ਵਿਸ਼ਾ-ਕਹਾਣੀ
ਗੱਲ ਫ਼ਿਲਮ ਦੇ ਵਿਸ਼ੇ ਅਤੇ ਕਹਾਣੀ ਦੀ ਤਾਂ ਇਸ ਦਾ ਅਧਾਰ ਪੂਰੀ ਤਰਾਂ ਕਾਮੇਡੀ ਹੈ, ਜਿਸ ਵਿਚ ਸਮਾਜ ਨੂੰ ਸੇਧ ਦੇਣ ਵਾਲੀ ਇਕ ਹਲਕੀ-ਫੁਲਕੀ ਦਿਲਚਸਪ ਕਹਾਣੀ ਦੇ ਨਾਲ ਨਾਲ ਹਾਸਰਸ ਅਤੇ ਸਾਰਥਕ ਸੰਵਾਦਾਂ ਦੀ ਵੀ ਭਰਮਾਰ ਹੈ। ਭਾਵੇਂ ਕਿ ਫ਼ਿਲਮ ਦੇ ਮੁੱਢਲਾ ਵਿਸ਼ਾ ਬਾਲੀਵੁੱਡ ਵਿਚ ਪੁਰਾਣੀਆਂ ਆ ਚੁੱਕੀਆਂ ਫਿਲਮਾਂ ਚੋਂ ਹੀ ਲਿਆ ਗਿਆ ਹੈ ਕਿ “ਮਜਬੂਰੀ ਵੱਸ ਇਕ ਔਰਤ ਨੂੰ ਕਰਾਏ ਦਾ ਪਤੀ ਘਰ ਵਾੜਣਾ ਪੈਂਦਾ ਹੈ”, ਪਰ ਜਿਸ ਢੰਗ ਨਾਲ ਜਗਦੀਪ ਵੜਿੰਗ ਦੁਆਰਾ ਲਿਖਤ ਇਸ ਫ਼ਿਲਮ ਦੀ ਕਹਾਣੀ ਅਤੇ ਮਜਬੂਤ ਪਟਕਥਾ ਰਾਹੀਂ ਆਲੇ ਦੁਆਲੇ ਨੂੰ ਬੇਹੱਦ ਦਿਲਚਸਪ ਅਤੇ ਮਨੋਰੰਜਨ ਭਰਪੂਰ ਬਣਾਇਆ ਗਿਆ ਹੈ , ਕਾਬਿਲੇ ਤਾਰੀਫ ਹੈ। ਅੱਜ ਦੀ ਜਨਰੇਸ਼ਨ ਲਈ ਇਹ ਇਕ ਹਟਵੇਂ ਵਿਸ਼ੇ ਤੇ ਬਣੀ “ਢੁਕਵੇਂ ਸਿਰਲੇਖ ਵਾਲੀ” ਸਿਚੁਏਸ਼ਨਲ ਕਾਮੇਡੀ ਫ਼ਿਲਮ ਹੋਣ ਦੇ ਨਾਲ ਨਾਲ ਰਿਸ਼ਤਿਆਂ ਦੀ ਅਹਿਮੀਅਤ ਤੇ ਵੀ ਜ਼ੋਰ ਦਿੰਦੀ ਹੈ, ਜੋ ਅੱਜ ਦੇ ਸਮੇ ਮੁਤਾਬਕ ਬੇਹੱਦ ਜ਼ਰੂਰੀ ਵੀ ਹੈ। ਮੇਰੇ ਫਿ਼ਲਮ ਦੇਖਣ ਸਮੇ ਦਰਸ਼ਕ ਇਸ ਫ਼ਿਲਮ ਦਾ ਸਿਨੇਮਾ ਘਰ ਵਿਚ ਪਰਿਵਾਰਾਂ ਸਮੇਤ ਲੁਤਫ਼ ਮਾਣਦੇ ਵੀ ਨਜ਼ਰ ਆਏ ।
ਅਦਾਕਾਰੀ
ਗੱਲ ਫ਼ਿਲਮ ਦੇ ਅਦਾਕਾਰਾਂ ਦੀ ਤਾਂ ਬੇਸ਼ਕ ਪਾਕਿਸਤਾਨੀ ਕਲਾਕਾਰਾਂ ਦੀ ਇਸ ਫ਼ਿਲਮ ਨੂੰ ਵੱਡੀ ਸਪੋਰਟ ਹੈ ਮਗਰ ਆਪਣੇ ਸਿਨੇਮੇ ਦੇ ਕਲਾਕਾਰਾਂ ਨੇ ਵੀ ਤਾਂ ਇਸ ਫ਼ਿਲਮ ਵਿਚ ਕਮਾਲ ਕੀਤੀ ਹੈ। ਹੀਰੋ ਤਰਸੇਮ ਜੱਸੜ ਦਾ ਐਨੀ ਅਨਰਜੈਟਿਕ ਕਾਮੇਡੀ ਦਾ ਇਹ ਰੂਪ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਹੈ, ਜਿਸ ਵਿਚ ਉਸ ਤੇ ਆਪਣੀ ਅਦਾਕਾਰੀ ਦਾ ਵੀ ਪੁਖਤਾ ਸਬੂਤ ਦਿੱਤਾ ਹੈ।
ਹੀਰੋਇਨ ਨੀਰੂ ਬਾਜਵਾ ਨੂੰ ਤਾਂ ਅਜਿਹੇ ਕਾਮੇਡੀ ਵਾਲੇ ਵਿਸ਼ਿਆਂ ਨਾਲ ਖੇਡਣ ਵਿਚ ਪਹਿਲਾਂ ਹੀ ਮੁਹਾਰਤ ਹਾਸਲ ਹੈ। ਉਮਦਾ ਅਦਾਕਾਰੀ ਅਤੇ ਫਿਟਨੈਸ ਪੱਖੋਂ ਤਾਂ ਇਹ ਸਾਡੇ ਪੰਜਾਬੀ ਸਿਨੇਮਾ ਦੀ “ਰੇਖਾ” ਕਹੀ ਜਾ ਸਕਦੀ ਹੈ।
ਬਾਕੀ ਨਿਰਮਲ ਰਿਸ਼ੀ ਦੀ ਕਾਮਿਕ ਟਾਇਮਿੰਗ ਵੀ ਆਪਣਾ ਹੀ ਕਮਾਲ ਦਿਖਾਉਂਦੀ ਹੈਂ। ਰੂਪੀ ਗਿੱਲ ਨੇ ਇਕ ਵਾਰ ਫੇਰ ਸ਼ਾਨਦਾਰ ਅਤੇ ਨੈਚੂਰਲ ਅਭਿਨੈ ਦੀ ਛਾਪ ਛੱਡੀ ਹੈ। ਰੁਪਿੰਦਰ ਰੂਪੀ ਅਤੇ ਸੁਖਵਿੰਦਰ ਚਾਹਲ ਪੰਜਾਬੀ ਸਿਨੇਮਾ ਦੇ ਅਜਿਹੇ ਕਲਾਕਾਰ ਹਨ ਜੋ ਸਹਿਜ ਹੀ ਅਦਾਕਾਰੀ ਦੇ ਕਿਸੇ ਵੀ ਰੰਗ ਵਿਚ ਢਲ ਜਾਂਦੇ ਹਨ, ਜੋ ਉਹਨਾਂ ਦੀ ਵਰਸਟੈਲਟੀ ਕਲਾ ਦੀ ਨਿਸ਼ਾਨੀ ਹੈ। ਇਸ ਫ਼ਿਲਮ ਵਿਚ ਬਾਲ ਕਲਾਕਾਰ ਸਵਾਸਤਿਕ ਭਗਤ ਦਾ ਨਿਪੁੰਨ ਅਭਿਨੈ ਵਿਸ਼ੇਸ ਜ਼ਿਕਰਯੋਗ ਹੈ।
ਹੁਣ ਗੱਲ ਪਾਕਿਸਤਾਨੀ ਕਲਾਕਾਰਾਂ ਦੀ ਤਾਂ ਵੈਸੇ ਕਲਾਕਾਰਾਂ ਨੂੰ ਕਿਸੇ ਮੁਲਕ ਦੀ ਸਰਹੱਦ ਨਾਲ ਬੰਨ ਕੇ ਰੱਖਣਾ ਮੈਂ ਵਾਜਬ ਨਹੀਂ ਸਮਝਦਾ ਪਰ ਕੀ ਕਰੀਏ ਅੱਜ ਕੱਲ੍ਹ ਅਧਾਰ ਕਾਰਡ ਵੀ ਅਹਿਮੀਅਤ ਰੱਖਦੇ ਹਨ 🙂। ਖੈਰ “ਚੱਲ ਮੇਰਾ ਪੁੱਤ” ਵਰਗੀਆਂ ਫ਼ਿਲਮਾਂ ਰਾਹੀਂ ਹਰਮਨ ਪਿਆਰੇ ਬਣੇ ਇਫਤਿਖਾਰ ਠਾਕੁਰ ਅਤੇ ਨਸੀਮ ਵਿੱਕੀ ਦੇ ਨਾਲ ਨਾਲ ਕਾਸਿਰ ਪਿਯਾ ਦੀ ਕਲਾਕਾਰੀ, ਕਾਮੇਡੀ ਟਾਇਮਿੰਗ ਅਤੇ ਹਾਸਰਸ ਪੰਚਾਂ ਦੀ ਸੰਵਾਦ ਅਦਾਈਗੀ ਦਾ ਜੋ ਨਜ਼ਾਰਾ ਉਹ ਪਾਰਲੀ ਪੰਜਾਬੀ ਦੇ ਲਹਿਜ਼ੇ ਨਾਲ ਪੇਸ਼ ਕਰਦੇ ਹਨ, ਹਰ ਕੋਈ ਮੁਤਾਸਰ ਹੁੰਦਾ ਹੈ ਅਤੇ ਉਹਨਾਂ ਦੀ ਹਰ ਗੱਲ ਤੇ ਹਾਸਾ ਆਉਣਾ ਸੁਭਾਵਿਕ ਹੈ।
ਨਿਰਦੇਸ਼ਨ
ਜੇ ਫ਼ਿਲਮ ਦੇ ਨਿਰਦੇਸ਼ਨ ਵੱਲ ਨਜ਼ਰ ਮਾਰੀਏ ਤਾਂ ‘ਉਦੇ ਪ੍ਰਤਾਪ ਸਿੰਘ” ਨੇ ਵੀ ਇਸ ਵਾਰ ਆਪਣੇ ਹੋਰ ਮਜ਼ਬੂਤ ਨਿਰਦੇਸ਼ਨ ਦਾ ਪੁਖ਼ਤਾ ਸਬੂਤ ਦਿੱਤਾ ਹੈ । ਫ਼ਿਲਮ ਨੂੰ ਕਿਤੇ ਡਰੈਗ ਨਹੀਂ ਹੋਣ ਦਿੱਤਾ। ਫ਼ਿਲਮ ਵਿਚ ਕਿਸੇ ਅਸੱਭਿਅਕ ਸੰਵਾਦ ਦਾ ਸਹਾਰਾ ਨਹੀਂ ਲਿਆ ਗਿਆ। ਕਲਾਕਾਰਾਂ ਕੋਲੋਂ ਬਾਖੂਬੀ ਕੰਮ ਕੱਢਵਾਇਆ ਗਿਆ ਨਜ਼ਰ ਆਉਂਦਾ ਹੈ। ਇਸ ਲਈ ਨਿਰਦੇਸ਼ਕ ਵੀ ਵਿਸ਼ੇਸ ਤੌਰ ਤੇ ਪ੍ਰਸੰਸਾ ਦਾ ਹੱਕਦਾਰ ਹੈ।
ਸੰਗੀਤ
ਜੈੱਮ ਟਿਊਨਸ ਵਲੋਂ ਪੇਸ਼ ਡਾ.ਜਿਊਸ ਅਤੇ ਵਜ਼ੀਰ ਪਾਤਰ ਰਚਿਤ ਫਿ਼ਲਮ ਦਾ ਸੰਗੀਤ ਵੀ ਸੋਹਣਾ ਹੈ ਅਤੇ ਕੇਵਿਨ ਰੋਯੇ ਦਾ ਬੈਕਗਰਾਉਂਡ ਸਕੋਰ ਵੀ ਢੁਕਵਾਂ ਹੈ।
ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ ਦੁਆਰਾ ਲਿਖਤ ਅਤੇ ਇਹਨਾਂ ਦੋਵਾਂ ਦੇ ਨਾਲ ਮਿਹਰ ਵਾਣੀ ਵਲੋਂ ਗਾਏ ਫ਼ਿਲਮ ਦੇ ਗੀਤ, ਖਾਸਕਰ ਟਾਈਟਲ ਗੀਤ ਸਮੇਤ ਸਾਰੇ ਵਧੀਆ ਹਨ।
ਪਰਦੇ ਦੇ ਪਿੱਛੇ (ਖਾਸ)
ਫ਼ਿਲਮ ਦੀ ਬਾਕੀ ਬੈਕ ਟੀਮ ਵਿਚੋਂ ਡੀ ਓ ਪੀ ਜੇਯਪੀ ਸਿੰਘ ਅਤੇ ਕਾਸਟੀਊਮ ਡਿਜ਼ਾਇਨਰ ਨੂਰ ਅਰੋੜਾ ਦਾ ਕੰਮ ਵੀ ਸਲਾਹੁਣਯੋਗ ਹੈ।
ਸਿੱਟਾ
ਕਿਉਂਕਿ ਇਸ ਫ਼ਿਲਮ ਦਾ ਮਕਸਦ ਇਸ ਨੂੰ ਕਾਮੇਡੀ ਤੜਕੇ ਰਾਹੀਂ ਪੂਰੀ ਤਰਾਂ ਮਨੋਰੰਜਨ ਭਰਪੂਰ ਬਨਾਉਣਾ ਹੀ ਝਲਕਦਾ ਹੈ, ਇਸ ਲਈ ਫ਼ਿਲਮ ਵਿਚਲੀਆਂ ਮਾਮੂਲੀ ਅਣਗਹਿਲੀਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਸ ਨੂੰ ਇਕ ਪਿਓਰਲੀ ਐਂਟਰਟੇਨਿੰਗ ਅਤੇ ਸਾਰਥਕ ਕਾਮੇਡੀ ਵਾਲੀ ਸੁਨੇਹਾ ਭਰਪੂਰ ਫਿ਼ਲਮ ਕਹਿਣਾ ਬਣਦਾ ਹੈ। ਸੋ ਇਹ ਫ਼ਿਲਮ ਬੇਝਿਜਕ ਪਰਿਵਾਰਾਂ ਸਮੇਤ ਦੇਖੀ ਜਾ ਸਕਦੀ ਹੈ ਅਤੇ
ਸਾਰੇ ਸਿਨੇ ਪ੍ਰੇਮੀ ਜ਼ਰੂਰ ਵੇਖਣ। ਫ਼ਿਲਮ ਨਿਰਮਾਣ ਘਰ “ਵਿਹਲੀ ਜਨਤਾ ਫ਼ਿਲਮਸ” ਅਤੇ “ਓਮਜੀ ਸਟਾਰ ਸਟੂਡੀਓਜ਼” ਸਮੇਤ ਸਾਰੀ ਟੀਮ ਨੂੰ ਪੰਜਾਬੀ ਸਕਰੀਨ ਵਲੋਂ ਵਧਾਈ ਸਮੇਤ “ਮਾਂ ਦਾ ਲਾਡਲਾ” ਨੂੰ 3.5 (ਸਾਢੇ ਤਿੰਨ ਸਟਾਰ ) ।
ਨੋਟ
ਫ਼ਿਲਮ ਰੀਵਿਊ ਬਾਰੇ ਆਪਣੇ ਵਿਚਾਰ ਸਿਰਫ ਅੱਨਲਾਕਡ ਪ੍ਰੋਫਾਈਲ ਅਤੇ ਅਸਲੀ ਪ੍ਰੋਫਾਈਲ ਵਾਲੇ ਹੀ ਕਰਿਆ ਕਰਨ, ਉਹ ਵੀ ਸੱਭਿਅਕ ਸ਼ਬਦਾਵਲੀ ਦੇ ਦਾਅਰੇ ਵਿਚ ਰਹਿ ਕੇ , ਤਾਂ ਬਿਹਤਰ ਹੋਵੇਗਾ।ਧੰਨਵਾਦ।