ਗੱਲ ਜੇ ਇਸ ਫ਼ਿਲਮ ਦੀ ਕਹਾਣੀ ਤੋਂ ਸ਼ੁਰੂ ਕਰੀਏ ਤਾਂ ਬਾਲੀਵੁੱਡ ਦੀਆਂ ਪੁਰਾਣੀਆਂ ਫਿਲਮਾਂ ਦੇ ਟੋਟਿਆਂ ਤੋਂ ਇਲਾਵਾ ਸੁਨਾਉਣ ਯੋਗ ਕੁਝ ਵੀ ਨਹੀਂ ਹੈ ਇਸ ਫ਼ਿਲਮ ਵਿਚ। ਫਿਲਮ ਦੀ ਹੀਰੋਈਨ ਸੋਨਮ ਬਾਜਵਾ ਨੂੰ ਬਰੇਨ ਟਿਊਮਰ ਹੈ ਜਿਸ ਦਾ ਰਾਜ਼ ਫ਼ਿਲਮ ਆਖੀਰ ਵਿਚ ਖੋਲਿਆ ਗਿਆ ਹੈ ਮਗਰ ਓਦੋਂ ਤੱਕ ਦਰਸ਼ਕ ਫਿਲਮ ਨੂੰ ਬੇਕਾਰ ਅਤੇ ਬੋਰਿੰਗ ਕਹਿਣ ਲੱਗ ਪੈਂਦੇ ਹਨ, ਅਤੇ ਫਿਲਮ ਨੂੰ ਵਿਚੇ ਛੱਡ ਕੇ ਚਲੇ ਜਾਣ ਦਾ ਨਜ਼ਾਰਾ ਤਾਂ ਮੈਂ ਆਪ ਦੇਖਿਆ।
ਇਹ ਸਭ ਕੁਝ ਸਾਬਤ ਕਰਦਾ ਹੈ ਕਿ ਤੁਹਾਡੇ ਕੋਲ ਕੋਈ ਬਝਵੀਂ ਕਹਾਣੀ-ਪਟਕਥਾ ਨਹੀਂ ਸੀ ਫਿਲਮ ਲਈ। ਓਪਰੋਂ ਤੁਸੀਂ ਇਸ ਨੂੰ ਬੇਵਜਹ ਲੰਡਨ ਨਾਲ ਜੋੜ ਦਿੱਤਾ ਜਦਕਿ ਇਹ ਸਭ ਇੰਡੀਆ ਵਿਚ ਵੀ ਵਿਖਾਇਆ ਜਾ ਸਕਦਾ ਸੀ।
ਜੇ ਹੀਰੋ ਨੂੰ ਕੋਈ ਮਾਨਸਿਕ ਪਰੇਸ਼ਾਨੀ ਸੀ ਅਤੇ ਪਿਤਾ ਨਾਲ ਵੀ ਮਿਸਅੰਡਰਸਟੈਡਿੰਗ ਦੇ ਚਲਦਿਆਂ ਤਨਾਅ ਅਤੇ ਇੱਕਲੇਪਣ ਵਾਲੇ ਹਲਾਤਾਂ ਵਿਚ ਉਸਨੂੰ ਹੀਰੋਈਨ ਕੁੜੀ ਮਿਲ ਜਾਂਦੀ ਹੈ ਜਿਸ ਨੂੰ ਕਿ ਬਰੇਨ ਟਿਊਮਰ ਕਾਰਨ ਆਪਣੀ ਜਲਦੀ ਹੋ ਜਾਣ ਵਾਲੀ ਮੌਤ ਦਾ ਪਤਾ ਹੈ, ਹੀਰੋ ਲਈ ਜਾਂਦੀ ਜਾਂਦੀ ਉਸ ਦੀ ਜ਼ਿੰਦਗੀ ਵਿਚ ਖੁਸ਼ੀਆਂ ਭਰਦੀ ਵਿਖਾਈ ਗਈ ਹੈ।
ਉਹ ਆਪ ਤਾਂ ਮਰ, ਗਈ ਪਰ ਉਸ ਨੂੰ ਆਪਣੇ ਪਿਆਰ ਚ ਐਨਾ ਪਾਗਲ ਕਰ ਗਈ ਕਿ ਕਹਾਣੀਕਾਰ ਵੀ ਫ਼ਿਲਮ ਦੇ ਅੰਤ ਤੱਕ ਕੋਈ ਸਿੱਟਾ ਨਹੀਂ ਕੱਢ ਸਕਿਆ ਤੇ ਫ਼ਿਲਮ ਖਤਮ ਹੋ ਗਈ।
ਫਿਲਮ ਵਿਚ ਕਾਫੀ ਭੰਬਲਭੂਸੇ ਵਾਲੇ ਅਤੇ ਫ਼ਿਲਮ ਨੂੰ ਖਾਹਮਖਾਹ ਲਮਕਾਉਣ ਵਾਲੇ ਫਾਲਤੂ ਸੀਨ ਦਰਸ਼ਕ ਨੂੰ ਬੋਰ ਕਰਦੇ ਹਨ।
ਬਾਲੀਵੁੱਡ ਫਿਲਮ “ਆਨੰਦ” ਜਿਸ ਵਿਚ ਰਾਜੇਸ਼ ਖੰਨਾ ਨੂੰ ਕੈਂਸਰ ਹੁੰਦਾ ਹੈ , ਅਮਿਤਾਭ ਬੱਚਨ ਦੀ ਫਿਲਮ “ਮਜਬੂਰ” ਜਿਸ ਵਿਚ ਉਸ ਨੂੰ ਬਰੇਨ ਟਿਊਮਰ ਹੁੰਦਾ ਹੈ , ਦੋਨੋ ਫਿਲਮਾਂ ਦੇ ਹਲਾਤਾਂ ਵਿਚ ਬੀਮਾਰ ਵਿਅਕਤੀ ਨੂੰ ਆਪਣੀ ਮੌਤ ਦਾ ਪਤਾ ਹੋਣ ਕਾਰਨ ਜਾਂਦੇ ਜਾਂਦੇ ਆਪਣਿਆਂ ਲਈ ਕੁਝ ਨਾ ਕੁਝ ਕਰ ਕੇ ਅਮਿਟ ਯਾਦਾਂ ਛੱਡਣਾ ਚਾਹੁੰਦੇ ਹੈ। ਇਸੇ ਤਰਾਂ ਅਮਿਤਾਭ ਬੱਚਨ ਅਤੇ ਪ੍ਰਾਨ ਦੀ ਫਿਲਮ “ਸ਼ਰਾਬੀ” ਜਿਸ ਵਿਚ ਪਿਓ-ਪੁੱਤਰਾਂ ਦੀ ਨਹੀਂ ਬਣਦੀ, ਹੋਰ ਵੀ ਅਜਿਹੀਆਂ ਫਿਲਮਾਂ ਦੇ ਵਿਸ਼ਿਆਂ ਚੋਂ ਨਵੇਂ ਆਡੀਏ ਡਵੈਲਪ ਕਰਨ ਅਤੇ ਸੰਵਾਦਾਂ ਦਾ ਜੋੜ ਤੋੜ ਕਰਨ ਲਈ ਕਹਾਣੀਕਾਰ ਨੂੰ ਮਿਹਨਤ ਦੀ ਵੀ ਲੋੜ ਹੁੰਦੀ ਹੈ, ਤਾਂ ਹੀ ਕੁਝ ਨਵਾਂ ਸਾਹਮਣੇ ਆਉਂਦਾ ਹੈ, ਵਰਨਾ ਜੋੜ-ਤੋੜ ਵਾਲੀਆਂ ਫਿਲਮਾਂ ਬਾਰੇ ਦਰਸ਼ਕ ਸਿਆਣਾ ਹੋ ਚੁੱਕਿਆ ਹੈ।
ਇਹ ਨਹੀਂ ਕਿ ਇਹਨਾਂ ਫਿਲਮਾਂ ਦੀ ਨਕਲ ਮਾਰੀ ਹੈ ਪਰ ਅਜਿਹੀਆਂ ਉਦਹਾਰਣਾਂ ਦਾ ਮਤਲਬ ਹੈ ਤੁਸੀਂ ਫ਼ਿਲਮ ਵਿਚ ਕੁਝ ਨਵਾਂ ਨਹੀਂ ਦਿਖਾ ਸਕੇ।
ਬਾਕੀ ਰਹੀ ਗੱਲ ਫ਼ਿਲਮ ਵਿਚਲੇ ਕਲਾਕਾਰਾਂ ਦੀ ਤਾਂ ਅਜੇ ਸਰਕਾਰੀਆ ਦੀ ਅਦਾਕਾਰੀ ਨੂੰ ਮੈ ਇਸ ਦੀ ਪਹਿਲੀ ਫਿਲਮ “ਅੜਬ ਮੁਟਿਆਰਾਂ” ਵਿਚ ਵੀ ਨਹੀਂ ਨਿੰਦਿਆ ਸੀ ਅਤੇ ਇਸ ਵਾਰ ਵੀ ਕਹਾਂਗਾ ਕਿ ਹੋਰ ਮਿਹਨਤ ਨਾਲ ਹੋਰ ਵੀ ਨਿਖਾਰ ਆ ਸਕਦਾ ਹੈ, ਉਸ ਦੇ ਚਿਹਰੇ ਵਿਚ ਹੀਰੋ ਵਾਲਾ ਦਮ ਹੈ ਮਗਰ ਉਸ ਨੂੰ ਠੋਸ ਵਿਸ਼ਿਆਂ ਦੀ ਲੋੜ ਹੈ। ਫ਼ਿਲਮ ਨਾ ਚੱਲੇ ਤਾਂ ਨੁਕਸਾਨ ਸਭ ਨੂੰ ਹੁੰਦਾ ਹੈ।
ਸੋਨਮ ਬਾਜਵਾ ਦੀ ਬਾਰ ਬਾਰ “ਅੜਬ ਮੁਟਿਆਰਾਂ” ਸਟਾਈਲ ਬੋਲਚਾਲ ਵਾਲੀ ਅਦਾਕਾਰੀ , ਹਰ ਵਿਸ਼ੇ ਤੇ ਨਹੀਂ ਜੱਚਦੀ, ਇਹ ਗੱਲ ਮੈਂ “ਸ਼ੇਰ ਬੱਗਾ” ਵੇਲੇ ਵੀ ਲਿਖੀ ਸੀ।ਇਕ ਵਧੀਆ ਐਕਟਰ ਨੂੰ ਵਰਸੇਟਾਈਲ ਅਦਾਕਾਰੀ ਵਿਖਾਉਣੀ ਚਾਹੀਦੀ ਹੈ , ਜਦੋਂ ਅਜਿਹੇ “ਧੁਰਾ ਕਰੈਕਟਰ” ਵਾਲੇ ਮੌਕੇ ਮਿਲਣ। ਹੀਰੋਈਨ ਦਾ ਵੱਖਰਾ ਅੰਦਾਜ਼ ਵੀ ਨਜ਼ਰ ਆਉਣਾ ਜ਼ਰੂਰੀ ਹੈ।
ਗੁਰਨਾਮ ਭੁਲੱਰ ਦੀ ਭੂਮਿਕਾ ਵਧੀਆ ਹੈ ਪਰ ਮਹਿਮਾਨ ਭੂਮਿਕਾ ਨਹੀ ਕਿਹਾ ਜਾ ਸਕਦਾ।
ਬਰਿਦਰ ਬੰਨੀ ਦੀ ਅਦਾਕਾਰੀ ਨੰਬਰ 1 ਰਹੀ। ਸੁਖੀ ਚਾਹਲ ਅਤੇ ਸ਼ਵਿੰਦਰ ਮਾਹਲ ਬਾਕਮਾਲ ਅਦਾਕਾਰ ਹਨ ਅਤੇ ਦੂਜੀ ਕੁੜੀ ਰਾਜ ਸ਼ੋਕਰ ਵੀ ਆਪਣੀ ਅਦਾਕਾਰੀ ਦਾ ਪ੍ਭਾਵ ਛੱਡਦੀ ਹੈ।ਫ਼ਿਲਮ ਦਾ ਸੰਗੀਤ ਵਧੀਆ ਹੈ ਅਤੇ ਬਾਕੀ ਡਿਟੇਲ ਪੋਸਟਰ ਤੋਂ ਦੇਖ ਸਕਦੇ ਹੋ। ਇਸ ਫ਼ਿਲਮ ਦੇ ਨਵੇਂ ਨਿਰੇਦਸ਼ਕ ਸਮੀਰ ਪੰਨੂ ਅਤੇ ਕਹਾਣੀਕਾਰਾਂ ਨੂੰ ਹੋਰ ਮਿਹਨਤ ਅਤੇ ਕਿ੍ਰਏਟਿਵਿਟੀ ਵਿਖਾਉਣ ਦੀ ਲੋੜ ਹੈ।
ਆਖੀਰ ਤੇ ਇਕ ਸ਼ਾਇਰਾਨਾ ਨਜ਼ਰ, ਪੰਜਾਬੀ ਸਿਨੇਮਾ ਦੇ ਮੌਜੂਦਾ ਦੌਰ ਤੇ :
ਜਿੰਦ ਮਾਹੀ ਸਿਨਮਾ ਤੁਰ ਗਿਆ ਲੰਡਨ,
ਬਹਿ ਗਿਆ ਫ਼ਿਲਮ-ਕਹਾਣੀਆਂ ਗੰਡਣ,
ਗੋਰੇ ਸਬਸਿਡੀਆਂ ਪਏ ਵੰਡਣ,
ਫ਼ਿਲਮਾਂ ਦੋ ਦਿਨ ਵੀ ਨਾ ਹੰਢਣ,
ਜੇ ਕਿਤੇ ਫ਼ਿਲਮ ਆਲੋਚਕ ਭੰਡਣ,
ਤਾਂ ਫਿਲਮਾਂ ਵਾਲੇ ਗੁੱਸਾ ਛੰਡਣ।
🙂🙏