ਹੰਬਲ ਮੋਸ਼ਨ ਪਿਕਚਰਜ ਅਤੇ ਓਮਜੀ ਸਟਾਰ ਸਟੂਡੀਓਜ਼ ਵਲੋਂ ਪੇਸ਼ ਇਸ ਫ਼ਿਲਮ ਦੀ ਸਮੀਖਿਆ ਦੀ ਸ਼ੁਰੂਆਤ ਫ਼ਿਲਮ ਦੇ
ਵਿਸ਼ੇ
ਤੋਂ ਕਰਦੇ ਹਾਂ ਜੋਕਿ ਸੋਸ਼ਲ ਮੀਡੀਆ ਨਾਲ ਜੁੜਿਆ ਅੱਜ ਦੇ ਦੌਰ ਨਾਲ ਸਬੰਧਿਤ ਸੋਸ਼ਲ ਮੀਡੀਆ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਚੋਂ ਹੀ ਘੜਿਆ ਗਿਆ ਇਕ ਰੋਚਕ ਅਤੇ ਸੰਦੇਸ਼ ਭਰਪੂਰ ਵਿਸ਼ਾ ਹੈ।
ਕਹਾਣੀ-ਨਿਰਦੇਸ਼ਨ
ਗੱਲ ਭਾਂਵੇ ਕੋਈ ਨਵੀਂ ਨਹੀਂ ਹੈ ਪਰ ਲੇਖਕ ਨਰੇਸ਼ ਕਥੂਰੀਆ ਦੀ ਦਿਲਚਸਪ ਸਕ੍ਰਿਪਟ, ਬੱਝਵਾਂ ਸਕਰੀਨ, ਪਲੇਅ ਸੋਹਣੇ ਸੰਵਾਦ ਅਤੇ ਨਿਰਦੇਸ਼ਕ ਵਿਕਾਸ ਵਸ਼ਿਸ਼ਟ ਦੇ ਮਜਬੂਤ ਨਿਰਦੇਸ਼ਨ ਤੇ ਪੇਸ਼ਕਾਰੀ ਨਾਲ ਜਿਸ ਤਰਾਂ ਇਸ ਨੂੰ ਇਕ ਦਿਲਚਸਪ ਕਹਾਣੀ ਦਾ ਰੂਪ ਦੇ ਕੇ ਵੱਡੇ ਪਰਦੇ ਤੇ ਉਤਾਰਿਆ ਗਿਆ ਹੈ ਵਾਕਿਆ ਹੀ ਕਾਬਿਲ-ਏ-ਤਾਰੀਫ ਹੈ।
ਫ਼ਿਲਮ ਜਿੱਥੇ ਮੌਜੂਦਾ ਪੀੜੀ ਨੂੰ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਂਦੀ ਹੈ ਉੱਥੇ ਇਹਨਾਂ ਮਜਬੂਤ ਦੁਨਿਆਵੀ ਰਿਸ਼ਤਿਆਂ (ਖਾਸਕਰ ਪਤੀ-ਪਤਨੀ) ਦੇ ਤਿੜਕਣ ਦੇ ਕਾਰਨ ਬਰੀਕੀ ਨਾਲ ਸਮਝਣ ਦੀ ਗੱਲ ਨੂੰ ਸਮਝਾਉਣ ਦਾ ਇਕ ਬੇਹਤਰੀਨ ਮਨੋਰੰਜਨ ਭਰਪੂਰ ਰਾਹ ਹੈ।
ਅਦਾਕਾਰੀ
ਜੇ ਇਸ ਫ਼ਿਲਮ ਵਿਚਲੇ ਅਦਾਕਾਰਾਂ ਦੀ ਗੱਲ ਕਰੀਏ ਤਾਂ ਸਭ ਨੇ ਆਪਣਾ ਕੰਮ ਬਾਖੂਬੀ ਕਰ ਕੇ ਆਪੋ ਆਪਣੀ ਛਾਪ ਛੱਡੀ ਹੈ। ਗਿੱਪੀ ਗਰੇਵਾਲ ਅਤੇ ਤੰਨੂ ਗਰੇਵਾਲ ਦੀ ਅਦਾਕਾਰੀ ਵਿਚ ਭੋਲੋਪਣ ਅਤੇ ਰੋਮਾਂਚਕ ਹਾਵ-ਭਾਵ ਦੇ ਨਾਲ ਨਾਲ ਜਜ਼ਬਾਤੀ ਰੰਗ ਵੀ ਵੇਖਣ ਨੂੰ ਮਿਲੇ ਜੋ ਮਜਬੂਤ ਅਦਾਕਾਰੀ ਦਾ ਨਜ਼ਾਰਾ ਪੇਸ਼ ਕਰਦੇ ਹਨ। ਕਰਮਜੀਤ ਅਨਮੋਲ ਫ਼ਿਲਮ ਦੀ ਕਹਾਣੀ ਵਿਚ ਫਿੱਟ ਬੈਠਣ ਵਾਲਾ ਅਜਿਹਾ ਕਲਾਕਾਰ ਹੈ ਜਿਸ ਨੇ ਸਾਰੀ ਫ਼ਿਲਮ ਨੂੰ ਫਿੱਟ ਕਰ ਕੇ ਰੱਖਿਆ। ਛੋਟੇ ਬੱਚੇ ਦੀ ਕਰਾਰੀ ਆਵਾਜ਼ ਵਾਲੇ ਸੰਵਾਦ ਬਦੋਬਦੀ ਧਿਆਨ ਆਪਣੇ ਵੱਲ ਖਿੱਚਦੇ ਹਨ। ਸਰਦਾਰ ਸੋਹੀ ਨੇ ਥੋੜੇ ਜਿਹੇ ਰੋਲ ਵਿਚ ਰੋਚਤਕਾ ਭਰੀ ਹੈ। ਬਾਕੀ ਰਹੀ ਗੱਲ ਇਸ ਫ਼ਿਲਮ ਦੀ ਇਕ ਹੋਰ ਲੀਡ ਅਦਾਕਾਰਾ ਰਾਜ ਧਾਲੀਵਾਲ ਦੀ ਤਾਂ ਉਸ ਨੇ ਆਪਣੇ ਹੁਨਰ ਦੀ ਪ੍ਰਪੱਕ ਪੇਸ਼ਕਾਰੀ ਨਾਲ ਹੋਰ ਫ਼ਿਲਮਾਂ ਵਾਲਿਆਂ ਨੂੰ ਵੀ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਅਦਾਕਾਰਾ ਹਰ ਵੱਡੇ ਅਤੇ ਅਦਾਕਾਰੀ ਵਿਖਾਉਣ ਵਾਲੇ ਕਰੈਕਟਰ ਵਿਚ ਫਿੱਟ
ਬੈਠਣ ਵਾਲੀ ਅਦਾਕਾਰਾ ਹੈ, ਜਿਸ ਨੂੰ ਕਨਸਿਡਰ ਕਰਨਾ ਮਿਸ ਨਹੀਂ ਕੀਤਾ ਜਾ ਸਕਦਾ।
ਸੰਗੀਤ
ਫ਼ਿਲਮ ਦਾ ਸੰਗੀਤਕ ਪੱਖ ਵੀ ਮਜਬੂਤ ਹੈ। ਕੇਵਿਨ ਰੋਯੇ ਦਾ ਬੈਕਰਾਊਂਡ ਸਕੋਰ, ਜੱਸੀ ਕਟਿਆਲ ਅਤੇ ਮਿਕਸ ਸਿੰਘ ਵਲੋਂ ਸ਼ਾਨਦਾਰ ਸੰਗਤੀਬਧ ਤੇ ਹੈਪੀ ਰਾਏਕੋਟੀ ਵਲੋਂ ਲਿਖੇ ਢੁਕਵੇਂ ਫ਼ਿਲਮੀ ਗਾਣੇ “ਇਕੋ ਇਕ ਦਿਲ”, “ਨਵਾਂ ਨਵਾਂ” “ਮੇਰੀ ਯਾਦ” ਅਤੇ “ਵਿਆਹ ਵਾਲਾ ਲੱਡੂ” ਵੀ ਆਪਣੀ ਮਜਬੂਤ ਜਗਾ ਬਣਾਉਂਦੇ ਹਨ। ਇਹਨਾਂ ਗੀਤਾਂ ਨੂੰ “ਜੈੱਮਟਿਊਨਸ ਪੰਜਾਬੀ” ਵਲੋਂ ਰਿਲੀਜ਼ ਕੀਤਾ ਗਿਆ ਹੈ।
ਤਕਨੀਕ
ਸੁੱਖ ਕੰਬੋਜ ਦੀ ਸਿਨੇਮੇਟੋਗ੍ਰਾਫਰੀ ਵਧੀਆ ਹੈ। ਕਹਾਣੀ ਮੁਤਾਬਕ ਪਹਿਰਾਵਾ ਅਤੇ ਬਾਕੀ ਸਾਜੋ-ਸਮਾਨ ਦਾ ਵੀ ਧਿਆਨ ਰੱਖਿਆ ਗਿਆ ਹੈ, ਪਰ ਮੌਜੂਦਾ ਦੌਰ ਮੁਤਾਬਕ ਪਿੰਡਾ ਵਾਲੇ ਕਿਰਦਾਰਾਂ ਦੇ ਹਲਾਤ ਅਤੇ ਸ਼ਹਿਰ ਵਿਚਲੀਆਂ ਪ੍ਰਸਥਿਤੀਆਂ ਵਾਲਾ ਗੈਬ, ਕਿਤੇ ਕਿਤੇ ਥੋੜਾ-ਬਹੁਤ ਰੜਕਦਾ ਤਾਂ ਹੈ ਪਰ ਬਹੁਤਾ ਵੱਡਾ ਮਸਲਾ ਨਹੀਂ।
ਫ਼ਿਲਮ ਵਿਚਲੀ ਛੋਟੀ ਜਿਹੀ ਵਿਚਾਰਨ ਯੋਗ ਗੱਲ
ਫ਼ਿਲਮ ਵਿਚ ਗਿੱਪੀ ਗਰੇਵਾਲ ਅਤੇ ਕਰਮਜੀਤ ਅਨਮੋਲ ਵੱਲੋ ਇਕ ਟੈਲੀਫੋਨ ਵਾਰਤਾ ਵਾਲੇ ਸੀਨ ਵਿਚ ਬੋਲਿਆ ਇਕ ਸ਼ਬਦ ਜਿਸ ਦੀ ਕੇ ਲੋੜ ਵੀ ਨਹੀਂ ਸੀ, ਸੂਝਵਾਨ ਦਰਸ਼ਕਾਂ ਨੂੰ ਨਿਰਾਸ਼ ਅਤੇ ਨਾਮੋਸ਼ ਕਰਦਾ, ਫ਼ਿਲਮ ਸੰਵਾਦਾਂ ਵਿਚਲਾ ਇਕ ਕਮਜ਼ੋਰ ਪੱਖ ਹੈ, ਅਜਿਹੀ ਮਜਬੂਤ ਅਤੇ ਮਜ਼ੇਦਾਰ ਸਕ੍ਰਿਪਟ ਵਾਲੀ ਫ਼ਿਲਮ ਵਿਚ ਵੱਡੇ ਪਰਦੇ ਤੇ ਅਜਿਹੇ ਸ਼ਬਦਾਂ ਨੂੰ ਖਾਸਕਰ ਪੰਜਾਬੀ ਫ਼ਿਲਮਾ ਵਿਚ ਇਸਤੇਮਾਲ ਕਰਨ ਤੋਂ ਜਿੱਥੇ ਲੇਖਕ ਨੂੰ ਗੁਰੇਜ਼ ਕਰਨ ਦੀ ਲੋੜ ਹੈ ਉੱਥੇ ਇਹ ਗੱਲ ਇਸ ਨੂੰ ਬੋਲਣ ਵਾਲੇ ਅਦਾਕਾਰਾਂ ਤੇ ਵੀ ਢੁੱਕਦੀ ਹੈ। ਅੱਗੇ ਤੋਂ ਖਿਆਲ ਰੱਖਿਆ ਜਾਏ ਤਾਂ ਬਿਹਤਰ ਹੋਵੇਗਾ।
ਆਖਰੀ ਗੱਲ
ਫ਼ਿਲਮ ਦੇ ਜੋਨਰ ਦੀ ਤਾਂ ਇਹ ਕਾਮੇਡੀ ਹੈ, ਜੋ ਆਪਣੇ ਆਪ ਨੂੰ ਜਸਟੀਫਾਈ ਕਰਦਾ ਹੈ। ਬਹੁਤ ਸਮੇ ਬਾਅਦ ਇਕ ਸੈਂਸੇਬਲ ਅਤੇ ਫ਼ਿਲਮ ਤੇ ਢੁੱਕਦੇ ਉਸ ਦੇ ਟਾਈਟਲ ਵਾਲੀ ਕਾਮੇਡੀ ਫ਼ਿਲਮ ਪੰਜਾਬੀ ਪਰਦੇ ਤੇ ਵੇਖਣ ਨੂੰ ਮਿਲੀ ਹੈ ਜੋਕਿ ਪੰਜਾਬੀ ਪਰਦੇ ਲਈ ਵਧੀਆ ਅਤੇ ਸਲਾਹੁਣਯੋਗ ਗੱਲ ਹੈ।
ਆਪਣਾ ਵਿਚਾਰ
ਵਧੀਆ ਫ਼ਿਲਮ ਦੀ ਗੱਲ ਵੀ ਆਮ ਦਰਸ਼ਕਾਂ ਤੱਕ ਸਮੇ ਸਿਰ ਹੀ ਪਹੁੰਚਣੀ ਚਾਹੀਦੀ ਹੈ, ਇਸ ਲਈ ਪੰਜਾਬੀ ਸਕਰੀਨ ਅਦਾਰਾ ਤਿੰਨ ਦਿਨ ਫ਼ਿਲਮ ਦੀ ਸਮੀਖਿਆ ਨਾ ਲਿਖੇ ਜਾਣ ਬਾਰੇ ਕਿਸੇ ਦੇ ਵੀ ਵਿਚਾਰਾਂ ਨਾਲ ਸਹਿਮਤ ਨਹੀਂ।
ਸੋ ਦਰਸ਼ਕ ਇਸ ਫ਼ਿਲਮ ਨੂੰ ਖੁੱਲ੍ਹ ਕੇ ਵੇਖਣ, ਪੈਸਾ ਵਸੂਲੀ ਕਰਦੀ ਹੈ ਫ਼ਿਲਮ “ਯਾਰ ਮੇਰਾ ਤਿਤਲੀਆਂ ਵਰਗਾ”। ਮੈਨੂੰ ਤਾਂ ਪਸੰਦ ਹੈ ਇਹ ਫ਼ਿਲਮ ਅਤੇ ਪੰਜਾਬੀ ਸਕਰੀਨ ਵਲੋਂ ਇਸ ਨੂੰ “3.5 (ਸਾਢੇ ਤਿੰਨ) ਸਟਾਰ” ਦੇ ਨਾਲ ਫ਼ਿਲਮ ਦੇ ਮੁੱਖ ਨਿਰਮਾਤਾ ਗਿੱਪੀ ਗਰੇਵਾਲ ਅਤੇ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਸਮੇਤ ਸਾਰੀ ਟੀਮ ਨੂੰ ਵਧਾਈਆਂ।