!ਫ਼ਿਲਮ ਸਮੀਖਿਆ!
ਮਜਬੂਤ ਕਹਾਣੀ ਅਤੇ ਪ੍ਰਭਾਵਸ਼ਾਲੀ ਸਿਰਲੇਖ ਤੋਂ ਸੱਖਣੀ ਹੈ ‘ਮੁੱਕ ਗਈ ਫੀਮ ਡੱਬੀ ਚੋਂ ਯਾਰੋ’ ।-ਦਲਜੀਤ ਸਿੰਘ ਅਰੋੜਾ #MukkGyiFeemDabbiChoYaaro



ਮਕਾਨ ਦੀਆਂ ਨੀਹਾਂ ਹੋਣ ਜਾਂ ਫ਼ਿਲਮ ਦੀ ਕਹਾਣੀ-ਸਕ੍ਰੀਨ ਪਲੇਅ, ਜਿੰਨਾ ਚਿਰ ਉਹ ਮਜਬੂਤ ਨਾ ਹੋਣ ਤਾਂ ਉਹਦੇ ਤੇ ਜਿੰਨੀ ਮਰਜ਼ੀ ਲਿੰਬਾ-ਪੋਚੀ ਕਰਵਾ ਕੇ ਉਹਦੀ ਸ਼ਕਲ ਸਵਾਰਨ ਦੀ ਕੋਸ਼ਿਸ਼ ਕਰੋ ਉਹਦੇ ਸੋਹਣੇਪਣ ਦੀ ਮਾਰਕੀਟ ਵਿਚ ਵੁਕਤ ਉਹਦੇ ਅਧਾਰ ਨੇ ਹੀ ਤਹਿ ਕਰਨੀ ਹੁੰਦੀ ਹੈ। ਇਸ ਲਈ ਬਿਨਾ ਕਿਸੇ ਠੋਸ ਅਧਾਰ ਤੇ ਬਣੀ ਫ਼ਿਲਮ ਵਿਚਲੇ ਵਧੀਆਂ ਐਕਟਰ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ !
——–
ਸਿਰਲੇਖ-ਜੋਨਰ-ਕਹਾਣੀ- ਸਕ੍ਰੀਨ-ਪਲੇਅ
——
ਪਹਿਲਾਂ ਤਾਂ ਫ਼ਿਲਮ ਟਾਈਟਲ ਪੱਖੋਂ ਪ੍ਰਭਾਵਸਾਲੀ ਅਤੇ ਸਾਰਥਕ ਨਹੀਂ ਹੈ। ਹਰ ਹਿੱਟ ਪੰਜਾਬੀ ਗਾਣੇ ਦੀ ਹੁੱਕ ਲਾਈਨ ਨੂੰ ਫ਼ਿਲਮ ਦੇ ਟਾਈਟਲ ਵੱਜੋਂ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਫ਼ਿਲਮ ਦਾ ਦਰਸ਼ਕ ਵਰਗ ਅਲੱਗ ਹੁੰਦਾ ਹੈ ਇਸ ਲਈ ਟਾਈਟਲ ਸਭ ਪੰਸਦੀਦਾ ਹੋਵੇਂ ਤਾਂ ਦਰਸ਼ਕ ਘੇਰਾ ਹੋਰ ਵਿਸ਼ਾਲ ਹੁੰਦਾ ਹੈ,ਜਿਸ ਦਾ ਸਭ ਤੋਂ ਵੱਧ ਫਾਇਦਾ ਨਿਰਮਾਤਾ ਨੂੰ ਜਾਂਦਾ ਹੈ।
ਹੁਣ ਜੇ ਫ਼ਿਲਮ ਦੇ ਪਾਜਟਿਵ ਪੱਖ ਦੀ ਗੱਲ ਕਰੀਏ ਤਾਂ ਇਸ ਨੂੰ ਕਾਮੇਡੀ ਜੋਨਰ ਦੇ ਵੱਖਰੇ ਅਤੇ ਸਿਰਫ ਐਂਟਰਟੇਨਮੈਂਟ ਮਕਸਦ ਲਈ ਬਣਾਈ ਫ਼ਿਲਮ ਦੀ ਇਕ ਚੰਗੀ ਕੋਸ਼ਿਸ਼ ਕਹਿਣ ਵਿੱਚ ਵੀ ਕੋਈ ਹਰਜ਼ ਨਹੀਂ।
ਬੇਸ਼ਕ ਫ਼ਿਲਮ ਵਿਚਲੇ ਕੁਝ ਦਿਲਚਸਪ ਦ੍ਰਿਸ਼ ਅਤੇ ਸੰਵਾਦ ਦਰਸ਼ਕਾਂ ਨੂੰ ਖੂਬ ਹਸਾਉਂਦੇ ਵੀ ਹਨ ਅਤੇ ਪਹਿਲੇ 20/25 ਮਿੰਟ ਫ਼ਿਲਮ ਵੇਖਣ ਤੇ ਲੱਗਿਆ ਵੀ ਹੈ ਕਿ ਮਾਮਲਾ ਦਿਲਚਸਪ ਹੈ ਪਰ ਹੌਲੀ ਹੌਲੀ ਇਹਦੀ ਕਹਾਣੀ-ਸਕਰੀਨ ਪਲੇਅ ਦਾ ਗਰਾਫ਼ ਗੈਰ ਮਜਬੂਤੀ ਕਾਰਨ ਹੇਠਾਂ ਨੂੰ ਜਾਂਦਾ ਨਜ਼ਰ ਆਉਂਦਾ ਹੈ ਅਤੇ ਲੱਗਣ ਲੱਗਦਾ ਹੈ ਕਿ ਲੇਖਕ-ਨਿਰਦੇਸ਼ਕ ਇਸ ਦੇ ਮਜਬੂਤ ਪਿੱਲਰ ਗੱਡਣ ਵਿਚ ਬਹੁਤੇ ਕਾਮਯਾਬ ਨਹੀਂ ਹੋ ਸਕੇ ।
——
ਗੈਰ ਸਰਾਥਕ/ਸਮਾਜਿਕ ਪੱਖ
——
ਵੈਸੇ ਵੀ ਇਕ ਪਾਸੇ ਸਾਡੀ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਸੰਘਰਸ਼ ਕਰਦੀ ਨਜ਼ਰ ਰਹੀ ਹੈ ਅਤੇ ਦੂਜੇ ਪਾਸੇ ਆਪਾਂ ਹਾਸੇ-ਹਾਸੇ ਵਿਚ ਇਕ ਫੀਮ ਦੀ ਥੋੜੀ ਜਿਹੀ ਤੋਟ ਦੂਰ ਕਰਨ ਪਿੱਛੇ ਪੰਜਾਬੀਆਂ ਨੂੰ ਇਸ ਨਸ਼ੇ ਦੀ ਪ੍ਰਾਪਤੀ ਪਿੱਛੇ ਰਾਜਸਥਾਨ ਅੱਗੇ ਤਰਲੋ-ਮੱਛੀ ਹੁੰਦਾ ਵਿਖਾ ਰਹੇ ਹਾਂ ਜਿਸ ਵਿਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਇਸ ਦੇ ਆਦੀ ਹੋਣ ਵੱਜੋਂ ਸ਼ਾਮਲ ਕੀਤਾ ਗਿਆ ਹੈ।
ਹਰ ਫ਼ਿਲਮ ਦਾ ਵਿਸ਼ਾ ਸਮੇਂ ਮੁਤਾਬਕ ਹੀ ਸੋਹਣਾ ਅਤੇ ਢੁਕਵਾਂ ਲੱਗਦਾ ਹੈ।ਅੱਜ ਸਮਾਂ,ਸਾਰੀ ਦੁਨੀਆਂ ਦਾ ਸਿਨੇਮਾ ਅਤੇ ਸਿਨੇ ਦਰਸ਼ਕ ਦੀ ਸੋਚ ਬਹੁਤ ਅੱਗੇ ਨਿਕਲ ਚੁਕੀ ਹੈ ਜਿਸ ਦਾ ਧਿਆਨ ਲੇਖਕ-ਨਿਰਦੇਸ਼ਕ ਨੂੰ ਰੱਖਣਾ ਹੀ ਪਵੇਗਾ।
———
ਖੈਰ! ਗੱਲ ਫ਼ਿਲਮ ਦੇ ਕਲਾਕਾਰਾਂ ਦੀ ਤਾਂ
——–
ਧੀਰਜ ਕੁਮਾਰ ਦੀ ਲੀਡ ਰੋਲ ਵਿਚ ਪਹਿਲੀ ਫ਼ਿਲਮ ਹੈ। ਉਹ ਵਧਾਈ ਦਾ ਪਾਤਰ ਇਸ ਕਰ ਕੇ ਵੀ ਹੈ ਕਿ ਉਸ ਦੀ ਅਦਾਕਾਰੀ ਵਿਚ ਅੱਗੇ ਵਧਣ ਦੀ ਸਮਰੱਥਾ ਨਜ਼ਰ ਆਈ । ਲੀਡ ਰੋਲ ਲਈ ਉਸ ਨੂੰ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਹੀਰੋ ਦਿੱਖ ਵੱਲ ਵੀ ਵੱਧ ਧਿਆਨ ਦੇਣ ਦੀ ਲੋੜ ਹੈ,ਤਾਂ ਕਿ ਹੀਰੋ ਬਾਕੀ ਕਲਾਕਾਰਾਂ ਨਾਲੋਂ ਵੱਖ ਅਤੇ ਆਕਰਸ਼ਕ ਨਜ਼ਰ ਆਵੇ,ਕਿਉਂ ਕਿ ਫ਼ਿਲਮ ਦਾ ਹੀਰੋ ਕਹਾਣੀ ਮੁਤਾਬਕ ਇੱਕੋ ਹੀ ਸੀ 

ਉਸ ਨਾਲ ਚੁਣੀ ਗਈ ਹੀਰੋਇਨ ਸੀਰਤ ਮਸਤ ਧੀਰਜ ਮੁਤਾਬਕ ਥੋੜੀ ਮਿਉਚੋਰ ਨਜ਼ਰ ਆ ਰਹੀ ਸੀ ਪਤਾ ਨਹੀਂ ਉਮਰ ਕਰਕੇ ਜਾਂ ਮੇਕਅੱਪ ਕਰ ਕੇ !
ਬਾਕੀ ਅਦਾਕਾਰਾਂ ਦੇ ਚੋਂ ਰੁਪਿੰਦਰ ਰੂਪੀ ਦਾ ਕੰਮ ਜ਼ਿਆਦਾ ਦਿਲਚਸਪ ਲੱਗਾ ਅਤੇ ਸੁੱਖੀ ਚਾਹਲ ਨਿਰਮਲ ਰਿਸ਼ੀ,ਮਹੇਸ਼ਮਾਂਜੇਕਰ ਦੀਦਾਰ ਗਿੱਲ, ਪ੍ਰਕਾਸ਼ ਗਾਧੂ,ਹਨੀ ਮੱਟੂ, ਨੇਹਾ ਦਿਆਲ, ਬਲਵਿੰਦਰ ਧਾਲੀਵਾਲ ਅਤੇ ਗੁਰਦਿਆਲ ਪਾਰਸ ਆਦਿ ਸਭ ਦਾ ਅਭਿਨੈ ਮਜ਼ੇਦਾਰ ਹੈ।
ਇੱਥੇ ਮੈਂ ਫ਼ਿਲਮ ਵਿਚਲੇ ਦੋ ਉਮਦਾ ਕਲਾਕਾਰਾਂ ਸੁਖਵਿੰਦਰ ਰਾਜ ਬੁੱਟਰ ਅਤੇ ਸਾਨੀਆ ਪੱਨੂ ਦਾ ਵਿਸ਼ੇਸ਼ ਜ਼ਿਕਰ ਇਸ ਲਈ ਕਰਨਾ ਚਾਹਾਂਗਾ ਕਿ ਮੈਂ ਇਹਨਾਂ ਦੋਨਾਂ ਦੀ ਅਭਿਨੈ ਸਮਰੱਥਾ ਤੋਂ ਵੀ ਵਾਕਿਫ ਹੈ ਜਿੱਥੇ ਸਾਨੀਆ ਹੀਰੋਇਨ ਵੱਜੋਂ ਪੰਜਾਬੀ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵਿਚ ਬਾਕਮਾਲ ਅਦਾਕਾਰੀ ਕਰ ਚੁੱਕੀ ਹੈ ਓਥੇ ਸੁਖਵਿੰਦਰ ਰਾਜ ਨੂੰ ਵੀ ਕਈ ਫ਼ਿਲਮਾਂ ਵਿਚ ਲੀਡ ਕਰੈਟਰ ਆਰਟਿਸਟ ਵੱਜੋਂ ਬਹੁਤ ਪਾਏਦਾਰ ਕੰਮ ਕਰਦੇ ਵੇਖ ਚੁਕਾ ਹਾਂ ਜਿਸ ਦੀ ਤਾਜ਼ਾ ਉਦਹਾਰਣ “ਕੁੜੀਆਂ ਜਵਾਨ ਬਾਪੂ ਪਰੇਸ਼ਾਨ” ਵੀ ਹੈ, ਪਰ ਇਸ ਫ਼ਿਲਮ ਵਿਚ ਦੋਨਾਂ ਨੂੰ ਮਹਿਜ਼ ਇਕ ਭੀੜ ਦੇ ਹਿੱਸੇ ਵੱਜੋਂ ਵਰਤਿਆ ਗਿਆ ਹੈ ਜਿਸ ਲਈ ਇਹਨਾਂ ਦੇ ਬਦਲ ਵਿਚ ਕੋਈ ਵੀ ਕਲਾਕਾਰ ਲਏ ਜਾ ਸਕਦਾ ਸੀ।
ਜੇ ਲੇਖਕ-ਨਿਰਦੇਸ਼ਕ ਥੋੜਾ ਧਿਆਨ ਦਿੰਦੇ ਤਾਂ ਕਹਾਣੀ ਮੁਤਾਬਕ ਇਹਨਾਂ ਦਾ ਇਸਤੇਮਾਲ ਬਹੁਤ ਹੀ ਵਧੀਆ ਅਤੇ ਦਿਲਚਸਪ ਢੰਗ ਨਾਲ ਕੀਤਾ ਜਾ ਸਕਦਾ ਸੀ,ਖੈਰ ! ਬਾਕੀ ਲੇਖਕ-ਨਿਰਦੇਸ਼ਕ ਨੂੰ ਪਤਾ ਹੋਵੇਗਾ।
ਫ਼ਿਲਮ ਦੇ ਗਾਣੇ ਵਧੀਆ ਹਨ ਅਤੇ
—- ਨਿਰਦੇਸ਼ਕ
——-
ਵਿਚ ਉਸ ਦੀ ਪਹਿਲੀ ਫ਼ਿਲਮ ਹੋਣ ਦੇ ਹਿਸਾਬ ਨਾਲ ਵਧੀਆ ਕੰਮ ਕਰਨ ਦੀ ਸਮਰੱਥਾ ਨਜ਼ਰ ਆਈ ਹੈ ਬਸ਼ਰਤ ਕਿ ਉਹ ਸੋਚ-ਸਮਝ ਕੇ ਨਿਰਪੱਖਤਾ ਅਤੇ ਅਜ਼ਾਦਆਨਾ ਕੰਮ ਕਰਨ ਲਈ ਆਪਣੇ-ਆਪ ਨੂੰ ਵਚਨਬੱਧ ਕਰ ਕੇ ਚੱਲਣ ਦੀ ਕੋਸ਼ਿਸ਼ ਕਰੇ !
ਬਾਕੀ ਪੰਜਾਬ ਵਿਚ ਮੌਜੂਦਾ ਹੜ੍ਹਾਂ ਅਤੇ ਲਗਾਤਾਰ ਬਾਰਿਸ਼ ਵਾਲੇ ਹਲਾਤਾਂ ਕਾਰਨ ਪੰਜਾਬ ਵਿਚ ਅੱਜ-ਕੱਲ੍ਹ ਰਿਲੀਜ਼ ਹੋ ਰਹੀ ਹਰ ਫ਼ਿਲਮ ਤੇ ਇਸ ਦਾ ਆਰਥਿਕ ਅਸਰ ਪੈਣਾ ਸੁਭਾਵਿਕ ਹੈ, ਜਿਸ ਦਾ ਧਿਆਨ ਫ਼ਿਲਮ ਨਿਰਮਾਤਾਵਾਂ ਨੂੰ ਰੱਖਣ ਦੀ ਲੋੜ ਹੈ !