ਪੰਜਾਬੀ ਸਿਨੇਮਾ ਵਿਚ ਜਦ ਵੀ ਕੋਈ ਸਾਰਥਕ ਦਿਸ਼ਾ ਨਿਰਦੇਸ਼ ਤਹਿ ਕਰਦੀ ਫ਼ਿਲਮ ਬਣਦੀ ਹੈ ਤਾਂ ਪੰਜਾਬੀ ਸਕਰੀਨ ਅਦਾਰੇ ਦੀ ਇਹੋ ਕੋਸ਼ਿਸ ਹੁੰਦੀ ਹੈ ਕਿ ਫ਼ਿਲਮ ਸਮੀਖਿਆ ਕਰਦੇ ਸਮੇ ਨਿਰਮਾਤਾ-ਨਿਰਦੇਸ਼ਕ ਦੀਆਂ ਫ਼ਿਲਮ ਸਬੰਧੀ ਭਾਵਨਾਵਾਂ ਨੂੰ ਦੇਖਦੇ ਹੋਏ ਫ਼ਿਲਮ ਵਿਚਲੀਆਂ ਕਮੀਆਂ ਪੇਸ਼ੀਆਂ ਨੂੰ ਪਾਸੇ ਕਰ ਫ਼ਿਲਮ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ‘ਯੈੱਸ ਆਈ ਐਮ ਸਟੂਡੈਂਟ’ ਵੀ ਇਸੇ ਦਾ ਹਿੱਸਾ ਹੈ।
ਇਕ ਗੱਲ ਹੋਰ ਜਿਸ ਦਾ ਮੈਂ ਆਪਣੇ ਇਕ-ਦੋ ਪਹਿਲੇ ਲੇਖਾਂ ਵਿਚ ਵੀ ਜ਼ਿਕਰ ਕਰ ਚੁੱਕਿਆ ਹਾਂ ਕਿ ਇਹ ਫ਼ਿਲਮ ‘ਮੂਸਾ ਜੱਟ’ ਨਾਲੋ ਪਹਿਲਾਂ ਬਣੀ ਸੀ ਅਤੇ ਇਸ ਨੂੰ ਪਹਿਲਾਂ ਹੀ ਰਿਲੀਜ਼ ਕੀਤੇ ਜਾਣ ਦਾ ਮੌਕਾ ਮਿਲਣਾ ਚਾਹੀਦਾ ਸੀ ਪਰ ਸਾਡੀ ਛੋਟੀ ਜਿਹੀ ਪੰਜਾਬੀ ਫ਼ਿਲਮ ਇੰਡਸਟ੍ਰੀ ਦੀਆਂ ਮਨਮਰਜ਼ੀਆਂ ਅਤੇ ਇਕ ਦੂਜੇ ਤੋਂ ਅੱਗੇ ਨਿਕਲਣ ਵਾਲੀ ਹੋੜ ਕਿਤੇ ਨਾ ਕਿਤੇ ਖੁਦ ਹੀ ਨਿਰਮਾਤਾਵਾਂ ਦੇ ਨੁਕਸਾਨ ਦਾ ਕਾਰਨ ਬਣਦੀ ਹੈ ਅਤੇ ਇਹ ਨੁਕਸਾਨ ਸ਼ਾਇਦ ‘ਯੈੱਸ ਆਈ ਐਮ ਸਟੂਡੈਂਟ’ ਦੇ ਪਹਿਲਾਂ ਰਿਲੀਜ਼ ਵਾਲਾ ਹੱਕ ਖੁਸਣ ਕਾਰਨ ਇਸ ਦੇ ਹਿੱਸੇ ਵੀ ਆਵੇਗਾ।
ਖੈਰ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਤਰਨ ਜਗਪਾਲ ਨੇ ਇਸ ਫਿ਼ਲਮ ਰਾਹੀਂ ਵਿਦੇਸ਼ ਜਾ ਕੇ ਪੜ੍ਹਨ, ਉੱਥੇ ਸੈਟਲ ਹੋਣ, ਅਤੇ ਆਪਣੀਆਂ ਤੇ ਆਪਣੇ ਮਾਂ-ਬਾਪ ਦੀਆਂ ਰੀਝਾਂ ਪੂਰੀਆਂ ਕਰਨ ਨੂੰ ਇਕ ‘ਗੈਰ ਵਪਾਰਕ’ਕਹਾਣੀ ਰੂਪੀ ਲੜੀ ‘ਚ ਪਰੋਂਦਿਆਂ ਵਿਦੇਸ਼ਾਂ ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀਆਂ ਇਧਰ-ਓਧਰ ਦੀਆਂ ਮੁਸ਼ਕਲਾਂ ਨੂੰ ਸੋਹਣੇ ਅਤੇ ਸਾਦੇ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
ਕਿਉਂਕਿ ਸਿੱਧੂ ਮੂਲੇਵਾਲਾ ਪਹਿਲੀ ਵਾਰ ਕਿਸੇ ਪੂਰੀ ਫ਼ਿਲਮ ‘ਚ ਬਤੌਰ ਹੀਰੋ ਅਦਾਕਾਰੀ ਕਰ ਰਿਹਾ ਸੀ ਇਸ ਲਈ ਨਿਰਦੇਸ਼ਕ ਨੇ ਬਹੁਤ ਹੀ ਸਿਆਣਪ ਤੋਂ ਕੰਮ ਲੈਂਦਿਆਂ ਉਸ ਦੀ ਅਦਾਕਾਰੀ ਦਾ ਅੰਦਾਜ਼ ਬਿਲਕੁਲ ਨੈਚੂਰਲ ਰੱਖਿਆ, ਤਾਂ ਕਿ ਸਹਿਜ ਸੁਭਾਅ ਹੀ ਫਿ਼ਲਮ ਮੁਕੰਮਲ ਹੋ ਸਕੇ, ਇਸ ਲਈ ਫਿ਼ਲਮ ਵਿਚਲਾ ਉਸ ਦਾ ਕਿਰਦਾਰ ਵੇਖ ਕਿ ਇਹ ਨਹੀ ਕਿਹਾ ਜਾ ਸਕਦਾ ਕਿ ਉਸ ਕੋਲੋਂ ਅਦਾਕਾਰੀ ਹੋਈ ਨਹੀਂ, ਬਲਕਿ ਸਿੱਧੂ ਦਾ ਇਕ ਸੋਹਣਾ ਤੇ ਸਾਦਾ ਰੰਗ ਵੇਖਣ ਨੂੰ ਮਿਲਦਾ ਹੈ। ਵੈਸੇ ਕਹਾਲੀਆਂ ਦਾ ਨਤੀਜਾ ਤਾਂ ਇਸ ਦੀ ਕਾਹਲੀ ‘ਚ ਪਹਿਲਾਂ ਰਿਲੀਜ਼ ਹੋਈ ਫਿ਼ਲਮ ਵੇਖਣ ਵਾਲਿਆਂ ਨੂੰ ਪਤਾ ਲੱਗ ਹੀ ਚੁੱਕਾ ਹੈ।
ਜੇ ਵੇਖਿਆ ਜਾਵੇ ਤਾਂ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ‘ਦਾ ਵਿਸ਼ਾ ਕੋਈ ਨਵਾਂ ਨਹੀਂ ਸੀ ਇਸ ਲਈ ਇਸ ਨੂੰ ਹੋਰ ਸਵਾਰ ਕੇ ਵਿਦੇਸ਼ਾ ‘ਚ ਜਾਣ- ਪੜ੍ਹਣ, ਉੱਥੇ ਕੰਮ ਕਰਨ, ਸੈਟਲ ਹੋਣ ਦੀਆਂ ਸਮੱਸਿਆਵਾਂ ਅਤੇ ਉਨਾਂ ਦੇ ਹਲ ਲਈ ਫ਼ਿਲਮ ਵਿਚ ਹੋਰ ਵੀ ਦਿਲਚਸਪ ਰੰਗ ਭਰੇ ਜਾ ਸਕਦੇ ਸਨ ਪਰ ਕਿਤੇ ਨਾ ਕਿਤੇ ਇਹ ਫ਼ਿਲਮ ਕੁਝ ਹੀ ਕਲਾਕਾਰਾਂ ਵਿਚ ਸਿਮਟੀ ਅਤੇ ਪਟਕਥਾ ਵਜੋਂ ਢਿੱਲੀ ਨਜ਼ਰ ਆਉਂਦੀ ਹੈ।
ਬਾਕੀ ਫ਼ਿਲਮ ਦੇ ਵਿਸ਼ੇ ਦੀ ਸੰਜੀਦਗੀ ਵੱਲ ਜੇ ਨਜ਼ਰ ਮਾਰੀਏ ਤਾਂ ਨਿਰਦੇਸ਼ਕ ਨੇ ਇਕ ਖੂਬੀ ਫ਼ਿਲਮ ਵਿਚ ਇਹ ਵੀ ਭਰੀ ਹੈ ਕਿ ਕੋਈ ਕਮੇਡੀ ਕਲਾਕਾਰ ਵਾੜ ਕੇ ਫਾਲਤੂ ਕਿਸਮ ਦੀ ਵਿਸ਼ੇ ਤੋਂ ਭਟਕਾਉਣ ਵਾਲੀ ਕਾਮੇਡੀ ਨਹੀਂ ਕਰਵਾਈ।
ਮੈਂਡੀ ਤੱਖਰ, ਮਲਕੀਤ ਰੌਣੀ, ਨਰਿੰਦਰ ਗੱਖੜ ਅਤੇ ਸੀਮਾ ਕੌਸ਼ਲ ਸਮੇਤ ਫਿ਼ਲਮ ਦੇ ਬਾਕੀ ਕਲਾਕਾਰਾਂ ਨੇ ਵੀ ਆਪੋ ਆਪਣੇ ਕਿਰਦਾਰ ਫਿਲਮ ਮੁਤਾਬਕ ਸੋਹਣੇ ਅਤੇ ਸਾਦੇ ਢੰਗ ਨਾਲ ਨਿਭਾਏ। ਫਿ਼ਲਮ ਗੀਤਾਂ ਦੇ ਬੋਲ-ਸੰਗੀਤ ਵੀ ਸਾਦਾ ਅਤੇ ਪ੍ਰਭਾਵਸ਼ਾਲੀ ਹੈ ਅਤੇ ਸਿੱਧੂ ਮੂਸੇਵਾਲਾ ਦੀ ਆਵਾਜ਼ ਵਿਚਲੀ ਫੋਕ ਕਸ਼ਿਸ਼ ਦਾ ਆਪਣਾ ਹੀ ਰੰਗ ਹੈ ਜੋ ਉਸ ਦੇ ਚਾਹੁਣ ਵਾਲਿਆਂ ਨੂੰ ਸਿਨੇਮਾ ਹਾਲ ਅੰਦਰ ਲਿਜਾਣ ਲਈ ਖਿੱਚ ਪੈਦਾ ਕਰਦਾ ਹੈ। ਫਿ਼ਲਮ ਦੀ ਸਾਰੀ ਟੀਮ ਨੂੰ ਮੁਬਾਰਕ ❗-ਦਲਜੀਤ