ਪਹਿਲਾਂ ਨਵੀਂ ਕਹਾਣੀ ਸੋਚਣਾ, ਫੇਰ ਕਹਾਣੀ ਨੂੰ ਮਜਬੂਤ ਪਟਕਥਾ, ਸੰਵਾਦਾਂ ਵਿੱਚ ਜਕੜ ਕੇ ਸਹੀ ਟਰੀਟਮੈਂਟ ਨਾਲ ਫ਼ਿਲਮ ਨਿਰਦੇਸ਼ਨ ਨੂੰ ਪ੍ਰਭਾਵਸ਼ਾਲੀ ਬਨਾਉਣਾ, ਵਾਕਿਆ ਹੀ ਮਿਹਨਤ ਅਤੇ ਲਗਨ ਦਾ ਕੰਮ ਹੈ ਜਿਸ ਤੋਂ ਸਾਡੇ ਕਈ ਮਜੂਦਾ ਨਾਮੀ ਗਰਾਮੀ ਲੇਖਕ ਅਤੇ ਨਿਰਦੇਸ਼ਕ ਅਕਸਰ ਭਟਕ ਜਾਂਦੇ ਹਨ, ਪਰ “ਸੁਰਖ਼ੀ ਬਿੰਦੀ” ਦੀ ਪੇਸ਼ਕਾਰੀ ਉਨ੍ਹਾਂ ਸਭ ਲਈ ਇਕ ਪਾਠ ਹੈ ਜੇ ਉਹ ਪੜਣ-ਸਮਝਣ ਦੀ ਕੋਸ਼ਿਸ਼ ਕਰਨ ਤਾਂ !
ਜੇ ਸੁਰਖੀ ਬਿੰਦੀ ਦੀ ਕਹਾਣੀ ਵੱਲ ਸੰਖੇਪ ਨਜ਼ਰ ਮਾਰੀਏ ਤਾਂ ਥੋੜੇ ਸਮੇ ਵਿੱਚ ਬਹੁਤ ਵੱਡੇ ਸੰਦੇਸ਼ ਦੇਂਦੀ ਅਤੇ ਸਮਾਜ ਨੂੰ ਔਰਤ-ਮਰਦ ਦੇ ਬਰਾਬਰ ਅਧਿਕਾਰਾਂ ਦਾ ਆਈਨਾ ਵਿਖਾਉਂਦੀ ਇਸ ਫ਼ਿਲਮ ਰਾਹੀਂ ਲੇਖਕ ਨੇ ਇਕ ਲੜਕੀ ਦੇ ਅੰਦਰੂਨੀ ਜਜ਼ਬਾਤਾਂ ਦੀ ਗਾਥਾ ਬਿਆਨ ਕੀਤੀ ਹੈ, ਜਿਨ੍ਹਾਂ ਦਾ ਖੁੱਲ ਕੇ ਇਜ਼ਹਾਰ ਕਰਨ ਦੀ ਜਾਂ ਤਾਂ ਅਜੇ ਵੀ ਆਮ ਲੜਕੀਆਂ ਜਾਂ ਘਰੇਲੂ ਔਰਤਾਂ ਵਿਚ ਹਿੰਮਤ ਨਹੀਂ ਹੁੰਦੀ, ਜਾਂ ਫੇਰ ਔਰਤਾਂ ਦੀ ਬਰਾਬਰਤਾ ਦੀ ਗੱਲ ਕਰਦਾ ਸਾਡਾ ਅਖੌਤੀ ਸਮਾਜ ਇਜਾਜ਼ਤ ਨਹੀ ਦਿੰਦਾ।
ਇਕ ਲੜਕੀ ਦੇ ਆਪਣੇ ਭਵਿੱਖ ਬਾਰੇ ਬਚਪਣ ਤੋਂ ਵੇਖੇ ਸੁਪਨੇ, ਸਧਰਾਂ ਅਤੇ ਰੀਝਾਂ, ਜੋਕਿ ਕਿ ਉਸ ਨੂੰ ਆਪਣੇ ਮਾਪਿਆਂ ਤੋਂ ਲੈ ਕੇ ਸਹੁਰੇ ਘਰ ਤੱਕ ਦੱਬੀਆਂ ਰਹਿ ਜਾਣ ਦੀ ਉਮੀਦ ਤਕ ਨਜ਼ਰ ਆਉਣ ਲਗਦੀਆਂ ਹਨ ਤਾਂ ਉਸ ਦਾ ਘਰ ਵਾਲਾ, ਜਿਸ ਨੂੰ ਕਿ ਉਹ ਆਪਣੇ ਮਰੇ ਹੋਏ ਅਰਮਾਨਾ ਦਾ ਹਿੱਸਾ ਸਮਝਦੀ ਹੈ, ਉਹ ਸਾਰੇ ਸਮਾਜਿਕ ਬੰਧਨਾ ਨੂੰ ਤੋੜ, ਆਪਣੀ ਪਤਨੀ ਦੀਆਂ ਸਾਰੀਆਂ ਰੀਝਾਂ ਨੂੰ ਬੜੀ ਰੀਝ ਨਾਲ ਪੁਗਾਉਣ ਲਈ ਉਸ ਨਾਲ ਖੜਾ ਹੋ ਜਾਂਦਾ ਹੈ ਅਤੇ ਉਸ ਦੀ ਹਰ ਦੱਬੀ ਇੱਛਾ ਨੂੰ ਹਰ ਹਾਲਤ ਵਿਚ ਪੁਗਾ ਕੇ ਹੀ ਦਮ ਲੈਂਦਾ ਹੋਇਆ ਅਜੋਕੇ ਸਮਾਜ ਦੇ ਲੱਖਾਂ ਮਰਦਾਂ ਨੂੰ ਆਪਣੀਆਂ ਘਰਵਾਲੀਆਂ ਦੀਆਂ ਤਮੰਨਾਵਾਂ ਦੀ ਪੂਰਤੀ ਕਰਨ ਦਾ ਆਪਣੇ ਪਿਆਰ ਭਰੇ, ਦਿਲ ਜਿੱਤੂ ਅਤੇ ਜੁੰਮੇਵਾਰਆਨਾ ਰਵੀਏ ਨਾਲ ਅਹਿਸਾਸ ਰੂਪੀ ਪਾਠ ਪੜਾ ਜਾਂਦਾ ਹੈ। ਇਹੀ ਹੈ ਅਸਲ ਵਿਚ ਫ਼ਿਲਮ ਦਾ ਖੂਬਸੂਰਤ ਨਜ਼ਾਰਾ ਜਿਸ ਨੂੰ, ਜਿੱਥੇ ਨਿਰਦੇਸ਼ਕ ਨੇ ਹਰ ਰੂਪ ਵਿਚ ਪੂਰੀ ਤਰਾਂ ਮਨੋਰੰਜਨ ਭਰਪੂਰ ਬਨਾਉਣ ਲਈ ਕਾਮਯਾਬ ਵਾਹ ਲਾਈ ਅਤੇ ਦਰਸ਼ਕ ਵੀ ਪਿਨ ਡਰੋਪ ਸਾਇਲੰਸ ਨਾਲ ਇਸ ਸੰਜੀਦਾ ਸਬਜੈਕਟ ਦਾ ਆਨੰਦ ਮਾਣਦੇ ਹੋਏ ਸਿਨੇਮਾ ਘਰਾਂ ਚੋਂ ਬਾਹਰ ਨਿਕਲ ਕੇ ਇਸ ਫ਼ਿਲਮ ਦੇ ਹੱਕ ਵਿਚ ਪੂਰਾ ਪ੍ਰਚਾਰ ਕਰਦੇ ਹੋਏ ਦਿਸ ਰਹੇ ਹਨ, ਜਿਸ ਤੋਂ ਇਸ ਫ਼ਿਲਮ ਦੇ ਹੋਲੀ ਹੋਲੀ ਪਰ ਮਜਬੂਤੀ ਅਤੇ ਕਾਮਯਾਬੀ ਨਾਲ ਪੰਜਾਬੀ ਸਿਨੇ ਦਰਸ਼ਕਾਂ ਦੇ ਮਨਾਂ ਵਿਚ ਪੂਰੀ ਤਰ੍ਹਾਂ ਲਹਿ ਜਾਣ ਦੀ ਆਸ ਬਝ ਰਹੀ ਹੈ, ਜਿਸ ਤਰ੍ਹਾਂ ਕਿ ਜਗਦੀਪ ਸਿੱਧੂ ਦੇ ਨਿਰਦੇਸ਼ਨ ਹੇਠ ਹੀ ਐਮੀ ਵਿਰਕ ‘ਤੇ ਸਰਗੁਣ ਮਹਿਤਾ ਸਟਾਰਰ ਕਿਸਮਤ ਕਾਮਯਾਬ ਰਹੀ ਸੀ।
ਆਖਰ ਵਿਚ ਗੱਲ ਫ਼ਿਲਮ ਦੇ ਉਨ੍ਹਾਂ ਕਾਲਕਾਰਾਂ ਦੀ ਜਿਨ੍ਹਾਂ ਦੀ ਦਿਲ ਨੂੰ ਛੂਹਣ ਵਾਲੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲੇ ਰੱਖਿਆ ਅਤੇ ਫ਼ਿਲਮ ਦੀ ਬਾਕਮਾਲ ਪੇਸ਼ਕਾਰੀ ਨੂੰ ਚਾਰ ਚੰਨ ਲਾਏ। ਸਭ ਤੋਂ ਪਹਿਲਾਂ ਗੱਲ ਫ਼ਿਲਮ ਦੀ ਲੀਡ ਅਦਾਕਾਰਾ ਸਰਗੁਨ ਮਹਿਤਾ ਦੀ, ਜਿਸ ਨੇ ਆਪਣੀ ਹਰ ਫ਼ਿਲਮ ਦੀ ਤਰ੍ਹਾਂ ਇਸ ਫ਼ਿਲਮ ਦੇ ਸੰਜੀਦਾ ਵਿਸ਼ੇ ਨੂੰ ਵੀ ਆਪਣੀ, ਕਿਰਦਾਰ ਪ੍ਰਤੀ ਸੰਜੀਦਗੀ, ਆਪਣੀ ਆਕਰਸ਼ਕ ਅਦਾਕਾਰੀ, ਕਸ਼ਿਸ਼ ਭਰੀ ਆਵਾਜ਼, ਆਪਣੇ ਰੋਮਾਂਚਕ ਚੁਲਬੁਲੇਪਣ ਅਤੇ ਆਪਣੀ ਖੂਬਸੂਰਤੀ ਦੀਆਂ ਦਿਲਕਸ਼ ਅਦਾਵਾਂ ਨਾਲ ਨਿਭਾਇਆ। ਜੇ ਗੱਲ ਫ਼ਿਲਮ ਦੇ ਹੀਰੋ, ਗਾਇਕ ਤੋਂ ਨਾਇਕ ਬਣੇ ਗੁਰਨਾਮ ਭੁੱਲਰ ਦੀ ਕਰੀਏ ਤਾਂ ਇਸ ਕਲਾਕਾਰ ਨੇ ਬਹੁਤ ਹੀ ਥੋੜੇ ਸਮੇ ਵਿੱਚ ਆਪਣੇ ਇਕਲਿਆਂ ਦੇ ਦਮ ਤੇ ਫ਼ਿਲਮ ਨੂੰ ਖੜਾ ਕਰਨ ਵਾਲੀ ਅਜਿਹੀ ਕਲਾ ਸਮਰੱਥਾ ਭਰ ਲਈ ਹੈ ਜੋਕਿ ਬਹੁਤ ਸਾਰੇ ਗਾਇਕ-ਨਾਇਕ ਅਜੇ ਤੱਕ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਕਰ ਸਕੇ, ਪਰ ਇਸ ਵਿਚ ਗੁਰਨਾਮ ਭੁੱਲਰ ਦੀ ਫ਼ਿਲਮ ਅਦਾਕਾਰੀ ਪ੍ਰਤੀ ਲਗਨ ਵੀ ਨਜ਼ਰ ਆਉਂਦੀ ਹੈ ਜੇ ਤੁਸੀ ਹੀਰੋ ਦੇ ਇਸ ਤੋਂ ਪਹਿਲਾਂ ਇਕ-ਦੋ ਫ਼ਿਲਮਾਂ ਵਿਚ ਨਿਭਾਏ ਕਿਰਦਾਰਾਂ ਵੱਲ ਨਜ਼ਰ ਮਾਰੋ ਤਾਂ! ਇਸ ਵਾਰ ਰੁਪਿੰਦਰ ਰੂਪੀ ਨੇ ਵੀ ਆਪਣੇ ਦਮਦਾਰ ਹਾਸਰਸ ਕਿਰਦਾਰ ਰਾਹੀਂ ਜਿੱਥੇ ਪੰਜਾਬੀ ਫ਼ਿਲਮਾਂ ਵਿਚਲੀ ਰਵਾਇਤਨ ਕਾਮੇਡੀ ਦੀ ਕਸਰ ਪੂਰੀ ਕੀਤੀ, ਉੱਥੇ ਆਪਣੇ ਇਸ ਨਿਵੇਕਲੇ ਕਿਰਦਾਰ ਦੀ ਦਰਸ਼ਕਾਂ ਦੇ ਮਨਾ ‘ਤੇ ਸੋਹਣੀ ਛਾਪ ਵੀ ਛੱਡੀ। ਅਦਾਕਾਰ ਸੁਖਵਿੰਦਰ ਰਾਜ ਲਈ ਵੀ ਇਹ ਫ਼ਿਲਮ, ਉਸ ਦੀ ਵਿਲੱਖਣ ਅਦਾਕਾਰੀ ਦਾ ਜੌਹਰ ਵਿਖਾਉਣ ਦਾ ਸਹੀ ਮੌਕਾ ਸੀ ਜਿਸ ਨੂੰ ਉਸ ਨੇ ਹੱਥੋਂ ਨਹੀ ਜਾਣ ਦਿੱਤਾ ਅਤੇ ਵੱਡੇ ਕਿਰਦਾਰ ਨਿਭਾਉਣ ਵਾਲੇ ਚਰਿੱਤਰ ਕਾਲਾਕਾਰਾਂ ਵਿਚ ਆਪਣਾ ਨਾਮ ਦਰਜ ਕਰਵਾ ਗਿਆ ਅਤੇ ਇਸ ਤਰਾਂ ਹੀ ਨਿਸ਼ਾ ਬਾਨੋ ਨੇ ਵੀ ਆਪਣੀ ਪ੍ਰਭਾਵਸ਼ਾਲੀ ਅਤੇ ਦਮਦਾਰ ਅਦਾਕਾਰੀ ਵਿਖਾ ਕੇ ਕੀਤਾ। ਬਾਕੀ ਕਲਾਕਾਰਾਂ ਵਿਚ ਸੁਖਵਿੰਦਰ ਚਾਹਲ ਅਤੇ ਬਾਲ ਕਲਾਕਾਰਾਂ ਸਮੇਤ ਫ਼ਿਲਮ ਦੇ ਹਰ ਐਕਟਰ ਨੇ ਆਪੋ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।
ਨਾਮੀ ਸੰਗੀਤਕਾਰਾਂ ਦੇ ਰਲਵੇਂ ਸੰਗੀਤ ਨੇ ਵੀ ਗੀਤਕਾਰਾਂ ਦੇ ਫ਼ਿਲਮ ਹਾਲਾਤਾਂ ਮੁਤਾਬਕ ਲਿਖੇ ਢੁਕਵੇਂ ਬੋਲਾ ਤੇ ਢੁਕਵੀਆਂ ਰਸਮਈ ਸੰਗੀਤਕ ਧੁਨਾਂ ਦਾ ਇਸਤੇਮਾਲ ਬੜੀ ਸਿਆਣਪ ਨਾਲ ਕੀਤਾ ਹੈ। ਕੁਲ ਮਿਲਾ ਕੇ ਫ਼ਿਲਮ ‘ਸੁਰਖੀ ਬਿੰਦੀ” ਇਕ ਪੂਰੀ ਤਰ੍ਹਾਂ ਮਨੋਰੰਜਨ ਭਰਪੂਰ ਪੈਸਾ ਵਸੂਲ ਪੈਕਜ ਹੈ, ਮੈਨੂੰ ਅਫਸੋਸ ਹੈ ਕਿ ਮੈਂ ਕਿਸੇ ਕਾਰਨ ਫ਼ਿਲਮ ਥੋੜੀ ਲੇਟ ਵੇਖੀ ਜਦਕਿ ਇਸ ਫ਼ਿਲਮ ਦੀ ਸਮੀਖਿਆ ਮੈਨੂੰ ਜਲਦੀ ਕਰਨੀ ਚਾਹੀਦੀ ਸੀ, ਖੈਰ ਫ਼ਿਲਮ ਸੁਰਖ਼ੀ ਬਿੰਦੀ ਨੇ ਸਿਨੇਮਾਂ ਘਰਾਂ ਵਿਚ ਆਪਣੀ ਵਧੀਆ ਜਗ੍ਹਾ ਬਣਾਈ ਹੋਈ ਹੈ, ਜੇ ਤੁਸੀ ਸੱਚਮੁਚ ਸਾਰਥਕ ਪੰਜਾਬੀ ਸਿਨੇਮਾ ਦੇ ਮੁੱਦਈ ਹੋ ਤਾਂ ਪਰਿਵਾਰ ਸਮੇਤ ਜ਼ਰੂਰ ਵੇਖੋ।
ਪੰਜਾਬੀ ਸਕਰੀਨ ਅਦਾਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਅਗੋਂ ਲਈ ਅਜਿਹੀ ਫ਼ਿਲਮ ਮੇਕਿੰਗ ਲਈ ਸ਼ੁਭਕਾਮਨਾਵਾਂ!
-ਦਲਜੀਤ ਅਰੋੜਾ