ਜਿਵੇਂ ਕਿ ਇਹ ਫ਼ਿਲਮ 2020 ਵਿਚ ਰਿਲੀਜ ਹੋਣੀ ਸੀ ਪਰ ਲਾਕਡਾਊਨ ਕਰ ਕੇ ਨਹੀਂ ਹੋ ਸਕੀ, ਉਸ ਸਮੇ ਪੰਜਾਬੀ ਸਿਨੇਮਾ ਵਿਚ ਜੋਸ਼ ਦੀ ਲਹਿਰ ਸੀ ਅਤੇ ਇਸ ਫ਼ਿਲਮ ਦੇ ਨਿਰਮਾਤਾਵਾਂ ਵਿਚ ਵੀ।
ਪਰ ਹੁਣ ਇਸ ਫ਼ਿਲਮ ਦੇ ਪ੍ਰਚਾਰ ਵਿਚ ਪਹਿਲੇ ਵਾਲੇ ਜੋਸ਼ ਦੀ ਕਮੀ ਪਾਏ ਜਾਣ ਅਤੇ ਫਿ਼ਲਮ ਦੇ ਵਿਸ਼ੇ ਨੂੰ ਹੋਰਨਾ ਫ਼ਿਲਮਾਂ ਰਾਹੀਂ ਸਾਹਮਣੇ ਆ ਜਾਣ ਕਾਰਨ ਫ਼ਿਲਮ ਆਪਣਾ ਕੋਈ ਰੰਗ ਨਹੀਂ ਵਿਕਾਸ ਸਕੀ।
ਜਿਸ ਦਾ ਦੁਖਦ ਅਸਰ ਪਹਿਲੇ ਹੀ ਦਿਨ ਪ੍ਰਈਮ ਟਾਈਮ ਸ਼ੋਅ ਵਿਚ ਨਜ਼ਰ ਆਇਆ ਜਦੋਂ ਮੇਰੇ ਸਮੇਤ ਸਿਨੇਮਾ ਹਾਲ ਵਿਚ ਸਿਰਫ ਤਿੰਨ ਲੋਕ ਸਨ !
ਵਿਚਾਰਨ ਯੋਗ ਗੱਲ ਕਿ ਜਦੋਂ ਪੰਜਾਬ ਉਹੀ, ਇਸ ਵਿਚਲਾ ਨਸ਼ਾ ਉਹੀ, ਉਸ ਦੇ ਵਿਕਰੇਤਾ ਉਹੀ, ਨੌਜਵਾਨਾਂ ‘ਚ ਨਸ਼ਾ ਲੱਗਣ ਦਾ ਢੰਗ, ਉਸ ਦੇ ਅਸਰ ਅਤੇ ਇਸ ਤੋਂ ਨੋਜਵਾਨਾਂ ਨੂੰ ਦੂਰ ਰਹਿਣ ਦਾ ਬਾਰ ਬਾਰ ਸੰਦੇਸ਼ ਦਿੰਦੇ ਫ਼ਿਲਮੀ ਫਾਰਮੂਲੇ ਵੀ ਉਹੀ,! ਫਿਰ ਇਸ ਦੀ ਬਦਲੀ ਹੋਈ ਪੇਸ਼ਕਾਰੀ ਵੀ ਕੀ ਕਰੇਗੀ ? ਕਿਉਂਕਿ ਤੁਸੀਂ ਕਿਸੇ ਹੋਰ ਫ਼ਿਲਮ ਵਾਲੇ ਨੂੰ ਇਹ ਮਸਲਾ ਵਿਖਾਉਣ ਤੋਂ ਰੋਕ ਨਹੀਂ ਸਕਦੇ!
ਖੈਰ ਜੇ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਵਿਚ ਕਾਫੀ ਰੰਗ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿਚ ਸੰਗੀਤ, ਰੋਮਾਂਸ, ਰੋਚਕਤਾ ਭਰਪੂਰ ਕਾਮੇਡੀ ਅਤੇ ਭਾਵੁਕ ਦ੍ਰਿਸ਼ਾਂ ਸਮੇਤ ਸੰਦੇਸ਼ਮਈ ਸੰਵਾਦ ਸ਼ਾਮਲ ਹਨ ਜਿੰਨਾਂ ਨੂੰ ਲਿਖਣ ਲਈ ਫ਼ਿਲਮ ਲੇਖਕ ਰਾਣਾ ਰਣਬੀਰ ਮਾਹਰ ਹੈ ਅਤੇ ਫ਼ਿਲਮ ਨਿਰਦੇਸ਼ਨ ਵੀ ਆਪਣੀ ਥਾਂ ਠੀਕ ਹੈ ਪਰ ਪਤਾ ਨਹੀ ਇਸ ਫ਼ਿਲਮ ਦੀ ਕਹਾਣੀ-ਵਿਸ਼ੇ ਵਿਚ ਵੱਡੇ ਪਰਦੇ ਵਾਰੀ ਮਜਬੂਤ ਖਿੱਚ ਕਿਉਂ ਨਹੀਂ ਝਲਕੀ ? ਸ਼ਾਇਦ ਫ਼ਿਲਮ ਦੇ ਵਿਸ਼ੇ ਵਿਚ ਨਵੀਨਤਾ ਦਾ ਘੱਟ ਜਾਣਾ ਇਕ ਪੱਖ ਹੈ ਅਤੇ ਦੂਜਾ ਦਰਸ਼ਕਾਂ ਦੀ ਨਜ਼ਰ ਤੋਂ ਕਿਸੇ ਵੱਡੇ ਸਟਾਰ ਕਲਾਕਾਰ ਦਾ ਫ਼ਿਲਮ ਵਿਚ ਨਾ ਹੋਣਾ ਵੀ ਹੋ ਸਕਦਾ ਹੈ।
ਵਧੀਆ ਪੱਖ ਦੀ ਜੇ ਗੱਲ ਕਰੀਏ ਤਾਂ ਫ਼ਿਲਮ ਵਿਚ ਨਵੇਂ ਅਦਾਕਾਰਾਂ ਨੂੰ ਮੌਕਾ ਦਿੱਤਾ ਜਾਣਾ ਨਿਰਦੇਸ਼ਕ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨਿਰਮਾਣ ਘਰ ਦੀ ਫਰਾਖਦਿਲੀ ਹੈ ਜਿਸ ਦੀ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ।
ਬਾਕੀ ਅਦਾਕਾਰੀ ਪੱਖੋਂ ਪ੍ਰਿੰਸ. ਕੇ. ਜੇ. ਸਮੇਤ ਸਭ ਨੇ ਵਧੀਆ ਕੰਮ ਕੀਤਾ ਹੈ ਅਤੇ ਫ਼ਿਲਮ ਵਿਚ ਰਾਣਾ ਰਣਬੀਰ ਦੀ ਪਤਨੀ ਬਣੀ ਅਦਾਕਾਰ ਦੇ ਅਭਿਨੈ ਵਿਚ ਵਿਸ਼ੇਸ ਦਮ ਨਜ਼ਰ ਆਇਆ, ਜੋ ਉਸ ਦੇ ਭਵਿੱਖ ਲਈ ਸਹਾਈ ਹੋਵੇਗਾ।
ਫ਼ਿਲਮ ਦਾ ਸੰਗੀਤ ਸੋਹਣਾ ਹੈ ਅਤੇ ਵਿਸ਼ਾ ਵੀ ਸਾਰਥਕ ਹੈ ਪਰ ਕੋਸ਼ਿਸ ਰਹੇ ਕਿ ਮਨੋਰੰਜਨ ਉਪਰ ਸੰਦੇਸ਼ ਭਾਰੂ ਨਾ ਹੋਵੇ ਅਤੇ ਮੌਜੂਦਾ ਸਮਾਜ ਤੇ ਨੌਜਵਾਨ ਪੀੜੀ ਨੂੰ ਸੋਹਣੇ ਸੰਦੇਸ਼ ਦਿੰਦੇ ਸਮੇਂ ਦੇ ਹਾਣੀ, ਨਵਿਆਂ ਵਿਸ਼ਿਆ ਤੇ ਹੋਰ ਫ਼ਿਲਮਾਂ ਵੀ ਬਣਦੀਆਂ ਰਹਿਣ ਤਾਂ ਜੋ ਪੈਰਲਰ-ਸਾਰਥਕ ਪੰਜਾਬੀ ਸਿਨੇਮਾ ਵੀ ਕਮਰਸ਼ੀਅਲ ਸਿਨੇਮਾ ਦੇ ਨਾਲ ਨਾਲ ਚਲਦਾ ਰਹੇ, ਪਰ ਅਜਿਹੇ ਸਿਨੇਮਾ ਵਿਚ ਦਰਸ਼ਕਾਂ ਦੇ ਵੀ ਸਹਿਯੋਗ ਦੀ ਲੋੜ ਹੈ, ਚੇਤੇ ਰਹੇ!
-ਦਲਜੀਤ ਅਰੋੜਾ।