ਵੱਡੇ ਪਰਦੇ ਤੇ ਗਾਲ੍ਹਾਂ ਕੱਢ ਕੇ ਵਿਖਾਉਣ ਨਾਲ ਸਿਨੇਮਾ ਰਿਯਲਿਸਟਿਕ ਨਹੀਂ ਹੁੰਦਾ,ਉਹਦੇ ਲਈ ਕੰਟੈਂਟ ਤੇ ਮਿਹਨਤ ਕਰਨੀ ਪੈਂਦੀ ਹੈ। -ਦਲਜੀਤ ਸਿੰਘ ਅਰੋੜਾ





ਫ਼ਿਲਮ ਦੀ ਮੇਕਿੰਗ ਵਧੀਆ ਹੋਣੀ ਅਤੇ ਕਲਾਕਾਰਾਂ ਦੀ ਅਦਾਕਾਰੀ ਦਾ ਬਿਹਤਰੀਨ ਹੋਣਾ ਫ਼ਿਲਮ ਦਾ ਸਲਾਹੁਣਯੋਗ ਪੱਖ ਹੈ ਪਰ ਇਹਦਾ ਫਾਇਦਾ ਸਭ ਨੂੰ ਤਾਂ ਹੀ ਪੁਜਦੈ ਜੇ ਫ਼ਿਲਮ ਦੀ ਕਹਾਣੀ ਦਾ ਅਧਾਰ ਠੋਸ ਘੜਣ ਲਈ ਪੂਰੀ ਤਰਾਂ ਮਿਹਨਤ ਲੱਗੀ ਹੋਵੇ ਅਤੇ ਸਭ ਤੋਂ ਜ਼ਰੂਰੀ ਗੱਲ ਕਿ ਫ਼ਿਲਮ ਦੇ ਰੱਖੇ ਟਾਈਟਲ ਨਾਲ ਵੀ ਇਨਸਾਫ ਹੋਇਆ ਹੋਵੇ।
ਰਹੀ ਗੱਲ ਫ਼ਿਲਮ “ਮਝੈਲ” ਦੀ ਤਾਂ ਜੇ ਇਸ ਨੂੰ ਬਿਨਾਂ ਕਹਾਣੀ-ਜਾਂ ਫ਼ਿਲਮ ਵਿਚਲੀਆਂ ਘਟਨਾਵਾਂ ਜਾਂ ਟਾਈਟਲ ਦੀ ਕਿਸੇ ਦਲੀਲ ਬਾਰੇ ਸੋਚਿਆਂ ਸਿਰਫ ਐਂਟਰਟੇਨਮੈਂਟ ਦੀ ਨਜ਼ਰ ਨਾਲ ਇਕ ਐਕਸ਼ਨ ਫ਼ਿਲਮ ਵੱਜੋਂ ਵੇਖਣਾ ਹੋਵੇ ਤਾਂ ਫਿਰ ਇਸ ਨੂੰ ਇਕ ਵਧੀਆ ਮੇਕਿੰਗ ਅਤੇ ਕਲਾਕਾਰਾਂ ਵਾਲੀ ਫ਼ਿਲਮ ਕਹਿਣ ਵਿਚ ਕੋਈ ਹਰਜ਼ ਨਹੀਂ ਪਰ ਦੂਜੇ ਪਾਸੇ ਬੇਦਲੀਲੀਆਂ/ਫਿਕਸ਼ਨ ਟਾਈਪ ਪੰਜਾਬੀ ਐਕਸ਼ਨ ਫਿਲਮਾਂ ਸਿਨੇ ਦਰਸ਼ਕਾਂ ਨੂੰ ਅੱਜ ਤੱਕ ਹਜ਼ਮ ਵੀ ਨਹੀਂ ਹੋਈਆਂ,ਇਹ ਵੀ ਚੇਤੇ ਰੱਖਣਾ ਜ਼ਰੂਰੀ ਹੈ।
ਬਾਕੀ ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਫ਼ਿਲਮ ਵਿਚਲੇ ਅਦਾਕਾਰਾਂ ਦੀ ਪ੍ਰਫੋਰਮੈਂਸ ਬਾਕਮਾਲ ਰਹੀ। ਖਾਸਕਰ ਕੁਲ ਸਿੱਧੂ ਅਤੇ ਮਾਰਕ ਰੰਧਾਵਾ ਨੇ ਆਪਣੀ ਵਿਲੱਖਣ ਅਦਾਕਾਰੀ ਨਾਲ ਮੇਲਾ ਲੁੱਟ ਲਿਆ ਅਤੇ ਰੂਪੀ ਗਿੱਲ ਤੇ ਧੀਰਜ ਵੀ ਕਿਸੇ ਤੋਂ ਘੱਟ ਸਾਬਤ ਨਹੀਂ ਹੋਏ।
ਮੈਂ ਸਮਝਦਾ ਹਾਂ ਕਿ ਜੇ ਫ਼ਿਲਮ ਸੱਚੀਆਂ ਘਟਨਾਵਾਂ ਤੇ ਅਧਾਰਿਤ ਜਾਂ ਪੀਰੀਅਡ ਫ਼ਿਲਮ ਨਹੀਂ ਹੈ ਤਾਂ ਸਾਨੂੰ ਪੰਜਾਬੀ ਫ਼ਿਲਮ ਬਨਾਉਣ ਵੇਲੇ ਕਿਸੇ ਖੇਤਰ ਦੀ ਭਾਸ਼ਾ ਨਾਲ ਬੱਝਣ ਦੀ ਲੋੜ ਨਹੀਂ।
ਫ਼ਿਲਮ ਵਿਚ ਜੋ ਤੁਸੀਂ ਕਹਿਣਾ ਜਾਂ ਵਿਖਾਉਣਾ ਚਾਹੁੰਦੇ ਹੋ ਉਸ ਲਈ ਸਾਦੀ ਪੰਜਾਬੀ ਭਾਸ਼ਾ ਹੀ ਕਾਫੀ ਹੈ।
ਹਾਂ ਜੇ ਤੁਹਾਡੀ ਕਹਾਣੀ ਸੱਚਮੁੱਚ ਕਿਸੇ ਵਿਸ਼ੇਸ ਖਿੱਤੇ ਨਾਲ ਇਤਿਹਾਸਕ ਤੋਰ ਤੇ ਜੁੜੀ ਹੈ ਤਾਂ ਕਹਾਣੀਕਾਰ-ਨਿਰਦੇਸ਼ਕ ਅਤੇ ਕਲਾਕਾਰ ਤਿੰਨਾਂ ਨੂੰ ਹੀ ਸਖ਼ਤ ਮਿਹਨਤ ਕਰਨੀ ਪਵੇਗੀ ਜੋ ਕਿ ਫ਼ਿਲਮ “ਮਝੈਲ” ਲਈ ਬਹੁਤ ਘੱਟ ਕੀਤੀ ਗਈ ਲੱਗਦੀ ਹੈ,ਕਿਉਂ ਮੈਂ ਖੁੱਦ ਵੀ ਮਾਝੇ ਦਾ ਜੰਮਪਲ ਹਾਂ।
ਫ਼ਿਲਮ ਦੀ ਕਹਾਣੀ ਦਾ ਨਿਚੋੜ ਸਿਰਫ ਐਨੀ ਕੁ ਨਿਕਲਦਾ ਹੈ ਕਿ ਇਕ ਸਮਗਲਰ ਦੇ ਨਸ਼ੇੜੀ ਪੁੱਤਰ ਹੱਥੋਂ ਹੋਏ ਆਪਣੇ ਭਰਾ ਦੇ ਕਤਲ ਦਾ ਬਦਲਾ ਹੀਰੋ ਦੁਆਰਾ ਲਿਆ ਜਾਣਾ।
ਹੁਣ ਇਸ ਆਮ ਜਿਹੇ ਵਿਸ਼ੇ ਦੇ ਆਲੇ ਦੁਆਲੇ ਕਹਾਣੀ ਘੁਮਾਉਣ ਲਈ ਮਝੈਲੀਆਂ ਵਾਲਾ ਬਖੇੜਾ ਖੜਾ ਕਰਨ ਦੀ ਕੀ ਲੋੜ ਸੀ ?
ਜਾਂ ਫਿਰ ਘੱਟੋ-ਘੱਟ ਅਸਲ ਮਾਝੇ ਦੇ ਐਕਟਰਾਂ ਨੂੰ ਫ਼ਿਲਮ ਵਿਚ ਜਗਾਹ ਦਿੱਤੀ ਜਾਂਦੀ।
ਮਾਝੇ ਦੇ ਜਿਸ ਜਿਸ ਆਮ ਦਰਸ਼ਕ ਨੇ ਫ਼ਿਲਮ ਦੇਖੀ ਉਸ ਲਈ ਤਾਂ “ਮਝੈਲ” ਵਿਚਲੀਆਂ ਘਟਨਾਵਾਂ ਅਤੇ ਸੰਵਾਦ ਸ਼ੈਲੀ ਹਾਸੋਹੀਣੀ ਹੀ ਸਾਬਤ ਹੋਈ।
ਰਹਿੰਦੀ ਖੂੰਹਦੀ ਕਸਰ ਫ਼ਿਲਮ ਦੇ ਹੀਰੋ ਨੇ ਆਪਣੇ ਮੂੰਹੋ ਕੱਢੀਆਂ ਕੁੜੀ/ਛੋਕਰੀ ਦੇ ਨਾਅ ਤੇ ਗਾਲ੍ਹਾਂ ਕੱਢ ਕੇ ਪੂਰੀ ਕਰ ਦਿੱਤੀ।
ਦੇਵ ਸਾਹਬ @devkharoud ਜ਼ਰਾ ਦੱਸੋਗੇ ਕਿ ਅੱਜ ਤੱਕ ਬਾਲੀਵੁੱਡ ਦੇ ਕਿਸੇ ਸੁਪਰ ਸਟਾਰ ਹੀਰੋ ਨੇ ਜਾਂ ਵਿਲੇਨ, ਜਿਹਨਾਂ ਦੀਆਂ ਫ਼ਿਲਮਾਂ ਆਪਾਂ ਵੇਖ ਵੇਖ ਵੱਡੇ ਹੋਏ ਜਾਂ ਨਵੇਂ ਸੁਪਰ ਸਟਾਰਾਂ ਦੇ ਮੂੰਹੋ ਇਹੋ ਜਿਹੀਆਂ ਸ਼ਰਮਨਾਕ ਗਾਲ੍ਹਾਂ ਨਿਕਲੀਆਂ ਹੋਣ ਅਤੇ ਜਾਂ ਇਹੋ ਜਿਹੀ ਕੋਈ ਉਦਹਾਰਣ ਦੱਖਣੀ ਸਿਨੇਮਾ ਦੀ ਦੱਸ ਦਿਓ ਜਿੱਥੇ ਕਿ ਅਦਾਕਾਰਾਂ ਨੂੰ ਪੂਜਿਆ ਜਾਂਦਾ ਹੈ?
ਛੋਕਰੀ ਜਾਂ ਕੁੜੀ ਦੇ ਨਾਅ ਤੇ ਗਾਲ੍ਹ ਦਾ ਮਤਲਬ ਵੀ ਕਿਸੇ ਮਾਝੇ ਵਾਲੇ ਤੋਂ ਪੁੱਛ ਲੈਂਦੇ।
ਆਖਰਕਾਰ ਆਪਾਂ ਵੱਡੇ ਪਰਦੇ ਦੇ ਐਸਟੈਬਲਿਸ਼ਡ ਹੀਰੋ ਹਾਂ, ਨਾ ਕਿ ਕਿਸੇ ਓ.ਟੀ.ਟੀ. ਪਲੇਟਫਾਰਮ ਦੇ ਐਕਟਰ ਜਿੱਥੇ ਆਪਣੇ ਸਿਨੇਮਾ ਅਤੇ ਸੱਭਿਆਚਾਰ ਦੀਆਂ ਧੱਜੀਆਂ ਉਡਾਉਣ ਦੀ ਪੂਰੀ ਖੁੱਲ੍ਹ ਹੈ।
ਮੈਨੂੰ ਤਾਂ ਗੁੱਗੂ ਗਿੱਲ ਹੋਰਾਂ ਤੇ ਵੀ ਹੈਰਾਨੀ ਹੋਈ ਕਿ ਉਹਨਾਂ ਨੇ ਵੱਡੇ ਪਰਦੇ ਤੇ ਗਾਲ੍ਹ ਕੱਢ ਕੇ ਸੰਵਾਦ ਬੋਲਣ ਨੂੰ ਐਨੇ ਹਲਕੇ ਵਿਚ ਕਿਵੇਂ ਲੈ ਲਿਆ, ਜ਼ਰਾ ਆਪਣੀਆਂ “ਬਦਲਾ ਜੱਟੀ ਦਾ” ਅਤੇ “ਜੱਟ ਜਿਊਣਾ ਮੌੜ” ਵਰਗੀਆਂ ਇਤਹਾਸਕ ਫ਼ਿਲਮਾਂ ਤੋਂ ਲੈ ਕੇ ਹੁਣ ਤੱਕ ਦੇ ਆਪਣੇ ਫ਼ਿਲਮੀ ਕੈਰੀਅਰ ਵੱਲ ਹੀ ਨਜ਼ਰ ਮਾਰ ਲੈਂਦੇ। ਹੀਰੋ ਅਤੇ ਸੀਨੀਅਰ ਕਲਾਕਾਰ ਤਾਂ ਸਿਨੇਮਾ ਦਾ ਆਦਰਸ਼ ਮੰਨੇ ਜਾਂਦੇ ਹਨ।
ਬਤੌਰ ਫ਼ਿਲਮ ਆਲੋਚਕ ਐਨੀ ਸਲਾਹ ਤਾਂ ਜ਼ਰੂਰ ਦੇਣੀ ਚਾਹਾਂਗਾ ਕਿ ਘੱਟੋ-ਘੱਟ ਆਪਾਂ ਪੰਜਾਬੀ ਸਟਾਰ ਤਾਂ ਵੱਡੇ ਪਰਦੇ ਅਤੇ ਆਪਣੇ ਪੰਜਾਬੀ ਸਿਨੇਮਾ-ਸੱਭਿਆਚਾਰ ਦੀ ਮਰਿਯਾਦਾ ਕਾਇਮ ਰੱਖੀਏ ।
ਘਰਾਂ,ਗਲੀਆਂ-ਬਜ਼ਾਰਾਂ ਵਿਚ ਆਦਤਨ ਮੂੰਹੋਂ ਨਿਕਲਦੀਆਂ ਗਾਲ੍ਹਾਂ ਨੂੰ ਵੱਡੇ ਪਰਦੇ ਤੇ ਦਿਖਾਉਣ ਨਾਲ ਹੀ ਸਿਨੇਮਾ ਰਿਯਲਿਸਟਿਕ ਨਹੀਂ ਬਣਦਾ ਜਾਂ ਐਕਸ਼ਨ ਫ਼ਿਲਮ ਕਾਮਯਾਬ ਨਹੀਂ ਹੁੰਦੀ ਬਲਕਿ ਕੰਟੈਂਟ ਵਿਚ ਦੱਮ ਪੈਦਾ ਕੀਤਿਆਂ ਹੀ ਗੱਲ ਬਣਦੀ ਹੈ। ਇਸ ਲਈ ਫ਼ਿਲਮਾਂ ਵਿਚ ਇਹੋ ਜਿਹੀ ਅਸੱਭਿਅਕ ਸੰਵਾਦਾਂ ਦੇ ਵਰਤੇ ਜਾਣ ਦਾ ਪੰਜਾਬੀ ਸਕਰੀਨ ਅਦਾਰੇ ਵੱਲੋਂ ਹਮੇਸ਼ਾ ਹੀ ਵਿਰੋਧ ਕੀਤਾ ਜਾਂਦਾ ਹੈ।
ਬਾਕੀ ਕੋਈ ਮੰਨੇ ਜਾਂ ਨਾ ਮੰਨੇ, ਐਨੇ ਪ੍ਰਚਾਰ ਦੇ ਬਾਵਜੂਦ ਵੀ ਇਹ ਫ਼ਿਲਮ ਨਾਂ ਤਾਂ ਨਿਰਮਾਤਾ ਦੀਆਂ ਆਸਾਂ ਤੇ ਖਰੀ ਉਤਰੀ ਅਤੇ ਨਾਂ ਹੀ ਆਮ ਸਿਨੇ ਦਰਸ਼ਕਾਂ ਦੀ ਕਸੌਟੀ ਤੇ ਪੂਰੀ ਉਤਰ ਸਕੀ,ਜਿਸ ਦਾ ਅਫਸੋਸ ਰਹੇਗਾ।
