ਪੰਜਾਬੀ ਸਿਨੇਮਾ ਦੇ ਫ਼ਿਲਮ ਮੇਕਰਾਂ ਦਾ ਮਕਸਦ ਹੁਣ ਸਿਰਫ ਸਬਸਿਡੀਆਂ ਭਾਲਣ ਤੱਕ ਹੀ ਸੀਮਿਤ ਰਹਿ ਗਿਆ ਲਗਦੈ, ਸਿਨੇ ਦਰਸ਼ਕਾਂ ਨੂੰ ਕੀ ਚਾਹੀਦੈ ਇਸ ਨਾਲ ਕੋਈ ਲੈਣਾ ਦੇਣਾ ਨਹੀਂ ।
ਖੈਰ ਦਰਸ਼ਕਾਂ ਨੂੰ ਵੀ ਸਮਝ ਆ ਹੀ ਰਹੀ ਹੈ ।
ਜਦ ਮੈਂ ਕੱਲ ਤੀਜੇ ਦਿਨ ਐਤਵਾਰ ਨੂੰ ਫ਼ਿਲਮ ਦੇਖੀ ਤਾਂ ਮੇਰੇ ਸਮੇਤ 7 ਲੋਕ ਸਨ ਸਿਨੇਮਾ ਹਾਲ ਵਿਚ, ਜਿੰਨਾਂ ਚੋਂ ਤਿੰਨ ਜੋੜੇ ਤੇ 7ਵਾਂ ਮੈ, ਹੁਣ ਆਪੇ ਅੰਦਾਜ਼ਾ ਲਗਾ ਲਓ ਕਿ ਸੱਚਮੁੱਚ ਫ਼ਿਲਮ ਦੀ ਖਿੱਚ ਕਿਸ ਨੂੰ ਹੋਵੇਗੀ।
ਜੇ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਕੋਈ ਕਸਰ ਨਹੀਂ ਛੱਡੀ ਨਿਰਮਾਤਾ ਨੇ ਪੈਸੇ ਖਰਚਣ ਲੱਗਿਆਂ,ਪਰ ਅਫਸੋਸ ਕਿ ਫ਼ਿਲਮ ਦੀ ਕਹਾਣੀ-ਪਟਕਥਾ ਸਭ ਨੂੰ ਨਿਰਾਸ਼ ਕਰਦੀ ਹੈ।
ਵਿਦੇਸ਼ ‘ਚ ਪਲਿਆ ਮੁੰਡਾ ਆਪਣੇ ਦੇਸ਼-ਸੂਬੇ ਵਿਚ ਨਹੀਂ ਜਾਣਾ ਚਾਹੁੰਦਾ ਤੇ ਜਦੋਂ ਜਾਂਦਾ ਹੈ ਉਸ ਨੂੰ ਆਪਣੇ ਕਲਚਰ ਤੇ ਉੱਥੋਂ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ, ਦੱਸੋ ਇਹ ਵਿਸ਼ਾ ਘਿਸਿਆ-ਪਿਟਿਆ ਨਹੀਂ ਤਾਂ ਹੋਰ ਕੀ ਹੈ ? ਕਿਉਂ ਵੇਖਣਗੇ ਲੋਕ ? ਇਸ ਦੀ ਪੇਸ਼ਕਾਰੀ ਵਿਚ ਵੀ ਕੋਈ ਜਾਦੂ ਨਹੀਂ ਵਿਖਾ ਸਕਿਆ ਨਿਰਦੇਸ਼ਕ, ਹਾਂ ਕਿਤੇ ਕਿਤੇ ਖਾਸ ਕਰ ਸੀਨੀਅਰ ਅਦਾਕਾਰਾ ਜਤਿੰਦਰ ਕੌਰ ਤੇ ਫ਼ਿਲਮਾਏ ਸੀਨ ਅਤੇ ਸੰਵਾਦ ਭਾਵੁਕ ਕਰਦੇ ਹਨ ਪਰ ਉਹ ਵੀ ਮਾੜੀ ਫ਼ਿਲਮ ਦੀ ਭੇਟ ਚੜ ਗਏ, ਮਗਰ ਜਤਿੰਦਰ ਕੌਰ ਸਾਰੀ ਫ਼ਿਲਮ ਵਿਚ ਆਪਣੀ ਦਮਦਾਰ ਪ੍ਰਫੋਰਮੈਂਸ ਦੀ ਛਾਪ ਜ਼ਰੂਰ ਛੱਡਦੀ ਹੈ। ਜੋ ਕਿ ਫ਼ਿਲਮ ਦਾ ਵਧੀਆ ਹਿੱਸਾ ਹੈ।
ਹੁਣ ਜੇ ਗੱਲ ਫ਼ਿਲਮ ਦੇ ਕੁਝ ਮਾੜੀ ਸ਼ਬਦਾਵਲੀ ਵਾਲੇ ਸੰਵਾਦਾਂ ਦੀ ਕਰਾਂ ਤਾਂ ਮੈਨੂੰ ਲਗਦੈ ਕਿ ਲੇਖਕ ਨੂੰ ਇਹ ਨਹੀਂ ਪਤਾ ਕਿ ਸਿਨੇਮਾ ਦੀ ਭਾਸ਼ਾ ਦਾ ਇਕ ਮਿਆਰ ਵੀ ਹੁੰਦਾ ਹੈ, ਅੱਗੇ ਤਾਂ ਗੱਲ ਗੱਲ ਤੇ “ਸਾਲਾ” ਲਫਜ਼ ਦਾ ਇਸਤੇਮਾਲ ਮੇਲ ਐਕਟਰਾਂ ਕੋਲੋ ਬਿਨਾਂ ਕਾਰਨ ਕਰਵਾਉਂਦੇ ਸਾਂ ਤੇ ਹੁਣ ਕੁੜੀਆਂ ਕੋਲੋਂ ਵੀ ਕਹਾਉਣਾ ਸ਼ੁਰੂ ਕਰਵਾ ਦਿੱਤਾ, ਇਹ ਕੁੱਤਿਆ, ਸਾਲਿਆ ਵਾਲੀ ਭਾਸ਼ਾ ਕਿਸੇ ਸੁਹਿਰਦ ਸਿਨੇਮਾ ਦਾ ਹਿੱਸਾ ਨਹੀਂ, ਕੋਈ ਐਕਸ਼ਨ ਫਿਲਮ ਹੋਵੇ ਤਾਂ ਲਿਬਰਟੀ ਲੈਣੀ ਵੱਖਰੀ ਗੱਲ ਹੈ, ਪਰ ਅਸੀਂ ਤਾਂ ਅਜਿਹੇ ਸ਼ਬਦਾਂ ਦਾ ਵੱਡੇ ਪਰਦੇ ਤੇ ਇਸਤੇਮਾਲ ਕਰਨਾ ਪੰਜਾਬੀਆਂ ਦੀ ਸ਼ਾਨ ਸਮਝਦੇ ਹਾਂ। ਹੋਰ ਵੀ ਸ਼ਬਦਾਂ ਦੀ ਵਰਤੋ ਜਿਵੇਂ ਛੋਟੀ ਕੱਛੀ ਵਾਲੀ ਕੁੜੀ ਤੇ ਗੂੰਹ ਖਾ ਲੈ ਆਦਿ ਸ਼ਬਦ ਵੀ ਬਹੁਤ ਚੀਪ ਅਤੇ ਪੰਜਾਬੀ ਸਿਨੇਮਾ ਦੇ ਮਿਆਰ ਨੂੰ ਸ਼ਰਮਿੰਦਿਆਂ ਕਰਨ ਵਾਲੇ ਹਨ।
ਇਹਨਾਂ ਗੱਲਾਂ ਦੀ ਬਜਾਏ ਜੇ ਕਹਾਣੀ ਸਵਾਰਨ ਵੱਲ ਜ਼ੋਰ ਦਿੱਤਾ ਜਾਂਦਾ ਤਾ ਚੰਗਾ ਹੁੰਦਾ ਤੇ ਜੇ ਨਿਰਦੇਸ਼ਕ ਇਹ ਸਭ ਪੜ ਕੇ ਲਕੀਰ ਦਾ ਫਕੀਰ ਬਣ ਕੇ ਸੀਨ ਫਿਲਮਾਉਂਦਾ ਹੈ ਤਾਂ ਉਸ ਲਈ ਵੀ ਮਾੜੀ ਗੱਲ ਹੈ(ਪਰ ਇੱਥੇ ਤਾਂ ਲੇਖਕ-ਨਿਰਦੇਸ਼ਕ ਹੀ ਇੱਕੋ ਹੈ) ਤੇ ਉਸ ਤੋਂ ਵੀ ਮਾੜੀ ਗੱਲ ਹੁੰਦੀ ਹੈ ਜਦੋਂ ਸੀਨੀਅਰ ਕਲਾਕਾਰਾਂ ਵਲੋਂ ਆਪਣੇ ਮਿਆਰ ਦਾ ਖਿਆਲ ਕੀਤੇ ਬਿਨਾ ਅਜਿਹੇ ਲਫ਼ਜ਼ਾਂ ਨੂੰ ਪਰਦੇ ਤੇ ਪੇਸ਼ ਕੀਤਾ ਜਾਂਦਾ ਹੈ। ਕਿਉਂ ਕੇ ਦਰਸ਼ਕ ਤੇ ਚੰਗਾ-ਮਾੜਾ ਪ੍ਰਭਾਵ ਕਲਾਕਾਰ ਹੀ ਛੱਡਦੇ ਹਨ ।
ਕੀ ਇਹ ਸਭ ਕੁਝ ਇਹ ਵਿਖਾ-ਸੁਣਾ ਕੇ ਜੋੜੋਗੇ ਯੂਥ ਨੂੰ ਪੰਜਾਬੀ ਸਿਨੇਮਾ ਨਾਲ ? ਜਦ ਕਿ ਉਹਨਾਂ ਕੋਲ ਓ.ਟੀ.ਟੀ ਦੇ ਵੱਡੇ ਵਿਕਲਪ ਮੌਜੂਦ ਹਨ, ਐਨਾ ਵੀ ਅੰਡਰਐਸਟੀਮੇਟ ਨਾ ਕਰੋ ਅੱਜ ਦੇ ਸਿਨੇਮਾ ਦਰਸ਼ਕਾਂ ਨੂੰ।
ਕਦੇ ਹਿੰਦੀ ਜਾਂ ਸਾਊਥ ਦੇ ਸਿਨਮਾ ਵਿਚ ਵਿਖਿਆ ਇਹੋ ਜਿਹੀ ਬਿਨਾਂ ਮਤਲਬ ਤੋ ਘਟੀਆ ਸ਼ਬਦਾਵਲੀ ਵਰਤੀ ਹੋਵੇ ?
ਬਾਕੀ ਫ਼ਿਲਮ ਦਾ ਸੰਗੀਤ ਠੀਕ ਹੈ ਤੇ ਐਕਟਰਾਂ ਦੀ ਅਦਾਕਾਰੀ ਵੀ ਆਪੋ-ਆਪਣੇ ਥਾਂ ਵਧੀਆ ਹੈ।
ਸੋਨਮ ਬਾਜਵਾ ਦੀ ਸੰਵਾਦ ਸ਼ੈਲੀ ਸੋਹਣੀ ਨਹੀਂ ਲੱਗੀ ਉਹ ਸਿਰਫ “ਅੜਬ ਮੁਟਿਆਰਾਂ” ਤੱਕ ਠੀਕ ਸੀ, ਹਰ ਫ਼ਿਲਮ ਲਈ ਨਹੀਂ।
ਪੰਜਾਬ ਦੀ ਸਾਦੀ ਕੁੜੀ ਦਾ ਮਤਲਬ ਇਹ ਨਹੀਂ ਜਿਸ ਤਰਾਂ ਇਸ ਕੋਲੋਂ ਸੰਵਾਦ ਬੁਲਵਾਏ ਗਏ , ਇਸ ਤਰਾਂ ਤੇ ਪੰਜਾਬ ਦੇ ਕਿਸੇ ਪਿੰਡ ਦੀ ਅਨਪੜ੍ਹ ਕੁੜੀ ਵੀ ਨਹੀਂ ਬੋਲਦੀ । ਇਕ ਪਾਸੇ ਪੰਜਾਬ ਦੀ ਸਿੱਧੀ-ਸਾਦੀ ਕੁੜੀ ਦੱਸ ਕੇ ਉਸ ਦਾ ਪਹਿਰਾਵਾ ਤੁਸੀਂ ‘ਪ੍ਰਿਯਾਂਕਾ ਚੋਪੜਾ’ ਤੇ ‘ਦੀਪਿਕਾ ਪਾਦੁਕੋਣ’ ਵਰਗਾ ਗਲੈਮਰਸ ਵਿਖਾ ਰਹੇ ਹੋ ਤੇ ਦੂਜੇ ਪਾਸੇ ਉਸ ਦੀ ਬੋਲ-ਸ਼ੈਲੀ ਵੇਖੋ ? ਇਹ ਤਾਂ ਪੂਰਬ-ਪੱਛਮ ਦੇ ਧੱਕੇ ਨਾਲ ਮੇਲ ਵਾਲੀ ਗੱਲ ਹੋਈ ਨਾ ! ਇਸ ਤੋਂ ਤਾਂ ਸੋਨਮ ਦੀ ਓਵਰ ਐਕਟਿੰਗ ਜ਼ਿਆਦਾ ਝਲਕਦੀ ਹੈ ਤੇ ਅਦਾਕਾਰੀ ਘੱਟ ।
ਗੁਰਨਾਮ ਭੁੱਲਰ ਦੀਆਂ ਦੋ ਫ਼ਿਲਮਾਂ ਹਿੱਟ ਰਹੀਆਂ ਹਨ ਇਸ ਲਈ ਉਸ ਨੂੰ ਵੀ ਸੰਭਲ ਕੇ ਚੱਲਣ ਦੀ ਲੋੜ ਹੈ।
ਅਦਾਕਾਰ ਜਸਪ੍ਰੇਮ ਢਿਲੋਂ , ਜਿਸ ਨੂੰ ਕਿ ਸੋਨਮ ਬਾਜਵਾ ਪਹਿਲਾਂ ਤੋ ਪਿਆਰ ਕਰਦੀ ਹੈ ਉਸ ਦਾ ਵੀ ਕਰੈਕਟ ਪੂਰੀ ਤਰਾਂ ਐਸਟੈਬਲਿਸ਼ ਨਹੀਂ ਹੋ ਪਾਇਆ, ਉਹ ਵੀ ਨੈਗੇਟਿਵ-ਪੋਜਟਿਵ ਦੇ ਵਿਚਕਾਰ ਹੀ ਅੱਟਕਿਆ ਰਿਹਾ ਤੇ ਉਸ ਦੇ ਕਰੈਕਟਰ ਦਾ ਹਾਸੋ-ਹੀਣਾ ਅੰਤ, ਇਹ ਵੀ ਅਦਾਕਾਰ ਦੇ ਨੰਬਰ ਘਟਾਉਂਦਾ ਹੈ।
ਸੀਨੀਅਰ ਅਦਾਕਾਰਾ ਮੈਡਮ ਗੁਰਪ੍ਰੀਤ ਭੰਗੂ ਦਾ ਸਾਰੀ ਫ਼ਿਲਮ ਵਿਚ ਇਕੋ ਸੀਨ ਵੀ ਹੈਰਾਨਗੀ ।
ਖੈਰ ਕੁੱਲ ਮਿਲਾ ਕੇ ਇਹ ਫ਼ਿਲਮ ਪੰਜਾਬੀ ਸਿਨੇਮਾ ਦੀ ਕੋਈ ਉਚ ਪੱਧਰੀ ਯਾਦਗਾਰੀ ਫ਼ਿਲਮ ਸਾਬਤ ਨਹੀਂ ਹੋਣ ਵਾਲੀ ਅਤੇ ਨਾ ਹੀ ਇਸ ਤੋਂ ਕਿਸੇ ਨੂੰ ਕੋਈ ਫਾਇਦਾ ਮਿਲਣ ਵਾਲਾ ਹੈ ਹਾਂ ਮੈ 190 ਦਾ ਆਪਣਾ ਨੁਕਸਾਨ ਜ਼ਰੂਰ ਮਹਿਸੂਸ ਕੀਤਾ। -ਦਲਜੀਤ