ਟੈਲੀਵਿਜ਼ਨ ਵਿਚ ਹੋਰ ਪ੍ਰੋਗਰਾਮ ਅਤੇ ਸਿਨੇਮਾ ਪੇਸ਼ ਕਰਨ ਪਿੱਛੇ ਇਕ ਵਿਜ਼ਨ ਸੀ ਅਤੇ ਸਿਨੇਮਾ ਵਿਚ ਟੈਲੀਵਿਜ਼ਨ ਵਿਖਾਉਣ ਲਈ ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਦਾ ਵੀ ਕੋਈ ਵਿਜ਼ਨ ਨਜ਼ਰ ਨਹੀਂ ਆਇਆ ਤੇ ਨਾ ਹੀ ਇਹੋ ਜਿਹੀ ਫ਼ਿਲਮ ਬਨਾਉਣ ਦਾ ਕੋਈ ਰਿਜ਼ਨ, ਕਿਉਕਿ ਅਸੀਂ ਹਰ ਪਾਸਿਓਂ ਅਸਫਲ ਰਹੇ ਹਾਂ। ਨਾ ਇਧਰੋਂ-ਓਧਰੋਂ ਜੋੜ-ਤੋੜ ਵਾਲੀ ਕਹਾਣੀ ਦਾ ਤੀਰ-ਤੁੱਕਾ ਚੱਲਿਆ ਤੇ ਨਾ ਇਹਦੇ ਤੇ ਨਿਰਮਾਤਾ ਦਾ ਖਰਚਿਆ ਪੈਸਾ ਉਸਨੂੰ ਫਲਿਆ। ਬਾਕੀ ਪੰਜਾਬੀ ਫ਼ਿਲਮਾਂ ਦਾ ਪੁਰਾਣਾ ਸਟੋਕ ਖਤਮ ਵੀ ਤਾਂ ਹੋਣਾ ਜ਼ਰੂਰੀ ਹੈ, ਤਾਂ ਹੀ ਨਵੀਆਂ ਫ਼ਿਲਮਾਂ ਦੀ ਵਾਰੀ ਆਏਗੀ ।
ਵੈਸੇ ਤਾਂ ਫ਼ਿਲਮ ਦੇ ਟ੍ਰੇਲਰ ਤੋਂ ਹੀ ਪਤਾ ਲੱਗ ਗਿਆ ਸੀ ਕਿ ਆਪਾਂ ਫੇਰ ਟੈਲੀਵਿਜ਼ਨ ਚੱਕ ਕੇ ਤੇ ਉਹੀ ਚੁਟਕਲਿਆਂ ਵਾਲਾ ਪਰਿਵਾਰ ਇੱਕਠਾ ਕਰ ਕੇ 75/80 ਦੇ ਦਹਾਕੇ ਵਾਲੇ ਕਿਸੇ ਗਰੀਬ ਜਿਹੀ ਦਿੱਖ ਵਾਲੇ ਪਿੰਡ ‘ਚ ਵੜ ਕੇ ਉਹੀ ਕੁਝ ਕਰਾਂਗੇ, ਜੋ ਵੇਖ ਵੇਖ ਦਰਸ਼ਕ ਪੱਕ ਗਏ ਹਨ।
ਇਸ ਫ਼ਿਲਮ ਵਿਚਲੀ ਟੈਲੀਵਿਜ਼ਨ ਵਾਲੀ ਪ੍ਰੇਮ ਕਹਾਣੀ ਕਿਸੇ ਸ਼ਹਿਰ ਵਿਚ ਵੀ ਘੜੀ ਜਾ ਸਕਦੀ ਸੀ। ਸ਼ਹਿਰਾਂ ਵਿਚ ਟੈਲੀਵਿਜ਼ਨ ਪਹਿਲਾਂ ਆਏ ਅਤੇ ਓਥੇ ਵੀ ਟੈਲੀਵਿਜ਼ਨ ਵਾਲੇ ਘਰਾਂ ਵਿਚ ਇਦਾਂ ਹੀ ਬਾਹਰਲੇ ਲੋਕਾਂ ਦੀਆਂ ਟੈਲੀਵਿਜ਼ਨ ਵੇਖਣ ਲਈ ਰੌਣਕਾਂ ਲੱਗਦੀਆਂ ਸਨ। ਪਰ ਸ਼ਹਿਰੀ ਤਾਮਝਾਮ ਲਈ ਫ਼ਿਲਮ ਮਹਿੰਗੀ ਹੋ ਜਾਣੀ ਸੀ।
ਇਸ ਲਈ ਚੰਗੀ ਭਲੀ ਕਹਾਣੀ ਦਾ ਬੇੜਾ ਗਰਕ ਕਰਨ ਲਈ ਉਹੀ ਚੁਟਕਲੇਬਾਜ਼ੀ ਤੇ ਬਿਨਾ ਮਤਲਬ ਦੇ ਸੀਨਾ ਨਾਲ ਕਹਾਣੀ ਦੀ ਖਿੱਚ ਧੂਹ ਕਰ ਕੇ ਸਸਤੀ ਤਰਾਂ ਫਿ਼ਲਮ ਬਣਾ ਕੇ ਖਾਨਾਪੂਰਤੀ ਕੀਤੀ ਗਈ ਲਗਦੀ ਹੈ। ਫ਼ਿਲਮ ਵਿਚ ਅਮੀਰੀ ਸਿਰਫ ਵੱਡੇ ਕਲਾਕਾਰ ਇੱਕਠੇ ਕਰਕੇ ਹੀ ਨਹੀਂ ਆਉਂਦੀ ਬਲਕਿ ਉਸ ਦੀ ਪੇਸ਼ਕਾਰੀ ਨਾਲ ਆਉਂਦੀ ਹੈ, ਤਾਂ ਹੀ ਸਸਤੀ ਫ਼ਿਲਮ ਕਿਹਾ ਹੈ, ਵਰਨਾ ਕਲਾਕਾਰਾਂ ਨੇ ਤਾਂ ਪੂਰੀ ਤਸੱਲੀ ਕਰਵਾਈ ਹੋਵੇਗੀ ਨਿਰਮਾਤਾ ਦੀ।
ਵੈਸੇ ਟੈਲੀਵਿਜ਼ਨ ਦੇ ਸ਼ੁਰੂਆਤੀ ਦਹਾਕੇ ਵੇਲੇ ਪਿੰਡਾ ਵਿਚ 18/20 ਸਾਲਾਂ ਦੀ ਉਮਰੇ ਤਾਂ ਵਿਆਹ ਹੀ ਕਰ ਦਿੱਤੇ ਜਾਂਦੇ ਸਨ ਮੁੰਡੇ-ਕੁੜੀਆਂ ਦੇ। ਇਸ ਲਈ ਜੇ ਫਿਲਮ ਵਿਚਲੀ ਪ੍ਰੇਮ ਕਹਾਣੀ ਵਿਖਾਉਣ ਲਈ ਕਿਸੇ ਨੌਜਵਾਨ ਮੁੰਡੇ-ਕੁੜੀ ਨੂੰ ਵਿਖਾਉਦੇ ਤਾਂ ਵੀ ਗੱਲ ਜੱਚਦੀ ਖੈਰ….😊 ਚਲੋ ਛੱਡੋ !
ਪੀਰੀਅਡ ਫ਼ਿਲਮ ਵਿਚ ਕਰੈਕਟਰਾਂ ਦੀ ਜਸਟੀਫਿਕੇਸ਼ਨ ਵੀ ਨਿਰਦੇਸ਼ਕ ਦਾ ਜ਼ਰੂਰੀ ਕੰਮ ਹੁੰਦਾ ਹੈ।
ਫਿਲਮ ਵਿਚ ਪ੍ਰੇਮ ਕਹਾਣੀ ਨੂੰ ਫੋਕਸ ਕਰਨ ਦੀ ਜਗਾ ਟੈਲੀਵਿਜ਼ਨ ਦੀ ਬੇਤੁਕੀ ਖਿੱਚ ਧੂਹ ਤੇ ਓਵਰ ਜ਼ੋਰ ਦਿੱਤਾ ਗਿਆ, ਤਾਂ ਹੀ ਫਿ਼ਲਮ ਕਮਜ਼ੋਰ ਪੈ ਗਈ, ਇਹਨਾਂ ਸੋਚ ਲਿਆ ਕੇ ਜੇ ਫ਼ਿਲਮ ਦਾ ਨਾਮ ਟੈਲੀਵਿਜ਼ਨ ਮਿਲ ਹੀ ਗਿਆ ਹੈ ਤਾਂ ਕਹਾਣੀ ਵਿਚ ਟੈਲੀਵਿਜ਼ਨ ਨੂੰ ਹੀ ਰਗੜਾ ਲੱਗਣਾ ਚਾਹੀਦਾ ਹੈ, ਇਸੇ ਲਈ ਫ਼ਿਲਮ ਲੇਖਕ ਨੇ ਸਾਰਾ ਦਿਮਾਗ ਊਟਪਟਾਂਗ ਦ੍ਰਿਸ਼ ਅਤੇ ਮੌਜੂਦਾ ਦੌਰ ਮੁਤਾਬਕ ਤੇ ਬੇਤੁਕੇ ਅਤੇ ਵਿਚ ਵਿਚ ਅਸੱਭਿਅਕ ਸੰਵਾਦ ਲਿਖਣ-ਬੁਲਵਾਉਣ ਤੇ ਹੀ ਰਗੜ ਲਿਆ, ਜਦਕਿ ਇਹ ਬਹੁਤ ਵਧੀਆ ਫ਼ਿਲਮ ਬਣ ਸਕਦੀ ਸੀ।
ਚਲੋ ਜੋ ਹੋਇਆ ਚੰਗਾ ਹੋਇਆ, ਸ਼ਾਇਦ ਅੱਗੋ ਸਮਝ ਆ ਜਾਏ ਕਿ ਫ਼ਿਲਮੀ ਕਹਾਣੀਆਂ ਲਈ ਲੇਖਕਾਂ ਨੂੰ ਆਪ ਵੀ ਮਿਹਨਤ ਕਰਨ ਦੀ ਲੋੜ ਹੁੰਦੀ ਹੈ।
ਖੈਰ ਫ਼ਿਲਮ ਵਿਚਲੇ ਕਲਾਕਾਰਾਂ ਦੀ ਅਦਾਕਾਰੀ ਦੀ ਤਾਰੀਫ ਤਾਂ ਕਰਨੀ ਬਣਦੀ ਹੈ, ਸਭ ਨੇ ਆਪਣੀ ਸਮਰੱਥਾ ਮੁਤਾਬਕ ਵਧੀਆ ਕੰਮ ਕੀਤਾ ਹੈ ਅਤੇ ਇਕ ਰੋਮਾਂਟਿਕ ਡਿਊਟ ਗੀਤ “ਨੈਣਾ ਦੀਆਂ ਗਲਤੀਆਂ” ਵੀ ਸੋਹਣਾ ਲਿਖਿਆ, ਗਾਇਆ, ਫਿਲਮਾਇਆ ਤੇ ਸੰਗੀਤ ਨਾਲ ਸਜਾਇਆ ਗਿਆ ਹੈ।
ਬਾਕੀ “ਸਾਗਾ ਸਟੂਡੀਓਜ਼” ਵਲੋਂ ਨਿਰਮਤ, ਮਨੀ ਮਨਜਿੰਦਰ ਸਿੰਘ ਲਿਖਤ ਅਤੇ ਤਾਜ ਨਿਰਦੇਸ਼ਿਤ ਫ਼ਿਲਮ “ਟੈਲੀਵਿਜ਼ਨ” ਵਿਚ ਕੁਝ ਹੋਰ ਹੈ ਵੀ ਨਹੀਂ ਜਿਸ ਬਾਰੇ ਕੋਈ ਖਾਸ ਚਰਚਾ ਕੀਤੀ ਜਾ ਸਕੇ, ਬਸ ਫਿਰ ਉਹੀ ਗੱਲ ਦੁਹਰਾਉਂਦਾ ਹਾਂ ਕਿ ਪੰਜਾਬੀ ਸਿਨੇਮੇ ਨੂੰ ਮੋਜੂਦਾ ਦੋਰ ਅਤੇ ਕ੍ਰਿਏਟਿਵਨੈੱਸ ਨਾਲ ਜੋੜੋ, ਨਾ ਕਿ ਬਾਰ ਬਾਰ ਪਿਛਾਂਹ ਨੂੰ ਦੌੜੋ।
-ਧੰਨਵਾਦ