ਫ਼ਿਲਮ ਸਮੀਖਿਆ -ਮੇਹਰ #mehar
ਨਿਰਦੇਸ਼ਕ ਰਾਕੇਸ਼ ਮਹਿਤਾ ਵਲੋਂ ਬਣਾਈਆਂ ਫ਼ਿਲਮਾਂ ਚੋਂ ਬਿਹਤਰੀਨ ਫ਼ਿਲਮ ਹੈ ‘ਮੇਹਰ’ -ਦਲਜੀਤ ਸਿੰਘ ਅਰੋੜਾ
🎞🎞🎬🎬🎬
ਜੇ ਫ਼ਿਲਮ ਦੇ ਜੌਨਰ
———-
ਦੀ ਗੱਲ ਕਰੀਏ ਤਾਂ ਇਹ ਇਕ ਸੋਸ਼ਲ ਫ਼ਿਲਮ ਹੈ ਜਾਂ ਇਸ ਨੂੰ ਪਰਿਵਾਰਕ ਡਰਾਮਾ ਵੀ ਕਿਹਾ ਜਾ ਸਕਦਾ ਹੈ ਜਿਸ ਨੂੰ ਸੋਹਣੇ ਸੰਗੀਤ ਅਤੇ ਜਜ਼ਬਾਤਾਂ ਦੀ ਲੜੀ ਵਿਚ ਪਰੋ ਕੇ ਇਕ ਸਾਰਥਕ, ਸੁਨੇਹਾ ਅਤੇ ਮਨੋਰੰਜਨ ਭਰਪੂਰ ਫ਼ਿਲਮ ਪੰਜਾਬੀ ਸਿਨੇ ਦਰਸ਼ਕਾਂ ਦੀ ਝੋਲੀ ਪਾਉਣ ਦੀ ਸੁਚੱਜੀ ਕੋਸ਼ਿਸ ਕੀਤੀ ਗਈ ਹੈ।
ਇੱਥੇ ਇਹ ਵੀ ਗੱਲ ਸਾਫ ਹੈ ਕਿ ਇਹ ਫ਼ਿਲਮ ਅਜੇ ਤੱਕ ਦਰਸ਼ਕਾਂ ਤੱਕ ਉਸ ਤਰਾਂ ਨਹੀਂ ਪਹੁੰਚ ਪਾਈ ਜਿਵੇੰ ਕੇ ਚਾਹੀਦੀ ਸੀ ।ਇਸ ਵਿਚ ਸੁਚੱਜੇ ਪ੍ਰਚਾਰ ਦੀ ਕਮੀ ਸਮਝੋ ਜਾਂ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਪੰਜਾਬੀਆਂ ਦਾ ਰੁੱਖ ਐਂਟਰਟੇਨਮੈਂਟ ਤੋਂ ਪਾਸੇ ਹੋਇਆ ਸਮਝੋ ਜਾਂ ਫਿਰ ਪੰਜਾਬੀ ਸਿਨੇਮਾ ਲਈ ਲੀਡ ਚਿਹਰੇ ਨਵੇਂ ਹੋਣ ਕਾਰਨ!?
——-
ਗੱਲ ਕਲਾਕਾਰਾਂ ਦੀ ਤਾਂ
———
ਹਾਲਾਂਕਿ ਕਿ ਰਾਜ ਕੁੰਦਰਾਂ ਨੇ ਪਹਿਲੀ ਫ਼ਿਲਮ ਰਾਹੀਂ ਹੀ ਆਪਣੇ ਵਧੀਆ ਐਕਟਰ ਹੋਣ ਦਾ ਲੋਹਾ ਮਨਵਾਇਆ ਹੈ ਜਿਸ ਦੀ ਲੋਕਾਂ ਨੂੰ ਘੱਟ ਉਮੀਦ ਸੀ। ਯਕੀਨਨ ਇਸ ਵਿਚ ਰਾਜ ਕੁੰਦਰਾ ਦੀ ਸ਼ਿੱਦਤ ਦੇ ਨਾਲ ਨਾਲ ਰਾਕੇਸ਼ ਮਹਿਤਾ ਦੀ ਮਿਹਨਤ ਵੀ ਲੱਗੀ ਹੋਵੇਗੀ।ਜੋ ਵੀ ਹੈ ਪਰ ਪੰਜਾਬ ਨੂੰ ਰਾਜ ਕੁੰਦਰਾ ਦੇ ਰੂਪ ਵਿਚ ਇਕ ਵਧੀਆ ਅਤੇ ਤਾਜ਼ਾ ਐਕਟਰ ਚਿਹਰਾ ਮਿਲਿਆ ਹੈ। ਫ਼ਿਲਮ ਦੀ ਲੀਡ ਅਦਾਕਾਰਾ ਗੀਤਾ ਬਸਰਾ ਨੇ ਵੀ ਬਾਕਮਾਲ ਸਹਿਜ ਅਦਾਕਾਰੀ ਕਰ ਕੇ ਸਾਬਤ ਕੀਤਾ ਹੈ ਕਿ ਮੈਂ ਗ੍ਰਿਹਸਤ ਵਿਚ ਪੈ ਕੇ ਵੀ ਸ਼ਾਨਦਾਰ ਅਭਿਨੈ ਪ੍ਰਦਰਸ਼ਨ ਨਹੀਂ ਭੁੱਲੀ। ਹਾਂ ! ਇੱਥੇ ਫ਼ਿਲਮ ਵਿਚਲੀ ਇਕ ਹੋਰ ਉਮਦਾ ਅਦਾਕਾਰਾ ਸਵਿਤਾ ਭੱਟੀ ਹੋਰਾਂ ਦਾ ਵਿਸ਼ੇਸ਼ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਜੋ ਕਿ ਕਾਫੀ ਸਮੇਂ ਬਾਅਦ ਫ਼ਿਲਮੀ ਪਰਦੇ ਤੇ ਆਏ ਅਤੇ ਆਪਣੇ ਵਿਲੱਖਣ ਅਭਿਨੈ ਦਾ ਲੋਹਾ ਮਨਵਾਇਆ। ਜੇ ਇਸੇ ਤਰਾਂ ਉਹਨਾਂ ਨੂੰ ਪੰਜਾਬੀ ਸਿਨੇਮਾ ਵਿਚ ਕੰਮ ਮਿਲਦਾ ਗਿਆ ਤਾਂ ਬਹੁਤ ਛੇਤੀ ਉਹ ਇਕ ਤਾਜ਼ੇ ਲੀਡ ਕਰੈਟਰ ਅਦਾਕਾਰ ਚਿਹਰੇ ਵਜੋਂ ਪੰਜਾਬੀ ਫ਼ਿਲਮਾਂ ਵਿਚ ਨਜ਼ਰ ਆਇਆ ਕਰਨਗੇ ।🙂ਫ਼ਿਲਮ ਵਿਚਲੇ ਬਾਕੀ ਨਿਪੁੰਨ ਅਦਾਕਾਰਾਂ ਨੂੰ ਤਾਂ ਪਹਿਲਾਂ ਹੀ ਅਸੀਂ ਅਕਸਰ ਵੇਖਦੇ ਰਹਿੰਦੇ ਹਾਂ ਚਾਹੇ ਆਪਾਂ ਅਸ਼ੀਸ਼ ਦੁੱਗਲ ਦੀ ਗੱਲ ਕਰੀਏ ਜਾਂ ਤਰਸੇਮ ਪੌਲ, ਹੌਬੀ ਧਾਲੀਵਾਲ,ਰੁਪਿੰਦਰ ਰੂਪੀ, ਦੀਪ ਮਨਦੀਪ,ਬਰਿੰਦਰ ਬੰਨੀ,ਨੇਹਾ ਦਿਆਲ ਜਾਂ ਫਿਰ ਬਾਕੀ ਦੇ ਸ਼ਾਨਦਾਰ ਕਲਾਕਾਰਾਂ ਦੀ।
——
ਜੇ ਫ਼ਿਲਮ ਦੇ ਸੰਗੀਤ
———
ਦੀ ਗੱਲ ਕਰੀਏ ਤਾਂ ਉਸ ਦਾ ਇਸ ਫ਼ਿਲਮ ਵਿਚ ਅਹਿਮ ਅਤੇ ਢੁਕਵਾਂ ਯੋਗਦਾਨ ਹੈ।ਨੌਜਵਾਨ ਅਤੇ ਆਪਣੇ ਕੰਮ ਵਿਚ ਪ੍ਰਪੱਕ ਸੰਗੀਤਕਾਰ ਜੱਸੀ ਕਟਿਆਲ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।
ਗੀਤਕਾਰ ਸੋਨੀ ਠੁੱਲੇਵਾਲ ਦੇ ਲਿਖੇ ਫ਼ਿਲਮ ਵਿਚਲੇ ਅਰਥ ਭਰਪੂਰ ਗੀਤਾਂ ਨੂੰ ਜਸਬੀਰ ਜੱਸੀ, ਜੋਬਿਨ ਨੌਟਿਯਾਲ, ਸੋਨੂੰ ਨਿਗਮ-ਸਿਹਾਜ਼ ਮਾਨ, ਦਲੇਰ ਮਹਿੰਦੀ ਅਤੇ ਬੀ. ਪਰਾਕ ਆਦਿ ਸਭ ਗਾਇਕਾਂ ਵੱਲੋਂ ਗਾਉਣ ਲਈ ਢੁਕਵੀਂ ਥਾਂ ਮਿਲੀ ਹੈ। ਸੂਰਜ ਕੁਮਾਰ ਸ਼ਰਮਾ ਦਾ ਪਿੱਠ ਵਰਤੀ ਸੰਗੀਤ ਵੀ ਵਧੀਆ ਅਤੇ ਢੁਕਵਾਂ ਲੱਗਾ।
—–
ਫ਼ਿਲਮ ਦੀ ਕਹਾਣੀ
———–
ਵਿਚ ਬੇਸ਼ਕ ਨਵੀਨਤਾ ਨਹੀਂ ਹੈ, ਫ਼ਿਲਮ ਵਿਚਲੀਆਂ ਘਟਨਾਵਾਂ ਅਤੇ ਦ੍ਰਿਸ਼ ਫਿਲਮਾਂਕਣ ਪੰਜਾਬੀ,ਦੱਖਣੀ ਅਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਤੋਂ ਪ੍ਰਭਾਵਿਤ ਹੈ ਪਰ ਆਪਣੀ ਅਲੱਗ ਕਹਾਣੀ ਦੇ ਨਾਲ ਨਾਲ ਸਕਰੀਨ ਪਲੇਅ-ਸੰਵਾਦਾਂ ਨੂੰ ਮਜਬੂਤੀ ਨਾਲ ਪਰੋ ਕੇ ਪਰਿਵਾਰਕ ਖੂਨੀ ਰਿਸ਼ਤਿਆਂ, ਪਤੀ-ਪਤੀ ਦੀ ਆਪਸੀ ਬੌਡਿੰਗ,ਯਾਰੀ ਦੋਸਤੀ ਦੀ ਅਹਿਮੀਅਤ ਅਤੇ ਹਿੰਮਤ ਨਾਲ ਸੰਘਰਸ਼ਮਈ ਜੀਵਨ ਜਿਉਣਾ ਸਿਖਾਉਣ ਦਾ ਸੁਨੇਹਾ ਦਿੰਦਿਆਂ ਸਿਨੇਮਾ ਹਾਲ ਵਿਚ ਬੈਠੇ ਦਰਸ਼ਕਾਂ ਨਾਲ ਜੋੜਦੀ ਚੰਗੀ ਫ਼ਿਲਮ ਬਨਾਉਣ ਦਾ ਕ੍ਰੈਡਿਟ ਤਾਂ ਰਾਕੇਸ਼ ਮਹਿਤਾ ਨੂੰ ਹੀ ਜਾਵੇਗਾ।
ਰਾਕੇਸ਼ ਮਹਿਤਾ ਨੇ ਆਪਣੀ ਇਸ ਫ਼ਿਲਮ ਲੇਖਣੀ ਅਤੇ ਕੁਝ ਦ੍ਰਿਸ਼ਾਂ ਰਾਹੀਂ ਅੱਜ ਦੇ ਪੰਜਾਬੀ ਸਿਨੇਮਾ ਹਲਾਤਾਂ ਅਤੇ ਵਧੀਆ ਐਕਟਰਾਂ ਦੇ ਹੋ ਰਹੇ ਸੋਸ਼ਣ ਤੇ ਵੀ ਪੰਜਾਬੀ ਫ਼ਿਲਮਾਂ ਵਾਲਿਆਂ ਨੂੰ ਕਰਾਰੀ ਚੋਟ ਮਾਰਨ ਜਾਂ ਕਹਿ ਲਓ ਕੇ ਸ਼ੀਸ਼ਾ ਦਿਖਾਉਣ ਦੀ ਸਲਾਹੁਣਯੋਗ ਕੋਸ਼ਿਸ਼ ਕੀਤੀ ਹੈ ਜਿਸ ਲਈ ਉਸ ਨੇ ਫ਼ਿਲਮ ਵਿਚਲੇ ਲੀਡ ਕਲਾਕਾਰ ਰਾਜ ਕੁੰਦਰਾਂ ਨੂੰ ਫ਼ਿਲਮ ਵਿਚ ਬਤੌਰ ਸੰਘਰਸ਼ਸ਼ੀਲ ਐਕਟਰ ਵਿਚਰਦਾ ਵਿਖਾਇਆ ਹੈ।
—–
ਜੇ ਫ਼ਿਲਮ ਵਿਚਲੀਆਂ ਕੁਝ ਕਮਜ਼ੋਰੀਆਂ
————-
ਦਾ ਜ਼ਿਕਰ ਕਰਾਂ ਤਾਂ
ਜਿੱਥੇ ਫ਼ਿਲਮ ਦੇ ਸ਼ੁਰੂਆਤੀ ਦ੍ਰਿਸ਼ਾਂ ਚੋਂ ਇਕ-ਅੱਧਾ ਸੀਨ ਗੈਰਜ਼ਰੂਰੀ/ਗ਼ੈਰ ਮਜਬੂਤੀ ਜਾਂ ਸਮਝੋ ਕਿ ਹਲਕੀ ਕਾਮੇਡੀ ਕਰ ਕੇ ਕਹਾਣੀ ਦੀ ਲੈਅ ਨੂੰ ਭੰਗ ਕਰਦਾ ਦਿਸਿਆ ਓਥੇ
ਫ਼ਿਲਮ ਵਿਚਲੇ ਕਹਾਣੀ ਦੇ ਕੁਝ ਟਰਨਿੰਗ ਦ੍ਰਿਸ਼ਾਂ ਦਾ ਅਧਾਰ ਐਨਾ ਮਜਬੂਤ ਨਹੀਂ ਹੈ ਜਿੰਨਾ ਕਿ ਉਹਨਾਂ ਤੇ ਐਕਟਰਾਂ ਦਾ ਓਵਰ ਰਿਐਕਸ਼ਨ ਦਿਖਾ ਕੇ ਕਹਾਣੀ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
——
ਖੈਰ ! ਇਹਨਾਂ ਗੱਲਾਂ ਦਾ ਫਾਇਦਾ ਤਾਂ ਫੇਰ ਹੀ ਹੈ ਜੇ ਕਰ ਫ਼ਿਲਮ ਆਮ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚੇ ! ਪੰਜਾਬੀ ਸਕਰੀਨ ਵੱਲੋਂ ਨਿਰਦੇਸ਼ਕ ਰਾਕੇਸ਼ ਮਹਿਤਾ ਰਾਹੀਂ ਇਸ ਫ਼ਿਲਮ ਨੂੰ ਪੰਜਾਬ ਦੇ ਮੌਜੂਦਾ ਹਲਾਤਾਂ ਕਰਾਨ ਕੁਝ ਚਿਰ ਲਈ ਮੁਲਤਵੀ ਕਰਨ ਦੀ ਸਲਾਹ ਵੀ ਦਿੱਤੀ ਗਈ ਸੀ ਅਤੇ ਹੁਣ ਫ਼ਿਲਮ ਵੇਖਣ ਉਪਰੰਤ ਲੱਗਾ ਕਿ ਜੇ ਰਾਕੇਸ਼ ਮਹਿਤਾ ਅਤੇ ਇਸ ਫ਼ਿਲਮ ਦੇ ਨਿਰਮਾਤਾਵਾਂ ਦਾ ਪੰਜਾਬੀ ਸਿਨੇਮਾ ਲਈ ਇਕ ਅਰਬ ਭਰਪੂਰ ਫ਼ਿਲਮ ਬਣਾ ਕੇ ਪੰਜਾਬੀ ਅਸਲ ਸਿਨੇ ਦਰਸ਼ਕਾਂ ਤੱਕ ਵੱਧ ਤੋਂ ਵੱਧ ਪਹੁੰਚਾਉਣ ਦਾ ਸੁਪਨਾ ਅਧੂਰਾ ਰਹਿੰਦਾ ਹੈ ਤਾਂ ਅਫਸੋਸ ਰਹੇਗਾ।
ਬਾਕੀ ਸਾਡੇ ਵੱਲੋਂ ਸਾਰੀ ਟੀਮ ਨੂੰ ਪੰਜਾਬੀ ਸਿਨੇਮਾ ਲਈ ਇਹ ਸੁਹਿਰਦ ਉਪਰਾਲੇ ਕਰਨ ਤੇ ਮੁਬਾਰਕਾਂ ! @daljitarora
Leave a Comment
You must be logged in to post a comment.