ਕਾਫੀ ਸਮੇਂ ਬਾਅਦ ਨਿਰਦੇਸ਼ਕ ਮਨਮੋਹਨ ਸਿੰਘ ਅਤੇ ਗਾਇਕ-ਨਾਇਕ ਹਰਭਜਨ ਮਾਨ ਦੀ ਜੋੜੀ ਨੇ ਮੁੜ ਤੋਂ ਪੰਜਾਬੀ ਸਿਨੇਮਾ ਦੀ ਝੋਲੀ ਵਿਚ ਇਕ ਖੂਬਸੂਰਤ ਅਤੇ ਮਜਬੂਤ ਸੁਨੇਹੇ ਵਾਲੀ ਫ਼ਿਲਮ ਧਰੀ ਹੈ। ਅਜੋਕੇ ਸਮੇ ਵਿਸ਼ੇਸਕਰ ਕੁੜੀਆਂ ਨੂੰ ਮਾਪਿਆਂ ਵਲੋਂ ਵਿਦੇਸ਼ ਭੇਜ ਕੇ ਪੜ੍ਹਨ ਅਤੇ ਪੀ.ਆਰ. ਹਾਸਲ ਕਰਨ ਦੇ ਵਿਸ਼ੇ ਨੂੰ ਛੂੰਹਦੀ ਇਹ ਫ਼ਿਲਮ ਪੂਰੇ ਪੰਜਾਬ ਨੂੰ ਇਕ ਢੁਕਵਾਂ ਸੰਦੇਸ਼ ਦਿੰਦੀ ਹੋਈ । ਮਾਪਿਆਂ ਵਲੋਂ ਕਰਜਾ ਚੁੱਕ ਜਾਂ ਕਿਸੇ ਵੀ ਤਰਾਂ ਔਖੇ-ਸੌਖੇ ਹੋ ਕੇ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਜਾਂ ਇਸ ਬਹਾਨੇ ਉਨਾਂ ਨੂੰ ਵਿਦੇਸ਼ ਸੈਟਲ ਕਰਨ , ਉਹਨਾਂ ਰਾਹੀਂ ਆਪ ਸੈਟਲ ਹੋਣ ਜਾਂ ਇੱਥੇ ਰਹਿ ਕੇ ਉਨਾਂ ਰਾਹੀਂ ਆਪਣੇ ਆਰਥਿਕ ਹਲਾਤ ਸੁਧਾਰਨ ਦੀ ਲਾਲਸਾ ਜਾਂ ਮਜਬੂਰੀ ਤੋਂ ਇਲਾਵਾ ਵਿਦੇਸ਼ ਜਾ ਕੇ ਪੜਣ ਵਾਲੇ ਬੱਚਿਆਂ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਮਾਪਿਆਂ ਵਲੋਂ ਉਹਨਾਂ ਉੱਤੇ ਕੀਤੇ ਖਰਚੇ ਦੇ ਮਾਨਸਿਕ ਬੋਝ ਦੀ ਪ੍ਰਤੱਖ ਰੂਪੀ ਮਜਬੂਤ ਪੇਸ਼ਕਾਰੀ ਕੀਤੇ ਵੀ ਇਸ ਵਿਸ਼ੇ ਦੇ ਪੁਰਾਣੇ ਹੋਣ ਦਾ ਅਹਿਸਾਸ ਨਹੀਂ ਕਰਵਾਉਂਦੀ।
ਫ਼ਿਲਮ ਪੀ.ਆਰ. ਦੇ ਲੇਖਕ-ਨਿਰਦੇਸ਼ਕ ਮਨਮੋਹਨ ਸਿੰਘ ‘ਤੇ ਸਕਰੀਨ ਪਲੇਅ ਲੇਖਕ ਬਲਦੇਵ ਗਿੱਲ ਅਤੇ ਮਨਮੋਹਨ ਸਿਂਘ ਦੀ ਇਹੀ ਖੂਬਸੂਰਤੀ ਹੈ ਕਿ ਉਹਨਾਂ ਨੇ ਦਰਸ਼ਕਾਂ ਨੂੰ ਬੰਨੀ ਰੱਖਿਆ ਅਤੇ ਫ਼ਿਲਮ ਹੋਲੀ ਹੋਲੀ ਅੱਗੇ ਵਧਦੀ, ਆਪਣੇ ਢੀਚੇ ਤੇ ਪੂਰੀ ਕਾਮਯਾਬੀ ਨਾਲ ਪੁੱਜਦੀ ਹੋਈ ਦਰਸ਼ਕਾਂ ਦੀ ਨਿਗਾਹ ਵਿਚ ਖਰੀ ਉਤਰਦੀ ਹੈ।
ਫ਼ਿਲਮ ਦਾ ਸ਼ੋਰ ਸ਼ਰਾਬ ਰਹਿਤ ਸੰਗੀਤ ਅਤੇ ਵਿਦੇਸ਼ ਦੇ ਮਨਮੋਹਕ ਨਜ਼ਾਰਿਆਂ ਦਾ ਮਨਮੋਹਕ ਫਿਲਮਾਂਕਣ ਫਿਰ ਤੋਂ ਨਿਰਦੇਸ਼ਕ ਮਨਮੋਹਨ ਸਿੰਘ ਦੀ ਪਹਿਲੇ ਵਾਲੀ ਕਾਬਲੀਅਤ ਨੂੰ ਦੁਹਰਾਉਂਦਾ ਹੈ।
ਮਗਰ ਜਿੱਥੇ ਫਿਲਮ ਵਿਚ ਐਨੀਆਂ ਖੂਬੀਆਂ ਹਨ ਓਥੇ ਕੁਝ ਕਮਜ਼ੋਰੀਆਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਕਹਾਣੀ ਮੁਤਾਬਕ ਨਾਇਕ ਹਰਭਜਨ ਮਾਨ ਨੂੰ ਆਪਣੀ ਪ੍ਰੇਮਿਕਾ ਨੂੰ ਕਨੇਡਾ ਜਾ ਕੇ ਲੱਭਣ ਲਈ ਗੈਰ ਕਾਨੂੰਨੀ ਢੰਗ ਨਾਲ ਬਾਡਰ ਟੱਪ ਕੇ ਜਾਣਾ ਇਸ ਲਈ ਵੀ ਠੀਕ ਨਹੀਂ ਲੱਗਾ ਕਿਉਂ ਕਿ ਉਹ ਇਕ “ਲਾਅ ਪੋਸਟ ਗ੍ਰੈਜੂਏਟ” ਵਿਅਕਤੀ ਵਿਖਾਇਆ ਗਿਆ ਹੈ। ਹਾਂ ਜੇ ਤੁਸੀਂ ਬਾਡਰ ਟੱਪ ਕੇ ਵਿਦੇਸ਼ ਜਾਣ ਵਾਲਿਆਂ ਦੀ ਸਮੱਸਿਆ ਵੀ ਇਸ ਫਿਲਮ ਦਾ ਹਿੱਸਾ ਬਨਾਉਣੀ ਸੀ ਤਾਂ ਕੋਈ ਹੋਰ ਸਿੰਬੋਲਿਕ ਰਸਤਾ ਲੱਭ ਲੈਂਦੇ , ਜਾਂ ਫਿਰ ਨਾਇਕ ਕਿਰਦਾਰ ਅਨਪੜ੍ਹ, ਅਣਜਾਣ ਅਤੇ ਘਰੋਂ ਆਰਥਿਕ ਤੰਗੀ ਤੋਂ ਮਜਬੂਰ ਵਿਖਾਉਂਦੇ । ਇਕ ਨਾਇਕ ਦਾ ਸਿਰਫ ਮਹਿਬੂਬਾ ਲੱਭਣ ਖਾਤਰ ਅਜਿਹਾ ਕਰਨਾ ਸਹੀ ਸੰਦੇਸ਼ ਨਹੀਂ ਦਿੰਦਾ ਅਤੇ ਨਾ ਹੀ ਇਹ ਕਹਾਣੀ ਦਾ ਢੁਕਵਾਂ ਮੁੱਢ ਹੈ । ਦੂਜੀ ਗੱਲ ਜੇ ਅੱਜ ਵੀ ਵਿਦੇਸ਼ ਬੈਠੇ ਵੈੱਲ ਸੈਟਲਡ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ ਬੁਲਾਉਣ ਲਈ ਸਹੀ ਰਸਤਾ ਦੱਸਣ ਦੀ ਬਜਾਏ ਗੈਰ ਕਾਨੂੰਨੀ ਢੰਗ ਨਾਲ ਆਇਆਂ ਨੂੰ ਹੱਲਾਸ਼ੇਰੀ ਦਿੰਦੇ ਹਨ ਤਾਂ ਉਹ ਵੀ ਗਲਤ ਹੈ। ਤੀਜੀ ਗੱਲ ਕੇ ਭਾਵੇਂ ਹਰਭਜਨ ਮਾਨ ਨੇ ਆਪਣੀ ਸਿੱਧੀ-ਸਾਦੀ ਅਦਾਕਾਰੀ ਨਾਲ ਸਬਜੈਕਟ ਨੂੰ ਕੈਰੀ ਕਰ ਕੇ ਫਿਲਮ ਦੀ ਖਿੱਚ ਨੂੰ ਬਰਕਰਾਰ ਰੱਖਿਆ ਹੈ ਪਰ ਫਿਰ ਵੀ, ਕੀਤੇ ਨਾ ਕੀਤੇ ਫਿਲਮ ਵਿਚਲੀਆਂ ਘਟਨਾਵਾਂ ਮੁਤਾਬਕ ਨਾਇਕ ਵਾਲਾ ਕਿਰਦਾਰ ਏਜ਼ ਫੈਕਟਰ ਕਰ ਕੇ ਬਹੁਤਾ ਢੁਕਵਾਂ ਨਾ ਹੋਣਾ ਰੜਕਦਾ ਹੈ।
ਖੈਰ ਫ਼ਿਲਮ ਦੀਆਂ ਦੋ ਨਾਇਕਾਵਾਂ ਦੇਲਬਰ ਆਰਿਆ ਅਤੇ ਮੰਨੂੰ ਸੰਧੂ ਦੇ ਖੂਬਸੂਰਤ ਅਭਿਨੈ, ਕਰਮਜੀਤ ਅਨਮੋਲ ਦੀ ਦਿਲਚਸਪ ਅਦਾਕਾਰੀ ਅਤੇ ਬਾਕੀ ਅਦਾਕਾਰਾਂ ਕੰਵਲਜੀਤ ਸਿੰਘ,ਕੰਵਲਜੀਤ ਨੀਰੂ, ਸੀਮਾ ਕੌਸ਼ਲ, ਭੁਪਿੰਦਰ ਬਰਨਾਲਾ, ਗੁਰਸ਼ਰਨ ਮਾਨ, ਗੁਰਪ੍ਰੀਤ ਗਰੇਵਾਲ, ਗੁਰਨਾਮ ਸਿੰਘ, ਹੈਰੀ ਚਾਹਲ ਅਤੇ ਗੌਰਵ ਸ਼ਾਹ ਆਦਿ ਨੇ ਸ਼ਾਨਦਾਰ ਰੋਲ ਨਿਭਾਏ ਹਨ ।
ਇਸ ਤੋਂ ਇਲਾਵਾ ਮਹਰੂਮ ਗਾਇਕ ਜਨਾਬ ਸਰਦੂਲ ਸਿਕੰਦਰ ਦਾ ਅਮਰ ਨੂਰੀ ਸਮੇਤ ਫਿਲਮ ਵਿਚਲਾ ਦਿਲਚਸਪ ਅਦਾਕਾਰੀ ਵਾਲਾ ਹਿੱਸਾ ਸੋਨੇ ਤੇ ਸੋਹਾਗੇ ਵਾਲੀ ਗੱਲ ਹੈ ਅਤੇ ਇਹ ਫ਼ਿਲਮ ਜਨਾਬ ਸਰਦੂਲ ਸਿਕੰਦਰ ਦੇ ਪਰਿਵਾਰ ਲਈ ਇਕ ਇਤਿਹਾਸਕ ਯਾਦਗਾਰ ਵੀ ਰਹੇਗੀ।
ਜੇ ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਗੁਰਚਰਨ ਸਿੰਘ ਦੀ ਢੁਕਵੀਂ ਬੈਕਰਾਊਂਡ ਸਕੋਰ ਨਾਲ ਲੈਸ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ, ਲਾਡੀ ਗਿੱਲ, ਮਿਊਜ਼ਿਕ ਐਮਪਾਇਰ, ਸਾਰੰਗ ਸਿਕੰਦਰ, ਬਿਲਾਲ ਵਜੀਦ, ਜੈਸੀ ਕ੍ਰਿਸਟੋਫਰ, ਸਿੰਬਾ ਸਿੰਘ ਅਤੇ ਜੈਰੀ ਸਿੰਘ ਦਾ ਗੀਤਕਾਰ ਬਾਬੂ ਸਿੰਘ ਮਾਨ ਅਤੇ ਸੋਨੂੰ ਕੰਬੋ ਦੇ ਬੋਲਾਂ ਤੇ ਰਚਿਆ ਸੰਗੀਤ, ਜਿਹਨਾਂ ਨੂੰ ਗਾਇਕ ਹਰਭਜਨ ਮਾਨ, ਸਰਦੂਲ ਸਿਕੰਦਰ, ਮੰਨਤ ਨੂਰ , ਜਸਬੀਰ ਜੱਸੀ, ਸੋਨੂੰ ਕੰਬੋਅ ਅਤੇ ਭਾਈ ਭੁਪਿੰਦਰ ਸਿੰਘ ਫਿਰੋਜ਼ਪੁਰ ਵਾਲਿਆਂ ਨੇ ਦਿਲਕਸ਼ ਅਵਾਜ਼ਾਂ ਦਿੱਤੀਆਂ ਹਨ, ਢੁਕਵਾਂ ਅਤੇ ਸੋਹਣਾ ਹੈ।
ਲੇਖਕ-ਨਿਰਦੇਸ਼ਕ ਨੇ ਫ਼ਿਲਮ ਦੇ ਸੰਦੇਸ਼ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਸੈਟਲ ਹੋਣ ਵਾਲੇ ਮੁੱਦੇ ਨੂੰ ਹੋਰ ਦਿਲਚਸਪ ਬਨਾਉਣ ਲਈ ਇਕ ਤਿਕੋਣੀ ਪ੍ਰੇਮ ਕਹਾਣੀ ਨਾਲ ਵੀ ਜੋੜਿਆ ਹੈ ਉਹ ਵੀ ਸੱਚੇ ਪ੍ਰੇਮੀਆਂ ਦੇ ਮਜਬੂਤ ਰਿਸ਼ਤਿਆਂ ਦਾ ਇਕ ਵੱਖਰਾ ਸੁਨੇਹਾ ਦਿੰਦੀ ਹੋ,ਜੋ ਸੱਚੇ ਪਿਆਰ ਪਿੱਛੇ ਤਿਆਗ ਦੀ ਭਾਵਨਾ ਵੀ ਉਤਪਣ ਕਰਦੀ ਹੋਈ ਦਰਸ਼ਕਾਂ ਨੂੰ ਭਾਵੁਕ ਕਰਦੀ ਹੈ।
ਸੋ ਕੁਲ ਮਿਲਾਕੇ ਫ਼ਿਲਮ “ਪੀ.ਆਰ.” ਇਕ ਪਰਿਵਾਰਕ, ਮਨੋਰੰਜਨ ਅਤੇ ਸੰਦੇਸ਼ ਭਰਪੂਰ ਫਿਲਮ ਹੈ, ਜਿਸ ਨੂੰ ਸੰਵਾਦ ਲੇਖਕ ਬਲਦੇਵ ਗਿੱਲ ਹੋਰਾਂ ਦੇ ਠੋਸ ਸੰਵਾਦਾਂ ਨੇ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਹੈ। ਇਸ ਫ਼ਿਲਮ ਨੂੰ ਵਿਸ਼ੇਸ਼ਕਰ ਵਿਦੇਸ਼ ਵਿਚ ਭੇਜ ਕੇ ਬੱਚੇ ਪੜ੍ਹਾਉਣ ਦੀ ਚਾਹਤ ਰੱਖਦੇ ਮਾਪੇ ਅਤੇ ਵਿਦੇਸ਼ ‘ਚ ਪੜ੍ਹ ਕੇ ਪੀ.ਆਰ. ਹਾਸਲ ਕਰਨ ਦੀ ਚਾਹਤ ਰੱਖਦੇ ਬੱਚੇ ਇਕ ਵਾਰ ਜ਼ਰੂਰ ਵੇਖਣ । ਉਹਨਾਂ ਲਈ ਹੀ ਬਣੀ ਅਤੇ ਨਾ ਖੁੰਝਵਾਉਣ ਵਾਲੀ ਫ਼ਿਲਮ ਹੈ “ਪੀ. ਆਰ.”।
-ਦਲਜੀਤ ਅਰੋੜਾ