸ਼ਾ ਜੋ ਆਮ ਆਦਮੀ ਦੇ ਮਨੋਰੰਜਨ ਲਈ ਬਣਿਆ ਹੈ।
ਬਾਕੀ ਮੈਂ ਫ਼ਿਲਮ ਬਾਰੇ ਜ਼ਿਆਦਾ ਫੋਲਾ-ਫਾਲੀ ਕਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਬਣਾਉਣ ਵਾਲੇ ਖੁਦ ਸਿਆਣੇ ਫ਼ਿਲਮ ਦਰਸ਼ਕ ਵੀ ਹਨ, ਉਨਾਂ ਨੂੰ ਸ਼ਾਇਦ ਮੇਰੇ ਤੋਂ ਵੱਧ ਪਤਾ ਹੋਣਾ ਆਪਣੀ ਫ਼ਿਲਮ ਬਾਰੇ ਸੋ ਇਸ ਵਾਰ ਜੋ ਵੱਧ ਜ਼ਰੂਰੀ ਗੱਲ ਸਮਝੀ ਉਹ ਕਰ ਰਿਹਾਂ ਹਾਂ ।
ਪਹਿਲੀ ਜੋਰਾ ‘ਚ ਵੱਢ-ਟੁੱਕ, ਮਾਰ ਕੁਟਾਈ ਲੋੜੋਂ ਵੱਧ ਸੀ, ਫ਼ਿਲਮ ਪੰਜਾਬੀ ਕਲਚਰ ਦਾ ਹਿੱਸਾ ਨਹੀਂ ਸੀ ਲੱਗਦੀ ਇਸ ਲਈ ਮੈਂ ਵਿਰੋਧ ਕੀਤਾ ਸੀ, ਇਸ ਵਾਰ ਪਹਿਲਾਂ ਨਾਲੋ ਬਹੁਤ ਬਚਾਅ ਰਿਹਾ ਚੰਗੀ ਗੱਲ ਹੈ।
ਬਾਕੀ ਫ਼ਿਲਮ ਦੇ ਸਾਰੇ ਕਿਰਦਾਰਾਂ ਨੇ ਆਪੋ-ਆਪਣੇ ਰੋਲ ਬਾਖੂਬੀ ਨਿਭਾਏ, ਬੈਕਰਾਂਊਂਡ ਸਕੋਰ ਅਤੇ ਸੰਵਾਦ ਵਿਸ਼ੇ ਮੁਤਾਬਕ ਪ੍ਰਭਾਵਸ਼ਾਲੀ ਹਨ ਅਤੇ ਹੀਰੋ ਦੀਪ ਸਿੱਧੂ ਦੀ ਅਦਾਕਾਰੀ ਅਤੇ ਸੰਵਾਦ ਬੋਲਣ ਸ਼ੈਲੀ ਇਸ ਦੀਆਂ ਪਹਿਲੀਆਂ ਫ਼ਿਲਮਾਂ ਨਾਲੋ ਕਿਤੇ ਵੱਧ ਸੁਧਰੀ, ਦਮਦਾਰ ਅਤੇ ਪ੍ਰੋਫੈਸ਼ਨਲ ਲੱਗੀ ਹੈ ਜਿਸ ਲਈ ਦੀਪ ਨੂੰ ਵਿਸ਼ੇਸ਼ ਵਧਾਈ। ਭਵਿੱਖ ਵਿੱਚ ਹੋਰ ਚੰਗੀਆਂ ਸੰਭਾਵਨਾਵਾਂ ਹਨ। ਸਿੰਘਾ ਦਾ ਕੰਮ ਵੀ ਵਧੀਆ ਰਿਹਾ ।
ਬਾਕੀ ਜੇ ਜੋਰਾ ਇੱਕ ਅਤੇ ਦੋ ਦਾ ਆਪਸੀ ਕਮਪੈਰੀਜ਼ਨ ਕਰੀਏ ਤਾਂ ਪਹਿਲੀ ਫ਼ਿਲਮ ਮੇਕਿੰਗ ਵਾਈਜ਼ ਵੱਧ ਪ੍ਰੋਫੈਸ਼ਨਲ ਲੱਗਦੀ ਹੈ।
ਜੇ ਮੇਰੀ ਕਹੀ ਗੱਲ ਕਿਸੇ ਨੂੰ ਬੁਰੀ ਲੱਗੇ ਤਾਂ ਮੇਰੀ ਮਜਬੂਰੀ ਸਮਝ ਕੇ ਮਾਫੀ, ਆਖਰਕਾਰ ਮੈਂ ਵੀ ਆਪਣੇ ਪੱਤਰਕਾਰੀ ਦੇ ਪੇਸ਼ੇ ਪ੍ਰਤੀ ਵੀ ਜਵਾਬਦੇਹ ਅਤੇ ਜ਼ਿੰਮੇਵਾਰ ਹਾਂ।
ਆਖਰੀ ਗੱਲ !
“ਗਿਰਤੇ ਹੈਂ ਸ਼ਾਹ ਸਵਾਰ ਹੀ ਮੈਦਾਨ-ਏ-ਜੰਗ ਮੇਂ,
ਵੋਹ ਤਿਫ਼ਲ ਕਿਆ ਗਿਰੇ ਜੋ ਘੁਟਨੋ ਕੇ ਬਲ ਚਲੇ “
ਸਭ ਨੂੰ ਸ਼ੁੱਭ ਇੱਛਾਵਾਂ ।
ਧੰਨਵਾਦ – (ਵਿਚਾਰ ਆਪੋ-ਆਪਣੇ) ਦਲਜੀਤ ਅਰੋੜਾ ।