ਦਰਅਸਲ “ਬੀਬੀ ਰਜਨੀ” ਵਰਗੀਆਂ ਫ਼ਿਲਮਾਂ ਤੋਂ ਹੀ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਦੀ ਸਹੀ ਸਮਰੱਥਾ ਦਾ ਪਤਾ ਲੱਗਦਾ ਹੈ 🎞❗
ਜਦੋਂ ਜਦੋਂ ਸਮਾਜਿਕ-ਧਾਰਮਿਕ ਜਾਂ ਹੋਰ ਸਾਰਥਕ ਵਿਸ਼ਿਆਂ ਵਾਲਾ ਸਿਨੇਮਾ ਪੰਜਾਬੀ ਸਿਨੇ ਦਰਸ਼ਕਾਂ ਸਨਮੁੱਖ ਕੀਤਾ ਗਿਆ, ਓਦੋਂ ਓਦੋਂ ਹੀ ਆਮ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਨੇ ਪੰਜਾਬੀ ਫ਼ਿਲਮਾਂ ਵੇਖਣ ਪ੍ਰਤੀ ਆਪਣੀ ਸਮਰੱਥਾ ਦਾ ਮੁਜ਼ਾਹਰਾ ਕੀਤਾ।
ਭਾਵੇ ਗੱਲ ਫ਼ਿਲਮ ਚਾਰ ਸਾਹਿਬਜ਼ਾਦੇ,ਅੰਗਰੇਜ਼, ਅਰਦਾਸ,ਰੱਬ ਦਾ ਰੇਡੀਓ ਅਤੇ ਮਸਤਾਨੇ ਸਮੇਤ ਅਜਿਹੀਆਂ ਹੋਰ ਵੀ ਫ਼ਿਲਮਾਂ ਦੀ ਹੋਵੇ ਜਾਂ ਫੇਰ ਤਾਜ਼ਾ ਤਾਜ਼ਾ ਰਿਲੀਜ਼ ਹੋਈ ਫ਼ਿਲਮ “ਬੀਬੀ ਰਜਨੀ” ਦੀ।
ਗੱਲ ਇਸ ਫ਼ਿਲਮ ਦੀ ਤਾਂ ਬੜੀ ਖੁਸ਼ੀ ਹੋਈ ਇਸ ਨੂੰ ਵੇਖਕੇ, ਕਿ ਇਸ ਵਿਚ ਫ਼ਿਲਮ ਲੇਖਕਾਂ ਬਲਦੇਵ ਗਿੱਲ ਅਤੇ ਅਮਰ ਹੁੰਦਲ, ਨਿਰਦੇਸ਼ਕ ਅਮਰ ਹੁੰਦਲ, ਡੀ.ਓ.ਪੀ. ਬਲਜੀਤ ਦਿਓ,ਪਿੱਠਵਰਤੀ ਸੰਗੀਤ ਰਚੇਤਾ ਦੀਪੇਸ਼ ਵਰਮਾ ਅਤੇ ਫ਼ਿਲਮ ਵਿਚਲੇ ਪ੍ਰਮੁੱਖ ਅਦਾਕਾਰਾਂ ਚੋਂ ਯੋਗ ਰਾਜ ਸਿੰਘ, ਰੂਪੀ ਗਿੱਲ,ਪ੍ਰਦੀਪ ਚੀਮਾ, ਗੁਰਪ੍ਰੀਤ ਭੰਗੂ, ਸੁਨੀਤਾ ਧੀਰ, ਸੀਮਾ ਕੌਸ਼ਲ,ਗੁਰਪ੍ਰੀਤ ਘੁੱਗੀ,ਜੱਸ ਬਾਜਵਾ, ਰਾਣਾ ਜੰਗ ਬਹਾਦਰ, ਜਰਨੈਲ ਸਿੰਘ,ਧੀਰਜ ਕੁਮਾਰ ਸਮੇਤ ਬਾਕੀ ਕਲਾਕਾਰਾਂ ਤੋਂ ਇਲਾਵਾ ਗੀਤ-ਸੰਗੀਤ ਰਚੇਤਾ,ਲਾਈਨ ਨਿਰਮਾਤਾ,ਕਾਸਟੂਊਮ ਡਿਜ਼ਾਇਨਰ, ਸੈੱਟ ਡਿਜ਼ਾਇਨਰ ਅਤੇ ਪੋਸਟ ਪ੍ਰੋਡਕਸ਼ਨ ਟੀਮ ਆਦਿ ਸਾਰੇ ਟੈਕਨੀਕਲ ਯੂਨਿਟ ਨੇ ਹੀ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਆਪੋ-ਆਪਣੀ ਜ਼ਿੰਮੇਵਾਰੀ ਨਿਭਾਈ,ਜੋ ਬੇਹੱਦ ਸਲਾਹੁਣਯੋਗ ਹੈ।
ਫ਼ਿਲਮ ਦੀ ਸੰਜੀਦਾ ਕਹਾਣੀ ਨੂੰ ਮਜਬੂਤ ਪਟਕਥਾ ਅਤੇ ਸੰਵਾਦਾਂ ਨਾਲ ਲੈਸ ਕਰ ਕੇ ਫ਼ਿਲਮ ਵਿਚਲੀ ਹਰ ਘਟਨਾ, ਹਰ ਦ੍ਰਿਸ਼ ਨੂੰ ਬੜੇ ਹੀ ਸੁਲਝੇ, ਦਿਲਚਸਪ ਅਤੇ ਨਾਟਕੀ ਢੰਗ ਨਾਲ ਫਿਲਮਾਉਣਾ ਜਿੱਥੇ ਨਿਰਦੇਸ਼ਕ ਦੀ ਸੂਝ-ਬੂਝ ਦਰਸਾਉਂਦਾ ਹੈ ਓਥੇ ਫ਼ਿਲਮ ਦੇ ਡੀ.ਓ.ਪੀ. ਵਲੋਂ ਹਰ ਦ੍ਰਿਸ਼ ਨੂੰ ਆਕਰਸ਼ਕ ਬਨਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਗਈ।ਬਾਕੀ ਫ਼ਿਲਮ ਦੇ ਹਰ ਛੋਟੇ-ਵੱਡੇ ਕਿਰਦਾਰ ਨੇ ਮਜਬੂਤ ਪਿੱਲਰਾਂ ਵਾਂਗ ਇਕ ਤੋਂ ਇਕ ਵੱਧ ਕੇ ਆਪਣੀ ਪ੍ਰਫੋਰਮੈਂਸ ਨਾਲ ਜੋ ਦਰਸ਼ਕਾਂ ਨੂੰ ਬੰਨਿਆ ਹੈ ਉਸ ਲਈ ਕਲਾਕਾਰਾਂ ਦੇ ਨਾਲ-ਨਾਲ ਨਿਰਦੇਸ਼ਕ ਵਲੋਂ ਇਹਨਾਂ ਦੀ ਚੋਣ ਪ੍ਰਤੀ ਵੱਖਰੀ ਪ੍ਰਸ਼ੰਸਾ ਕਰਨੀ ਬਣਦੀ ਹੈ,ਵਰਨਾ ਕਈ ਚੰਗੀਆਂ-ਭਲੀਆਂ ਫ਼ਿਲਮਾਂ ਤਾਂ ਇਸੇ ਗੱਲੋਂ ਹੀ ਮਾਰ ਖਾ ਜਾਂਦੀਆਂ ਹਨ।
ਬਾਕੀ ਫ਼ਿਲਮਾਂ ਦਾ ਮੁੱਢ ਹੀ ਸਮਾਜ ਨੂੰ ਸੇਧ ਦੇਣ ਅਤੇ ਸਮਾਜਿਕ ਕੁਰੀਤੀਆਂ ਨੂੰ ਉਜਾਗਰ ਕਰਨ ਲਈ ਬੱਝਾ ਹੈ,ਇਸ ਲਈ ਭਾਵੇਂ ਸਿਨੇਮਾ ਕਮਰਸ਼ੀਅਲ ਹੋਵੇ ਜਾਂ ਪੈਰਲਰ, ਇਸ ਬਾਰੇ ਹੋਰ ਕੋਈ ਵੀ ਤਰਕ/ਦਲੀਲ ਆਦਿ ਸਭ ਬੇਕਾਰ ਦੀਆਂ ਗੱਲਾਂ ਹਨ।
“ਬੀਬੀ ਰਜਨੀ” ਵਰਗੀ ਫ਼ਿਲਮ ਨੇ ਅੱਜ ਦੀ ਯੂਵਾ ਪੀੜੀ ਨੂੰ ਵੀ ਆਪਣੇ ਵੱਲ ਖਿੱਚਿਆ ਹੈ ਇਹ ਸਾਡੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਫ਼ਿਲਮ ਨਿਰਮਾਤਾਵਾਂ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾਰ, ਅਜਿਹੇ ਵਿਸ਼ੇ ਤੇ ਫ਼ਿਲਮ ਬਨਾਉਣ ਦਾ ਜ਼ੌਖਮ ਚੁੱਕ ਕੇ ਅੱਜ ਦੇ ਹਰ ਵਰਗ ਦੇ ਦਰਸ਼ਕ ਨੂੰ ਆਪਣੇ ਧਰਮ ਪ੍ਰਤੀ ਆਸਥਾ-ਵਿਸ਼ਵਾਸ, ਆਪਣੇ ਪਿਛੋਕੜ, ਇਤਿਹਾਸ, ਸੰਸਕਾਰ, ਸੱਭਿਆਚਾਰ ਅਤੇ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਣ ਵਿਚ ਕਾਮਯਾਬ ਹੋਏ ਹਨ,ਇਹ ਹੋਰ ਵੀ ਖੁਸ਼ੀ ਵਾਲੀ ਗੱਲ ਹੈ ਅਤੇ ਇਹਨਾਂ ਨੂੰ ਖਾਸ ਵਧਾਈ ਦੇਣੀ ਵੀ ਬਣਦੀ ਹੈ ।
ਇਕ ਹੋਰ ਵੀ ਅਹਿਮ ਗੱਲ ਕਿ ਇਸ ਫ਼ਿਲਮ ਨੇ ਪੰਜਾਬੀ ਫ਼ਿਲਮਾਂ ਦੇ ਰਿਲੀਜ਼ ਪ੍ਰਤੀ ਸਿਨੇਮਾ ਘਰਾਂ,ਫ਼ਿਲਮ ਡਿਸਟ੍ਰੀਬਿਊਟਰਾਂ ਅਤੇ ਗਾਇਕ ਕਲਾਕਾਰਾਂ ਦੇ ਸਿਨੇਮਾ ਤੇ ਕਾਬਜ਼ ਹੋਣ ਦੀ ਧਾਰਨਾ ਵੀ ਗਲਤ ਸਾਬਤ ਕਰ ਦਿੱਤੀ ਹੈ। ਇਸ ਫ਼ਿਲਮ ਦੇ ਰਿਲੀਜ਼ ਉਪਰੰਤ ਹੁਣ ਤੱਕ ਸਾਫ ਸਾਫ ਦੇਖਿਆ ਗਿਆ ਜਾ ਰਿਹਾ ਹੈ ਕਿ ਜੇ ਫ਼ਿਲਮ ਦੇ ਕੰਟੈਂਟ ਵਿਚ ਦੱਮ ਹੈ ਤਾਂ ਫ਼ਿਲਮ ਦੇ ਸ਼ੋਅ ਵੀ ਆਪਣੇ-ਆਪ ਵੱਧ ਜਾਂਦੇ ਹਨ,ਕਿਉਂਕਿ ਸਿਨੇਮਾ ਐਗਜ਼ੀਬੀਟਰਜ਼ ਵਪਾਰੀ ਲੋਕ ਹਨ , ਜਿਸ ਫ਼ਿਲਮ ਨੂੰ ਲੋਕ ਪਸੰਦ ਕਰ ਰਹੇ ਹਨ,ਉਸ ਦਾ ਸਿਨੇਮਾ ਘਰਾਂ ਵਲੋਂ ਵੀ ਸਵਾਗਤ ਹੋਣਾ ਲਾਜ਼ਮੀ ਹੈ,ਭਾਵੇਂ ਡਿਸਟ੍ਰੀਬਿਊਟਰ ਵੱਡਾ ਹੋਵੇ ਜਾਂ ਛੋਟਾ ਤੇ ਇਸੇ ਤਰਾਂ ਐਕਟਰ ਵੀ ਚਾਹੇ ਕੋਈ ਵੀ ਹੋਣ। ਇਸ ਲਈ ਫ਼ਿਲਮਾਂ ਬਨਾਉਣ ਵੇਲੇ ਕੰਟੈਂਟ ਤੇ ਜ਼ੋਰ ਦੇਣਾ ਜ਼ਰੂਰੀ ਹੈ।
ਸੋ ਜ਼ਰੂਰ ਹੀ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਇਕ ਇਤਿਹਾਸਕ ਦਸਤਾਵੇਜ ਵਜੋਂ ਫਖ਼ਰ ਨਾਲ ਰੈਫਰੰਸ ਵਜੋਂ ਯਾਦ ਰੱਖੀ ਜਾਵੇਗੀ ਅਤੇ ਪੰਜਾਬੀ ਸਕਰੀਨ ਮੈਗਜ਼ੀਨ ਵੀ ਆਪਣੇ ਆਉਣ ਵਾਲੇ ਪ੍ਰਿੰਟ ਐਡੀਸ਼ਨ ਵਿਚ ਇਸ ਨੂੰ ਸਾਂਭਣਯੋਗ ਦਸਤਾਵੇਜ ਵਜੋਂ ਸ਼ਾਮਲ ਕਰ ਕੇ ਖੁਸ਼ੀ ਮਹਿਸੂਸ ਕਰੇਗਾ।
ਪੰਜਾਬੀ ਸਕਰੀਨ ਅਦਾਰੇ ਵਲੋਂ “ਬੀਬੀ ਰਜਨੀ” ਫ਼ਿਲਮ ਦੇ ਕਪਤਾਨ ਰੂਪੀ ਨਿਰਦੇਸ਼ਕ ਅਮਰ ਹੁੰਦਲ ਸਮੇਤ ਸਾਰੀ ਟੀਮ ਨੂੰ ਫ਼ਿਲਮ ਦੀ ਸੁਪਰ-ਡੁਪਰ ਕਾਮਯਾਬੀ ਲਈ ਤਹਿ ਦਿਲੋਂ ਮੁਬਾਰਕਾਂ! ਜਿਹਨਾਂ ਨੇ ਅਜੇ ਤੱਕ ਇਹ ਫ਼ਿਲਮ ਨਹੀਂ ਦੇਖੀ, ਪਰਿਵਾਰ ਸਮੇਤ ਜ਼ਰੂਰ ਦੇਖਣ, ਇਸ ਨਾਲ ਜਿੱਥੇ ਨਿਰਮਾਤਾ-ਨਿਰਦੇਸ਼ਕ ਦੀ ਹੌਸਲਾ ਅਫ਼ਜ਼ਾਈ ਵਿਚ ਹੋਰ ਵਾਧਾ ਹੋਵੇਗਾ, ਓਥੇ ਇਹਨਾਂ ਕੋਲੋਂ ਹੋਰ ਵੀ ਚੰਗੇ ਵਿਸ਼ਿਆਂ ਵਾਲੇ ਸਿਨੇਮਾ ਦੀ ਆਸ ਬੱਝੇਗੀ।
-ਦਲਜੀਤ ਸਿੰਘ ਅਰੋੜਾ